ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬੱਸ ਵਾਲੀ ਮਾਸੀ

Posted On March - 19 - 2017

11903CD _EVACUATION_1475237944ਜਗਮੇਲ ਬਠਿੰਡਾ

ਪਿਛਲੇ ਦਿਨੀਂ ਮੇਰੇ ਤਾਇਆ ਜੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰੇ ਵਿਖੇ ਹੋਇਆ। ਅੰਤਿਮ ਅਰਦਾਸ ਵਿੱਚ ਪਿੰਡ ਦੇ ਲੋਕਾਂ ਤੋਂ ਇਲਾਵਾ ਦੂਰੋਂ-ਨੇੜਿਓਂ ਸਕੇ ਸਬੰਧੀ ਵੀ ਸ਼ਾਮਿਲ ਹੋਣ ਲਈ ਆਏ। ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਆਏ ਸਾਡੇ ਰਿਸ਼ਤੇਦਾਰਾਂ ਵਿੱਚੋਂ ਕਈ ਅਜਿਹੇ ਸਨ ਜਿਨ੍ਹਾਂ ਬਾਰੇ ਅਸੀਂ ਸਿਰਫ਼ ਸੁਣਿਆ ਹੀ ਸੀ, ਕਦੇ ਮਿਲੇ ਨਹੀਂ ਸੀ। ਉਨ੍ਹਾਂ ਨੂੰ ਮਿਲ ਕੇ ਆਪਣਾ ਕੁਨਬਾ ਕਾਫ਼ੀ ਵੱਡਾ ਹੋਣ ਦਾ ਅਹਿਸਾਸ ਹੋਇਆ।
ਭੋਗ ਪੈਣ ਤੋਂ ਬਾਅਦ ਬਹੁਤੇ ਤਾਂ ਆਪੋ-ਆਪਣੇ ਘਰਾਂ ਨੂੰ ਚਲੇ ਗਏ ਪਰ ਕੁਝ ਰਿਸ਼ਤੇਦਾਰ ਉਚੇਚੇ ਤੌਰ ’ਤੇ ਰੁਕੇ ਅਤੇ ਸਾਡੇ ਨਾਲ ਘਰ ਆ ਗਏ। ਆਪਸੀ ਖੈਰ-ਸੁੱਖ ਦੀਆਂ ਗੱਲਾਂ ਕਰਦਿਆਂ ਸਾਡੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਮੈਂ ਇੱਥੋਂ ਦੀ ਕਈ ਵਾਰ ਵੇਲੇ-ਕੁਵੇਲੇ ਲੰਘਿਆ ਹਾਂ। ਮੈਂ ਉਸ ਨੂੰ ਕਿਹਾ ਕਿ ਤੁਸੀਂ ਘਰ ਆ ਜਾਣਾ ਸੀ। ਬੜੀ ਸਹਿਜਤਾ ਨਾਲ ਉਸ ਨੇ ਕਿਹਾ, ‘‘ਬੇਸ਼ੱਕ ਮੈਨੂੰ ਵੀ ਪਤਾ ਸੀ ਕਿ ਇੱਥੇ ਰਿਸ਼ਤੇਦਾਰੀ ਹੈ, ਪਰ ਇੱਕ-ਦੂਜੇ ਦੀ ਰੂਹ ਤੋਂ ਵਾਕਫ਼ ਨਾ ਹੋਣ ਕਰਕੇ ਕੁਵੇਲੇ ਆਉਣਾ-ਜਾਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ।’’ ਉਸ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੀਆਂ ਰਿਸ਼ਤੇਦਾਰੀਆਂ ਪ੍ਰਤੀ ਸੁਚੇਤ ਹੋ ਕੇ ਮਿਲਵਰਤਣ ਰੱਖਣਾ ਚਾਹੀਦਾ ਹੈ। ਇਹ ਮੇਲ-ਜੋਲ ਕਿੰਨੇ ਜ਼ਰੂਰੀ ਹਨ, ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਬੰਦਾ ਮੇਰੀ ਤਰ੍ਹਾਂ ਕਿਸੇ ਕੌੜੇ-ਮਿੱਠੇ ਤਜਰਬੇ ਵਿੱਚੋਂ ਲੰਘਦਾ ਹੈ। ਫਿਰ ਉਸ ਨੇ ਆਪਣਾ ਹੱਡ ਬੀਤਿਆ ਕਿੱਸਾ ਸੁਣਾਇਆ ਕਿ ਕੁਝ ਵਰ੍ਹੇ ਪਹਿਲਾਂ ਅਸੀਂ ਦੋਵੇਂ ਪਤੀ-ਪਤਨੀ ਆਪਣੀ ਕੁਝ ਦੂਰ ਦੀ ਮਾਸੀ ਨੂੰ ਪਹਿਲੀ ਵਾਰ ਮਿਲਣ ਗਏ। ਜਿਹੜੀ ਬੱਸ ਵਿੱਚ ਅਸੀਂ ਚੜ੍ਹੇ, ਕੁਦਰਤੀ ਉਸੇ ਬੱਸ ’ਚ ਮੇਰੀ ਉਹ ਮਾਸੀ ਵੀ ਸੀ। ਪਰ ਪਹਿਲਾਂ ਕਦੇ ਨਾ ਮਿਲੇ ਹੋਣ ਕਰਕੇ ਅਸੀਂ ਇੱਕ-ਦੂਜੇ ਤੋਂ ਅਣਜਾਣ ਸੀ। ਬੱਸ ਵਿੱਚ ਭੀੜ ਜ਼ਿਆਦਾ ਹੋਣ ਕਰਕੇ ਸਾਰੇ ਹੀ ਇੱਕ-ਦੂਜੇ ਵਿੱਚ ਫਸ ਕੇ ਖੜ੍ਹੇ ਸਨ, ਉੱਤੋਂ ਗਰਮੀ ਵੀ ਅੰਤਾਂ ਦੀ ਸੀ। ਜਦੋਂ ਕੰਡਕਟਰ ਟਿਕਟਾਂ ਕਟਦਾ-ਕਟਦਾ ਸਾਡੇ ਕੋਲ ਆਇਆ ਤਾਂ ਭੀੜ ਹੋਣ ਕਰਕੇ ਮੇਰੇ ਬਰਾਬਰ ਖੜ੍ਹੀ ਇੱਕ ਜ਼ਨਾਨੀ ਦਾ ਭਾਰ ਸਾਡੇ ਦੋਵਾਂ ਜੀਆਂ ’ਤੇ ਪੈਣ ਲੱਗਾ। ਮੈਂ ਉਸ ਨੂੰ ਸਿੱਧਾ ਖੜ੍ਹਨ ਲਈ ਕਿਹਾ ਹੀ ਸੀ ਕਿ ਅੱਗੋਂ ਉਸ ਜ਼ਨਾਨੀ ਨੇ ਬੜੇ ਹੀ ਰੁੱਖੇ ਲਹਿਜੇ ’ਚ ਕਿਹਾ, ‘‘ਜੇ ਇੰਨਾ ਔਖਾ ਹੈ ਤਾਂ ਆਪਣੀ ਕਾਰ ਕਰਵਾ ਕੇ ਆਉਣਾ ਸੀ।’’ ਇਸ ਛੋਟੀ ਜਿਹੀ ਗੱਲ ਤੋਂ ਸਾਡੀ ਤਲਖ਼ੀ ਵਧ ਗਈ।
ਇੰਨੇ ਨੂੰ ਸਾਡਾ ਅੱਡਾ ਆ ਗਿਆ, ਜਿੱਥੇ ਅਸੀਂ ਉਤਰਨਾ ਸੀ। ਉਹ ਜ਼ਨਾਨੀ ਵੀ ਉੱਥੇ ਹੀ ਉੱਤਰ ਗਈ। ਪਹਿਲਾਂ ਤਾਂ ਮੈ ਸੋਚਿਆ ਕਿ ਸ਼ਾਇਦ ਸਾਡੇ ਲੜਨ ਕਰਕੇ ਇਹ ਮਗਰ ਹੀ ਉੱਤਰ ਆਈ ਹੈ। ਪਰ ਅਸਲ ਵਿੱਚ ਉਸ ਨੇ ਵੀ ਉਸੇ ਪਿੰਡ ਹੀ ਜਾਣਾ ਸੀ, ਜਿੱਥੇ ਅਸੀਂ ਉੱਤਰੇ ਸੀ। ਦੂਜੇ ਪਾਸੇ, ਮੈਂ ਪਹਿਲੀ ਵਾਰ ਆਉਣ ਕਰਕੇ ਆਪਣੀ ਮਾਸੀ ਅਤੇ ਉਸ ਦੇ ਘਰ ਤੋਂ ਅਣਜਾਣ ਸਾਂ। ਹੋਰ ਕੋਈ ਚਾਰਾ ਨਾ ਚਲਦਾ ਦੇਖ ਮੈਂ ਉਸ ਔਰਤ ਤੋਂ ਹੀ ਘਰ ਦਾ ਸਿਰਨਾਵਾਂ ਪੁੱਛਣ ਲੱਗਾ। ਅੱਗੋਂ ਉਹ ਫਿਰ ਰੁੱਖਾ ਹੀ ਬੋਲੀ। ਮੈਂ ਉਸ ਨੂੰ ਕਿਹਾ ਕਿ ਸਾਡੀ ਲੜਾਈ ਬੱਸ ਕਰਕੇ ਸੀ, ਜਦੋਂ ਬੱਸ ਹੀ ਚਲੀ ਗਈ ਤਾਂ ਫਿਰ ਲੜਾਈ ਕਾਹਦੀ? ਮੇਰੇ ਇੰਨਾ ਕਹਿਣ ’ਤੇ ਹਾਲੇ ਉਸ ਨੇ ਸਾਡੇ ਵੱਲ ਆਪਣਾ ਮੂੰਹ ਘੁਮਾਇਆ ਹੀ ਸੀ ਕਿ ਮੇਰੀ ਪਤਨੀ ਨੇ ਕਹਿ ਦਿੱਤਾ ਕਿ ਅਸੀਂ ਚਰਨੇ ਬਾਈ ਕੇ ਘਰੇ ਜਾਣਾ ਹੈ। ਨਾਮ ਸੁਣਦਿਆਂ ਹੀ ਉਹ ਹੈਰਾਨ ਜਿਹੀ ਹੋ ਗਈ। ਉਸ ਨੇ ਸਾਨੂੰ ਦੋਵਾਂ ਜੀਆਂ ਨੂੰ ਬੜੀ ਗਹੁ ਨਾਲ ਦੇਖਿਆ ਤਾਂ ਮੈਂ ਆਪਣਾ ਪਿੰਡ ਦਸਦਿਆਂ ਕਿਹਾ ਕਿ ਚਰਨਾ ਬਾਈ ਮੇਰਾ ਮਾਸੜ ਲਗਦਾ ਹੈ। ਇੰਨਾ ਸੁਣ ਕੇ ਕਿੰਨਾ ਹੀ ਚਿਰ ਉਹ ਚੁੱਪ-ਚਾਪ ਖੜ੍ਹੀ ਰਹੀ ਅਤੇ ਫਿਰ ਹੌਲੀ ਦੇਣੇ ਕਿਹਾ, ‘‘ਮੇਰੇ ਨਾਲ ਆ ਜਾਵੋ।’’ ਨਾਲ ਹੀ ਸਾਡਾ ਮੋਢਾ ਪਲੋਸ ਦਿੱਤਾ। ਇਹ ਮਾਜਰਾ ਸਾਡੀ ਸਮਝ ਵਿੱਚ ਨਾ ਆਇਆ। ਉਹ ਅੱਗੇ ਅੱਗੇ ਤੇ ਅਸੀਂ ਪਿੱਛੇ ਪਿੱਛੇ ਤੁਰ ਪਏ। ਇੱਕ ਘਰ ਦਾ ਗੇਟ ਖੋਲ੍ਹਦਿਆਂ ਉਸ ਨੇ ਸਾਨੂੰ ਅੰਦਰ ਆਉਣ ਲਈ ਕਿਹਾ ਤਾਂ ਅਸੀਂ ਦੋਵੇ ਜੀਅ ਇੱਕ-ਦੂਜੇ ਵੱਲ ਜੱਕੋ-ਤੱਕੀ ਝਾਕਣ ਲੱਗੇ ਤਾਂ ਉਸ ਨੇ ਇੱਕ ਵਾਰ ਫਿਰ ਸਾਡੇ ਸਿਰ ਪਲੋਸ ਕੇ ਕਿਹਾ ਕਿ ਜਿਹੜੀ ਮਾਸੀ ਨੂੰ ਤੁਸੀਂ ਮਿਲਣ ਆਏ ਹੋ, ਉਹ ਮਾਸੀ ਮੈਂ ਹੀ ਹਾਂ। ਇੰਨਾ ਕਹਿਣ ਦੀ ਦੇਰ ਸੀ ਕਿ ਅਸੀਂ ਵੀ ਉਸ ਦੇ ਗੋਡੀਂ ਹੱਥ ਲਾਏ ਅਤੇ ਅੰਦਰੋ-ਅੰਦਰੀ ਸ਼ਰਮਿੰਦਾ ਵੀ ਹੋਣ ਲੱਗੇ। ਹੁਣ ਤਕ ਦੇ ਬੋਲੇ ਕੁਰੱਖਤ ਬੋਲ ਰਿਸ਼ਤੇਦਾਰੀ ਨੇ ਢਕ ਲਏ। ਪਰ ਇਹ ਪੂਰੀ ਘਟਨਾ ਨੇ ਸਬਕ ਦੇ ਦਿੱਤਾ ਕਿ ਵਕਤ ਦੀਆਂ ਮਜਬੂਰੀਆਂ ਤੇ ਬਾਵਜੂਦ ਦੂਰ-ਨੇੜੇ ਦੇ ਰਿਸ਼ਤੇਦਾਰਾਂ ਨਾਲ ਮੇਲ-ਜੋਲ ਬਣਾਈ ਰੱਖਣਾ ਚਾਹੀਦਾ ਹੈ।

* ਸੰਪਰਕ: 98783-51855


Comments Off on ਬੱਸ ਵਾਲੀ ਮਾਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.