ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਭਗਤ ਸਿੰਘ ਦੇ ਖ਼ੈਰਖ਼ਾਹ ਸਨ ਮੋਤੀ ਲਾਲ ਨਹਿਰੂ

Posted On March - 19 - 2017
11103cd _shaheed_bhagat_singh_e1443372633940

ਜੇਲ੍ਹ ਵਿੱਚ ਭਗਤ ਸਿੰਘ ਦਾ ਇੱਕ ਚਿੱਤਰ।

ਭਾਵੇਂ ਦੁਬਿਧਾਪੂਰਨ ਹੀ ਸਹੀ, ਭਾਰਤੀ ਕ੍ਰਾਂਤੀਕਾਰੀਆਂ ਖ਼ਾਸਕਰ ਭਗਤ ਸਿੰਘ ਵੱਲ ਜਵਾਹਰ ਲਾਲ ਨਹਿਰੂ ਦਾ ਝੁਕਾਉ ਜੱਗ ਜ਼ਾਹਿਰ ਹੈ। ਉਸ ਦੀ ਉਸਤਤ ਵਿੱਚ ਬੋਲੇ ਗਏ ਅਲੰਕਰਿਤ ਸ਼ਬਦ ਪੰਡਿਤ ਨਹਿਰੂ ਨੇ ਆਮ ਤੌਰ ’ਤੇ ਕਿਸੇ ਹੋਰ ਲਈ ਨਹੀਂ ਵਰਤੇ। ਨਹਿਰੂ ਨੇ ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਬਿਆਨ ‘ਕਾਂਗਰਸ ਬੁਲੇਟਿਨ’ ਵਿੱਚ ਪ੍ਰਕਾਸ਼ਿਤ ਕਰ ਕੇ ਮਹਾਤਮਾ ਗਾਂਧੀ ਦੀ ਨਾਰਾਜ਼ਗੀ ਤਕ ਸਹੇੜ ਲਈ ਸੀ। ਕ੍ਰਾਂਤੀਕਾਰੀਆਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਗਹਿਰੇ ਸਨ। ਜ਼ੁਬਾਨੀ ਸਬੂਤ ਤਾਂ ਇੱਥੋਂ ਤਕ ਦੱਸਦੇ ਹਨ ਕਿ ਉਨ੍ਹਾਂ ਨੂੰ ਸੌਂਡਰਜ਼ ਦੇ ਕਤਲ ਦੀ ਯੋਜਨਾ ਦੀ ਜਾਣਕਾਰੀ ਪਹਿਲਾਂ ਹੀ ਸੀ, ਭਾਵੇਂ ਇਹ ਗੱਲਾਂ ਸਿਰਫ਼ ਅਟਕਲਪੱਚੂ ਹੀ ਹੋਣ। ਜਵਾਹਰ ਲਾਲ ਦੇ ਪਿਤਾ ਮੋਤੀ ਲਾਲ ਨਹਿਰੂ ਨੂੰ ਉਨ੍ਹਾਂ ਦੇ ਇਨਕਲਾਬੀਆਂ ਵੱਲ ਝੁਕਾਅ ਕਾਰਨ ਧੁੜਕੂ ਲੱਗ ਗਿਆ ਜੋ, ਜਵਾਹਰ ਲਾਲ ਨਹਿਰੂ ਦੇ ਦੱਸਣ ਮੁਤਾਬਿਕ, ਉਨ੍ਹਾਂ ਦੀ ਸਿਆਸਤ ਤੇ ਝੁਕਾਅ ਨੂੰ ਨਾਪਸੰਦ ਕਰਦੇ ਸਨ। ਬ੍ਰਿਟਿਸ਼ ਸਰਕਾਰ ਦੇ ਵੀ ਜਵਾਹਰ ਲਾਲ ਨਹਿਰੂ ਬਾਰੇ ਕੁਝ ਅਜਿਹੇ ਹੀ ਵਿਚਾਰ ਸਨ। ਇਸੇ ਕਾਰਨ ਬ੍ਰਿਟਿਸ਼ ਸਰਕਾਰ ਨੇ ਮੋਤੀ ਲਾਲ ਨਹਿਰੂ ਉੱਤੇ ਹੀ ਜ਼ਿਆਦਾ ਭਰੋਸਾ ਕੀਤਾ ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਕਦੇ ਬਹੁਤੀ ਜਾਸੂਸੀ ਤਕ ਵੀ ਨਹੀਂ ਕੀਤੀ।
ਇਸ ਧਾਰਨਾ ਨੇ ਵੱਡੇ ਨਹਿਰੂ ਨੂੰ ਕ੍ਰਾਂਤੀਕਾਰੀਆਂ ਨਾਲ ਸਚੇਤ ਸਬੰਧ ਰੱਖਣ ਵਿੱਚ ਮਦਦ ਕੀਤੀ। ਆਪਣੇ ਜੀਵਨ ਦੇ ਆਖ਼ਰੀ ਪੜਾਅ ਵਿੱਚ ਉਹ ਕੁਝ ਜ਼ਿਆਦਾ ਹੀ ਧੱਕੜ ਹੋ ਗਏ। ਉਹ ਲਾਹੌਰ ਕੇਸ ਦੇ ਮੁਲਜ਼ਮਾਂ ਨਾਲ ਦੋ ਵਾਰ ਮੁਲਾਕਾਤ ਕਰਨ ਲਈ ਗਏ। ਦੂਜੀ ਵਾਰ ਉਹ ਮੁਲਜ਼ਮਾਂ ਦੇ ਕਟਹਿਰੇ ਵਿੱਚ ਹੀ ਵੜ ਗਏ ਅਤੇ ਇੱਕ ਘੰਟਾ ਉਨ੍ਹਾਂ ਨਾਲ ਉੱਥੇ ਹੀ ਰਹੇ। 1931 ਵਿੱਚ ਆਪਣੀ ਇੱਕ ਲਿਖਤ ਵਿੱਚ ਭਗਤ ਸਿੰਘ ਦੇ ਸਾਥੀ ਜੀਤੇਂਦਰ ਨਾਥ ਸਾਨਿਆਲ ਨੇ

ਮੋਤੀ ਲਾਲ ਨਹਿਰੂ ਦਾ ਇੱਕ ਅੰਦਾਜ਼।

ਮੋਤੀ ਲਾਲ ਨਹਿਰੂ ਦਾ ਇੱਕ ਅੰਦਾਜ਼।

ਇਸ ਮੁਲਾਕਾਤ ਦੇ ਕੁਝ ਵੇਰਵੇ ਦੱਸੇ, ਪਰ ਭਗਤ ਸਿੰਘ ਅਤੇ ਮੋਤੀ ਲਾਲ ਨਹਿਰੂ ਦਰਮਿਆਨ ਹੋਈ ਗੱਲਬਾਤ ਦਾ ਖ਼ੁਲਾਸਾ ਨਹੀਂ ਕੀਤਾ ਕਿਉਂ ਜੋ ਉਨ੍ਹਾਂ ਦੇ ਸੋਚਣ ਮੁਤਾਬਿਕ ਉਸ ਸਮੇਂ ਅਜਿਹੇ ਖੁਲਾਸੇ ਕਰਨਾ ਉਚਿਤ ਨਹੀਂ ਸੀ ਅਤੇ ਉਨ੍ਹਾਂ ਨੇ ਕਿਸੇ ਹੋਰ ਮੁਆਫ਼ਕ ਮੌਕੇ ਇਸ ਦਾ ਜ਼ਿਕਰ ਕਰਨਾ ਮੁਨਾਸਿਬ ਸਮਝਿਆ। ਸਾਨਿਆਲ ਨੇ ਆਪਣਾ ਵਾਅਦਾ ਨਿਭਾਉਂਦਿਆਂ 1983 ਵਿੱਚ ਦੂਜੀ ਵਾਰ ਛਪੀ ਆਪਣੀ ਪੁਸਤਕ ‘ਸਰਦਾਰ ਭਗਤ ਸਿੰਘ’ ਵਿੱਚ ਇਸ ਮੁਲਾਕਾਤ ਦੇ ਕੁਝ ਵੇਰਵੇ ਦਿੱਤੇ।
ਅਸੀਂ ਹੁਣ ਇਹ ਖੁਲਾਸਾ ਕਰ ਸਕਦੇ ਹਾਂ ਕਿ ਦੋਵਾਂ ਦੀ ਗੱਲਬਾਤ ਦਾ ਕਾਨੂੰਨੀ ਸਹਾਇਤਾ ਦੇ ਮਾਮਲੇ ਦਾ ਕੋਈ ਸਬੰਧ ਨਹੀਂ ਸੀ ਭਾਵੇਂ ਕਿ ਪੰਡਿਤ ਜੀ ਨੇ ਕੇਸ ਦੀ ਪੈਰਵੀ ਕਰਨ ਲਈ ਬੰਬਈ ਦੇ ਭੂਲਾਭਾਈ ਦੇਸਾਈ ਦੀ ਸੇਵਾਵਾਂ ਦਿਵਾਉਣ ਦੀ ਪੇਸ਼ਕਸ਼ ਕੀਤੀ ਸੀ। ਪੰਡਿਤ ਜੀ ਨੇ ਭਗਤ ਸਿੰਘ ਨੂੰ ਯਕੀਨ ਦਿਵਾਇਆ ਕਿ ਸਾਡੀ ਮਾਤਭੂਮੀ ਦੀ ਆਜ਼ਾਦੀ ਦਾ ਸੰਘਰਸ਼ ਤੇਜ਼ੀ ਨਾਲ ਮਜ਼ਬੂਤੀ ਫੜ ਰਿਹਾ ਹੈ ਅਤੇ ਆਜ਼ਾਦੀ ਹੁਣ ਬਹੁਤੀ ਦੂਰ ਨਹੀਂ। ਭਗਤ ਸਿੰਘ ਨੇ ਮੋਤੀ ਲਾਲ ਨੂੰ ਲਾਹੌਰ ਸਾਜ਼ਿਸ਼ ਕੇਸ ਦਾ ਪੂਰਾ ਲਾਹਾ ਲੈਣ ਲਈ ਆਖਿਆ ਅਤੇ ਯਕੀਨ ਦਿਵਾਇਆ ਕਿ ਦੇਸ਼ ਵਾਸੀਆਂ ਨੂੰ ਕ੍ਰਾਂਤੀਕਾਰੀ ਪਾਰਟੀ ਦੀਆਂ ਹੋਰ ਹਾਂ-ਪੱਖੀ ਕਾਰਵਾਈਆਂ ਵੀ ਵੇਖਣ ਨੂੰ ਮਿਲਣਗੀਆਂ। ਇਸ ਸਬੰਧੀ ਅਸੀਂ ਪ੍ਰਸੰਗ ਤੋਂ ਲਾਂਭੇ ਜਾ ਸਕਦੇ ਹਾਂ ਅਤੇ ਕੁਝ ਹੋਰ ਤੱਥਾਂ ਦਾ ਖੁਲਾਸਾ ਕਰ ਸਕਦੇ ਹਾਂ। ਚੰਦਰ ਸ਼ੇਖਰ ਆਜ਼ਾਦ ਦੀ ਸਲਾਹ ਉੱਤੇ ਸੌਂਡਰਜ਼ ਦੇ ਕਤਲ ਪਿੱਛੋਂ ਭਗਤ ਸਿੰਘ ਨੇ ਪੰਡਿਤ ਮੋਤੀ ਲਾਲ ਨਹਿਰੂ ਨਾਲ ਮੁਲਾਕਾਤ ਕੀਤੀ ਅਤੇ ਕੁਝ ਆਰਥਿਕ ਸਹਾਇਤਾ ਮੰਗੀ। ਸ਼ਾਇਦ ਪੱਕੀ ਪਛਾਣ ਨਾ ਹੋਣ ਕਾਰਨ ਪੰਡਿਤ ਮੋਤੀ ਲਾਲ ਨੇ ਇਸ ਤੋਂ ਇਨਕਾਰ ਕਰ ਦਿੱਤਾ। ਪਰ ਅਜਿਹੇ ਦੂਜੇ ਮੌਕੇ ’ਤੇ ਉਨ੍ਹਾਂ ਨੇ ਰਕਮ ਦੇ ਦਿੱਤੀ।
ਚੰਦਰ ਸ਼ੇਖਰ ਆਜ਼ਾਦ ਅਤੇ ਹੋਰ ਕ੍ਰਾਂਤੀਕਾਰੀਆਂ ਵੱਲੋਂ ਨਹਿਰੂ ਪਰਿਵਾਰ ਤੋਂ ਆਰਥਿਕ ਜਾਂ ਹੋਰ ਕਿਸਮਾਂ ਦੀ ਹਮਾਇਤ ਲੈਣ ਸਬੰਧੀ ਕਈ ਕਹਾਣੀਆਂ ਪ੍ਰਚੱਲਿਤ ਹਨ, ਪਰ ਭਗਤ ਸਿੰਘ ਬਾਰੇ ਅਜਿਹੀ ਕੋਈ ਕਹਾਣੀ ਨਹੀਂ ਹੈ।
ਦਰਅਸਲ, ਮੋਤੀ ਲਾਲ ਨਹਿਰੂ ਦਾ ‘ਬਲਰਾਜ ਜਾਂ ਗਾਂਧੀ’ ਭਾਸ਼ਣ, ਜਿਸ ਦਾ ਬਾਅਦ ਵਿੱਚ ਜਵਾਹਰ ਲਾਲ ਨਹਿਰੂ ਨੇ ਵੀ ਪੱਖ ਪੂਰਿਆ, ਸਮਕਾਲੀ ਸਿਆਸਤ ਵਿੱਚ ਲੰਮਾ ਸਮਾਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਸਰਕਾਰੀ ਸੂਤਰ ਇਸ ਨੂੰ ਹਿੰਸਾ ਦੀ ਭਾਵਨਾ ਦੇ ਪੱਖ ਵਿੱਚ ਅਤੇ ਇਸ ਨੂੰ ਭੜਕਾਉਣ ਵਾਲਾ ਸਭ ਤੋਂ ਅਹਿਮ ਜਨਤਕ ਬਿਆਨ ਮੰਨਦੇ ਸਨ। ਇਹ ਸਬੂਤ ਵੀ ਮੌਜੂਦ ਹਨ ਕਿ ਮੋਤੀ ਲਾਲ ਨਹਿਰੂ ਨੂੰ ਕੁਝ ਦਿਨ ਪਹਿਲਾਂ ਹੀ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਕਾਰਵਾਈ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਇਹ ਕੁਝ ਉਸ ਮੌਕੇ ਉਨ੍ਹਾਂ ਦੇ ਸਹਿਜ ਹਾਵ-ਭਾਵ ਤੋਂ ਸਪੱਸ਼ਟ ਸੀ। ‘ਹਿੰਦੋਸਤਾਨ ਟਾਈਮਜ਼’ ਦੇ ਉਸ ਵੇਲੇ ਦੇ ਸੰਪਾਦਕ ਜੇ.ਐੱਨ. ਸਾਹਨੀ, ਜੋ ਕ੍ਰਾਂਤੀਕਾਰੀਆਂ ਅਤੇ ਨਹਿਰੂ ਪਰਿਵਾਰ ਦੋਵਾਂ ਦੇ ਮਿੱਤਰ ਸਨ, ਨੇ 1961 ਵਿੱਚ ਆਪਣੇ ਇੱਕ ਲੇਖ ਵਿੱਚ ਲਿਖਿਆ: ‘‘ਅਸੈਂਬਲੀ ਵਿੱਚ ਬੰਬ ਫਟਣ ਵੇਲੇ ਮੈਂ ਉੱਥੇ ਹੀ ਸਾਂ… ਸੁਭਾਵਿਕ ਹੀ ਮੈਂਬਰ ਪਿਛਲੇ ਅਤੇ ਪਾਸਿਆਂ ਵਾਲੇ ਦਰਵਾਜ਼ਿਆਂ ਰਾਹੀਂ ਬਾਹਰ ਚਲੇ ਗਏ। ਪਰ ਪੰਡਿਤ (ਮੋਤੀ ਲਾਲ) ਨਹਿਰੂ ਨਾ ਸਿਰਫ਼ ਆਪਣੀ ਸੀਟ ਉੱਤੇ ਬੈਠੇ ਰਹੇ ਸਗੋਂ ਥੋੜ੍ਹਾ ਚਿਰ ਬਾਅਦ ਉਹ ਸਰਕਾਰੀ ਬੈਂਚਾਂ ਵੱਲ ਇਹ ਦੇਖਣ ਲਈ ਵਧੇ ਕਿ ਕੀ ਹੋਇਆ ਹੈ ਅਤੇ ਜੇ ਕੋਈ ਜ਼ਖ਼ਮੀ ਹੋਇਆ ਤਾਂ ਉਸ ਦੀ ਮਦਦ ਕੀਤੀ ਜਾਵੇ। ਜਦੋਂ ਦੂਜਾ ਬੰਬ ਡਿੱਗਿਆ ਤੇ ਇਸ ਮਗਰੋਂ ਰਿਵਾਲਵਰ ਦੀਆਂ ਦੋ ਗੋਲੀਆਂ ਚੱਲੀਆਂ ਤਾਂ ਉਹ ਆਪਣੀ ਸੀਟ ਅਤੇ ਗ੍ਰਹਿ ਮੰਤਰੀ ਦੀ ਸੀਟ ਦੇ ਵਿਚਕਾਰ ਹੀ ਸਨ। ਪਰ ਦੂਜਾ ਬੰਬ ਫਟਣ ਮਗਰੋਂ ਵੀ ਪੰਡਿਤ ਮੋਤੀ ਲਾਲ ਨਾ ਤਾਂ ਲੜਖੜਾਏ ਅਤੇ ਨਾ ਹੀ ਪਿੱਛੇ ਹਟੇ।’’
ਇਸੇ ਤਰ੍ਹਾਂ ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਦੇ ਪ੍ਰਸਿੱਧ ਬਿਆਨ ਵਿੱਚ ਵੱਡੇ ਨਹਿਰੂ ਦਾ ਯੋਗਦਾਨ ਹੋਣ ਸਬੰਧੀ ਵੀ ਮੌਖਿਕ ਸਬੂਤ ਮੌਜੂਦ ਹਨ। ਭਿਕਸ਼ੂ ਚਮਨ ਲਾਲ ਦੇ ਰਿਕਾਰਡ ਮੁਤਾਬਿਕ ਭਗਤ ਸਿੰਘ ਨੇ ਆਸਿਫ਼ ਅਲੀ ਵੱਲੋਂ ਬਚਾਅ ਪੱਖ ਲਈ ਤਿਆਰ ਕੀਤਾ ਗਿਆ ਬਿਆਨ ਫਾੜ ਦਿੱਤਾ ਸੀ ਕਿਉਂਕਿ ਇਸ ਵਿੱਚ ਬੰਬ ਧਮਾਕਿਆਂ ਨੂੰ ‘ਬੱਚਿਆਂ ਦੀਆਂ ਖੇਡਾਂ’ ਦੱਸਿਆ ਗਿਆ ਸੀ ਅਤੇ ਇਹ ਫ਼ੌਜਦਾਰੀ ਮਾਮਲਿਆਂ ਦੇ ਵਕੀਲ ਵੱਲੋਂ ਬਚਾਅ ਲਈ ਵਰਤੀਆਂ ਜਾਂਦੀਆਂ ਆਮ ਜੁਗਤਾਂ ’ਤੇ ਹੀ ਆਧਾਰਿਤ ਸੀ। ਉਸ ਨੇ ਅੱਗੇ ਦੱਸਿਆ ਕਿ ਪੰਡਿਤ ਮੋਤੀ ਲਾਲ ਨੇ ਹੀ ਬਿਆਨ ਦਾ ਅੰਤਿਮ ਮਸੌਦਾ ਤਿਆਰ ਕਰਨ ਵਿੱਚ ਮਦਦ ਕੀਤੀ। ਇਸ ਗੱਲ ਦੀ ਤਸਦੀਕ ਸੰਪਾਦਕ ਜੇ.ਐੱਨ. ਸਾਹਨੀ ਨੇ ਵੀ ਕੀਤੀ। ਦਰਅਸਲ, ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਬਿਆਨ ਨੂੰ ਅੰਤਿਮ ਰੂਪ ਦਿਵਾਉਣ ਲਈ ਸਾਹਨੀ ਕੋਲ ਪਹੁੰਚ ਕੀਤੀ ਸੀ ਜੋ ਗੁਪਤ ਤੌਰ ’ਤੇ ਇਸ ਨੂੰ ਮੋਤੀ ਲਾਲ ਨਹਿਰੂ ਕੋਲ ਲੈ ਗਿਆ। ਸਾਹਨੀ ਦੇ ਦੱਸਣ ਮੁਤਾਬਿਕ ਵੱਡੇ ਨਹਿਰੂ ਨੂੰ ਸਿਰਫ਼ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀਆਂ ਆਖੀਆਂ ਗੱਲਾਂ ਨੂੰ ਹੀ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਸਗੋਂ ਇਸ ਨੂੰ ਵਧੇਰੇ ਹਮਲਾਵਾਰਾਨਾ ਬਣਾਇਆ। ਇਸ ਵਿੱਚ ਕਾਨੂੰਨੀ ਨੁਕਤੇ ਸ਼ਾਮਿਲ ਕਰਨਾ ਸਭ ਤੋਂ ਅਹਿਮ ਗੱਲ ਸੀ। ਅਸੈਂਬਲੀ ਵਿੱਚ ਸੁੱਟੇ ਗਏ ‘ਬਲਰਾਜ’ ਪੈਂਫਲਿਟ ਵਿਚਲੇ ਬਿਆਨ, ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸਗੋਂ ਬੋਲੀ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਜ਼ੋਰਦਾਰ ਸ਼ੋਰ ਕਰਨ ਦਾ ਸੀ, ਨੂੰ ਮੁੜ ਬੰਬ ਕੇਸ ਦੇ ਬਿਆਨ ਵਿੱਚ ਸ਼ਾਮਿਲ ਕੀਤਾ ਗਿਆ। ਸਾਹਨੀ ਦੀ ਮੰਨਣਾ ਸੀ ਕਿ ਇਸ ਨੇ ਹੀ ਅਸੈਂਬਲੀ ਕੇਸ ਵਿੱਚ ਜਿਵੇਂ ਕਿਵੇਂ ਉਨ੍ਹਾਂ ਨੂੰ ਫਾਂਸੀ ਤੋਂ ਬਚਾ ਲਿਆ। ਇੱਥੋਂ ਤਕ ਕਿ ਜਵਾਹਰ ਲਾਲ ਨਹਿਰੂ ਦੇ ਭਗਤ ਸਿੰਘ ਅਤੇ ਦੱਤ ਦਾ ਅਦਾਲਤੀ ਬਿਆਨ ਪ੍ਰਕਾਸ਼ਿਤ ਕਰਨ ’ਤੇ ਮਹਾਤਮਾ ਗਾਂਧੀ ਵੱਲੋਂ ਪ੍ਰਗਟਾਏ ਇਤਰਾਜ਼ ਵਾਲੀ ਚਿੱਠੀ ਦੇ ਜਵਾਬ ਵਿੱਚ ਲਿਖੀ ਚਿੱਠੀ ਬਿਆਨ ਸਬੰਧੀ ਉਨ੍ਹਾਂ ਦੇ ਨਿੱਜੀ ਗਿਆਨ ਦਾ ਭੇਤ ਖੋਲ੍ਹਦੀ ਹੈ। ਉਨ੍ਹਾਂ ਨੇ ਲਿਖਿਆ:
‘‘ਮੈਨੂੰ ਅਫ਼ਸੋਸ ਹੈ ਕਿ ਭਗਤ ਸਿੰਘ ਅਤੇ ਦੱਤ ਦਾ ਬਿਆਨ ਮੇਰੇ ਵੱਲੋਂ ‘ਕਾਂਗਰਸ ਬੁਲੇਟਿਨ’ ਵਿੱਚ ਛਾਪੇ ਜਾਣ ਦੀ ਨਿਖੇਧੀ ਕੀਤੀ ਹੈ। ਮੈਨੂੰ ਖ਼ੁਦ ਵੀ ਥੋੜ੍ਹੀ ਦੁਬਿਧਾ ਸੀ ਕਿ ਮੈਂ ਇਹ ਦੇਵਾਂ ਜਾਂ ਨਾ, ਪਰ ਜਦੋਂ ਮੈਂ ਕਾਂਗਰਸੀ ਹਲਕਿਆਂ ਵਿੱਚ ਇਸ ਬਾਰੇ ਬਹੁਤ ਸ਼ਲਾਘਾ ਦੀ ਭਾਵਨਾ ਦੇਖੀ ਤਾਂ ਮੈਂ ਇਸ ਦਾ ਕੁਝ ਹਿੱਸਾ ਛਾਪਣ ਦਾ ਫ਼ੈਸਲਾ ਕੀਤਾ। ਇਸ ਵਿੱਚੋਂ ਕੁਝ ਕੁ ਹਿੱਸਾ ਚੁਣਨਾ ਮੁਸ਼ਕਿਲ ਸੀ ਅਤੇ ਹੌਲੀ ਹੌਲੀ ਇਸ ਦਾ ਜ਼ਿਆਦਾਤਰ ਹਿੱਸਾ ਚਲਿਆ ਗਿਆ… ਮੈਨੂੰ ਜਾਪਦਾ ਹੈ ਤੁਹਾਨੂੰ ਗ਼ਲਤੀ ਲੱਗੀ ਹੈ ਕਿ ਇਹ ਬਿਆਨ ਉਨ੍ਹਾਂ ਦੇ ਵਕੀਲ ਨੇ ਲਿਖਿਆ ਹੋਇਆ ਹੈ। ਮੇਰੇ ਕੋਲ ਮੌਜੂਦ ਜਾਣਕਾਰੀ ਮੁਤਾਬਿਕ ਵਕੀਲ ਦਾ ਇਸ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਸ ਨੇ ਇਸ ਵਿੱਚ ਵਿਰਾਮ ਚਿੰਨ੍ਹ ਤਾਂ ਭਾਵੇਂ ਲਾਏ ਹੋਣ। ਮੈਂ ਸੋਚਦਾ ਹਾਂ ਕਿ ਇਹ ਬਿਆਨ ਬਿਨਾਂ ਸ਼ੱਕ ਸੱਚਾ ਹੈ।’’
ਉਂਜ, ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਉਨ੍ਹਾਂ ਦਾ ਸਬੰਧ ਕਦੇ ਸਿੱਧ-ਪੱਧਰਾ ਨਹੀਂ ਰਿਹਾ। ਪਰ ਲਾਹੌਰ ਸਾਜ਼ਿਸ਼ ਕੇਸ ਆਰਡੀਨੈਂਸ ਦੀ ਉਨ੍ਹਾਂ ਵੱਲੋਂ ਕੀਤੀ ਕਾਨੂੰਨੀ ਛਾਣਬੀਣ ਸਭ ਤੋਂ ਅਹਿਮ ਦਖ਼ਲ ਹੋ ਸਕਦੀ ਸੀ। 29 ਮਈ 1930 ਨੂੰ ਸਰ ਪੁਰਸ਼ੋਤਮਦਾਸ ਠਾਕੁਰਦਾਸ ਨੂੰ ਖ਼ਤ ਵਿੱਚ ਉਨ੍ਹਾਂ ਨੇ ਲਿਖਿਆ ਕਿ ਵਿਸ਼ੇਸ਼ ਆਰਡੀਨੈਂਸ ਤਹਿਤ ਲਾਹੌਰ ਸਾਜ਼ਿਸ਼ ਕੇਸ ਦੀ ਕਾਰਵਾਈ ਆਮ ਫ਼ੌਜਦਾਰੀ ਅਦਾਲਤ ਦੀ ਥਾਂ ਹੁਣ ਵਿਸ਼ੇਸ਼ ਟ੍ਰਿਬਿਊਨਲ ਵਿੱਚ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਠਾਕੁਰਦਾਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਆਰਡੀਨੈਂਸ ਧਿਆਨ ਨਾਲ ਪੜ੍ਹਿਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਕਾਨੂੰਨ ਦੀ ਧਾਰਾ 72 ਤਹਿਤ ਇਹ ਕਾਨੂੰਨ ਪਾਸ ਕਰਨਾ ਗਵਰਨਰ ਜਨਰਲ ਦੇ ਅਖ਼ਤਿਆਰ ਤੋਂ ਬਾਹਰ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਮੁਲਜ਼ਮਾਂ ਦਾ ਦੋਸ਼ ਜਾਂ ਬੇਗੁਨਾਹੀ ਬਿਲਕੁਲ ਮਹੱਤਵਹੀਣ ਹੈ। ਇੱਕੋ ਇੱਕ ਨੁਕਤਾ ਇਹ ਸੀ ਕਿ ਗਵਰਨਰ ਜਨਰਲ ਕੋਲ ਅਦਾਲਤ ਵਿੱਚੋਂ ਕੇਸ ਵਾਪਸ ਲੈਣ ਅਤੇ ਖ਼ਾਸ ਪ੍ਰਕਿਰਿਆ ਅਪਣਾ ਕੇ ਸੁਣਵਾਈ ਲਈ ਵਿਸ਼ੇਸ਼ ਟ੍ਰਿਬਿਊਨਲ ਕੋਲ ਭੇਜਣ ਦਾ ਅਧਿਕਾਰ ਸੀ ਜਾਂ ਨਹੀਂ। ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਨਾਲ ਸਬੰਧਿਤ ਮਿੱਤਰ ਉਨ੍ਹਾਂ ਨੂੰ ਕੇਸ ਲਾਹੌਰ ਹਾਈ ਕੋਰਟ ਅਤੇ ਫਿਰ ਪ੍ਰੀਵੀ ਕੌਂਸਲ ਕੋਲ ਲਿਜਾਣ ਲਈ ਦਬਾਅ ਪਾ ਰਹੇ ਸਨ, ਪਰ ਆਪਣੇ ਹਾਲਾਤ ਕਾਰਨ ਉਹ ਉਨ੍ਹਾਂ ਦੀ ਇੱਛਾ ’ਤੇ ਫੁੱਲ ਨਹੀਂ ਚੜ੍ਹਾ ਸਕਦੇ ਸਨ। ਖ਼ਤ ਨਾਲ ਨੱਥੀ ਵਿਸਤ੍ਰਿਤ ਕਾਨੂੰਨੀ ਰਾਇ ਵਿੱਚ ਉਨ੍ਹਾਂ ਨੇ ਜ਼ੋਰ ਦੇ ਕਿਹਾ, ‘‘ਅਜਿਹੀ ਕੋਈ ਤਾਕਤ ਨਹੀਂ ਹੈ ਜੋ ਖ਼ਾਸ ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਆਰਡੀਨੈਂਸ ਬਣਾ ਸਕਦੀ ਹੋਵੇ, ਚਾਹੇ ਉਹ ਵਿਅਕਤੀ ਮੁਲਕ ਦੀ ਸ਼ਾਂਤੀ ਅਤੇ ਸਰਕਾਰ ਲਈ ਕਿੰਨਾ ਵੀ ਵੱਡਾ ਖ਼ਤਰਾ ਕਿਉਂ ਨਾ ਹੋਣ। ਖ਼ਾਸ ਖੇਤਰਾਂ ਦੇ ਖ਼ਾਸ ਅਪਰਾਧਾਂ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਪ੍ਰਕਿਰਿਆ ਰਾਹੀਂ ਵਿਸ਼ੇਸ਼ ਅਦਾਲਤਾਂ ਵਿੱਚ ਕਾਰਵਾਈ ਕਰਨ ਸਬੰਧੀ ਆਰਡੀਨੈਂਸ ਪਾਸ ਕਰਨਾ ਗਵਰਨਰ ਜਨਰਲ ਲਈ ਪੂਰਨ ਰੂਪ ਵਿੱਚ ਕਾਨੂੰਨੀ ਹੋਣਾ ਸੀ। ਪਰ ਇਸ ਗੱਲ ਉੱਤੇ ਵਿਚਾਰ ਨਹੀਂ ਕੀਤਾ ਜਾਪਦਾ ਕਿ ਆਰਡੀਨੈਂਸ ਬਣਾਉਣ ਦੀ ਸ਼ਕਤੀ ਕਿਸੇ ਕੇਸ ਦੀ ਕਾਰਵਾਈ ਤੇਜ਼ ਕਰਨ ਜਾਂ ਖ਼ਾਸ ਵਿਅਕਤੀਆਂ ਨਾਲ ਖ਼ਾਸ ਤਰੀਕੇ ਸਿੱਝਣ ਦੇ ਮਕਸਦ ਲਈ ਵਰਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਹ ਆਰਡੀਨੈਂਸ ਗਵਰਨਰ ਜਨਰਲ ਲਈ ਭਾਰਤ ਸਰਕਾਰ ਕਾਨੂੰਨ ਦੀ ਧਾਰਾ 72 ਤਹਿਤ ਦਰਸਾਈਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਉਨ੍ਹਾਂ ਨੇ ਠਾਕੁਰਦਾਸ ਨੂੰ ਬੇਨਤੀ ਕੀਤੀ ਕਿ ਉਹ ਭੂਲਾਭਾਈ ਦੇਸਾਈ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਕੇਸ ਦੀ ਸਿਆਸੀ ਅਹਿਮੀਅਤ ਬਾਰੇ ਸਮਝਾਉਣ ਅਤੇ ਇਹ ਵੀ ਆਖਣ ਕਿ ਸੰਵਿਧਾਨਕ ਕਾਨੂੰਨ ਦਾ ਮਸਲਾ ਹੋਣ ਕਾਰਨ ਸ੍ਰੀ ਦੇਸਾਈ ਵਰਗੇ ਉੱਘੇ ਵਕੀਲ ਨੂੰ ਇਹ ਕੇਸ ਜ਼ਰੂਰ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ। ਮੋਤੀ ਲਾਲ ਨਹਿਰੂ ਨੇ ਆਪਣੇ ਵਿਚਾਰ ਇਹ ਲਿਖਦਿਆਂ ਸਮੇਟ ਦਿੱਤੇ ਕਿ ਉਨ੍ਹਾਂ ਵੱਲੋਂ ਦੱਸੇ ਗਏ ਨੁਕਤਿਆਂ ਦੇ ਆਧਾਰ ’ਤੇ ਇਹ ਕੇਸ ਨਾ ਸਿਰਫ਼ ਵਿਚਾਰਯੋਗ ਹੈ ਸਗੋਂ ਲਾਜਵਾਬ ਵੀ ਹੈ। ਉਨ੍ਹਾਂ ਨੂੰ 12 ਜੂਨ 1930 ਨੂੰ ਸਰ ਪੁਰਸ਼ੋਤਮਦਾਸ ਦਾ ਜਵਾਬ ਮਿਲਿਆ ਜੋ ਉਤਸ਼ਾਹਜਨਕ ਨਹੀਂ ਸੀ। ਉਨ੍ਹਾਂ ਵੱਲੋਂ 12 ਜੂਨ 1930 ਨੂੰ ਇਸ ਦੇ ਜਵਾਬ ਵਿੱਚ ਲਿਖੇ ਖ਼ਤ ਇਹ ਦੱਸਦੇ ਹਨ ਕਿ ਉਸ ਦੌਰ ਦੇ ਮਹਾਨ ਕਾਨੂੰਨੀ ਮਾਹਿਰਾਂ ਦਰਮਿਆਨ ਕੀ ਵਾਪਰਿਆ। ਉਨ੍ਹਾਂ ਲਿਖਿਆ:
‘‘ਮੈਨੂੰ ਅਫ਼ਸੋਸ ਹੈ ਕਿ ਮੇਰੇ ਵੱਲੋਂ ਆਖੇ ਗਏ ਮਾਮਲੇ ਲਈ ਸ੍ਰੀ ਭੂਲਾਭਾਈ ਆਪਣੇ ਰੁਝੇਵਿਆਂ ਵਿੱਚੋਂ ਵਕਤ ਨਹੀਂ ਕੱਢ ਸਕੇ। ਜੇ ਮੈਨੂੰ ਇਸ ਦੀ ਕੋਈ ਸਿਆਸੀ ਅਹਿਮੀਅਤ ਨਾ ਜਾਪਦੀ ਤਾਂ ਮੈਂ ਕਦੇ ਵੀ ਤੁਹਾਨੂੰ ਜਾਂ ਭੂਲਾਭਾਈ ਨੂੰ ਤਕਲੀਫ਼ ਨਹੀਂ ਦੇਣੀ ਸੀ। ਉਹ ਬਿਲਕੁਲ ਸਹੀ ਸੋਚਦੇ ਹਨ ਕਿ ਜਦੋਂ ਘਟਨਾਵਾਂ ਇੰਨੀ ਛੇਤੀ ਵਾਪਰ ਰਹੀਆਂ ਹਨ ਤਾਂ ਮੇਰੇ ਵੱਲੋਂ ਸੁਝਾਏ ਨੁਕਤਿਆਂ ਉੱਤੇ ਅਮਲ ਕਰਕੇ ਵੀ ਵੱਧ ਤੋਂ ਵੱਧ ਕਾਮਯਾਬੀ ਇਹੀ ਹਾਸਲ ਕੀਤੀ ਜਾ ਸਕਦੀ ਹੈ ਕਿ ਇਹ ਕੇਸ ਫਿਰ ਪੁਰਾਣੇ ਮੈਜਿਸਟ੍ਰੇਟ ਨੂੰ ਸੌਂਪ ਦਿੱਤਾ ਜਾਵੇਗਾ, ਪਰ ਇਸ ਨਾਲ ਵੀ ਕੋਈ ਜ਼ਿਆਦਾ ਲਾਭ ਨਹੀਂ ਹੋਵੇਗਾ।’’ ਉਨ੍ਹਾਂ ਲਿਖਿਆ ਕਿ ਚਿੱਠੀ ਰਾਹੀਂ ਮਾਮਲੇ ਨੂੰ ਵਿਸਥਾਰ ਵਿੱਚ ਵਿਚਾਰਨਾ ਸੰਭਵ ਨਹੀਂ ਅਤੇ ਅਫ਼ਸੋਸ ਨਾਲ ਫ਼ੈਸਲਾ ਕੀਤਾ ਕਿ ‘ਇਹ ਮਾਮਲਾ ਖ਼ਤਮ ਹੋਇਆ ਸਮਝ ਲਿਆ ਜਾਵੇ।’
ਇਸ ਬਦਨਾਮ ਆਰਡੀਨੈਂਸ ਨੂੰ ਸੰਭਾਵੀ ਚੁਣੌਤੀ ਕੁਝ ਚਿੱਠੀਆਂ ਦੇ ਆਦਾਨ-ਪ੍ਰਦਾਨ ਨਾਲ ਖ਼ਤਮ ਹੋ ਗਈ। ਉਨ੍ਹਾਂ ਦੀ ਦਿਲੀ ਇੱਛਾ ਪੂਰੀ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਵੱਲੋਂ ਸੁਝਾਏ ਜਾਣ ਤੋਂ 87 ਸਾਲ ਬਾਅਦ ਵੀ ਇਸ ਆਰਡੀਨੈਂਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੀ। ਉਂਜ, ਦੇਸਰਾਜ ਪਟੀਸ਼ਨ ਵਿੱਚ ਅਣਮਨੇ ਜਿਹੇ ਢੰਗ ਨਾਲ ਇਹ ਕੋਸ਼ਿਸ਼ ਕੀਤੀ ਗਈ ਸੀ ਜੋ ਲਾਹੌਰ ਹਾਈ ਕੋਰਟ ਨੇ 16 ਜੁਲਾਈ 1930 ਨੂੰ ਖਾਰਜ ਕਰ ਦਿੱਤੀ। 7 ਅਕਤੂਬਰ 1930 ਦੇ ਫ਼ੈਸਲੇ ਮਗਰੋਂ ਇਸੇ ਤਰ੍ਹਾਂ ਦੀ ਇੱਕ ਪਟੀਸ਼ਨ ਪ੍ਰੀਵੀ ਕੌਂਸਲ ਦੇ ਮੈਂਬਰਾਂ ਨੇ ਬਿਨਾਂ ਮਾਮਲੇ ਦੀ ਡੂੰਘਾਈ ਵਿੱਚ ਜਾਂਦਿਆਂ ਦਾਖ਼ਲ ਕੀਤੇ ਜਾਣ ਮਗਰੋਂ ਹੀ 11 ਫਰਵਰੀ 1931 ਨੂੰ ਖਾਰਜ ਕਰ ਦਿੱਤੀ। ਅਸੀਂ ਹਾਲੇ ਵੀ ਸ਼ਹੀਦਾਂ ਦੇ ਕਰਜ਼ਦਾਰ ਹਾਂ ਅਤੇ ਉਨ੍ਹਾਂ ਦੇ ਨਾਂ ਤੋਂ ਧੱਬਾ ਹਟਾਉਣ ਲਈ ਅਜਿਹੀ ਪਟੀਸ਼ਨ ਪਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਅਨਿਆਂਪੂਰਨ ਸਾਮਰਾਜੀ ਸਰਕਾਰ ਨੇ ਗ਼ੈਰਕਾਨੂੰਨੀ ਢੰਗ ਨਾਲ ਸਜ਼ਾ ਦਿੱਤੀ ਸੀ ਜੋ ਨਿਆਂ ਦੇਣ ਦੀ ਬਜਾਏ ਬਦਲਾ ਲੈਣ ਉੱਤੇ ਤੁਲੀ ਹੋਈ ਸੀ। ਇਸ ਤੋਂ ਇਲਾਵਾ ਮੌਜੂਦਾ ਸਰਕਾਰਾਂ ਕੋਲ ਵੀ ਆਪਮੁਹਾਰੇ ਅਜਿਹੇ ਆਰਡੀਨੈਂਸ ਜਾਰੀ ਕਰਨ ਵਾਲੀਆਂ ਅਸੀਮ ਸ਼ਕਤੀਆਂ ਮੌਜੂਦ ਹਨ ਅਤੇ ਜਿੰਨਾ ਚਿਰ ਇਨ੍ਹਾਂ ਨੂੰ ਰਸਮੀ ਚੁਣੌਤੀ ਨਹੀਂ ਦਿੱਤੀ ਜਾਂਦੀ, ਇਹ ਬਰਕਰਾਰ ਵੀ ਰਹਿਣਗੀਆਂ।
ਸੰਪਰਕ: 98150-00873
* ਲੇਖਕ ਉੱਘਾ ਪ੍ਰਕਾਸ਼ਕ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਰਚਨਾ ਦਾ ਖੋਜਕਾਰ ਹੈ।


Comments Off on ਭਗਤ ਸਿੰਘ ਦੇ ਖ਼ੈਰਖ਼ਾਹ ਸਨ ਮੋਤੀ ਲਾਲ ਨਹਿਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.