ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

Posted On March - 11 - 2017

ਅਜੀਤ ਸਿੰਘ ਚੰਦਨ
12802cd _bg_inner_4ਜਦੋਂ ਇਨਸਾਨ ਦੇ ਦਿਲ ਵਿੱਚ ਉਦਾਸੀ ਤੇ ਦਿਲਗੀਰੀ ਪੀਹੜਾ ਡਾਹ ਕੇ ਬੈਠ ਜਾਵੇ ਤਾਂ ਜ਼ਿੰਦਗੀ ਗੁਜ਼ਾਰਨੀ ਇੰਨੀ ਆਸਾਨ ਨਹੀਂ ਹੁੰਦੀ। ਦਿਲ ਹੌਕੇ ਭਰਦਾ  ਹੈ ਤੇ ਇਨਸਾਨ ਗੁੰਮ ਹੋਇਆ ਘਰ ਦੀਆਂ ਕੰਧਾਂ ਵੱਲ ਵੇਖਦਾ ਹੈ। ਇੰਜ ਲੱਗਦਾ ਹੈ ਜਿਵੇਂ ਇਨਸਾਨ ਕਿਧਰੇ ਜਲਾਵਤਨੀ ਭੁਗਤ ਰਿਹਾ ਹੋਵੇ। ਮਨ ਨੂੰ ਦਿੱਤੀਆਂ ਝੂਠੀਆਂ ਤਸੱਲੀਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ। ਉਦੋਂ ਜੇ ਕੋਈ ਮਾੜੀ ਜਿੰਨੀ ਧਰਵਾਸ ਵੀ ਬੰਨ੍ਹਾਵੇ ਤਾਂ ਸੋਗੀ ਮਨ ਮੰਨਦਾ ਨਹੀਂ, ਸਗੋਂ ਉਦਾਸੀ ਦੇ ਹੋਰ ਡੂੰਘੇ ਸਾਗਰਾਂ ਵਿੱਚ ਉਤਰ ਜਾਂਦਾ ਹੈ।
ਅਜਿਹੀ ਅਵਸਥਾ ਵਿੱਚ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣਾ ਨਿਰੀਖਣ ਕਰੇ, ਆਪਣੇ ਮਨ ਦੀਆਂ ਸਾਰੀਆਂ ਜੇਬਾਂ ਫਰੋਲ ਲਵੇ ਕਿ ਗ਼ਲਤੀ ਕਿੱਥੇ ਹੋਈ ਹੈ। ਕਿਉਂ ਉਸ ਦੇ ਸੁਪਨੇ ਵੀ ਜਲਾਵਤਨੀ ਭੁਗਤ ਰਹੇ ਹਨ? ਉਸ ਦੇ ਹਿੱਸੇ ਦੀਆਂ ਖੁਸ਼ੀਆਂ ਕੌਣ ਚੋਰੀ ਕਰਕੇ ਲੈ ਗਿਆ ਹੈੈ?  ਕਈ ਵਾਰੀ ਅਜਿਹੀ ਦਿਲਗੀਰੀ ਤੇ ਉਦਾਸੀ ਜ਼ਿੰਦਗੀ ਦੀ ਸਹੀ ਦਿਸ਼ਾ ਤੇ ਰਾਹ ਲੱਭਣ ਲਈ ਵੀ ਜ਼ਰੂਰੀ ਹੁੰਦੀ ਹੈ। ਜਿੰਨਾ ਚਿਰ ਇਨਸਾਨ ਜ਼ਿੰਦਗੀ ਵਿੱਚ ਕੀਤੀਆਂ ਗ਼ਲਤੀਆਂ ਦਾ ਪੂਰਾ ਬਿਊਰਾ ਤਿਆਰ ਨਹੀਂ ਕਰਦਾ, ਓਨਾ ਚਿਰ ਉਸ ਵਿੱਚ ਕਿਸੇ ਸੁਧਾਰ ਦੀ ਆਸ ਵੀ ਨਹੀਂ ਹੁੰਦੀ।
ਕੌਣ ਹੈ ਜੋ ਕਦੇ ਆਪਣੀ ਜ਼ਿੰਦਗੀ ਵਿੱਚ ਉਦਾਸ ਨਹੀਂ ਹੋਇਆ? ਕੌਣ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਖੂਹਾਂ ਵਿੱਚ ਉਤਰ ਕੇ ਨਹੀਂ ਵੇਖਿਆ? ਇਨ੍ਹਾਂ ਡੂੰਘੇ ਹਨੇਰੇ ਖੂਹਾਂ ਵੱਲ ਝਾਤੀਆਂ ਮਾਰਨ ਪਿੱਛੋਂ ਇਨਸਾਨ ਨੂੰ ਜ਼ਿੰਦਗੀ ਦੀ ਸਹੀ ਦਿਸ਼ਾ ਵੱਲ ਤੁਰ ਪੈਣਾ ਚਾਹੀਦਾ ਹੈ। ਕਿਸੇ ਇੱਕ ਚੌਰਾਹੇ ’ਤੇ  ਤੁਸੀਂ ਕਿੰਨੇ ਕੁ ਚਿਰ ਖੜ੍ਹੇ ਰਹਿ ਸਕਦੇ ਹੋ? ਕਿੰਨੀ ਕੁ ਲੰਮੀ ਉਮਰ ਇਸ ਉਦਾਸੀ ਤੇ ਦਿਲਗੀਰੀ ਦੇ ਲੇਖੇ ਲਾਈ ਜਾ ਸਕਦੀ ਹੈ? ਆਖ਼ਿਰਕਾਰ ਇਨਸਾਨ ਨੂੰ ਆਪਣੀ ਹਿੰਮਤ ਨਾਲ ਸਿੱਧੀ ਸੇਧ ਵੇਖ ਕੇ ਤੁਰਨਾ ਹੀ ਪੈਂਦਾ ਹੈ। ਜੇਕਰ ਇਨਸਾਨ ਨੇ ਭੈੜੇ ਤਜਰਬਿਆਂ ਨੂੰ ਦਫ਼ਨ ਕਰਕੇ ਸਹੀ ਦਿਸ਼ਾ ਲੱਭ ਲਈ ਹੋਵੇ ਤਾਂ ਇਹ ਕੋਈ ਆਲੋਕਾਰ ਗੱਲ ਨਹੀਂ ਕਿ ਓਹੀ ਇਨਸਾਨ ਇੱਕ ਦਿਨ ਜ਼ਿੰਦਗੀ ਦੇ ਸਹੀ ਰਾਹ ’ਤੇ ਤੁਰ ਕੇ ਆਪਣੀ ਮੰਜ਼ਿਲ ਨੂੰ ਪਾ ਲਵੇ ਅਤੇ ਜ਼ਿੰਦਗੀ ਦੇ ਹਨੇਰੇ ਰਾਹਾਂ ਨੂੰ ਪਿੱਛੇ ਛੱਡ ਕੇ ਰੌਸ਼ਨੀ ਦੀ ਦਿਸ਼ਾ ਵੱਲ ਤੁਰ ਪਵੇ। ਸਾਰੇ ਰਾਹ ਇਨਸਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਾਲੇ ਨਹੀਂ ਹੁੰਦੇ, ਸਗੋਂ ਮੱਕੇ ਪਹੁੰਚਣ ਲਈ ਮੱਕੇ ਦਾ ਰਾਹ ਹੀ ਫੜਿਆ ਜਾਵੇ ਤਾਂ ਠੀਕ ਹੈ।
ਜਿੰਨਾ ਡੂੰਘਾ ਤੁਹਾਡਾ ਪਛਤਾਵਾ ਹੋਵੇਗਾ, ਓਨਾ ਹੀ ਠੀਕ ਦਿਸ਼ਾ ਵੱਲ ਤੁਰਨ ਦੀ ਤੁਹਾਡੀ ਅਭਿਲਾਸ਼ਾ ਵੀ ਹੋਵੇਗੀ। ਨਵੀਂ ਆਸ ਤੇ ਨਵੀਂ ਚਾਹਤ ਨਾਲ ਜੇ ਤੁਸੀਂ ਕਿਸੇ ਸਹੀ ਦਿਸ਼ਾ ਵੱਲ ਤੁਰ ਪੈਂਦੇ ਹੋ ਤਾਂ ਜ਼ਿੰਦਗੀ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੋ ਜਾਂਦੀ ਹੈ। ਓਹੀ ਮਨ ਜੋ ਤੁਹਾਨੂੰ ਹਨੇਰੇ ਰਾਹ ਵੱਲ ਧੱਕੀ ਜਾਂਦਾ ਸੀ, ਤੁਹਾਨੂੰ ਰੌਸ਼ਨੀ ਭਰੇ ਰਾਹ ਤੇ ਉੱਚੀਆਂ ਮੰਜ਼ਿਲਾਂ ਵੱਲ ਵੀ ਲਿਜਾ ਸਕਦਾ ਹੈ। ਪਰ ਮਨ ਦੀ ਪਕਿਆਈ, ਦਿੜ੍ਹਤਾ ਤੇ ਹੌਸਲੇ ਦੀ ਲੋੜ ਹੈ।
ਸਿਧਾਰਥ ਨੇ ਮਹਿਲਾਂ ਤੋਂ ਤੁਰਨ ਵੇਲੇ ਜ਼ਿੰਦਗੀ ਦੇ ਹਨੇਰੇ ਜੰਗਲਾਂ ਤੋਂ ਪਾਰ ਜਾਣ ਦਾ ਰਾਹ ਲੱਭ ਲਿਆ ਸੀ। ਪਰ ਇਹ ਰਾਹ ਲੱਭਣ ਲਈ ਵੀ 6 ਸਾਲ  ਲੱਗੇ। ਮਨ ਦੀ ਪਕਿਆਈ ਨਾਲ ਉਹ  ਜੰਗਲਾਂ ਦੇ ਕੰਡੇ ਮਿੱਧਦਾ ਰਿਹਾ ਤੇ ਅੱਗੇ ਹੀ ਅੱਗੇ ਤੁਰਦਾ ਵੀ ਗਿਆ। ਉਸ ਨੂੰ ਮੰਜ਼ਿਲ ਤੋਂ ਦੂਰ ਲਿਜਾਣ, ਭਟਕਾਉਣ ਵਾਲੀਆਂ ਸ਼ਕਤੀਆਂ ਨੇ ਪੂਰੀ ਵਾਹ ਲਾਈ। ਪਰ ਉਹ ਡੋਲਿਆ ਨਹੀਂ। ਜੰਗਲ ਦੀ ਡੈਣ ਮਾਰਾ ਨੇ ਬੜੇ ਯਤਨ ਕੀਤੇ  ਕਿ ਸਿਧਾਰਥ ਬੁੱਧ ਨਾ ਬਣ ਸਕੇ, ਪਰ ਸਿਧਾਰਥ ਨੇ ਮਾਰਾ ਦੇ ਸਾਰੇ ਯਤਨ ਨਾ-ਕਾਮਯਾਬ ਕਰ ਦਿੱਤੇ। ਮਾਰਾ ਦੇ ਮਾਰੇ ਤੀਰ ਬੁੱਧ ਅੱਗੇ ਇੱਕ ਫੁੱਲਾਂ ਦਾ ਢੇਰ ਬਣ ਗਏ। ਮਨ ਜੋ ਤੁਹਾਨੂੰ ਭਟਕਣ ਤੇ ਗ਼ਲਤ ਰਾਹ ਵੱਲ ਤੋਰਦਾ ਹੈ। ਤੁਹਾਨੂੰ ਠੀਕ ਰਾਹ ’ਤੇ ਪਾ ਕੇ ਮੰਜ਼ਿਲ ’ਤੇ ਵੀ ਪਹੁੰਚਾ ਸਕਦਾ ਹੈ। ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਸਿੱਖੋ। ਜੇਕਰ ਤੁਹਾਡਾ ਮਨ ਕਾਬੂ ਵਿੱਚ ਆ ਗਿਆ ਤਾਂ ਸਮਝ ਲਵੋ ਕਿ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਵੀ ਕਰ ਸਕਦੇ ਹੋ। ਮਨ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਸਹੀ ਰਾਹ ’ਤੇ ਤੁਰਿਆਂ ਤੁਹਾਨੂੰ ਬੁੱਧ ਬਣਾ ਸਕਦਾ ਹੈ। ਜੇ ਚਾਹੋ ਤਾਂ ਤੁਹਾਨੂੰ ਜ਼ਿੰਦਗੀ ਦੀਆਂ ਸਭ ਸੁੱਖ-ਸਹੂਲਤਾਂ ਵੀ ਪ੍ਰਾਪਤ ਹੋ ਸਕਦੀਆਂ ਹਨ। ਲੋੜ ਸਿਰਫ਼ ਪੱਕੇ ਇਰਾਦੇ ਤੇ ਸਹੀ ਰਾਹ ਦੀ ਹੈ।
ਲੋੜ ਹੌਸਲੇ ਤੇ ਮਨ ਦੀ ਪਕਿਆਈ ਦੀ ਵੀ ਹੈ ਕਿਉਂਕਿ ਜਿਸ ਇਨਸਾਨ ਨੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਦਾ ਪੱਕਾ ਮਨ ਬਣਾ ਲਿਆ, ਉਸ ਨੂੰ ਕੋਈ ਸ਼ਕਤੀ ਰੋਕ ਨਹੀਂ ਸਕਦੀ। ਫ਼ਰਹਾਦ ਨੇ ਵਕਤ ਦੀ ਸਰਕਾਰ ਦਾ ਹੁਕਮ ਮੰਨ ਕੇ ਆਪਣੀ ਸ਼ੀਰੀ ਨੂੰ ਮਿਲਣ ਖ਼ਾਤਰ ਪਹਾੜ ਖੋਦ ਕੇ ਨਹਿਰ ਵਗਾ ਦਿੱਤੀ ਸੀ।
ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜ਼ਿੰਦਗੀ ਦੇ ਕਾਲੇ ਪਰਛਾਵਿਆਂ ਤੋਂ ਕਿਨਾਰਾ ਕਰ ਲਵੋ ਤੇ ਸਿਰਫ਼ ਤੁਹਾਡਾ ਮੂੰਹ ਰੌਸ਼ਨੀ ਵੱਲ ਹੀ ਰਹੇ, ਤਦ ਤੁਹਾਡੇ ਮਨ ਵਿੱਚ ਸ਼ਕਤੀ ਭਰ ਜਾਵੇਗੀ। ਤੁਸੀਂ ਕਾਮਯਾਬੀ ਵੀ ਹਾਸਲ ਕਰ ਸਕੋਗੇ। ਹਰ ਇਨਸਾਨ ਆਪਣੀ ਜ਼ਿੰਦਗੀ ਦਾ ਮਲਾਹ ਆਪ ਹੀ ਹੁੰਦਾ ਹੈ ਜੋ ਕਿਸ਼ਤੀ ਵਿੱਚ ਬੈਠ ਕੇ ਆਪਣੀ ਬੇੜੀ ਨੂੰ ਡੂੰਘੇ ਸਾਗਰ ਤੋਂ ਪਾਰ ਲੈ ਜਾਂਦਾ ਹੈ।
ਅੱਜਕੱਲ੍ਹ ਕਿੰਨੇ ਵਿਦਿਆਰਥੀ ਹਨ ਜੋ ਆਪਣੀ ਹਿੰਮਤ, ਦਲੇਰੀ ਤੇ ਉਤਸ਼ਾਹ ਨਾਲ ਇੰਜਨੀਅਰ ਜਾਂ ਡਾਕਟਰੀ ਦੀ ਪੜ੍ਹਾਈ ਕਰਕੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਚੁੱਕੇ ਹਨ। ਕਈ ਅਮਰੀਕਾ, ਕੈਨੇਡਾ ਪਹੁੰਚ ਕੇ ਚੰਗੀਆਂ ਕਮਾਈਆਂ ਵੀ ਕਰ ਚੁੱਕੇ ਹਨ। ਕਈ ਆਪਣੀ ਹਿੰਮਤ ਨਾਲ ਹੀ ਉੱਚੀ ਪੜ੍ਹਾਈ ਕਰਕੇ ਪਰਿਵਾਰ ਦੀ ਗ਼ਰੀਬੀ ਵਿੱਚੋਂ ਬਾਹਰ ਨਿਕਲੇ ਹਨ। ਕਈ ਵਿਦੇਸ਼ ਵਿੱਚ ਪਹੁੰਚ ਕੇ ਵੀ ਹੋਰ ਉੱਚੀਆਂ ਪੜ੍ਹਾਈਆਂ ਕਰਕੇ ਨਾਮੀਂ ਡਾਕਟਰ ਜਾਂ ਵੱਡੀਆਂ ਕੰਪਨੀਆਂ ਦੇ ਮੈਨੇਜਰ ਨਿਯੁਕਤ ਹੋ ਚੁੱਕੇ ਹਨ।
ਹਰ ਇਨਸਾਨ ਆਪਣੀ ਕਿਸਮਤ ਦਾ  ਨਿਰਮਾਤਾ ਆਪ ਹੈ। ਜ਼ਿੰਦਗੀ ਵਿੱਚ ਠੀਕ ਰਾਹ ’ਤੇ ਪੈ ਕੇ ਉਹ ਹਰ ਮੁਸ਼ਕਿਲ ਤੋਂ ਪਾਰ ਹੋ ਜਾਂਦਾ ਹੈ। ਹਰ ਵਕਤ ਖ਼ਿਆਲ ਇਹ ਰੱਖੋ ਕਿ ਤੁਹਾਡੇ ਕਦਮ ਕਿਤੇ ਤੁਹਾਨੂੰ ਗ਼ਲਤ ਰਾਹਾਂ ’ਤੇ ਤਾਂ ਨਹੀਂ ਤੋਰ ਰਹੇ। ਸਹੀ ਰਾਹ ’ਤੇ ਤੁਰੋਗੇ ਤਾਂ ਮੰਜ਼ਿਲ ਵੀ ਦੂਰ ਨਹੀਂ।
ਸੰਪਰਕ: 95696-56510


Comments Off on ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.