ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬਾਲ ਕਿਆਰੀ

Posted On March - 11 - 2017

ਚਾਈਂ ਚਾਈਂ ਪੜ੍ਹਨ
ਭੁੱਲ  ਕੇ  ਵੀ ਕਦੇ ਨਾ ਬਹਾਨਾ ਲਾਈਂ ਤੂੰ,
ਚਾਈਂ-ਚਾਈਂ  ਪੜ੍ਹਨ  ਸਕੂਲ ਜਾਈਂ ਤੂੰ।
ਹਰ- ਰੋਜ਼  ਉੱਠ  ਕੇ  ਨਹਾਉਣਾ ਬੱਚਿਆ,
ਪੈਰੀਂ ਹੱਥ  ਸਭਨਾਂ  ਦੇ  ਲਾਉਣਾ ਬੱਚਿਆ।
ਰੋਣ  ਦੀ ਥਾਂ ਜ਼ਿਆਦਾ ਹੱਸ  ਕੇ ਵਿਖਾਈਂ ਤੂੰ,
ਚਾਈਂ-ਚਾਈਂ…।
ਅਧਿਆਪਕਾਂ ਨੂੰ ਜਾਣੀਂ ਮਾਈ-ਬਾਪ ਦੀ ਤਰ੍ਹਾਂ,
ਤੈਨੂੰ  ਦੇਣਗੇ  ਗਿਆਨ  ਰੱਬੀ  ਦਾਤ ਦੀ ਤਰ੍ਹਾਂ।
ਗਿਆਨ ਦਾ ਭੰਡਾਰ ਇਕੱਠਾ ਕਰ ਲਿਆਈਂ ਤੂੰ,
ਚਾਈਂ-ਚਾਈਂ…।
ਜਿਹੜਿਆਂ  ਘਰਾਂ  ਦੇ  ਬੱਚੇ  ਪੜ੍ਹ ਜਾਂਦੇ ਨੇ,
ਉਹ  ਘਰ   ਅੰਬਰਾਂ ’ਤੇ  ਚੜ੍ਹ  ਜਾਂਦੇ  ਨੇ।
ਕਰ  ਕੇ  ਪੜ੍ਹਾਈਆਂ  ਨਾਮ ਚਮਕਾਈਂ  ਤੂੰ,
ਚਾਈਂ-ਚਾਈਂ…।
ਆਪ ਭਾਵੇਂ ਤੰਗੀਆਂ ’ਚ ਜਿਉਣਾ ਮਾਪਿਆਂ,
ਤੈਨੂੰ  ਔਖੇ- ਸੌਖੇ  ਹੋ ਪੜ੍ਹਾਉਣਾ  ਮਾਪਿਆਂ।
ਕਰੇ  ‘ਵਿਪਨ’ ਦੁਆਵਾਂ ਖ਼ੁਸ਼ੀਆਂ ਹੰਢਾਈਂ ਤੂੰ,
ਚਾਈਂ – ਚਾਈਂ  ਪੜ੍ਹਨ  ਸਕੂਲ  ਜਾਈਂ  ਤੂੰ।
– ਵਿਪਨਪਾਲ ਕੌਰ ਬੁੱਟਰ

12802cd _studentਸਕੂਲ
ਸਮੇਂ ਸਿਰ ਜਾਵਾਂ ਮੈਂ ਸਕੂਲ ਬੇਲੀਓ,
ਇਹੀਓ ਮੇਰਾ ਪੱਕਾ ਹੈ ਅਸੂਲ ਬੇਲੀਓ।
ਵੱਡਿਆਂ ਦਾ ਕਰਾ ਮੈਂ ਤਾਂ ਸਦਾ ਸਤਿਕਾਰ,
ਤਾਂਹੀਂਓਂ ਸਾਰੇ ‘ਸਰ’ ਮੈਂਨੂੰ ਕਰਦੇ ਪਿਆਰ।
ਅੱਜ ਦਾ ਮੈਂ ਕੰਮ ਕਦੇ ਕੱਲ੍ਹ ’ਤੇ ਨੀਂ ਛੱਡਦਾ,
ਸ਼ੌਂਕ ਨਾਲ ਕਰਾਂ ਕਦੇ ਫਾਹਾ ਵੀ ਨੀਂ ਵੱਢਦਾ।
ਕਾਪੀਆਂ ਨੂੰ ਰੰਗਾਂ ਨਾਲ ਦਿੰਦਾ ਮੈਂ ਸ਼ਿੰਗਾਰ,
ਤਾਂਹੀਂਓਂ ਸਾਰੇ…।
ਜਦੋਂ ਸਮਾਂ ਮਿਲੇ ਮੈਂ ਕਿਤਾਬਾਂ ਰਹਾਂ ਪੜ੍ਹਦਾ,
ਵਿਹਲਿਆਂ ਦੇ ਕੋਲ ਕਦੇ ਵਿਹਲਾ ਵੀ ਨੀਂ ਖੜ੍ਹਦਾ।
ਹੋਰ ਨਹੀਂ ਤਾਂ ਮੈਂ ਹਾਂ ਪੜ੍ਹ ਲੈਂਦਾ ਅਖ਼ਬਾਰ,
ਤਾਂਹੀਓਂ ਸਾਰੇ…।
ਕਿਸੇ ਨਾਲ ਕਦੇ ਵੀ ਮੈਂ ਕਰਦਾ ਨਹੀਂ ਸਾੜਾ,
ਮੈਂਨੂੰ ਮੇਰੇ ਪਿੰਡ ਸਾਰੇ ਆਖਦੇ ਨੇ ਪਾੜ੍ਹਾ।
ਸਾਰੇ ਕਹਿੰਦੇ ਇਹ ਤਾਂ ਕੋਈ ਕਰੂ ਚਮਤਕਾਰ,
ਤਾਂਹੀਓਂ ਸਾਰੇ…।
ਕਿਸੇ ‘ਸਰ’ ਕੋਲੋਂ ਮੈਂਨੂੰ ਪੈਂਦੀ ਕਦੇ ਘੂਰ ਨੀਂ,
ਮਾੜਾ ਬੋਲਾਂ ਬੋਲ ਇਹ ਤਾਂ ਮੇਰਾ ਦਸਤੂਰ ਨੀਂ।
‘ਨਾਗਰਾ’ ਨਾ ਆਉਣ ਦਿੱਤਾ ਮਨ ’ਚ ਹੰਕਾਰ,
ਤਾਂਹੀਂਓ ਸਾਰੇ ‘ਸਰ’ ਮੈਂਨੂੰ ਕਰਦੇ ਪਿਆਰ।
– ਜਸਪਾਲ ਸਿੰਘ ਨਾਗਰਾ

12802cd _holiਆ ਗਈ ਹੋਲੀ
ਰੰਗਾਂ ਦਾ ਤਿਉਹਾਰ ਆਇਆ,
ਉਮੰਗਾਂ ਦਾ ਤਿਉਹਾਰ ਆਇਆ।
ਖ਼ੁਸ਼ੀਆਂ ਨਾਲ ਭਰ ਲਓ ਝੋਲੀ,
ਆ ਗਈ ਹੋਲੀ, ਆ ਗਈ ਹੋਲੀ।
ਘੋਲ ਬਣਾ ਕੇ ਭਰ ਪਿਚਕਾਰੀ,
ਰੰਗਣ ਦੀ ਕਰ ਲਈ ਤਿਆਰੀ।
ਆ ਗਈ ਬਾਲਾਂ ਦੀ ਟੋਲੀ,
ਆ ਗਈ ਹੋਲੀ, ਆ ਗਈ ਹੋਲੀ।
ਖ਼ੁਸ਼ ਨਾ ਹੋਣਾ ਕਾਲਖ ਮਲ਼ ਕੇ,
ਹਰਬਲ ਰੰਗ ਖੇਡੋ ਰਲ਼ ਕੇ।
ਸੁਣ ਲੈ ਹੈਰੀ, ਸੁਣ ਲੈ ਡੋਲੀ,
ਆ ਗਈ ਹੋਲੀ, ਆ ਗਈ ਹੋਲੀ।
ਕਈਆਂ ਖ਼ੂਬ ਹੁੜਦੰਗ ਮਚਾਇਆ,
ਨੱਚ ਨੱਚ ਕੇ ਜਸ਼ਨ ਮਨਾਇਆ।
ਢੋਲ ਵਜਾ ਰਿਹਾ ਹੈ ਢੋਲੀ,
ਆ ਗਈ ਹੋਲੀ, ਆ ਗਈ ਹੋਲੀ।
ਏਕੇ ਨਾਲ ਤਿਉਹਾਰ ਮਨਾਓ,
ਆਪਸ ਵਿੱਚ ਪਿਆਰ ਵਧਾਓ।
ਸਭ ਨਾਲ ਬੋਲੋ ਮਿੱਠੀ ਬੋਲੀ,
ਆ ਗਈ ਹੋਲੀ, ਆ ਗਈ ਹੋਲੀ।
– ਹਰਿੰਦਰ ਸਿੰਘ ਗੋਗਨਾ

ਹੋਲੀ
ਹੋਲੀ ਦੇ ਨੇ ਰੰਗ ਨਿਆਰੇ,
ਆਓ ਦੋਸਤੋ ਖੇਡੀਏ ਸਾਰੇ,
ਹੱਟੀਓਂ ਰੰਗ ਲਿਆਏ ਆਪਾਂ,
ਟੋਲੀ ਇੱਕ ਬਣਾਈਏ ਆਪਾਂ।
ਰੰਗ ਘੋਲਣ ਦੀ ਕਰੋ ਤਿਆਰੀ,
ਆਪੋ ਆਪਣੀ ਭਰੋ ਪਿਚਕਾਰੀ,
ਆਓ ਸਭ ਨੂੰ ਨਾਲ ਰਲਾਈਏ,
ਟੁੱਟੀ ਆੜੀ ਮੁੜਕੇ ਪਾਈਏ।
ਗਲੀ ਮੁਹੱਲੇ ਜਾਵਾਂਗੇ,
ਮਸਤੀ ਖ਼ੂਬ ਮਨਾਵਾਂਗੇ,
‘ਜਿੰਦਲ’ ਸੱਚੀ ਗੱਲ ਸੁਣਾਈ,
ਰੁਸਿਆਂ ਤਾਈਂ ਜਾਏ ਮਨਾਈ।
– ਡੀ.ਪੀ ਜਿੰਦਲ ਭੀਖੀ

ਨੰਨ੍ਹੇ ਮੁੰਨ੍ਹੇ ਬੱਚੇ
ਅੱਜ ਦੇ ਇਹ ਨੰਨ੍ਹੇ ਮੁੰਨ੍ਹੇ ਬੱਚੇ,
ਸ਼ਾਨ ਭਾਰਤ ਦੀ ਵਧਾਉਣਗੇ।
ਉੱਚਾ ਇੱਕ ਦਿਨ ਤਿਰੰਗਾ,
ਦੁਨੀਆਂ ਵਿੱਚ ਲਹਿਰਾਉਣਗੇ।
ਪੜ੍ਹ-ਲਿਖ ਹਾਸਲ ਕਰ ਡਿਗਰੀਆਂ,
ਸਭ ਤੋਂ ਅੱਗੇ ਆਉਣਗੇ।
ਡਾਕਟਰ ਬਣ ਇਨ੍ਹਾਂ ’ਚੋਂ ਕੁਝ,
ਦੁਖੀਆਂ ਦੇ ਦੁੱਖ ਘਟਾਉਣਗੇ।
ਅਧਿਆਪਕ ਬਣਕੇ ਬਹੁਤ ਸਾਰੇ,
ਗਿਆਨ ਦੇ ਦੀਪ ਜਗਾਉਣਗੇ।
ਪਾਇਲਟ ਬਣਕੇ ਕਈ ਇਨ੍ਹਾਂ ’ਚੋਂ,
ਆਸਮਾਨ ’ਚ ਤਾਰੀਆਂ ਲਾਉਣਗੇ।
ਖੇਤੀਬਾੜੀ ਦੇ ਵਿੱਚ ਬਹੁਤੇ,
ਫਿਰ ਤੋਂ ਹਰੀ ਕ੍ਰਾਂਤੀ ਲਿਆਉਣਗੇ।
ਆਰਮੀ, ਏਅਰ ਫੋਰਸ ਤੇ ਨੇਵੀ ਵਿੱਚ,
ਦੇਸ਼ ਦੀ ਸੇਵਾ ’ਚ ਯੋਗਦਾਨ ਪਾਉਣਗੇ।
ਹੱਥ ਦੇ ਨਾਲ ਹੱਥ ਮਿਲਾ ਕੇ,
ਏਕਤਾ ਦਾ ਬੂਟਾ ਲਾਉਣਗੇ।
ਭਾਰਤ ਦੀ ਸ਼ਾਨ ਨੇ ਸਾਰੇ,
ਭਾਰਤ ਦੀ ਸ਼ਾਨ ਵਧਾਉਣਗੇ।
– ਬਲਵਿੰਦਰ ਸਿੰਘ ਭੁੱਕਲ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.