ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮਨੁੱਖੀ ਤਬਾਹੀ ਦਾ ਸੂਚਕ ਹੈ ਪ੍ਰਦੂਸ਼ਣ

Posted On March - 19 - 2017

11403cd _pollution 1ਪ੍ਰਦੂਸ਼ਿਤ ਚੌਗਿਰਦਾ ਪੰਜ ਸਾਲ ਤੋਂ ਘੱਟ ਉਮਰ ਦੇ ਚਾਰ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ 6 ਮਾਰਚ ਨੂੰ ਨਸ਼ਰ ਕੀਤੀ ਗਈ ਰਿਪੋਰਟ ਮੁਤਾਬਿਕ ਹਰ ਸਾਲ 17 ਲੱਖ ਬੱਚੇ ਹਵਾ ਪ੍ਰਦੂਸ਼ਣ, ਆਲੇ-ਦੁਆਲੇ ਵਿੱਚ ਫੈਲੇ ਸਿਗਰਟਾਂ ਦੇ ਧੂੰਏਂ, ਗੰਦੇ ਪਾਣੀ, ਖੁੱਲ੍ਹੇ ਵਿੱਚ ਪਖਾਨੇ ਅਤੇ ਮਨੁੱਖੀ ਰਿਹਾਇਸ਼ੀ ਚੌਗਿਰਦੇ ਵਿੱਚ ਫੈਲੀ ਗੰਦਗੀ ਕਾਰਨ ਮਰ ਜਾਂਦੇ ਹਨ। ਜਦੋਂਕਿ ਪ੍ਰਦੂਸ਼ਣ ਕਾਰਨ ਫੈਲੀਆਂ ਬਿਮਾਰੀਆਂ ਹੈਜ਼ਾ, ਮਲੇਰੀਆ, ਨਿਮੂਨੀਆ ਤੋਂ ਸਾਫ਼ ਪਾਣੀ ਅਤੇ ਖਾਣਾ ਪਕਾਉਣ ਦੇ ਸੁਚੱਜੇ ਸਾਧਨਾਂ ਆਦਿ ਦੀ ਉਪਲੱਬਧਤਾ ਨਾਲ ਬਚਾਅ ਹੋ ਸਕਦਾ ਹੈ। ਇਸ ਨਾਲ ਬੱਚਿਆਂ ਦੀ ਮੌਤ ਦਰ ਘਟਾਈ ਜਾ ਸਕਦੀ ਹੈ। ਦਰਅਸਲ, ਦੁਨੀਆਂ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਅਤੇ ਆਮ ਆਦਮੀ ਲਈ ਸਾਧਨਾਂ ਦੀ ਕਮੀ  ਮੌਤ ਦਰ ਵਿੱਚ ਵਾਧਾ ਕਰ ਰਹੀ ਹੈ। ਬੱਚਿਆਂ ਦੇ ਸਰੀਰਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਘਟ ਰਹੀ ਹੈ ਅਤੇ ਉਹ ਦਮਾ, ਕੈਂਸਰ ਅਤੇ ਦਿਲ ਦੇ ਰੋਗਾਂ ਦੇ ਸ਼ਿਕਾਰ ਬਣਦੇ ਜਾ ਰਹੇ ਹਨ।
ਡਬਲਯੂ.ਐੱਚ.ਓ. (ਵਿਸ਼ਵ ਸਿਹਤ ਸੰਗਠਨ) ਦੀ ਬੱਚਿਆਂ ਬਾਰੇ ਛਪੀ ਇੱਕ ਰਿਪੋਰਟ ‘ਮੇਰਾ ਭਵਿੱਖ ਪ੍ਰਦੂਸ਼ਿਤ ਨਾ ਕਰੋ’ ਮੁਤਾਬਿਕ ਹਰ ਸਾਲ 5 ਸਾਲ ਦੀ ਉਮਰ ਤੋਂ ਘੱਟ ਦੇ 5,70,000 ਬੱਚੇ ਹਵਾ ਪ੍ਰਦੂਸ਼ਣ ਅਤੇ ਸਿਗਰਟਾਂ ਦੇ ਧੂੰਏਂ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। 3,61,000 ਬੱਚੇ ਹੈਜ਼ੇ ਦੀ ਭੇਂਟ ਚੜ੍ਹਦੇ ਹਨ ਕਿਉਂਕਿ ਉਨ੍ਹਾਂ ਨੂੰ ਸਾਫ਼ ਆਲਾ-ਦੁਆਲਾ ਅਤੇ ਸਾਫ਼ ਪਾਣੀ ਨਹੀਂ ਮਿਲਦਾ। 2,70,000 ਬੱਚੇ ਆਪਣੇ ਜਨਮ ਦੇ ਪਹਿਲੇ ਮਹੀਨੇ ਵਿੱਚ ਹੀ ਅਣਸੁਖਾਵੇਂ ਵਾਤਾਵਰਨ ਦੀ ਭੇਂਟ ਚੜ੍ਹ ਜਾਂਦੇ ਹਨ। ਦੋ ਲੱਖ ਬੱਚੇ ਮਲੇਰੀਏ ਕਾਰਨ ਅਤੇ ਹੋਰ ਦੋ ਲੱਖ ਬੱਚੇ ਕਈ ਗ਼ੈਰ-ਕੁਦਰਤੀ ਕਾਰਨਾਂ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਦਰਅਸਲ, ਦੂਸ਼ਿਤ ਵਾਤਾਵਰਨ ਛੋਟੇ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਦਾ ਸਬੱਬ ਬਣ ਰਿਹਾ ਹੈ। ਵਾਤਾਵਰਨ ਨੂੰ ਦੂਸ਼ਿਤ ਕਰਨ ਦਾ ਵੱਡਾ ਕਾਰਨ ਮਨੁੱਖ ਵੱਲੋਂ ਵਰਤੇ ਜਾਣ ਵਾਲੇ ਇਲੈਕਟ੍ਰੌਨਿਕਸ ਅਤੇ ਬਿਜਲੀ ਉਪਕਰਨ ਹਨ। ਖ਼ਰਾਬ ਹੋਏ ਮੋਬਾਈਲ ਫ਼ੋਨ, ਟੈਲੀਵਿਜ਼ਨ ਅਤੇ ਹੋਰ ਇਲੈਕਟ੍ਰੌਨਿਕ ਕਚਰਾ ਸਹੀ ਢੰਗ ਨਾਲ ਰੀਸਾਈਕਲ ਨਹੀਂ ਕੀਤਾ ਜਾਂਦਾ। ਭੈੜੇ ਢੰਗ ਨਾਲ ਇਸ ਦੀ ਰੀਸਾਈਕਲਿੰਗ ਮਨੁੱਖੀ ਫੇਫੜਿਆਂ ਨੂੰ ਤਬਾਹ ਕਰ ਰਹੀ ਹੈ ਅਤੇ ਕੈਂਸਰ (ਖ਼ਾਸਕਰ ਬੱਚਿਆਂ ਵਿੱਚ) ਦਾ ਕਾਰਨ ਬਣ ਰਹੀ ਹੈ।
11403cd _pollution2014 ਤੋਂ 2018 ਦਰਮਿਆਨ ਦੁਨੀਆਂ ਭਰ ਵਿੱਚ ਬਿਜਲੀ ਅਤੇ ਇਲੈਕਟ੍ਰੌਨਿਕ ਵਸਤਾਂ ਦੀ ਰਹਿੰਦ-ਖੂੰਹਦ ਵਿੱਚ 19 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਭਾਵ 2018 ਤਕ ਇਹ ਵਧ ਕੇ ਸਾਲ 5 ਕਰੋੜ ਟਨ ਹੋ ਜਾਵੇਗੀ। ਇਸ ਕਚਰੇ ਨੂੰ ਸੰਭਾਲਣ ਦਾ ਸਹੀ ਪ੍ਰਬੰਧ ਨਾ ਹੋਣਾ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਰਿਹਾ ਹੈ।
ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ। ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਹਾਨੀਕਾਰਕ ਕਾਰਬਨ ਡਾਇਆਕਸਾਈਡ ਵਿੱਚ ਨਿੱਤ ਵਾਧਾ ਹੋ ਰਿਹਾ ਹੈ ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਸਿਹਤ ਉੱਤੇ ਪੈਣਾ ਕੁਦਰਤੀ ਹੈ। ਇੱਕ ਰਿਪੋਰਟ ਮੁਤਾਬਿਕ ਕਾਰਬਨ ਡਾਇਆਕਸਾਈਡ ਦੇ ਵਾਧੇ ਦੇ ਸਿੱਟੇ ਵਜੋਂ ਬੱਚਿਆਂ ਵਿੱਚ ਦਮੇ ਦੀ ਸ਼ਿਕਾਇਤ (ਭਾਵ ਸਾਹ ਲੈਣ ’ਚ ਔਖਿਆਈ) ਵਧ ਰਹੀ ਹੈ। ਦੁਨੀਆਂ ਭਰ ਵਿੱਚ ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦੇ 11 ਤੋਂ 14 ਫ਼ੀਸਦੀ ਬੱਚੇ ਦਮੇ ਦਾ ਸ਼ਿਕਾਰ ਹਨ ਅਤੇ 44 ਫ਼ੀਸਦੀ ਬੱਚੇ ਸਾਹ ਦੇ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹਨ। ਹਵਾ ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ, ਘਰਾਂ ਅੰਦਰਲੀ ਸਲ੍ਹਾਬ ਬੱਚਿਆਂ ਵਿੱਚ ਇਸ ਰੋਗ ਦਾ ਵੱਡਾ ਕਾਰਨ ਮੰਨਿਆ ਜਾਣ ਲੱਗਾ ਹੈ।
ਦੁਨੀਆਂ ਦੇ ਗ਼ਰੀਬ ਮੁਲਕਾਂ ਦੇ ਬਹੁਤੇ ਘਰਾਂ ਵਿੱਚ ਮੁੱਢਲੀਆਂ ਸਹੂਲਤਾਂ ਨਹੀਂ ਹਨ। ਆਲਾ-ਦੁਆਲਾ ਗੰਦਗੀ ਨਾਲ ਭਰਿਆ ਨਜ਼ਰ ਆਉਂਦਾ ਹੈ। ਪੀਣ ਲਈ ਸਾਫ਼ ਪਾਣੀ ਦੀ ਕਿੱਲਤ ਹੈ। ਵੱਡੀ ਗਿਣਤੀ ਲੋਕ ਸਫ਼ਾਈ ਸਹੂਲਤਾਂ ਤੋਂ ਸੱਖਣੇ ਹਨ। ਸਾਡੇ ਦੇਸ਼ ਦੀ ਅੱਧੀ ਆਬਾਦੀ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਲਈ ਮਜਬੂਰ ਹੈ ਕਿਉਂਕਿ ਘਰਾਂ ਜਾਂ ਸਾਂਝੀਆਂ ਥਾਵਾਂ ਉੱਤੇ ਪਖਾਨੇ ਨਹੀਂ ਹਨ। ਘਰਾਂ ਵਿੱਚ ਰੋਟੀ ਪਕਾਉਣ ਲਈ ਬਾਲਣ ਉਪਲੱਬਧ ਨਹੀਂ। ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਲੋਕ ਪਾਥੀਆਂ, ਖੋਰੀ, ਟੋਕ (ਖੇਤੀਬਾੜੀ ਰਹਿੰਦ-ਖੂੰਹਦ) ਨੂੰ ਖਾਣਾ ਪਕਾਉਣ ਲਈ ਵਰਤਦੇ ਹਨ। ਕੋਲਾ, ਗੋਹਾ ਅਤੇ ਹੋਰ ਰਹਿੰਦ ਖੂੰਹਦ ਨਾਲ ਹਵਾ ਦਾ ਪ੍ਰਦੂਸ਼ਣ ਵਧਦਾ ਹੈ। ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਚੱਲ ਰਹੇ ਵਾਹਨ, ਏਅਰ ਕੰਡੀਸ਼ਨਰ ਵਿੱਚੋਂ ਨਿਕਲਦੀ ਗੈਸ, ਸਮੇਂ-ਸਮੇਂ ਸਾੜੀ ਜਾਂਦੀ ਫ਼ਸਲੀ ਰਹਿੰਦ-ਖੂੰਹਦ ਸਾੜਨ ਤੋਂ ਪੈਦਾ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।

ਗੁਰਮੀਤ ਪਲਾਹੀ ਗੰਭੀਰ ਮਸਲਾ

ਗੁਰਮੀਤ ਪਲਾਹੀ
ਗੰਭੀਰ ਮਸਲਾ

ਯੂਨੀਸੈੱਫ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਸਮੇਂ ਦੁਨੀਆਂ ਦੀ 90 ਫ਼ੀਸਦੀ ਆਬਾਦੀ ਦੂਸ਼ਿਤ ਹਵਾ ਵਿੱਚ ਸਾਹ ਲੈ ਰਹੀ ਹੈ ਅਤੇ ਦੁਨੀਆਂ ਵਿੱਚ ਹਰ ਸਾਲ ਤਕਰੀਬਨ ਸੱਠ ਲੱਖ ਲੋਕ ਹਵਾ ਪ੍ਰਦੂਸ਼ਣ ਕਾਰਨ ਮਰਦੇ ਹਨ। ਗਰਭ ਵਿੱਚ ਪਲ ਰਹੇ ਬੱਚਿਆਂ ਦੇ ਅੰਗ ਵੀ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਰਨਾਕ ਹੱਦ ਤਕ ਘੱਟ ਹੁੰਦੀ ਹੈ। ਬੱਚਿਆਂ ਦਾ ਗਰਭ ਵਿੱਚ ਹੀ ਪ੍ਰਦੂਸ਼ਣ ਦੀ ਮਾਰ ਹੇਠ ਆਉਣਾ ਮਨੁੱਖ ਜਾਤੀ ਲਈ ਗੰਭੀਰ ਸੰਕਟ ਪੈਦਾ ਕਰੇਗਾ। ਭਾਰਤ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਦੂਸ਼ਣ ਦੇ ਮਾਮਲੇ ਵਿੱਚ ਇਹ ਸਾਰੇ ਹੱਦਾਂ-ਬੰਨੇ ਟੱਪ ਗਿਆ ਹੈ। 2015 ਵਿੱਚ ਛਪੀ ਰਿਪੋਰਟ ਅਨੁਸਾਰ ਭਾਰਤ ਦੇ ਦਸ ਸ਼ਹਿਰ ਦੁਨੀਆਂ ਦੇ ਵੀਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਿਲ ਹਨ।
ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰ ਵੀ ਕਈ ਸਰੋਤ ਹਨ। ਖੇਤਾਂ ਵਿੱਚ ਖਾਦਾਂ, ਕੀਟਨਾਸ਼ਕਾਂ ਅਤੇ ਖਾਣ ਵਾਲੇ ਪਦਾਰਥਾਂ ਨੂੰ ਸੰਭਾਲਣ ਲਈ ਫਲੋਰਾਈਡ, ਪਾਰਾ, ਜਿਸਤ (ਲੈੱਡ) ਆਦਿ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਮਨੁੱਖੀ ਸਰੀਰ ਲਈ ਅਤਿ ਘਾਤਕ ਹਨ। ਇਨ੍ਹਾਂ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਸਿਹਤ ਉੱਤੇ ਪੈਂਦਾ ਹੈ ਜਿਨ੍ਹਾਂ ਨੂੰ ਮਾਂ ਦੇ ਦੁੱਧ ਵਿੱਚੋਂ ਵੀ ਡੀ.ਡੀ.ਟੀ. ਅਤੇ ਹੋਰ ਕੀਟਨਾਸ਼ਕ ਮਿਲਦੇ ਹਨ। ਸੌਫਟ ਡਰਿੰਕਸ ਅਤੇ ਡੱਬਾਬੰਦ ਜੂਸ ਦੀ ਵਰਤੋਂ ਕਾਰਨ ਸ਼ੂਗਰ, ਦਿਲ ਦਾ ਰੋਗ, ਮੋਟਾਪਾ ਆਦਿ ਬਿਮਾਰੀਆਂ ਸਰੀਰ ਨੂੰ ਘੇਰਦੀਆਂ ਹਨ। ਫਰੂਟ ਜੂਸ ਵਿੱਚ ਮੌਜੂਦ ਫਰੁਕਟੋਜ਼ ਅਤੇ ਸੌਫਟ ਡਰਿੰਕ ਵਿੱਚ ਮੌਜੂਦ ਸੋਡਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸੌਫਟ ਡਰਿੰਕ, ਫਰੂਟ ਡਰਿੰਕ, ਐਨਰਜੀ ਡਰਿੰਕ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈ ਰਹੇ ਹਨ। ਬੋਸਟਨ ਦੀ ਟਫਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 51 ਮੁਲਕਾਂ ਦੇ ਤਕਰੀਬਨ ਛੇ ਲੱਖ ਤੋਂ ਵੱਧ ਲੋਕਾਂ ਉੱਤੇ ਇੱਕ ਅਧਿਐਨ ਕੀਤਾ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇਹ ਪੀਣ ਵਾਲੇ ਪਦਾਰਥ ਬਿਨਾਂ ਕਿਸੇ ਸਿਹਤ ਲਾਭ ਦੇ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਜਿਹੇ ਰੋਗਾਂ ਦਾ ਕਾਰਨ ਬਣਦੇ ਹਨ। ਇਨ੍ਹਾਂ ਵਿੱਚ ਵਰਤੀ ਜਾਂਦੀ ਖੰਡ, ਸ਼ੂਗਰ ਦਾ ਕਾਰਨ ਹੈ। ਸੋਢੇ ਵਿੱਚ ਪਾਇਆ ਜਾਂਦਾ ਫਾਸਫੋਰਿਕ ਐਸਿਡ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੈਦਾ ਕਰ ਕੇ ਹੱਡੀਆਂ ਕਮਜ਼ੋਰ ਕਰਦਾ ਹੈ।
ਹਰ ਕਿਸਮ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖ਼ਤਰਾ ਹੈ। ਗ਼ਰੀਬ ਦੇਸ਼ਾਂ ਵਿੱਚ ਨਾ ਰਹਿਣ ਯੋਗ ਹਾਲਾਤ ਵਿੱਚ ਜੀਅ ਰਹੇ ਲੋਕ ਜ਼ਿੰਦਗੀ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਇਸ ਤਸਵੀਰ ਵਿੱਚ ਜ਼ਿੰਦਗੀ ਦੇ ਰੰਗ ਭਰਨ ਦਾ ਤਸੱਵਰ ਕਰਨਾ ਡਾਢਾ ਔਖਾ ਹੈ ਕਿਉਂਕਿ ਇੱਥੇ ਜਿਊਣ ਹਾਲਾਤ ਅਤੇ ਸਾਧਨ ਮੁਹੱਈਆ ਕਰਨ ਦੇ ਪੱਖ ਤੋਂ ਸਰਕਾਰਾਂ ਨਾਕਾਮ ਹੋ ਚੁੱਕੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਦੀ ਚੰਗੀ ਸਿਹਤ ਲਈ ਸਾਨੂੰ ਚੰਗੇਰੇ ਹਵਾਦਾਰ ਘਰ, ਸਾਫ਼ ਸੁਥਰਾ ਵਾਤਾਵਰਨ, ਸਾਫ਼ ਪਾਣੀ ਤੇ ਸਾਫ਼ ਸਫ਼ਾਈ ਸਹੂਲਤਾਂ, ਚੰਗੇਰੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਚੰਗੀਆਂ ਲੋਕ ਹਿੱਤੂ ਸਰਕਾਰਾਂ ਤੇ ਪ੍ਰਸ਼ਾਸਨ ਵੀ ਤਿਆਰ ਕਰਨਾ ਪਵੇਗਾ। ਨਹੀਂ ਤਾਂ ਮਨੁੱਖੀ ਨਸਲ ਦੇ ਚੰਗੇ ਭਵਿੱਖ ਦੀ ਆਸ ਨਹੀਂ ਰੱਖੀ ਜਾ ਸਕਦੀ।
ਸੰਪਰਕ: 98158-02070


Comments Off on ਮਨੁੱਖੀ ਤਬਾਹੀ ਦਾ ਸੂਚਕ ਹੈ ਪ੍ਰਦੂਸ਼ਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.