ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬਾਲ ਕਿਆਰੀ

Posted On March - 18 - 2017

Male Blackbirdਪਿਆਰਾ ਬਚਪਨ

ਭੋਲਾ-ਭਾਲਾ ਪਿਆਰਾ ਬਚਪਨ,
ਰੰਗ-ਰੰਗੀਲਾ ਨਿਆਰਾ ਬਚਪਨ।
ਮਾਂ ਦੀ ਲੋਰੀ ਸੁਣ ਕੇ ਸੌਂਦਾ,
ਹੈ ਅੱਖੀਆਂ ਦਾ ਤਾਰਾ ਬਚਪਨ।
ਤੁਰਨਾ ਸਿੱਖਦਾ ਉਂਗਲ ਫੜਕੇ,
ਮੰਗਦਾ ਬਹੁਤ ਸਹਾਰਾ ਬਚਪਨ।
ਚੋਜਾਂ ਰੀਝਾਂ ਚਾਵਾਂ ਰੰਗਿਆ,
ਹੈ ਸਾਰੇ ਦਾ ਸਾਰਾ ਬਚਪਨ।
ਪੁਠੀਆਂ- ਸਿੱਧੀਆਂ ਛਾਲਾਂ ਮਾਰੇ,
ਲੈਂਦਾ ਬਹੁਤ ਨਜ਼ਾਰਾ ਬਚਪਨ।
ਦਾਦੀ ਮਾਂ ਦੀਆਂ ਬਾਤਾਂ ਸੁਣ ਕੇ,
ਭਰਦਾ ਬੈਠ ਹੁੰਗਾਰਾ ਬਚਪਨ।
ਕੱਚੀ ਉਮਰੇ ਪੱਕੀ ਯਾਰੀ,
ਲਾਉਂਦਾ ਨਾ ਕੋਈ ਲਾਰਾ ਬਚਪਨ।
ਜੇ ਮਾਪਿਆਂ ਦੀ ਛਾਂ ਨਾ ਹੋਵੇ,
ਰੋਂਦਾ ਕੱਲਾ ਕਾਰਾ ਬਚਪਨ।
ਦੇਖੀਂ ਦਾਤਾ ਰੁਲ਼ ਨਾ ਜਾਵੇ,
ਖੁਸ਼ੀਆਂ ਬਾਝੋਂ ਵਿਚਾਰਾ ਬਚਪਨ।
ਜ਼ਿੰਦਗੀ ਦਾ ਅਣਮੋਲ ਖ਼ਜ਼ਾਨਾ,
ਮੁੜ ਨਾ ਮਿਲੇ ਦੁਬਾਰਾ ਬਚਪਨ।
ਲੱਖਾਂ ਹੀ ‘ਕੁਲਵੰਤ ਖਨੌਰੀ’
ਮੰਗਦੇ ਫਿਰਨ ਉਧਾਰਾ ਬਚਪਨ।

– ਕੁਲਵੰਤ ਖਨੌਰੀ

ਸੋਹਣਾ ਕਾਕਾ

ਸੋਹਣਾ ਕਾਕਾ ਗੁਰਫਰਮਾਨ,
ਉਸ ਵਿੱਚ ਵਸਦੀ ਸਭ ਦੀ ਜਾਨ।
ਜਦ ਉਸਦੇ ਜਨਮ ਦੀ ਖ਼ਬਰ ਸੁਣਾਈ,
ਸਾਰੇ ਆਏ ਦੇਣ ਵਧਾਈ।
ਟੱਬ ਵਿੱਚ ਕੋਸਾ ਪਾਣੀ ਪਾਵੇ,
ਦਾਦੀ ਉਸਨੂੰ ਖ਼ੂਬ ਨੁਹਾਵੇ।
ਸੋਹਣੇ-ਸੋਹਣੇ ਕੱਪੜੇ ਪਾਵੇ,
ਘੁੱਟਕੇ ਸੀਨੇ ਦੇ ਨਾਲ ਲਾਵੇ।
ਰੋ -ਰੋ ਕੇ ਉਹ ਗੀਤ ਸੁਣਾਵੇ,
ਲੱਤਾਂ ਮਾਰ-ਮਾਰ ਸਾਈਕਲ ਚਲਾਵੇ।
ਭੁੱਖ ਲੱਗੀ ਤੋਂ ਜੀਭਾਂ ਮਾਰੇ,
ਮਾਂ ਵੀ ਜਾਂਦੀ ਸਮਝ ਇਸ਼ਾਰੇ।
ਪਿਲਾਕੇ ਦੁੱਧ ਡਕਾਰ ਕਢਾਵੇ,
ਫਿਰ ਚੈਨ ਦੀ ਨੀਂਦ ਸੁਲਾਵੇ।
ਪੂਰਾ ਦਿਨ ਉਹ ਨੀਂਦਰ ਲਾਹਵੇ,
ਰਾਤੀਂ ਜਾਗੇ ਅਤੇ ਜਗਾਵੇ।
ਸੀਟੀ ਮਾਰੋ ਸੂ-ਸੂ ਕਰਦਾ,
ਕਾਕਾ ਨਹੀਂ ਕਿਸੇ ਤੋਂ ਡਰਦਾ।
ਪਾਪਾ ਉਸਨੂੰ ਚੁੱਕ ਖਿਡਾਵੇ,
ਭੂਆ ਉਸਦੀ ਲੋਰੀ ਗਾਵੇ।
ਨਾਨੀ ਜੀ ਨੂੰ ਬਹੁਤ ਪਿਆਰਾ,
ਨਾਨਾ ਜੀ ਦਾ ਰਾਜ ਦੁਲਾਰਾ।
ਦਾਦਾ ਜੀ ਜਦ ਚੁੱਕ ਖਿਡਾਵਣ,
ਦੀਨ ਦੁਨੀ ਦੇ ਦੁੱਖ ਭੁਲਾਵਣ।
ਨਾਜ਼ ਭੈਣ ਦਾ ਛੋਟਾ ਵੀਰ,
ਦੋਵਾਂ ਨਾਲ ਹੈ ਜੱਗ ਵਿੱਚ ਸੀਰ।
ਕਦੇ ਉਹ ਰੋਵੇ,ਕਦੇ ਉਹ ਹੱਸਦਾ,
ਕਾਕਾ ਸਭ ਦੇ ਦਿਲ ਵਿੱਚ ਵਸਦਾ।

– ਰਾਜ ਕੌਰ ਕਮਾਲਪੁਰ

ਸ਼ਾਂਸ਼ੂ

ਗੱਲ ਸੁਣਾਵਾਂ ਸ਼ਾਂਸ਼ੂ ਦੀ ਮੈਂ,
ਪਹਿਲੀ ਜਮਾਤ ’ਚ ਪੜ੍ਹਦੀ ਉਹ।
ਸਕੂਲ ਜਾਣ ਤੋਂ ਪਹਿਲਾਂ ਨਿੱਤ ਹੀ,
ਮੱਗ ਪਾਣੀ ਦਾ ਭਰਦੀ ਉਹ।
ਨਿੱਕੀਆਂ ਨਿੱਕੀਆਂ ਪੈੜਾਂ ਭਰਦੀ,
ਛੱਤ ਦੇ ਉੱਤੇ ਚੜ੍ਹਦੀ ਉਹ।
ਪੰਛੀਆਂ ਲਈ ਜੋ ਰੱਖਿਆ ਬਰਤਨ,
ਨਾਲ ਪਾਣੀ ਦੇ ਭਰਦੀ ਉਹ।
ਪੰਛੀ ਆਣ ਜਦ ਪੀਂਦੇ ਪਾਣੀ,
ਉਨ੍ਹਾਂ ਨਾਲ ਗੱਲਾਂ ਕਰਦੀ ਉਹ।
ਤੁਸੀਂ ਵੀ ਬੱਚਿਓ ਨੇਮ ਬਣਾਓ,
ਕਿਤੇ ਵੀ ਬਰਤਨ ਨੂੰ ਸਜਾਓ।
ਉਸ ਦੇ ਵਿੱਚ ਨਿੱਤ ਪਾਣੀ ਪਾਓ,
ਪੰਛੀਆਂ ਨੂੰ ਫਿਰ ਖ਼ੂਬ ਪਿਲਾਓ,
ਬੀਬੇ ਰਾਣੇ ਬਾਲ ਅਖਵਾਓ।

– ਕੁਲਵਿੰਦਰ ਸਿੰਘ ਬਿੱਟੂ

ਮਟਰ

ਦੇਖ ਲਓ ਇਸ ਮਟਰ ਦੇ ਦਾਣੇ
ਇੱਕੋ ਘਰ ਵਿੱਚ ਨੌਂ ਨਿਆਣੇ
ਬੜੇ ਸਿਆਣੇ
ਕਿਵੇਂ ਇਕੱਠੇ ਰਹਿੰਦੇ
ਤੇ ਜੁੜ ਜੁੜ ਬਹਿੰਦੇ
ਕਦੇ ਨਾ ਖਹਿੰਦੇ।
ਪਰ ਆਪਾਂ?
ਪਰ ਆਪਾਂ ਬੰਦੇ
ਮਟਰਾਂ ਤੋਂ ਮੰਦੇ
ਕਿਸੇ ਕੰਮ ਨਾ ਧੰਦੇ
ਕਦੇ ਰਲ਼ ਨਾ ਬਹਿੰਦੇ
ਚੜ੍ਹਦੇ ਨਾ ਲਹਿੰਦੇ
ਸਾਂਝੀਆਂ ਕੰਧਾਂ
ਪਰ ਅੱਡ ਅੱਡ ਰਹਿੰਦੇ
ਨਫ਼ਰਤ ਵਿੱਚ ਫਸੇ
ਤੇ ਖਹਿੰਦੇ ਰਹਿੰਦੇ,
ਇਸ ਮਟਰ ਤੋਂ ਸਿੱਖੀਏ
ਐਵੇਂ ਗਲ਼ ਨਾ ਪੈਣਾ,
ਬਸ ਰਲ਼ ਕੇ ਬਹਿਣਾ,
ਜੀਅ ਆਇਆ ਕਹਿਣਾ
ਸਾਂਝ ਵਧਾਉਣੀ
ਦੁੱਖ ਸਭ ਦਾ ਸਹਿਣਾ।

– ਜੋਧ ਸਿੰਘ ਮੋਗਾ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.