ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੇਬੁਨਿਆਦ ਹਨ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਸੰਸੇ

Posted On March - 20 - 2017

A woman casts her vote as others get their voting slip from an officer at a polling station in Majuliਸਾਲ 1997 ਦੀ ਸ਼ੁਰੂਆਤ ਵਿੱਚ ਜਦੋਂ ਮੈਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਸੀ, ਉਦੋਂ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਵੱਲੋਂ ਚੋਣ ਕਮਿਸ਼ਨ ਉੱਤੇ ਕੁਝ ਸਵਾਲ ਖੜ੍ਹੇ ਕੀਤੇ ਗਏ। 1977 ਵਿੱਚ ਇਲੈਕਟ੍ਰੌਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੂੰ ਭਾਰਤ ਸਰਕਾਰ ਵੱਲੋਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਤਿਆਰ ਕਰਨ ਲਈ ਆਖਿਆ ਗਿਆ। ਮਗਰੋਂ ਇਸ ਕੰਮ ਵਿੱਚ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੀ ਸ਼ਾਮਿਲ ਹੋਈ। 75 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਨਮੂਨੇ ਦੀਆਂ ਮਸ਼ੀਨਾਂ ਤਿਆਰ ਕੀਤੀਆਂ ਗਈਆਂ। 1982 ਵਿੱਚ ਇਨ੍ਹਾਂ ਮਸ਼ੀਨਾਂ ਨੂੰ ਕੇਰਲਾ ਵਿੱਚ 50 ਬੂਥਾਂ ’ਤੇ ਅਜ਼ਮਾਇਆ ਗਿਆ। ਇਸ ਉੱਦਮ ਖ਼ਿਲਾਫ਼ ਕਈ ਕਾਨੂੰਨੀ ਚੁਣੌਤੀਆਂ ਉੱਭਰੀਆਂ ਅਤੇ ਇਨ੍ਹਾਂ ਮਸ਼ੀਨਾਂ ਨੂੰ ਵਰਤਣ ਦੀਆਂ ਕੋਸ਼ਿਸ਼ਾਂ ਇੱਕ ਵਾਰ ਤਿਆਗ ਦਿੱਤੀਆਂ ਗਈਆਂ। ਬਾਅਦ ਵਿੱਚ ਸਿੱਕਮ ਦੇ ਕੁਝ ਛੋਟੇ ਹਲਕਿਆਂ ਵਿੱਚ ਵੀ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਅਜਿਹਾ ਲੱਗ ਰਿਹਾ ਸੀ ਕਿ ਰਾਜਨੀਤਕ ਪਾਰਟੀਆਂ ਅਤੇ ਚੋਣ ਕਮਿਸ਼ਨ- ਦੋਵੇਂ ਹੀ ਇਸ ਅਹਿਮ ਵਿਚਾਰ ਨੂੰ ਅੱਗੇ ਵਧਾਉਣ ਦੇ ਇੱਛੁਕ ਨਹੀਂ ਸਨ।
1997 ਵਿੱਚ ਕੈਗ ਵੱਲੋਂ ਇੰਨਾ ਪੈਸਾ ਵਿਅਰਥ ਕਰਨ ਲਈ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਗਈ। ਮੈਂ ਕਮਿਸ਼ਨ ਦੀ ਇਸ ਕਿਸਮ ਦੀ ਆਲੋਚਨਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਅਸੀਂ ਸਮੱਸਿਆ ਦੀ ਪੜਤਾਲ ਕੀਤੀ ਅਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਦਿੱਲੀ ਦੇ ਕੁਝ ਚੁਨਿੰਦਾ ਹਲਕਿਆਂ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ। ਮੈਂ ਆਪ ਜੈਪੁਰ ਗਿਆ, ਜਿੱਥੇ ਮਾਰਕੀਟ ਸਕੁਏਅਰ ਵਿੱਚ ਇਹ ਮਸ਼ੀਨਾਂ ਲਾਈਆਂ ਗਈਆਂ ਸਨ। ਉੱਥੇ ਖ਼ਰੀਦਦਾਰੀ ਕਰਨ ਆਈਆਂ ਕੁਝ ਗ੍ਰਹਿਣੀਆਂ ਨੂੰ ਮੈਂ ਇਹ ਮਸ਼ੀਨਾਂ ਵਰਤਣ ਲਈ ਆਖਿਆ। ਸਾਰਿਆਂ ਨੇ ਹੀ ਮੈਨੂੰ ਸੰਗਦਿਆਂ ਇਹ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਹ ਮਸ਼ੀਨਾਂ ਪਸੰਦ ਆਈਆਂ ਸਨ। ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਮੈਨੂੰ ਫੋਨ ਕੀਤਾ ਕਿ ਸਾਨੂੰ ਇਹ ਮਸ਼ੀਨਾਂ ਪਿੰਡਾਂ ਵਿੱਚ ਨਹੀਂ ਲਾਉਣੀਆਂ ਚਾਹੀਦੀਆਂ ਕਿਉਂਕਿ ਅਨਪੜ੍ਹ ਲੋਕ ਇਹ ਮਸ਼ੀਨਾਂ ਨਹੀਂ ਵਰਤ ਸਕਣਗੇ। ਮੈਂ ਜਵਾਬ ਵਿੱਚ ਆਖਿਆ ਕਿ ਇਹ ਮਸ਼ੀਨਾਂ ਪੜ੍ਹਿਆਂ-ਲਿਖਿਆਂ ਅਤੇ ਅਨਪੜ੍ਹਾਂ- ਦੋਨਾਂ ਲਈ ਹੀ ਸੁਖਾਲੀਆਂ ਹਨ, ਕਿਉਂਕਿ ਕਾਗਜ਼ ਰਾਹੀਂ ਵੋਟ ਪਾਉਣ ਵੇਲੇ ਵੀ ਪਾਰਟੀ ਦਾ ਨਾਂ, ਉਸ ਦਾ ਚੋਣ ਨਿਸ਼ਾਨ ਅਤੇ ਮੋਹਰ ਲਾਉਣ ਲਈ ਥਾਂ ਦਿੱਤੀ ਹੁੰਦੀ ਹੈ। ਮਸ਼ੀਨ ਵਿੱਚ ਵੀ ਇਹੋ ਸਭ ਸ਼ਾਮਿਲ ਹੈ। ਫ਼ਰਕ ਸਿਰਫ਼ ਇਹ ਹੈ ਕਿ ਕਾਟੀ ਦੇ ਨਿਸ਼ਾਨ ਵਾਲੀ ਮੋਹਰ ਲਾਉਣ ਦੀ ਥਾਂ ਮਸ਼ੀਨ ਵਿੱਚ ਬਟਨ ਦੱਬਣਾ ਹੁੰਦਾ ਹੈ। 1997 ਦੇ ਉਸ ਇਤਿਹਾਸਕ ਨਵੰਬਰ ਮਹੀਨੇ ਵਿੱਚ ਇਨ੍ਹਾਂ ਤਿੰਨ ਰਾਜਾਂ ਵਿੱਚ ਅਸੀਂ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ। ਇਹ ਇੱਕ ਵੱਡੀ ਸਫ਼ਲਤਾ ਸੀ, ਜਿਸ ਤੋਂ ਬਾਅਦ ਮੈਂ ਰਾਜ ਪੱਧਰ ਉੱਤੇ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਲਈ ਜ਼ੋਰ ਪਾਇਆ। ਹਰ ਥਾਂ ਲੋਕ ਮਸ਼ੀਨਾਂ ਤੋਂ ਖ਼ੁਸ਼ ਸਨ।

ਡਾ. ਮਨੋਹਰ ਸਿੰਘ ਗਿੱਲ*

ਡਾ. ਮਨੋਹਰ ਸਿੰਘ ਗਿੱਲ*

ਮੈਨੂੰ ਦਿੱਲੀ ਦੀਆਂ ਉਹ ਚੋਣਾਂ ਯਾਦ ਹਨ, ਜਦੋਂ ਸਾਹਿਬ ਸਿੰਘ ਵਰਮਾ ਉੱਥੋਂ ਦੇ ਮੁੱਖ ਮੰਤਰੀ ਸਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਗੜੀ ਹਾਰ ਹੋਈ ਅਤੇ ਸ਼ੀਲਾ ਦੀਕਸ਼ਿਤ ਦੀ ਪਹਿਲੀ ਵਾਰ ਜਿੱਤ ਹੋਈ, ਪਰ ਭਾਜਪਾ ਵੱਲੋਂ ਇੱਕ ਵੀ ਪੋਲਿੰਗ ਬੂਥ ਤੋਂ ਇਤਰਾਜ਼ ਨਹੀਂ ਜਤਾਇਆ ਗਿਆ। ਇਹ ਚੋਣ ਅਮਲ ਸਵੱਛ ਹੋਣ ਦੀ ਪਰਖ ਸੀ। ਰਾਜਨੀਤਕ ਪਾਰਟੀਆਂ ਨੂੰ ਵੀ ਇਸ ਅਨੋਖੀ ਮਸ਼ੀਨ ਦੀ ਪਾਰਦਰਸ਼ਤਾ ਉੱਤੇ ਵਿਸ਼ਵਾਸ ਹੋ ਗਿਆ ਸੀ। ਹੁਣ ਬਕਸੇ ਚੋਰੀ ਨਹੀਂ ਹੁੰਦੇ ਸਨ, ਬਕਸਿਆਂ ਦੇ ਅੰਦਰ ਸਿਆਹੀ ਡੋਲ੍ਹੇ ਜਾਣ ਵਾਲੀਆਂ ਘਟਨਾਵਾਂ ਨਹੀਂ ਸੀ ਵਾਪਰਦੀਆਂ, ਕੋਈ ਵੋਟ ਖ਼ਰਾਬ ਨਹੀਂ ਸੀ ਹੁੰਦੀ। ਗਿਣਤੀ ਫਟਾਫਟ ਹੁੰਦੀ ਸੀ ਅਤੇ ਅੱਧੇ ਦਿਨ ਵਿੱਚ ਹੀ ਨਤੀਜੇ ਸਾਹਮਣੇ ਆ ਜਾਂਦੇ ਸਨ। ਮੈਂ ਵੇਖਿਆ ਕਿ ਈਵੀਐਮ ਮਸ਼ੀਨਾਂ ਨੇ ਭਾਰਤੀ ਚੋਣਾਂ ਦੌਰਾਨ ਹੋਣ ਵਾਲੇ ਝਗੜਿਆਂ, ਦੂਸ਼ਣਬਾਜ਼ੀ ਤੇ ਬੇਲੋੜੇ ਖਿਚਾਅ ਦਾ ਖ਼ਾਤਮਾ ਕਰ ਦਿੱਤਾ ਸੀ। ਇਹ ਇਸ ਨਵੀਂ ਤਕਨੀਕ ਦਾ ਚਮਤਕਾਰ ਸੀ। ਇੱਕ ਨੌਜਵਾਨ ਕੁਲੈਕਟਰ ਵਜੋਂ ਮੈਂ ਵੋਟ ਪਰਚੀਆਂ ਨਾਲ ਹੋਣ ਵਾਲੀਆਂ ਚੋਣਾਂ ਵੀ ਕਰਵਾਈਆਂ ਸਨ। ਕਿਸੇ ਵੱਲੋਂ ਵੀ ਨਤੀਜੇ ਖਿੜੇ ਮੱਥੇ ਨਹੀਂ ਸੀ ਸਵੀਕਾਰੇ ਜਾਂਦੇ। ਵੋਟਾਂ ਦੀ ਗਿਣਤੀ ਕਈ ਕਈ ਦਿਨ ਚੱਲਦੀ ਰਹਿੰਦੀ ਸੀ। ਮੈਥੋਂ ਪਹਿਲੇ ਮੁੱਖ ਚੋਣ ਕਮਿਸ਼ਨਰ (ਟੀ.ਐੱਨ) ਸੇਸ਼ਨ ਦੇ ਕਾਰਜਕਾਲ ਦੌਰਾਨ ਵੋਟਾਂ ਨੂੰ ਮਿਕਸ ਕਰਨ, ਨਵੇਂ ਸਿਰਿਓਂ ਬੰਡਲ ਬਣਾਉਣ ਅਤੇ ਫਿਰ ਇੱਕ ਇੱਕ ਵੋਟ ਦੀ ਗਿਣਤੀ ਕਰਨ ਦਾ ਅਮਲ ਪੂਰੇ ਹਫ਼ਤੇ ਦਾ ਸਮਾਂ ਲੈ ਲੈਂਦਾ ਸੀ। ਕਈ ਕਈ ਦਿਨ ਅਧਿਕਾਰੀ ਕਮਰਿਆਂ ਵਿੱਚ ਬੰਦ ਰਹਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਮੈਂ ਕਿੰਨੀਆਂ ਹੀ ਸ਼ਿਕਾਇਤਾਂ ਸੁਣਿਆ ਕਰਦਾ ਸਾਂ।
ਅਸੀਂ ਛੇਤੀ ਹੀ ਰਾਜਾਂ ਵਿੱਚ ਪੂਰੇ ਤੌਰ ’ਤੇ ਅਤੇ ਇੱਕ ਦਿਨਾ ਚੋਣਾਂ ਲਈ ਕਈ ਰਾਜਾਂ ਵਿੱਚ ਇਕੱਠੀਆਂ ਈਵੀਐਮ ਮਸ਼ੀਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਹਾਰਨ ਵਾਲਿਆਂ ਵੱਲੋਂ ਨਤੀਜਿਆਂ ਉੱਤੇ ਯਕੀਨ ਨਾ ਕਰਨਾ ਅਤੇ ਇਨ੍ਹਾਂ ਦਾ ਵਿਰੋਧ ਕਰਨਾ ਸੁਭਾਵਿਕ ਗੱਲ ਹੈ। ਇਨ੍ਹਾਂ ਮਸ਼ੀਨਾਂ ਨੂੰ ਵਰਤਣ ਤੋਂ ਪਹਿਲਾਂ ਮੈਂ ਸਾਰੀਆਂ (52) ਵੱਡੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੇ ਸੁਝਾਵਾਂ ਅਤੇ ਵਿਚਾਰਾਂ ਨੂੰ ਵੀ ਸ਼ਾਮਿਲ ਕੀਤਾ। ਕੁਝ ਅਹਿਮ ਰਾਜਨੀਤਕ ਹਸਤੀਆਂ ਨੇ ਆਪਣੇ ਹਲਕਿਆਂ ਵਿੱਚ ਇਹ ਮਸ਼ੀਨਾਂ ਲਗਾਏ ਜਾਣ ਦੀ ਇੱਛਾ ਪ੍ਰਗਟਾਈ ਜਿਸਦੀ ਮੈਂ ਖ਼ੁਸ਼ੀ ਖ਼ੁਸ਼ੀ ਪੂਰਤੀ ਕੀਤੀ ਪਰ ਜਦੋਂ ਉਹ ਹਾਰ ਗਏ ਤਾਂ ਉਨ੍ਹਾਂ ਵੱਲੋਂ ਵਿਰੋਧ ਜਤਾਇਆ ਗਿਆ। ਉਨ੍ਹਾਂ ਦੀਆਂ ਸ਼ਿਕਾਇਤਾਂ ਦੋ ਤਰ੍ਹਾਂ ਦੀਆਂ ਸਨ: ਪਹਿਲਾ ਇਤਰਾਜ਼ ਸੀ ਕਿ ਇਸ ਟੈਕਨਾਲੋਜੀ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। ਮੈਂ ਹਾਰਨ ਵਾਲਿਆਂ ਨੂੰ ਅਤੇ ਈਸੀਆਈਐਲ ਅਤੇ ਬੀਈਐਲ ਦੇ ਐਮਡੀ ਤੇ ਇੰਜਨੀਅਰਾਂ ਨੂੰ ਸੱਦਿਆ ਅਤੇ ਸਾਰੇ ਸ਼ੰਕੇ ਦੂਰ ਕਰਵਾ ਦਿੱਤੇ। ਦੂਜਾ ਅੜਿੱਕਾ ਸੀ ਹਰ ਵਾਰ ਵਾਂਗ ਖੜ੍ਹੀਆਂ ਕੀਤੀਆਂ ਜਾਣ ਵਾਲੀਆਂ ਕਾਨੂੰਨੀ ਚੁਣੌਤੀਆਂ। ਮਰਹੂਮ ਜੈਲਲਿਤਾ ਵੱਲੋਂ ਉਸ ਵੇਲੇ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਬੈਂਚ ਕੋਲ ਚੋਣ ਕਮਿਸ਼ਨ ਖ਼ਿਲਾਫ਼ ਪਟੀਸ਼ਨ ਪਾਈ ਗਈ, ਜਿਸ ਨੂੰ ਲੰਮੀ ਸੁਣਵਾਈ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ। ਇਤਫ਼ਾਕਵੱਸ, ਕੁਝ ਸਮਾਂ ਬਾਅਦ ਉਨ੍ਹਾਂ ਮੈਨੂੰ ਪੁੱਛਿਆ ਕਿ ਕੀ ਮੈਂ ਉਨ੍ਹਾਂ ਵੱਲੋਂ ਕੀਤੀ ਗਈ ਅਪੀਲ ਕਰਕੇ ਨਾਰਾਜ਼ ਹਾਂ ? ਮੈਂ ਕਿਹਾ ਨਹੀਂ, ਜੇ ਅਸੀਂ ਕੁਝ ਕਰਦੇ ਹਾਂ ਤਾਂ ਦੇਸ਼ ਵਾਸੀਆਂ ਨੂੰ ਪੂਰਾ ਹੱਕ ਹੈ ਕਿ ਉਹ ਵੀ ਆਪਣੇ ਸ਼ੰਕੇ ਖ਼ਤਮ ਕਰਨ। ਬਾਅਦ ਦੇ ਸਾਲਾਂ ਦੌਰਾਨ ਕਰਨਾਟਕ, ਦਿੱਲੀ, ਕੇਰਲਾ ਅਤੇ ਕੁਝ ਹੋਰ ਰਾਜਾਂ ਦੀਆਂ ਉੱਚ ਅਦਾਲਤਾਂ ਵਿੱਚ ਵੀ ਅਜਿਹੀਆਂ ਪਟੀਸ਼ਨਾਂ ਪਾਈਆਂ ਗਈਆਂ ਹਨ, ਪਰ ਈਵੀਐਮਜ਼ ਖ਼ਿਲਾਫ਼ ਸਾਰੇ ਕੇਸ ਖਾਰਜ ਹੋਏ ਹਨ। ਅਦਾਲਤਾਂ ਵੱਲੋਂ ਇਸ ਗੱਲ ਨੂੰ ਪੂਰਾ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਵੋਟਿੰਗ ਮਸ਼ੀਨਾਂ ਰਾਹੀਂ ਕਿਸੇ ਵੀ ਤਰ੍ਹਾਂ ਭਾਰਤ ਵਾਸੀਆਂ ਨਾਲ ਧੋਖਾ ਨਾ ਕੀਤਾ ਜਾ ਸਕੇ।
ਜਦੋਂ ਇਹ ਸਿਸਟਮ ਸਥਿਰ ਹੋ ਗਿਆ ਤਾਂ ਸਾਰੇ ਸੰਸਾਰ ਲਈ ਈਰਖਾ ਦਾ ਕਾਰਨ ਵੀ ਬਣਿਆ। ਮੁੱਖ ਚੋਣ ਕਮਿਸ਼ਨਰ ਵਜੋਂ ਮੈਨੂੰ ਇੱਕ ਕੈਨੇਡੀਅਨ ਵੋਟਿੰਗ ਮਸ਼ੀਨ ਦਿਖਾਈ ਗਈ। ਉਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਉਹ ਮਸ਼ੀਨ ਖ਼ਰੀਦ ਲਵਾਂਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਮਸ਼ੀਨ ਬਹੁਤ ਮਹਿੰਗੀ ਹੈ ਅਤੇ ਤੁਹਾਡੇ ਆਪਣੇ ਦੇਸ਼ ਵਾਸੀਆਂ ਲਈ ਵੀ ਇਸ ਦੀ ਵਰਤੋਂ ਕਰਨੀ ਬਹੁਤ ਗੁੰਝਲਦਾਰ ਹੈ। ਈਸੀਆਈਐਲ ਅਤੇ ਬੀਈਐਲ ਦੀ ਮਿਹਨਤ ਸਦਕਾ ਸਾਡੀ ਮਸ਼ੀਨ ਸਸਤੀ,  ਵਰਤੋਂ ਵਿੱਚ ਵੀ ਬਹੁਤ ਸੁਖਾਲੀ ਅਤੇ ਬੜੀ ਹੰਢਣਸਾਰ ਹੈ। ਇਸ ਨੂੰ ਆਸਾਨੀ ਨਾਲ ਖ਼ਰਾਬ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਨੂੰ ਉੱਚੇ ਪਹਾੜੀ ਇਲਾਕਿਆਂ ਵਿੱਚ,  ਊਠਾਂ ’ਤੇ ਲੱਦ ਕੇ ਰੇਗਿਸਤਾਨਾਂ ਵਿੱਚ ਅਤੇ ਹਾਥੀਆਂ ਉੱਤੇ ਲੱਦ ਕੇ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਲਿਜਾਂਦੇ ਰਹੇ ਹਾਂ, ਤੇ ਇਹ ਮਸ਼ੀਨਾਂ ਕਦੇ ਖ਼ਰਾਬ ਨਹੀਂ ਹੋਈਆਂ। ਇਹ ਗੱਲ ਸੰਸਾਰ ਪੱਧਰ ਉੱਤੇ ਜ਼ਾਹਿਰ ਹੈ। ਇਸ ਤੋਂ ਵੱਡੀ ਗੱਲ ਹੈ ਕਿ ਸਾਡੀ ਇਸ ਪ੍ਰਾਪਤੀ ਸਦਕਾ ਸੰਸਾਰ ਸਾਡੇ ਮੁਲਕ ਦੀ ਪ੍ਰਸੰਸਾ ਕਰਦਾ ਹੈ। ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ!
ਨਵੰਬਰ 1997 ਵਿੱਚ ਆਗਾਜ਼ ਮਗਰੋਂ ਅੱਜ ਈਵੀਐਮਜ਼ ਦੀ ਵਰਤੋਂ ਕਰਦਿਆਂ ਵੀਹ ਸਾਲ ਬੀਤ ਗਏ ਹਨ, ਜਿਸ ਦੌਰਾਨ ਅਨੇਕਾਂ ਵਾਰ ਰਾਜ ਪੱਧਰੀ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਹੋਈਆਂ ਹਨ। ਸਾਰੀਆਂ ਹੀ ਪਾਰਟੀਆਂ ਜਿੱਤੀਆਂ ਅਤੇ ਹਾਰੀਆਂ ਹਨ। ਹਾਰੀਆਂ ਪਾਰਟੀਆਂ ਵੱਲੋਂ  ਹਾਰ ਦਾ ਦੋਸ਼ ਵੋਟਿੰਗ ਮਸ਼ੀਨਾਂ ਉੱਤੇ ਮੜਨ ਦੀ ਆਦਤ ਕਰੀਬ ਗਾਇਬ ਹੀ ਹੋ ਗਈ ਸੀ ਪਰ ਹੁਣ ਫਿਰ ਵਿਵਾਦ ਉੱਠ ਖੜ੍ਹਿਆ ਹੈ। ਅਗਸਤ 2009 ਵਿੱਚ ਕਮਿਸ਼ਨ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਇਸ ਮਸ਼ੀਨ ਵਿੱਚ ਜੇਕਰ ਕੋਈ ਗੜਬੜੀ ਜਾਂ ਕਮੀ ਹੋਵੇ ਤਾਂ ਉਹ ਦੱਸੀ ਜਾਵੇ। ਪਰ ਇਸ ‘ਸਵੰਬਰ’ ਵਿੱਚ ਵੀ ਕੋਈ ਨਾ ਜਿੱਤ ਸਕਿਆ।
ਇਸੇ ਲਈ ਮੈਂ ਹਾਲ ਹੀ ਵਿੱਚ ਲੱਗੇ ਦੋਸ਼ਾਂ ਤੋਂ ਹੈਰਾਨ ਵੀ ਹਾਂ ਤੇ ਮਾਯੂਸ ਵੀ। ਮੈਨੂੰ ਲੱਗਦਾ ਹੈ ਕਿ ਵਰਤਮਾਨ ਸਮੇਂ ਵਿੱਚ ਇਹ ਦੋਸ਼ ਯੂਪੀ ਵਿੱਚ ਵੱਡੇ ਅੰਤਰ ਨਾਲ ਹਾਰਨ ਵਾਲਿਆਂ ਵੱਲੋਂ ਲਾਏ ਜਾ ਰਹੇ ਹਨ। ਕੁਝ ਨੂੰ ਆਉਣ ਵਾਲੀਆਂ ਸ਼ਹਿਰੀ ਚੋਣਾਂ ਵਿੱਚ ਵੀ ਹਾਰਨ ਦਾ ਖਦਸ਼ਾ ਹੈ, ਜਿਸ ਕਰਕੇ ਸ਼ਾਇਦ ਉਹ ‘ਪੇਸ਼ਬੰਦੀ’ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਰਾਸ਼ਟਰੀ ਪੱਧਰ ਉੱਤੇ ਚੋਣ ਪ੍ਰਣਾਲੀ ਵਿੱਚ ਹੋਏ ਇਸ ਬੇਮਿਸਾਲ ਸੁਧਾਰ ਖ਼ਿਲਾਫ਼ ਹਲਕੇ ਪੱਧਰ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ। ਬੇਸ਼ਕ ਅਸੀਂ ਲੋਕਤੰਤਰ ਵਿੱਚ ਹਾਂ ਅਤੇ ਚੋਣ ਕਮਿਸ਼ਨ ਲਈ ਕਾਨੂੰਨੀ ਤੇ ਤਕਨੀਕੀ ਪੱਧਰ ਉੱਤੇ ਖੜ੍ਹੇ ਕੀਤੇ ਗਏ ਹਰ ਸਹੀ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਹੈ। ਮੈਨੂੰ ਯਕੀਨ ਹੈ ਕਿ ਅਜਿਹੇ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਵਿੱਚ ਕਮਿਸ਼ਨ ਹਮੇਸ਼ਾਂ ਖ਼ੁਸ਼ੀ ਮਹਿਸੂੂਸ ਕਰੇਗਾ। ਜੇਕਰ ਕੋਈ ਵੀ ਤਕਨੀਕੀ ਪੱਧਰ ਉੱਤੇ ਸਹੀ ਸਵਾਲ ਖੜ੍ਹਾ ਕੀਤਾ ਜਾਂਦਾ ਹੈ ਤਾਂ ਕਮਿਸ਼ਨ ਉਸ ਨੂੰ ਖਿੜੇ ਮੱਥੇ ਜਾਂਚੇਗਾ। ਭਾਰਤੀ ਚੋਣ ਕਮਿਸ਼ਨ ਦੀ ਹਮੇਸ਼ਾਂ ਤੋਂ ਇਹੋ ਨੀਤੀ ਤੇ ਰਵਾਇਤ ਰਹੀ ਹੈ।
*ਲੇਖਕ ਸਾਬਕਾ ਮੁੱਖ ਚੋਣ ਕਮਿਸ਼ਨਰ ਤੇ ਸਾਬਕਾ ਕੇਂਦਰੀ ਮੰਤਰੀ ਹੈ।


Comments Off on ਬੇਬੁਨਿਆਦ ਹਨ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਸੰਸੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.