ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬਾਲ ਕਿਆਰੀ

Posted On March - 4 - 2017

ਕਾਰ
ਮੰਮੀ ਕਹਿੰਦੀ ਕਾਰ ਲਿਆਉ,
ਬੱਸਾਂ ਦੇ ਸਫ਼ਰ ਦਾ ਯੱਬ ਮੁਕਾਉ।
ਡੈਡੀ ਹੋ ਗਏ ਝੱਟ ਤਿਆਰ,
ਚਿੱਟੀ ਫਿਸਟਾ ਲੈ ਲਈ ਕਾਰ।
ਦਾਦੀ ਦਾਦੇ ਨੂੰ ਚੜ੍ਹ ਗਿਆ ਚਾਅ,
ਖੁਸ਼ੀ ਵਿੱਚ ਬੋਲੇ ਵਾਹ ਜੀ ਵਾਹ।
ਨੰਬਰ ਮਿਲਿਆ ਵੀ.ਆਈ.ਪੀ.,
ਖੁਸ਼ ਹੋ ਗਏ ਸਭ ਘਰ ਦੇ ਜੀਅ।
ਡੈਡੀ ਗੱਡੀ ਆਪ ਚਲਾਉਂਦੇ,
ਮੰਮੀ ਜੀ ਨੂੰ ਨਾਲ ਬਿਠਾਉਂਦੇ।
ਦਾਦੀ ਪਹਿਲਾਂ ਲਾਡ ਲਡਾਉਂਦੀ,
ਫਿਰ ਗੱਡੀ ਦੇ ਵਿੱਚ ਬਿਠਾਉਂਦੀ ।
ਗੱਡੀ ਲੈ ਡੈਡੀ ਜਦ ਘਰ ਆਇਆ,
ਪਿੱਛੇ ‘ਵਿਸ਼ੂ ਬਾਸਰਕੇ’ ਲਿਖਾਇਆ।
ਪਹਿਲਾਂ ਗਏ ਅਸੀਂ ਗੁਰਧਾਮ,
ਸ਼ੁਕਰਾਨਾ ਕੀਤਾ ਤੇ ਜਪਿਆ ਨਾਮ।
ਖਰਚਾ ਤਾਂ ਵਧ ਗਿਆ ਜ਼ਰੂਰ,
ਆਰਾਮਦਾਇਕ ਹੋਇਆ ਸਫ਼ਰ ਹਜ਼ੂਰ।
‘ਮਨਮੋਹਨ’ ਦੀ ਗੱਲ ਮੰਨੋ ਭਾਈ,
ਕੀਤੀ ਮਿਹਨਤ ਰੰਗ ਲਿਆਈ।
– ਮਨਮੋਹਨ ਸਿੰਘ ਬਾਸਰਕੇ
ਨਤੀਜਾ
ਦਿਨ ਨਤੀਜੇ ਵਾਲਾ,
ਆ ਗਿਆ ਏ ਨੇੜੇ ਬੇਲੀਓ।
ਪਾਸ ਫੇਲ੍ਹ ਵਾਲੇ ਹੋਣੇ,
ਹੁਣ ਨਬੇੜੇ ਬੇਲੀਓ।
ਮਿਹਨਤਾਂ ਨੂੰ ਲੱਗਦੇ ਨੇ,
ਸਦਾ ਮਿੱਠੇ-ਮਿੱਠੇ ਫਲ਼।
ਉਨ੍ਹਾਂ ਵੱਲ ਭੱਜੇ ਆਉਂਦੇ,
ਸਾਰੇ ਖੁਸ਼ੀਆਂ ਦੇ ਪਲ।
ਸਫਲਤਾ ਰਹਿੰਦੀ ਸਦਾ,
ਨੇੜੇ-ਤੇੜੇ ਬੇਲੀਓ।
ਪਾਸ ਫੇਲ੍ਹ ਵਾਲੇ ਹੋਣੇ…।
ਜਿਹੜੇ ਰਹੇ ਸਾਰਾ ਸਾਲ,
ਵੇਖੋ ਮੌਜਾਂ ਮਾਣਦੇ।
ਗਲੀਆਂ ਬਾਜ਼ਾਰਾਂ ਵਿੱਚ,
ਰਹੇ ਘੱਟਾ ਛਾਣਦੇ।
ਓਸੇ ਜਮਾਤ ਵਿੱਚ ਲਾਉਣੇ,
ਉਨ੍ਹਾਂ ਗੇੜੇ ਬੇਲੀਓ।
ਪਾਸ ਫੇਲ੍ਹ ਵਾਲ਼ੇ ਹੁਣ…।
ਸਮਾਂ ਉਸ ਨੂੰ ਰੁਆਵੇ,
ਜੋ ਸਮੇਂ ਨੂੰ ਗੁਆਵੇ।
ਤਲਵੰਡੀ ਦਾ ਅਮਰੀਕ,
ਨਿੱਤ ਸਕੂਲੇ ਸਮਝਾਵੇ।
ਹਿੰਮਤਾਂ ਨਾਲ ਹੁੰਦੇ ਸਦਾ,
ਪਾਰ ਬੇੜੇ ਬੇਲੀਓ।
ਪਾਸ ਫੇਲ੍ਹ ਵਾਲ਼ੇ ਹੋਣੇ…।
– ਅਮਰੀਕ ਸਿੰਘ ਤਲਵੰਡੀ
 12302cd _studyਪੜ੍ਹਨਾ ਲਿਖਣਾ
ਪੜ੍ਹਨਾ ਲਿਖਣਾ ਬਹੁਤ ਜ਼ਰੂਰੀ,
ਨਾ ਸਮਝੋ ਇਸਨੂੰ ਮਜਬੂਰੀ।
ਮਿਹਨਤ ਕਰ ਕੇ ਹੀ ਮਿਲਦੀ,
ਦੁਨੀਆਂ ਦੇ ਵਿੱਚ ਮਸ਼ਹੂਰੀ।
ਸਿੱਖਣਾ ਕਦੇ ਮੁੱਕਦਾ ਨਹੀਂ,
ਇਹ ਤੇ ਚਲਦਾ ਜ਼ਿੰਦਗੀ ਪੂਰੀ।
ਗਿਆਨ ਸਦਾ ਹੀ ਵੰਡੀਏ
ਨਾ ਕਦੇ ਬਣੀਏ ਮਗਰੂਰੀ।
ਸਦਾ ਮੰਜ਼ਿਲ ਦੇ ਬਾਰੇ ਸੋਚੋ,
ਇਹ ਨਾ ਸੋਚੋ ਕਿੰਨੀ ਦੂਰੀ।
ਕੰਮ ਤੋਂ ਪਹਿਲਾਂ ਲੈ ਲਈਏ,
ਮਾਂ-ਬਾਪ ਦੀ ਮਨਜ਼ੂਰੀ।
‘ਰਾਜੇ’ ਉਨ੍ਹਾਂ ਪੱਲੇ ਕੀ ਪੈਣਾ,
ਜਿਹੜੇ ਸੁਣਦੇ ਗੱਲ ਅਧੂਰੀ।
– ਰਾਜਾ ਬੜੈਚ
ਮਾਂ
ਮਾਂ ਮੇਰੀ ਦਾ ਕੋਮਲ ਹਿਰਦਾ,
ਮੇਰੇ ਲਈ ਚਿੰਤਾ ਵਿੱਚ ਘਿਰਦਾ।
ਮੈਨੂੰ ਨਾ ਕਿਤੇ ਠੰਢ ਲੱਗ ਜਾਵੇ,
ਫਿਕਰ ਸਤਾਵੇ ਨੰਗੇ ਸਿਰ ਦਾ।
ਮੁੜ ਮੁੜ ਕੇ ਉਹ ਟੋਕੇ ਮੈਨੂੰ,
ਕਾਹਤੋਂ ਨੰਗੇ ਪੈਰੀਂ ਫਿਰਦਾ?
ਕੋਈ ਗੱਲ ਨਹੀਂ ਵੱਡਾ ਹੋ ਗਿਆ,
ਕਹਿੰਦੀ ਹੈ ਜਦ ਵੀ ਮੈਂ ਗਿਰਦਾ।
ਮਾਂ ਦੀ ਨਿੱਘੀ ਗੋਦ ’ਚ ਵੜਕੇ,
ਰੋਂਦਾ ਬਾਲ ਨਿਆਣਾ ਵਿਰਦਾ।
ਘਰੋਂ ਗਿਆ ਸੀ ਖੇਡਣ ਲਾਡੀ,
ਕਿਉਂ ਨਹੀਂ ਮੁੜਿਆ ਇੰਨੇ ਚਿਰ ਦਾ?
ਧੀ ਲਾਡੋ ਦਾ ਦੁੱਖ ਜਦ ਦੇਖੇ
ਮੱਲੋਂ ਮੱਲੀ ਹੰਝੂ ਕਿਰਦਾ।
ਲਾਡੋ ਲਾਡੀ ਜੇ ਲੜ ਪੈਂਦੇ,
ਹਾਲ ਸੁਣੇ ਉਹ ਹਰ ਇੱਕ ਧਿਰ ਦਾ।
ਸੌ ਸੌ ਸੁੱਖਾਂ ਸੁੱਖਦੀ ਫਿਰਦੀ,
ਜੁੱਗ- ਜੁੱਗ ਜੀਵੇ ਸਾਈਂ ਸਿਰ ਦਾ।
ਖਿੜ- ਖਿੜ ਕਰਕੇ ਜਦ ਹੱਸ ਪੈਂਦੀ,
ਨਾਲ ਉਸ ਦੇ ਫਿਰ ਹੱਸੇ ਚੌਗਿਰਦਾ।
ਨਾਮ ‘ਖਨੌਰੀ’ ਦਾ ਚਮਕੇਗਾ,
ਨੈਣੀਂ ਉਸ ਦੇ ਸੁਪਨਾ ਤਿਰਦਾ।
– ਕੁਲਵੰਤ ਖਨੌਰੀ
ਭੋਲੂ ਤੇ ਚੋਰ
ਭੋਲੂ ਰਾਤੀਂ ਭੌਂਕ ਰਿਹਾ ਸੀ,
ਕਿਧਰੇ ਹੋਇਆ ਖੜਾਕ ਜੇਹਾ ਸੀ।
ਕੰਧ ਉੱਤੇ ਸੀ ਬੰਦਾ ਚੜ੍ਹਿਆ,
ਝੱਟ ਭੋਲੂ ਨੇ ਲੱਤੋਂ ਫੜਿਆ।
ਬੰਦੇ ਸੁੱਟੀ ਮਾਸ ਦੀ ਬੋਟੀ,
ਕਹਿੰਦਾ ਭੋਲੂ ਪਾ ਲੈ ਜੋਟੀ।
ਭੌਂਕੀ ਨਾ ਤੂੰ ਚੁੱਪ ਹੋ ਜਾ,
ਖਾ ਕੇ ਬੋਟੀ ਪਰਾਂ ਖਲੋਜਾ।
ਭੋਲੂ ਝਈਆਂ ਲੈ ਲੈ ਪੈਂਦਾ,
ਭੌਂਕੇ ’ਤੇ ਵੱਡਣ ਨੂੰ ਪੈਂਦਾ।
ਬੋਟੀ ਨੂੰ ਉਸ ਮੂੰਹ ਨਾ ਲਾਇਆ,
ਸਾਡੇ ਨਾਲ ਨਾ ਦਗਾ ਕਮਾਇਆ।
ਭੋਲੂ ਕਹਿੰਦਾ ਤੂੰ ਏ ਚੋਰ,
ਸੌਦਾ ਕਰੀਂ ਕਿਤੇ ਜਾ ਕੇ ਹੋਰ।
ਮਾਲਕ ਮੈਨੂੰ ਸਭ ਕੁਝ ਦਿੰਦਾ,
ਫਟਕਣ ਦਿਆਂ ਨਾ ਕੋਈ ਪਰਿੰਦਾ।
ਭੋਲੂ ਨੇ ਸੀ ਚੋਰ ਭਜਾਇਆ,
ਅੱਗੋਂ ਹੱਥ ਪੁਲੀਸ ਦੇ ਆਇਆ।
ਰੋਮ ਰੋਮ ਸਾਡਾ ਹੈ ਆਭਾਰੀ
ਤੱਕ ਭੋਲੂ ਦੀ ਇਹ ਵਫ਼ਾਦਾਰੀ।
– ਹਰੀ ਕ੍ਰਿਸ਼ਨ ਮਾਇਰ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.