ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬਹੁਤ ਬੇਤੁਕਾ ਹੈ ਸੱਤ ਪੜਾਵਾਂ ’ਚ ਚੋਣਾਂ ਕਰਾਉਣਾ…

Posted On March - 5 - 2017

4 march 2ਮੈਂ ਸਮਝਦਾ ਹਾਂ ਕਿ ਹੁਣ ਸਾਨੂੰ ਇਸ ਗੱਲ ਨੂੰ ਤਸਲੀਮ ਕਰ ਲੈਣਾ ਬਣਦਾ ਹੈ ਕਿ ਵੱਖੋ ਵੱਖ ਪੜਾਵਾਂ ’ਚ ਚੋਣਾਂ ਕਰਵਾਉਣ ਦਾ ਅਮਲ ਬੇਤੁਕੇਪਣ ਦੀ ਹੱਦ ਤੱਕ ਨਿੱਘਰ ਗਿਆ ਹੈ। ਉੱਤਰ ਪ੍ਰਦੇਸ਼ ਅੰਦਰ ਸੱਤ ਹਫ਼ਤਿਆਂ ਦਾ ਚੋਣ ਅਮਲ ਨਾ ਸਿਰਫ਼ ਅਮੁੱਕ ਜਾਪਦਾ ਹੈ ਬਲਕਿ ਸਾਡੀ ਸਮੂਹਿਕ ਸਮਝਦਾਰੀ ਦਾ ਜਨਾਜ਼ਾ ਵੀ ਕੱਢਦਾ ਹੈ।
ਸੱਤ ਪੜਾਵਾਂ ’ਚ ਫੈਲਣ ਕਾਰਨ ਚੋਣ ਪ੍ਰਕਿਰਿਆ ਦੀ ਪਾਕੀਜ਼ਗੀ ਹੀ ਜਾਂਦੀ ਰਹੀ ਹੈ ਅਤੇ ਇਹ ਅਮਲ ਹਰੇਕ ਪੜਾਅ ਤੋਂ ਬਾਅਦ ਵੱਧ ਗਾਲ਼ੀ ਗਲੋਚ ਅਤੇ ਸਿਆਸਤਦਾਨਾਂ ਦੀ ਗਿਰਾਵਟ ਦੇ ਇੱਕ ਬੇਰੋਕ ਸਿਲਸਿਲੇ ਵਿੱਚ ਵਟ ਕੇ ਰਹਿ ਗਿਆ ਹੈ।
ਇਸ ਖਿਲਾਰੇ ਦਾ ਅਸਰ ਦੂਜੇ ਸੂਬਿਆਂ ’ਤੇ ਵੀ ਪੈਂਦਾ ਹੈ। ਮਸਲਨ, ਪੂਰੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦਾ ਕੰਮ ਬਿਨਾਂ ਕਿਸੇ ਚੁਣੀ ਹੋਈ ਸਰਕਾਰ ਤੋਂ ਚੱਲ ਰਿਹਾ ਹੈ ਕਿਉਂਕਿ ਯੂ.ਪੀ. ਦੀਆਂ ਚੋਣਾਂ ਖ਼ਤਮ ਹੋਣ ਤੱਕ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨਹੀਂ ਗਿਣੀਆਂ ਜਾ ਸਕਦੀਆਂ। ਉੱਤਰਾਖੰਡ ਵੀ ਬਿਨ-ਸਰਕਾਰੋਂ ਚੱਲ ਰਿਹਾ ਹੈ।
ਇਹ ਸਭ ਟੀ.ਐੱਨ. ਸੇਸ਼ਨ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਕਾਰਜਕਾਲ ਵੇਲ਼ੇ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ’ਤੇ ਸ਼ਿਕੰਜਾ ਕਸਣ ਦੇ ਅਭਿਆਸ ਵਜੋਂ ਸ਼ੁਰੂ ਹੋਇਆ ਸੀ। ਆਪਣੀ ਸੰਸਥਾਗਤ ਖ਼ੁਦਮੁਖ਼ਤਿਆਰੀ ਕਾਇਮ ਰੱਖਣ ਅਤੇ ਹਿੰਸਾ, ਚੋਣਾਂ ਤੇ ਪੈਸਾ ਅੰਨ੍ਹੇਵਾਹ ਪੈਸਾ ਰੋੜ੍ਹਨ ਅਤੇ ਧੌਂਸਬਾਜ਼ੀ ਨੂੰ ਯਥਾਸੰਭਵ ਰੋਕਣ ਕਰ ਕੇ ਚੋਣ ਕਮਿਸ਼ਨ ਨੇ ਦੁਨੀਆ ਭਰ ਵਿੱਚ ਜੱਸ ਖੱਟਿਆ। ਇਹ ਬਹੁਤ ਵਧੀਆ ਗੱਲ ਹੈ ਅਤੇ ਇਸ ਸਭ ਕਾਸੇ ਦੀ ਦਾਦ ਦੇਣੀ ਵੀ ਵਾਜਬ ਹੈ।
ਪਰ ਹੁਣ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਚੋਣਾਂ ਨੂੰ ਲੰਮੇਰਾ ਬਣਾਉਣਾ ਮਹਿਜ਼ ਰਵਾਇਤ ਬਣ ਕੇ ਰਹਿ ਗਿਆ ਹੈ। ਸਾਨੂੰ ਇਸ ਮਾਮਲੇ ’ਚ ਤਵਾਜ਼ਨ ਰੱਖ ਕੇ ਸੋਚਣਾ ਚਾਹੀਦਾ ਹੈ। ਚੋਣਾਂ ਤਾਂ ਪਹਿਲਾਂ ਵਾਂਗੂੰ ਹੀ ਮਹਿੰਗਾ ਸੌਦਾ ਬਣੀਆਂ ਹੋਈਆਂ ਹਨ। ਅਤੇ, ਕਿਉਂਕਿ ਚੋਣਾਂ ਵਿੱਚ ਖ਼ਰਚ ਕਰਨ ਬਾਰੇ ਸਿਆਸੀ ਪਾਰਟੀਆਂ ਕਿਸੇ ਦੀ ਈਨ ਨਹੀਂ ਮੰਨਣ ਵਾਲ਼ੀਆਂ ਇਸ ਲਈ ਚੋਣਾਂ ਨੋਟਬੰਦੀ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਕਾਲ਼ੇ ਧਨ ਦੇ ਸੰਗ੍ਰਹਿ ਦਾ ਸਬੱਬ ਬਣੀਆਂ ਹੋਈਆਂ ਹਨ।
ਚੋਣਾਂ ਨੂੰ ਇਸ ਤਰ੍ਹਾਂ ਵਿਉਂਤਣ ਪਿੱਛੇ ਇੱਕ ਦਲੀਲ ਇਹ ਵੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਚੋਣ ਕਮਿਸ਼ਨ ਨੂੰ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨ ਵਿੱਚ ਸੁਵਿਧਾ ਰਹਿੰਦੀ  ਹੈ। ਦੂਜੇ ਪਾਸੇ ਸਚਾਈ ਇਹ ਵੀ ਹੈ ਕਿ ਦੋ ਫ਼ੀਸਦ ਤੋਂ ਵੀ ਘੱਟ ਚੋਣ-ਬੂਥ ‘ਸੰਵੇਦਨਸ਼ੀਲ’ ਦੀ ਵੰਨਗੀ ਵਿੱਚ ਸ਼ੁਮਾਰ ਮੰਨੇ ਜਾਂਦੇ ਹਨ।

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਇੱਕ ਅਣਕਹੀ ਧਾਰਨਾ ਇਹ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਮੁਜਰਿਮਾਨਾ ਲੋਕਾਂ ਦੇ ਟੋਲੇ, ਚੋਣਾਂ ਦੌਰਾਨ ਸਰਗਰਮ ਹੁੰਦੇ ਹਨ ਜਿਨ੍ਹਾਂ ਸਾਹਮਣੇ ਮੁੱਠੀ ਭਰ ਸੁਰੱਖਿਆ ਮੁਲਾਜ਼ਮ ਟਿਕ ਨਹੀਂ ਸਕਦੇ। ਇਹ ਅਤਿਕਥਨੀ ਹੈ। ਗਿਣਤੀ ਨਾਲੋਂ ਜ਼ਿਆਦਾ ਜ਼ਰੂਰੀ ਇਹ ਸੋਚ ਵਿਕਸਿਤ ਕਰਨ ਦੀ ਹੈ ਕਿ ਸੁਰੱਖਿਆ ਦਸਤੇ ਆਪਣੀ ਡਿਊਟੀ ਸੱਚਮੁੱਚ ਹੀ ਇਮਾਨਦਾਰੀ ਤੇ ਦ੍ਰਿੜ੍ਹਤਾ ਨਾਲ ਨਿਭਾਉਣਗੇ।
ਲੰਮੇ ਸਮੇਂ ਤੱਕ ਚੱਲਣ ਵਾਲਾ ਚੋਣ ਪਸਾਰਾ ਇੱਕ ਖਿਲਵਾੜ ਜਿਹਾ ਬਣ ਕੇ ਰਹਿ ਗਿਆ ਹੈ। ਸਾਰੇ ਸੱਟੇਬਾਜ਼ ਅਤੇ ਚੋਣ ਰੁੱਤ ਦੌਰਾਨ ਸਰਗਰਮੀ ਦਿਖਾੳਣ ਵਾਲੀਆਂ ਤਾਕਤਾਂ- ਮੁਕਾਮੀ ਅਖ਼ਬਾਰ, ਕੌਮੀ ਅਤੇ ਇਲਾਕਾਈ ਟੀ.ਵੀ. ਚੈਨਲ, ਪੈਸਾ ਝੋਕਣ ਵਾਲੇ, ਕਾਡਰ, ਬੰਦੂਕਚੀ, ਸ਼ਰਾਬ ਦੇ ਧੰਦੇ ਦੇ ਸ਼ਹਿਨਸ਼ਾਹ, ਮੁਜਰਿਮ, ਰੀੜ੍ਹ-ਵਿਹੂਣੇ ਪੁਲੀਸ ਕਰਮੀ ਅਤੇ ਨਜ਼ਰ ਤੋਂ ਨਹੀਂ, ਨਜ਼ਰੀਏ ਤੋਂ ਟੀਰੇ ਅਫ਼ਸਰਾਨ- ਹਰੇਕ ਪੜਾਅ ਪਿੱਛੋਂ ਮੁੜ ਇਕਜੱੁਟ ਹੋ ਕੇ ਚੋਣ ਅਮਲ ਨੂੰ ਪਲੀਤ ਕਰਦੇ ਹਨ।
ਮੌਜੂਦਾ ਚੋਣ ਦੰਗਲ ਵਿੱਚ ਪ੍ਰਧਾਨ ਮੰਤਰੀ ਇੱਕ ਸੂਬਾ ਪੱਧਰੀ ਚੋਣ ਵਿੱਚ ਪੂਰੀ ਤਰ੍ਹਾਂ ਗ਼ਲਤਾਨ ਹਨ। ਕਰਮਚਾਰੀਆਂ ਦੇ ਦੱਸਣ ਮੁਤਾਬਕ ਕਿਉਂਕਿ ਸਾਰੇ ਫ਼ੈਸਲੇ ਇੱਕੋ ਵਿਅਕਤੀ ਦੇ ਹੱਥਾਂ ਦੇ ਮੁਥਾਜ ਹਨ, ਇਸ ਲਈ ਪ੍ਰਧਾਨ ਮੰਤਰੀ ਦੇ ਇਸ ਲੰਮੇ ਚੋਣ-ਰੁਝੇਵੇਂ ਤੋਂ ਮੁਕਤ ਹੋਣ ਤੱਕ ਸਾਰੇ ਮਹੱਤਵਪੂਰਣ ਫ਼ੈਸਲੇ ਅਟਕੇ ਪਏ ਹਨ। ਵੋਟਾਂ ਮੰਗਣ ਦੇ ਢੰਗ-ਤਰੀਕਿਆਂ ਵਿੱਚ ਵੀ ਕਾਫ਼ੀ ਟੁੱਚਾਪਣ ਆ ਗਿਆ ਹੈ। ਫ਼ਜ਼ੂਲ ਦੇ ਕੰਮਾਂ ਵਿੱਚ ਰਾਸ਼ਟਰੀ ਊਰਜਾ ਅਤੇ ਧਿਆਨ ਜ਼ਾਇਆ ਕੀਤਾ ਜਾ ਰਿਹਾ ਹੈ। ਇੱਕ ਕੌਮ ਵਜੋਂ ਅਸੀਂ ਸਾਰੇ ਹੀ ਸ਼ਰਮਸਾਰੀ ਦੇ ਰਾਹ ’ਤੇ ਤੁਰੇ ਹੋਏ ਹਾਂ।

ਇਸ ਕੇਂਦਰੀ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਚੰਡੀਗੜ੍ਹ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ਉੱਪਰ ਹਰਿਆਲੀ ਕਰ ਲਗਾਉਣ ਦੀ ਗੱਲ ਤੋਰੀ ਹੈ। ਸਮਾਂ ਆ ਗਿਆ ਹੈ ਕਿ ਬੁਨਿਆਦੀ ਅਸੂਲ ਲਾਗੂ ਕਰ ਦਿੱਤਾ ਜਾਵੇ: ਵਾਤਾਵਰਣ ਪਲੀਤ ਕਰਨ ਵਾਲੇ ਨੂੰ ਇਸ ਬਦਲੇ ਹਰਜਾਨਾ ਭਰਨਾ ਪਵੇਗਾ।
ਜੇ ਚੰਡੀਗੜ੍ਹ ਨੇ ਆਪਣਾ ਜੀਵਨ ਮਿਆਰ ਕਾਇਮ ਰੱਖਣਾ ਹੈ ਤਾਂ ਸ਼ਹਿਰ ਦੀ ਆਬੋ ਹਵਾ ਦੀ ਪਲੀਤਗੀ ਨੂੰ ਰੋਕਣ ਲਈ ਇਸ ਬਾਬਤ ਸਾਰੇ ਮੁਮਕਿਨ ਵਿਚਾਰਾਂ ਅਤੇ ਚੁੱਕੇ ਜਾਣ ਵਾਲੇ ਕਦਮਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਵਸੀਲਿਆਂ ਦੀ ਨਿਸ਼ਾਨਦੇਹੀ ਕਰ ਕੇ ਇੱਥੋਂ ਦੇ ਨਾਗਰਿਕਾਂ ਨੂੰ ਟੈਕਸ ਦੇਣ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਧਿਕਾਰੀ ਇਸ ਆਸ਼ੇ ਨੂੰ ਅੰਜਾਮ ਦੇਣ ਯੋਗ ਹੋ ਸਕਣ। ਐਨੀ ਕੁ ਕੀਮਤ ਤਾਂ ਦੁਨੀਆਂ ਭਰ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਾਸੀ ਆਮ ਹੀ ਤਾਰਦੇ ਹਨ। ਵਾਤਾਵਰਣ ਨਾਲ ਸਬੰਧਤ ਮਸਲੇ ਸਭ ਲਈ ਹੀ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ। ਪਲੀਤਗੀ ਬਿਨਾ ਅਮੀਰ ਗ਼ਰੀਬ ਦਾ ਵਿਤਕਰਾ ਕੀਤਿਆਂ ਸਭ ’ਤੇ ਹੀ ਅਸਰਅੰਦਾਜ਼ ਹੁੰਦੀ ਹੈ। ਅਤੇ, ਸ਼ਹਿਰ ਦੀ ਆਬੋ ਹਵਾ ਦਾ ਦੂਸ਼ਿਤ ਹੋਣਾ ਹਰ ਇੱਕ ਨੂੰ ਇਸ ਤੋਂ ਵੀ ਕਿਤੇ ਮਹਿੰਗਾ ਪੈਂਦਾ ਹੈ।
ਪਿਛਲੇ ਡੇਢ ਸਾਲਾਂ ਦੌਰਾਨ ਮੈਂ ਨਾਗਰਿਕ ਸੇਵਾਵਾਂ ਵਿੱਚ ਕਾਫ਼ੀ ਨਿਘਾਰ ਦੇਖਿਆ ਹੈ। ਪਾਰਕਾਂ ਦਾ ਰੱਖ ਰਖਾਉ ਬਹੁਤ ਹੀ ਮਾੜਾ ਹੈ। ਕੂੜਾ ਸਮੇਟਣ ਅਤੇ ਗਲ਼ੀਆਂ ਦੀ ਸਾਫ਼ ਸਫ਼ਾਈ ਵੱਲ ਵੀ ਕਾਫ਼ੀ ਬੇਰੁਖੀ ਦਿਖਾਈ ਦਿੰਦੀ ਹੈ। ਟ੍ਰੈਫ਼ਿਕ ਦਾ ਹਾਲ ਵੀ ਦਿਨ ਬਦਿਨ ਬਹੁਤ ਵਿਗੜਦਾ ਹੀ ਜਾ ਰਿਹਾ ਹੈ। ਜੇਕਰ ਖ਼ੂਬਸੂਰਤ ਨਗਰੀ ਦਾ ਰੁਤਬਾ ਬਰਕਰਾਰ ਰੱਖਣਾ ਹੈ ਤਾਂ ਸਖ਼ਤ ਕਦਮ ਅਤੇ ਜੁਰਮਾਨੇ 4 march 3ਲਾਉਣ ਵਾਲਾ ਰਾਹ ਹੀ ਫੜਨਾ ਪਵੇਗਾ। ਨਾਗਰਿਕਾਂ ਨੂੰ ਸ਼ਹਿਰ ਦੀ ਵਾਤਾਵਰਣ-ਸੰਭਾਲ ਪ੍ਰਤੀ ਜਾਗਰੂਕ ਅਤੇ ਸ਼ਰੀਕ ਕਰਨਾ ਪਵੇਗਾ।

ਅਖ਼ਬਾਰੀ ਕਾਲਮ ਲਿਖਣ ਦੀ ਕਲਾ ਅਤੇ ਬੌਧਿਕ ਜੇਰਾ ਰੱਖਣ ਵਾਲੇ ਸਿਆਸੀ ਨੇਤਾ ਕੋਈ ਬਹੁਤੇ ਨਹੀਂ ਹਨ। ਨਾ ਹੀ ਸਾਡੇ ਕੋਲ ਮੰਤਰੀਆਂ ਅਤੇ ਸਿਆਸੀ ਨੇਤਾਵਾਂ ਵੱਲੋਂ ਆਪਣੀਆਂ ਯਾਦਾਂ ਕਲਮਬੱਧ ਕੀਤੇ ਜਾਣ ਦੀ ਕੋਈ ਪਰੰਪਰਾ ਹੈ। ਕਾਲਮ ਲਿਖਣ ਦਾ ਤਕਾਜ਼ਾ ਆਪਣੀਆਂ ਯਾਦਾਂ ਦੀ  ਪੂਰੀ ਸੂਰੀ ਕਿਤਾਬ ਲਿਖਣ ਨਾਲੋਂ ਵੱਖਰਾ ਹੁੰਦਾ ਹੈ।
ਕਿਤਾਬ ਅੰਦਰ ਯਾਦਾਂ ਬੀਤੇ ਦੇ ਅਨੁਭਵਾਂ ਨੂੰ ਰਿਕਾਰਡ ਕਰਨ ਅਤੇ ਸ਼ਾਇਦ ਵਫ਼ਾਦਾਰੀ ਬਦਲਣ ਦਾ ਝਲਕਾਰਾ ਦੇਣ ਵਾਲੀ ਮਸ਼ਕ ਵੀ ਹੁੰਦੀ ਹੈ। ਦੂਜੇ ਪਾਸੇ ਕਾਲਮ ਦੀ ਹਫ਼ਤਾਵਾਰਤਾ ਕਾਲਮਨਵੀਸ ਨੂੰ ਆਪਣੀ ਲੇਖਣ ਕਲਾ, ਬੌਧਿਕ ਝੁਕਾਅ ਅਤੇ ਸਿਆਸੀ ਜੁੜਾਉ ਪ੍ਰਗਟ ਕਰਨ ਲਈ ਮਜਬੂਰ ਕਰਦੀ ਹੈ।
ਆਮ ਤੌਰ ’ਤੇ ਕਾਲਮ ਲਿਖਣ ਵਾਲੇ ਨੇਤਾ ਉਹ ਹੁੰਦੇ ਹਨ ਜੋ ਅਹੁਦੇ ਖੁਹਾਅ ਚੁੱਕੇ ਹੋਣ। ਕਾਲਮ ਲਿਖਣ ਲਈ ਬੜੇ ਜ਼ਬਤ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਮੇਰਾ ਖ਼ਿਆਲ ਹੈ ਮਣੀ ਸ਼ੰਕਰ ਅੱਈਅਰ ਅਤੇ ਕੇ. ਨਟਵਰ ਸਿੰਘ ਇਸ ਵੰਨਗੀ ਦੇ ਬਾਨੀ ਸਨ। ਫਿਰ ਪੀ. ਚਿਦੰਬਰਮ ਨਮੂਦਾਰ ਹੋਏ। ਅਤੇ ਉਸ ਤੋਂ ਬਾਅਦ ਮਨੀਸ਼ ਤਿਵਾੜੀ ਇਸ ਕਤਾਰ ਵਿੱਚ ਆ ਸ਼ਾਮਿਲ ਹੋਏ। ਇਤਫ਼ਾਕਨ ਇਹ ਤਿੰਨੇ ਕਾਂਗਰਸੀ ਹਨ ਅਤੇ ਆਪਣੇ ਵਰਗ ਤੋਂ ਅਲੱਗ ਖੜ੍ਹੇ ਦਿਖਾਈ ਦਿੰਦੇ ਹਨ। ਕਾਂਗਰਸ ਪਾਰਟੀ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੇ ਜਗਤ ਨਾਲ ਜੁੜਨ ਨੂੰ ਜ਼ਿਆਦਾ ਹੱਲਾਸ਼ੇਰੀ ਨਹੀਂ ਦਿੰਦੀ। ਇਹ ਤਾਂ ਸਵੀਕਾਰਤਾ ਅਤੇ ਚਮਚਾਗਿਰੀ ਦੀ ਤਲਬਗਾਰ ਹੈ। ਮਨੀਸ਼ ਇਸ ਸੱਭਿਆਚਾਰ ਦੇ ਖ਼ਿਲਾਫ਼ ਜਾਂਦਾ ਜਾਪਦਾ ਹੈ।
ਉਸ ਨੇ ਆਪਣੇ ਇਹੋ ਜਿਹੇ ਅਖ਼ਬਾਰੀ ਲੇਖਾਂ ਨੂੰ ‘ਡਿਕੋਡਿੰਗ ਏ ਡੈਕੇਡ – ਦਿ ਪਾਲੀਟਿਕਸ ਆਫ਼ ਪਾਲਿਸੀ ਮੇਕਿੰਗ’ ਸਿਰਲੇਖ ਤਹਿਤ ਇੱਕ ਪੁਸਤਕ ਦਾ ਰੂਪ ਦਿੱਤਾ ਹੈ। ਇਹ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾਰੀ ਕੀਤੀ ਜਾ ਰਹੀ ਹੈ। ਮਨੀਸ਼ ਨੇ ਮੈਨੂੰ ‘ਲੇਖਕ ਨਾਲ ਵਾਰਤਾਲਾਪ’ ਕਰਨ ਲਈ ਬੁਲਾ ਕੇ ਨਿਵਾਜਿਆ ਹੈ।
ਮਨੀਸ਼ ਦੇ ਲੇਖ ਧਿਆਨ ਅਤੇ ਆਦਰ ਦੀ ਮੰਗ ਕਰਦੇ ਹਨ। ਇਹ ਬੁੱਧੀਮਾਨਤਾ, ਸਿਆਸੀ ਸਹਿਚਾਰ, ਵਿੱਦਿਆ ਅਤੇ ਅਨੁਭਵ ਦਾ ਸੁਮੇਲ ਹਨ। ਉਸ ਦਾ ਅੰਦਾਜ਼ ਪੈਂਫ਼ਲਿਟਨੁਮਾ ਨਹੀਂ ਬਲਕਿ ਇਸ ਵਿੱਚ ਪਾਲਿਸੀ ਪ੍ਰਤੀ ਅੰਤਰਝਾਤ ਕਾਰਜਸ਼ੀਲ ਦਿਖਾਈ ਦਿੰਦੀ ਹੈ। ਸੰਖੇਪ ਜਿਹੀ ਭੂਮਿਕਾ ਵਿੱਚ ਉਹ ਦਾਅਵਾ ਕਰਦਾ ਹੈ ਕਿ ਕਿੱਤੇ ਵਜੋਂ ਬਦਨਾਮ ਸਿਆਸੀ ਜਮਾਤ ਰਾਸ਼ਟਰ ਲਈ ਐਨੀ ਵੀ ਬੁਰੀ ਨਹੀਂ। ਇਸ ਨੇ ਗਣਤੰਤਰ ਨੂੰ ਬਰਕਰਾਰ ਰੱਖਿਆ ਹੈ। ਸ਼ਕਤੀਆਂ ਦੀ ਅਮਨਪੂਰਬਕ ਵੰਡ ਸਥਾਪਤ ਕੀਤੀ। ਚੋਣ ਦੰਗਲ ਨੂੰ ਠੀਕ ਠਾਕ ਢੰਗ ਨਾਲ ਨੇਪਰੇ ਚੜ੍ਹਾਉਣ ਵੱਲ ਯੋਗਦਾਨ ਦਿੱਤਾ  ਅਤੇ ਸੰਵਿਧਾਨਕ ਢਾਂਚਾ ਉਸਾਰਿਆ ਹੈ ਜਿਸ ਦੇ ਤਹਿਤ ਸੰਸਥਾਗਤ ਸੰਤੁਲਨ ਯਕੀਨੀ ਬਣਿਆ ਹੈ।
ਮੈਨੂੰ ਲੱਗਦਾ ਹੈ ਕਿ ਇਸ ਸੰਗ੍ਰਹਿ ਦੇ ਤਿਖੇਰੇ ਲੇਖ ਉਹ ਹਨ ਜਿਹੜੇ 2014 ਤੋਂ ਬਾਅਦ ਲਿਖੇ ਗਏ। ਇਹ ਇਸ ਲਈ ਨਹੀਂ ਕਿ ਇਹ ਮੋਦੀ ਸਰਕਾਰ ਦੀ ਆਲੋਚਨਾ ਤੇ ਆਧਾਰਤ ਹਨ ਬਲਕਿ ਇਸ ਲਈ ਕਿ ਇਹ ਕਿਸੇ ਸਿਆਸੀ ਪਿੜ ਦੇ ਅਨੁਭਵੀ ਅਤੇ ਗੁੜ੍ਹੇ ਹੋਏ ਵਿਅਕਤੀ ਵੱਲੋਂ ਲਿਖੇ ਹੋਏ ਹਨ।
ਉਦਾਹਰਣ ਵਜੋਂ ‘ਦਿ ਜੀਉਪਾਲੀਟਿਕਸ ਆਫ਼ ਪਠਾਨਕੋਟ’ ਸਿਰਲੇਖ ਵਾਲਾ ਲੇਖ ਕਾਫ਼ੀ ਚਿੰਤਨਸ਼ੀਲ ਹੈ। ਇਹ ਪਠਾਨਕੋਟ ਹਵਾਈ ਬੇਸ ’ਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਕੁੱਝ ਹਫ਼ਤੇ ਬਾਅਦ ਲਿਖਿਆ ਗਿਆ। ਨਵੀਂ ਸਰਕਾਰ ਨੂੰ ਨਰਮ ਜਿਹੀ ਝਿੜਕ ਦਿੰਦਿਆਂ ਲੇਖਕ ਕਹਿੰਦਾ ਹੈ ਕਿ ਇਹੋ ਜਿਹੇ ਵਿਸ਼ੇ ਤੇ ‘‘ਕੂਟਨੀਤਕ ਛਾਲਾਂ ਮਾਰਨਾ ਕੋਈ ਬਹੁਤਾ ਵਧੀਆ ਵਿਚਾਰ ਨਹੀਂ।’’
ਉਹ ਕਹਿੰਦਾ ਹੈ ਕਿ ਮੋਦੀ ਸਰਕਾਰ ਨੇ ਇਸ ਕਾਂਡ ਪ੍ਰਤੀ ਗ਼ੈਰਸੰਜੀਦਾ ਪਹੁੰਚ ਅਪਣਾਈ ਹੈ। ਪਾਕਿਸਤਾਨ ਵਿੱਚ ਸਿਵਲ ਸਰਕਾਰ ਅਤੇ ਫ਼ੌਜੀ ਸਥਾਪਤੀ ਦਰਮਿਆਨ ਮਤਭੇਦਾਂ ਦੀ ਮਿੱਥ ‘ਚੰਗਾ ਪੁਲੀਸ ਵਾਲਾ, ਮਾੜਾ ਪੁਲੀਸ ਵਾਲਾ ਵਾਲੀ’ ਖੇਡ ਹੈ। ਅਤੇ, ਪਾਕਿਸਤਾਨ ਇਸ ਖੇਡ ਨਾਲ ਕੌਮਾਂਤਰੀ ਭਾਈਚਾਰੇ ਨੂੰ ਵਰਗਲਾਉਣ ਅਤੇ ਭਾਰਤ ਨੂੰ ਨਜ਼ਰੋਂ-ਊਣਾ ਬਣਾਉਣ ਪੱਖੋਂ ਮਾਹਿਰ ਹੋ ਚੁੱਕਾ ਹੈ।
ਕੌਮਾਂਤਰੀ ਕੱਦ-ਬੁੱਤ ਹਾਸਲ ਕਰਨ ਦੇ ਖ਼ਾਹਸ਼ਮੰਦ ਦੇਸ਼ ਨੂੰ ਘਰੇਲੂ ਵਿਤਕਰੇਬਾਜ਼ੀ ਸ਼ੋਭਾ ਨਹੀਂ ਦਿੰਦੀ। ਮਨੀਸ਼ ਲਿਖਦੇ ਹਨ ਕਿ ਵਾਜਪਾਈ ਸਰਕਾਰ ਨੇ ਰਣਨੀਤਕ ਭਾਈਵਾਲੀ ਵਿੱਚ ਅਗਲੇ ਕਦਮਾਂ ਦੀ ਸ਼ੁਰੂਆਤ ਕੀਤੀ ਸੀ ਜੋ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਨੇੜਲੇ ਸਬੰਧਾਂ ਦਾ ਮੁੱਢਲਾ ਤਜਵੀਜ਼ੀ ਨਕਸ਼ਾ ਸੀ। ਅਤੇ, ਫਿਰ ਉਹ ਸਾਨੂੰ ਚੇਤੇ ਕਰਾਉਂਦੇ ਹਨ ਕਿ ਜਿਉਂ ਹੀ ਭਾਜਪਾ ਦੀ ਸਰਕਾਰ ਟੁੱਟੀ, ਉਦੋਂ ਤੋਂ ਹੀ ਉਹ ਬਦਲੇ ਦੀ ਭਾਵਨਾ ਤਹਿਤ ਹਿੰਦ-ਅਮਰੀਕੀ ਸਬੰਧਾਂ ਦੇ ਹਰ ਪਹਿਲੂ ਦਾ ਵਿਰੋਧ ਕਰਨ ਲੱਗੀ।
ਇਹ ਨਿਬੰਧ-ਸੰਗ੍ਰਹਿ ਪੜ੍ਹਨ ਵਿੱਚ ਆਸਾਨ ਹੈ ਅਤੇ ਸਾਡੇ ਕੌਮੀ ਮਾਮਲਿਆਂ ਅੰਦਰ ਡੂੰਘੇਰੀ ਹੋ ਰਹੀ ਕੁੜੱਤਣ ਦਾ ਸੰਕੇਤ ਦਿੰਦਾ ਹੈ।

ਮੈਨੂੰ ਫ਼ਾਜ਼ਿਲਕਾ ਜ਼ਿਲੇ ਦੇ ਅਬੋਹਰ ਵਾਸੀ ਵੀ.ਕੇ. ਕਪੂਰ ਤੋਂ ਪੰਜ  ਪੰਜ ਸੌ ਰੁਪਏ ਦੇ ਦੋ ਚੈੱਕ ਮਿਲੇ ਹਨ। ਇਹ ਪੈਸੇ ਦੋ ਪਰਉਪਕਾਰੀਆਂ ਸ਼੍ਰੀਮਤੀ ਨੀਲੂ ਸਰੀਨ ਅਤੇ ਸ੍ਰੀ  ਯੂ.ਕੇ. ਸ਼ਾਰਦਾ ਲਈ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਦੋ ਹਫ਼ਤੇ ਪਹਿਲਾਂ ਇਸ ਕਾਲਮ ਵਿੱਚ ਕੀਤਾ ਸੀ। ਸੱਚਮੁਚ ਇਸ ਗੱਲ ਨੇ ਮੈਨੂੰ ਬਹੁਤ ਟੁੰਬਿਆ ਹੈ।
ਚੈੱਕਾਂ ਨਾਲ ਨੱਥੀ ਚਿੱਠੀ ਵਿੱਚ 69 ਸਾਲਾ ਸ੍ਰੀ ਕਪੂਰ ਨੇ ਹੱਥ ਨਾਲ ਲਿਖਿਆ ਹੈ ਕਿ ਇਹ ਪੈਸੇ ਉਹ ਆਪਣੀ ਮਾਮੂਲੀ ਜਿਹੀ ਪੈਨਸ਼ਨ ’ਚੋਂ ਭੇਜ ਰਹੇ ਹਨ। ਨਾਗਰਿਕ ਚੇਤਨਾ ਦੀ ਇਹ ਬੜੀ ਗਰਮਜੋਸ਼ੀ ਵਾਲੀ ਮਿਸਾਲ ਹੈ।
ਆਉ, ਸ੍ਰੀ ਕਪੂਰ ਨੂੰ ਸਲਾਮ ਵਜੋਂ ਕਾਫ਼ੀ ਦਾ ਕੱਪ ਉਚਿਆਉਣ ਵਿੱਚ ਮੇਰੇ ਨਾਲ ਸ਼ਾਮਲ ਹੋ ਜਾਉ।

ਈਮੇਲ: kaffeeklatsch@tribuneindia.com


Comments Off on ਬਹੁਤ ਬੇਤੁਕਾ ਹੈ ਸੱਤ ਪੜਾਵਾਂ ’ਚ ਚੋਣਾਂ ਕਰਾਉਣਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.