ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

Posted On March - 18 - 2017

ਬਲਦੇਵ ਸਿੰਘ (ਸੜਕਨਾਮਾ)

10703cd _spongsਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ਕੀ ਲੋਕਗੀਤਾਂ ਵਿੱਚ ਸਮੁੱਚਾ ਜੀਵਨ ਪ੍ਰਵਾਹ ਜਨਮ ਤੋਂ ਲੈ ਕੇ ਮੌਤ ਤਕ ਸਮਾਇਆ ਹੁੰਦਾ ਹੈ। ਪੰਜਾਬ ਵਿੱਚ ਮਾਲਵਾ, ਮਾਝਾ, ਦੁਆਬਾ ਤੇ ਪੁਆਧ ਦੇ ਲੋਕਗੀਤ ਥੋੜ੍ਹੇ-ਬਹੁਤੇ ਉਚਾਰਣ ਦੇ ਲਹਿਜੇ ਅਤੇ ਸ਼ਬਦਾਂ ਦੇ ਫਰਕ ਤੋਂ ਬਿਨਾਂ ਲਗਪਗ ਸਾਂਝੇ ਹਨ।
ਇੱਥੇ ਅਸੀਂ ਮਾਲਵੇ ਦੇ ਲੋਕਗੀਤਾਂ ਬਾਰੇ ਵਧੇਰੇ ਚਰਚਾ ਕਰਾਂਗੇ। ਮਾਲਵੇ ਦੀ ਬੋਲੀ ਬਾਰੇ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ। ਪਹਿਲਾਂ ਤਾਂ ਮਾਲਵੇ ਦੇ ਇਲਾਕੇ ਨੂੰ ‘ਜੰਗਲੀ ਇਲਾਕਾ’ ਕਿਹਾ ਜਾਂਦਾ ਸੀ। ਅੱਜ ਮਾਲਵੇ ਦੀ ਭਾਸ਼ਾ ਜਾਂ ਬੋਲੀ, ਮਾਝੇ, ਦੁਆਬੇ ਤੇ ਪੁਆਧ ਦੀਆਂ ਬੋਲੀਆਂ ਉੱਪਰ ਪੂਰੀ ਤਰ੍ਹਾਂ ਭਾਰੂ ਹੈ। ਲੋਕਗੀਤਾਂ ਪੱਖੋਂ ਵੀ ਤੇ ਸਾਹਿਤ ਸਿਰਜਣ ਪੱਖੋਂ ਵੀ। ਮਾਲਵੇ ਦੇ ਲੋਕਗੀਤਾਂ ਵਿੱਚ  ਇੱਥੋਂ ਦੇ ਵਾਸੀਆਂ ਦਾ ਵਸੇਬ, ਘਰਾਂ ਦੀਆਂ ਤੰਗੀਆਂ, ਅਮੀਰ-ਗ਼ਰੀਬ ਲੋਕਾਂ ਦੀ ਜੀਵਨ-ਜਾਚ, ਅਧੂਰੀਆਂ ਸੱਧਰਾਂ, ਹੇਰਵਿਆਂ ਆਦਿ ਦਾ ਭਰਪੂਰ ਜ਼ਿਕਰ ਮਿਲਦਾ ਹੈ। ਇੱਕ ਲੋਕ ਬੋਲੀ ਇਸ ਤਰ੍ਹਾਂ ਹੈ:
ਵੱਡਿਆਂ ਘਰਾਂ ਨੇ ਕੀਤੇ ਤਿਹੋਲੇ,
ਖੰਡ-ਘਿਓ ਖ਼ੂਬ ਰਲਾ ਕੇ,
ਮਾੜਿਆਂ ਘਰਾਂ ਕੀਤੀ ਗੋਈ,
ਗੁੜ ਦੀ ਰੋੜੀ ਪਾ ਕੇ।
ਤੇਲ ਬਾਝ ਨਾ ਪੱਕਦੇ ਗੁਲਗੁਲੇ,
ਵੇਖ ਰਹੀ ਪਰਤਿਆ ਕੇ।
ਆ ਜਾ ਮਿੱਤਰਾ ਵੇ,
ਦੇ ਜਾ ਤੇਲ ਲਿਆ ਕੇ।
ਇਨ੍ਹਾਂ ਲੋਕ-ਗੀਤਾਂ ਰਾਹੀਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਸਾਡੇ ਪੁਰਖਿਆਂ ਦੀ, ਸਾਡੇ ਵਡੇਰਿਆਂ ਦੀ ਖਾਧ-ਖੁਰਾਕ ਕੀ ਹੁੰਦੀ ਸੀ, ਉਨ੍ਹਾਂ ਦੇ ਮਨ-ਪਰਚਾਵੇ ਕਿਹੜੇ ਹੁੰਦੇ ਸਨ, ਉਹ ਕੀ ਖੇਡਾਂ ਖੇਡਦੇ ਸਨ, ਕੱਪੜੇ ਕਿਸ ਤਰ੍ਹਾਂ ਦੇ ਪਹਿਨਦੇ ਸਨ, ਉਨ੍ਹਾਂ ਦੇ ਸੁਭਾਅ ਕਿਸ ਤਰ੍ਹਾਂ ਦੇ ਸਨ, ਖੁੱਲ੍ਹੇ-ਡੁੱਲ੍ਹੇ ਮਨਮੌਜੀ ਸਨ ਜਾਂ ਪੂਰੇ ਸੰਜੀਦਾ ਸਨ। ਬੋਲੀ ਵੇਖੋ:

 ਬਲਦੇਵ ਸਿੰਘ ਸੜਕਨਾਮਾ

ਬਲਦੇਵ ਸਿੰਘ ਸੜਕਨਾਮਾ

ਨਾਲੇ ਬਾਬਾ ਲੱਸੀ ਪੀ ਗਿਆ
ਨਾਲੇ ਪਤਲੀ ਪਰਖਦਾ ਜਾਵੇ।
ਦਰਅਸਲ, ਸਾਡੇ ਲੋਕਗੀਤ, ਸਾਡਾ ਲੋਕ ਸਾਹਿਤ ਹਨ। ਇਹ ਗੀਤ ਮੌਖਿਕ ਹੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਸਫ਼ਰ ਕਰਦੇ ਹਨ। ਇਨ੍ਹਾਂ ਦਾ ਕੋਈ ਰਚੇਤਾ ਨਹੀਂ ਹੈ। ਇਹ ਲੋਕ ਸਿਆਣਪਾਂ ਵਿੱਚੋਂ ਤਰਾਸ਼ ਕੇ ਨਿਕਲੇ ਮਾਣਕ ਮੋਤੀ ਹਨ। ਇਨ੍ਹਾਂ ਲੋਕਗੀਤਾਂ ਵਿੱਚ ਮਨੁੱਖੀ ਜੀਵਨ ਦਾ ਕਿਹੜਾ ਹਿੱਸਾ ਹੈ, ਜਿਸ ਦੀ ਚਰਚਾ ਨਹੀਂ ਹੁੰਦੀ। ਪੰਘੂੜੇ ਤੋਂ ਲੈ ਕੇ ਸ਼ਮਸ਼ਾਨਘਾਟ ਤਕ ਦੇ ਰੀਤੀ-ਰਿਵਾਜਾਂ ਦਾ ਵਰਣਨ ਲੋਕਗੀਤਾਂ ਵਿੱਚੋਂ ਮਿਲਦਾ ਹੈ।
ਲੋਕਗੀਤ ਮੌਖਿਕ ਸਾਹਿਤ ਹੁੰਦਾ ਹੈ ਜੋ ਮੂੰਹੋਂ-ਮੂੰਹ ਤੁਰਦਾ ਸਾਰੀ ਜਾਤੀ ਦਾ ਸਾਂਝਾ ਹੋਣ ਕਰਕੇ ਲੋਕ ਸਾਹਿਤ ਅਖਵਾਉਂਦਾ ਹੈ। ਇਹ ਸਿੱਧੇ ਸਾਦੇ ਲੋਕਾਂ ਦੀ ਕਿਰਤ ਹੁੰਦਾ ਹੈ। ਇਹ ਲੋਕਾਂ ਦੇ ਦਿਲਾਂ ਵਿੱਚ ਅੰਕਿਤ ਹੁੰਦਾ ਹੈ ਤੇ ਹਰ ਸਮੇਂ ਲੋਕ ਇਸ ਨੂੰ ਲਿਸ਼ਕਾਉਂਦੇ ਤੇ ਸੰਵਾਰਦੇ ਰਹਿੰਦੇ ਹਨ। ਅਜਿਹਾ ਸਾਹਿਤ ਕਿਸੇ ਵੀ ਕਾਲ ਦੇ ਨਾਲ ਬੱਝਿਆ ਨਹੀਂ ਹੁੰਦਾ। ਇਹ ਸਾਹਿਤ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੀ ਸੁਹਜ-ਕਲਾ ਵਿੱਚ  ਉਪਜਦਾ ਰਹਿੰਦਾ ਹੈ। ਇਸ ਨੂੰ ਸਿਰਜਣ ਲਈ ਕਿਸੇ ਵਿੱਦਿਆ ਦੀ ਲੋੜ ਨਹੀਂ ਪੈਂਦੀ। ਇਹ ਲੋਕ ਸਾਹਿਤ ਸਮੂਹ ਦੀ ਮਲਕੀਅਤ ਹੁੰਦਾ ਹੈ। ਸਾਡੇ ਲੋਕਗੀਤ ਜੰਗਲ ਵਿੱਚ ਉੱਗੇ ਆਪ ਮੁਹਾਰੇ ਜੰਗਲੀ ਫੁੱਲਾਂ ਵਰਗੇ ਖ਼ੂਬਸੂਰਤ ਹੁੰਦੇ ਹਨ।
ਸਮੁੱਚੇ ਪੰਜਾਬ ਦਾ ਮੂਲ ਕਿੱਤਾ ਕਿਰਸਾਨੀ ਰਿਹਾ ਹੈ। ਇਸ ਪੱਖੋਂ ਮਾਲਵਾ ਸਭ ਤੋਂ ਮੋਹਰੀ ਹੈ। ਮਲਾਵੇ ਦੀ ਧਰਤੀ ਵਿੱਚੋਂ ਪੈਦਾ ਹੁੰਦੀਆਂ ਵੰਨ-ਸੁਵੰਨੀਆਂ ਫ਼ਸਲਾਂ ਵਾਂਗ ਮਾਲਵੇ ਦੇ ਲੋਕਗੀਤਾਂ ਵਿੱਚ ਵੀ ਵੰਨ-ਸੁਵੰਨਤਾ ਹੈ। ਇਹ ਮਾਲਵਾ ਵਾਸੀਆਂ ਦੇ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ। ਇਹ ਕਦੇ  ਪੁਰਾਣੇ ਨਹੀਂ ਹੁੰਦੇ। ਇਨ੍ਹਾਂ ਗੀਤਾਂ ਵਿੱਚੋਂ ਸਦਾ ਸੱਜਰੇ ਫੁੱਲਾਂ ਦੀ ਸੁਗੰਧ ਆਉਂਦੀ ਹੈ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਜਿਊਂਦੇ ਹਨ। ਇਨ੍ਹਾਂ ਨੂੰ ਬੇਸੁਰੇ ਵੀ ਗਾ ਸਕਦੇ ਹਨ। ਇਨ੍ਹਾਂ ਨੂੰ ਸਿੱਖਣ ਲਈ ਕੋਈ ਗੁਰੂ ਨਹੀਂ ਧਾਰਨਾ ਪੈਂਦਾ। ਇਹ ਸੁਣ-ਸੁਣ ਕੇ ਹੀ ਗਾਉਣੇ ਆ ਜਾਂਦੇ ਹਨ।
ਮਾਲਵੇ ਦੇ ਲੋਕਗੀਤਾਂ ਦਾ ਭੰਡਾਰ ਬੜਾ ਅਮੀਰ, ਵਿਸ਼ਾਲ ਤੇ ਬਹੁਰੰਗਾ ਹੈ। ਇਨ੍ਹਾਂ ਵਿੱਚ ਵਿਚਾਰਾਂ ਦੀ ਸਾਦਗੀ ਹੈ, ਪਰ ਅਰਥ ਬੜੇ ਡੂੰਘੇ ਹਨ। ਵੰਨਗੀ ਵੇਖੋ:
ਜਾਹ ਮੈਂ ਨੀ ਕਰਾਉਂਦੀ ਪੂਣੀ,
ਬੰਨ੍ਹ ਕੇ ਤੁਰ ਜੇਂ ਗਾ।
ਇਨ੍ਹਾਂ ਬੋਲਾਂ ਵਿੱਚ ਨਾਰੀ ਦੇ ਦਰਦ, ਉਸ ਦੇ ਹੇਰਵੇ ਨੂੰ ਕਿੰਨੇ ਸਹਿਜ ਢੰਗ ਨਾਲ, ਕਿੰਨੀ ਸਾਦਗੀ ਨਾਲ ਵਰਨਣ ਕੀਤਾ ਗਿਆ ਹੈ। ਨਾਰੀ ਦੇ ਇਨਕਾਰ  ਕਰਨ ਵਿੱਚ ਵੀ ਅੰਤਾਂ ਦਾ ਮੋਹ ਤੇ ਦੁੱਖ ਹੈ। ਜੇ ਉਸ ਨੇ ਆਪਣੇ ਹਾਣੀ ਦੀ ਪੱਗ ਦੀ ਪੂਣੀ ਕਰਵਾ ਦਿੱਤੀ ਤਾਂ ਉਸ ਨੇ ਪੱਗ ਬੰਨ੍ਹ ਕੇ ਘਰੋਂ ਤੁਰ ਜਾਣਾ ਹੈ ਤਾਂ ਪਿੱਛੋਂ ਉਸ ਨੇ ਬਿਰਹਾ ਦੀ ਅੱਗ ਵਿੱਚ ਸੜਨਾ ਹੈ। ਸ਼ਬਦਾਂ ਦੀ ਕਿੰਨੀ ਸੰਜਮਤਾ ਹੈ ਤੇ ਇਸ ਸੰਜਮਤਾ ਵਿੱਚ ਕਿੰਨੀ ਵਿਸ਼ਾਲਤਾ ਹੈ। ਇਨ੍ਹਾਂ ਦੋ ਪੰਕਤੀਆਂ ਉੱਪਰ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਇਹ ਲੋਕਗੀਤਾਂ ਵਿੱਚ ਹੀ ਗੁਣ ਹੈ ਜਾਂ ਸਮਰੱਥਾ ਹੈ, ਇਹ ਕੁੱਜੇ ਵਿੱਚ ਸਮੁੰਦਰ ਬੰਦ ਕਰ ਸਕਦੇ ਹਨ।
ਲੋਕਗੀਤਾਂ ਦੇ ਬੋਲਾਂ ਵਿੱਚ ਇੰਨੀ ਰਵਾਨਗੀ ਹੁੰਦੀ ਹੈ ਕਿ ਉਹ ਆਪ ਮੁਹਾਰੇ ਬੁੱਲ੍ਹਾਂ ਉੱਪਰ ਥਿਰਕਦੇ, ਤਿਲਕਦੇ ਤੁਰੇ ਜਾਂਦੇ ਹਨ। ਕੋਈ ਕਵਿਤਾ ਲੋਕਗੀਤਾਂ ਦੇ ਹਾਣ     ਦੀ ਨਹੀਂ ਹੋ ਸਕਦੀ। ਇੱਕ ਮੁਟਿਆਰ ਦੀ ਸਮਰਪਣ ਭਾਵਨਾ ਵੇਖੋ:
ਤੇਰੇ ਪਾਣੀ ਦੇ ਗਲਾਸ ਵਿੱਚ ਮਿੱਤਰਾ,
ਖੁਰ ਜਾਵਾਂ ਖੰਡ ਬਣ ਕੇ।
ਜਦੋਂ ਸਾਡੇ ਮਾਲਵੇ ਦਾ ਗੱਭਰੂ ਕਿਸੇ ਮੁਟਿਆਰ ਦੇ ਹੁਸਨ ਦੀ ਸਿਫ਼ਤ ਕਰਨ ’ਤੇ ਆ ਜਾਵੇ, ਫਿਰ ਹੱਦਾਂ-ਬੰਨਿਆਂ ਦਾ ਖ਼ਿਆਲ ਨਹੀਂ ਰਹਿੰਦਾ। ਇਸ ਚੜ੍ਹਦੀ ਉਮਰ ਵਿੱਚ ਗੱਭਰੂ ਹੋਵੇ ਜਾਂ ਮੁਟਿਆਰ ਜਜ਼ਬੇ ਠਾਠਾਂ ਮਾਰਦੇ ਹਨ। ਬੇਕਾਬੂ ਦਿਲ ਸ਼ੂਕਦੇ ਦਰਿਆਵਾਂ ਵਾਂਗ ਆਪ-ਮੁਹਾਰੇ ਹੋ ਤੁਰਦੇ ਹਨ। ਲੋਕਗੀਤਾਂ ਵਿੱਚ ਇਸ ਉਮਰ ਦਾ ਸਭ ਤੋਂ ਵੱਧ ਵਰਨਣ ਹੈ। ਅਧੂਰੀਆਂ ਸੱਧਰਾਂ ਦਾ ਹੇਰਵਾ ਤੇ ਝੋਰਾ ਮੁਟਿਆਰ ਲੋਕਗੀਤਾਂ ਰਾਹੀਂ ਹੀ ਪ੍ਰਗਟ ਕਰਦੀ ਹੈ:
ਸੱਸੇ ਨੀ ਤੇਰੇ ਪੰਜ ਪੁੱਤਰ,
ਦੋ ਦੇਵਰ, ਦੋ ਜੇਠ,
ਜਿਹੜਾ ਮੇਰੇ ਹਾਣ ਦਾ,
ਉਹ ਤੁਰ ਗਿਆ ਪ੍ਰਦੇਸ।
ਮਾਲਵੇ ਦੇ ਖੇਤਰ ਵਿੱਚ ਲੜਕੀ ਦਾ ਬਾਪ ਲਾਲਚ ਵਸ ਆਪਣੀ ਧੀ ਲਈ ਉਮਰ ਦਾ ਹਾਣੀ ਲੱਭਣ ਦੀ ਥਾਂ ਕਈ ਵਾਰ ਅਜਿਹੇ ਰਿਸ਼ਤੇ ਜੋੜ ਬਹਿੰਦਾ ਹੈ, ਜਿਹੜੇ ਧੀ ਲਈ ਸਾਰੀ ਉਮਰ ਦਾ ਰੋਗ ਬਣ ਜਾਂਦੇ ਹਨ। ਟੂੰਮਾਂ-ਗਹਿਣੇ ਵੀ ਉਸ ਦਾ ਮਨ ਨਹੀਂ ਪਰਚਾ ਸਕਦੇ। ਅਜਿਹੀ ਮੁਟਿਆਰ ਦਾ ਰੁਦਨ ਲੋਕਗੀਤ ਵਿੱਚ ਇਸ ਤਰ੍ਹਾਂ ਵਰਨਣ ਕੀਤਾ ਗਿਆ ਹੈ:
ਨੌਕਰ ਨੂੰ ਦੋ ਗੰਢੇ ਤੁੜਕ ਦਿਆਂ, ਹਾਲੀ ਨੂੰ ਦੋ ਭੂਕਾਂ।
ਵਿਆਹ ਤੀ ਬੁਢੜੇ ਨੂੰ ਟੂੰਮਾਂ ਨੂੰ ਕੀ ਫੂਕਾਂ।
ਪਰ ਕਈ ਥਾਈਂ ਅਜਿਹੇ ਰਿਸ਼ਤਿਆਂ ਦੀ ਗੱਲ ਬੜੀ ਹਾਸੋਹੀਣੀ ਬਣ ਜਾਂਦੀ ਹੈ। ਲੋਕਗੀਤਾਂ ਇਹ ਖ਼ੂਬੀ ਹੈ ਕਿ ਇਨ੍ਹਾਂ ਵਿੱਚ ਵੀ ਰੌਚਿਕਤਾ, ਕਲਾਤਮਕਤਾ ਹੈ:-
ਇੱਕ ਗੱਲ ਚਰਜ ਸੁਣੀ
ਨੂੰਹ ਸਹੁਰੇ ਦੀ ਸਾਲੀ।
ਮਾਲਵੇ ਦੇ ਲੋਕਗੀਤਾਂ ਵਿੱਚ ਪੇਕਾ ਅਤੇ ਸਹੁਰਾ ਘਰ ਤੇ ਰਿਸ਼ਤੇਦਾਰਾਂ ਬਾਰੇ ਅਨੇਕਾਂ ਗੀਤ ਮਿਲਦੇ ਹਨ। ਪਿਓ-ਧੀ, ਮਾਂ-ਧੀ, ਭੈਣ-ਭਰਾ, ਪਤੀ-ਪਤਨੀ, ਜੀਜਾ-ਸਾਲੀ, ਨਣਾਨ-ਭਰਜਾਈ, ਨੂੰਹ-ਸੱਸ, ਜੇਠ-ਜਠਾਣੀ, ਨੂੰਹ-ਸਹੁਰਾ ਆਦਿ ਅਜਿਹੇ ਰਿਸ਼ਤੇ ਹਨ ਜਿਨ੍ਹਾਂ ਨੂੰ ਨਿੰਦਣਾ ਜਾਂ ਵਡਿਆਉਣਾ ਹੁੰਦਾ ਹੈ। ਇਸ ਕਾਰਜ ਲਈ ਸਭ ਤੋਂ ਸੌਖਾ ਅਤੇ ਸੁਹਜਮਈ ਸਾਧਨ ਸਾਡੇ ਲੋਕਗੀਤ ਹੀ ਹਨ। ਲੋਕਗੀਤਾਂ ਦਾ ਵਾਸਾ ਲੋਕਾਂ ਦੀ ਜ਼ੁਬਾਨ ’ਤੇ ਵਧੇਰੇ ਰਿਹਾ ਹੈ। ਲੋਕਗੀਤਾਂ ਵਿੱਚ ਪ੍ਰਤੀਕਾਂ ਅਤੇ ਬਿੰਬਾਂ ਦੀ ਵਰਤੋਂ ਖੁੱਲ੍ਹ ਕੇ, ਪਰ ਬੇਹੱਦ ਸੁਚੱਜੇ ਢੰਗ ਨਾਲ ਹੋਈ ਹੈ। ਇਨ੍ਹਾਂ ਵਿੱਚ ਵਿਅੰਗ ਤੇ ਡੂੰਘਾ ਵਿਅੰਗ ਵੀ ਹੁੰਦਾ ਹੈ।
ਮੈਨੂੰ ਕਹਿੰਦਾ ਪੇਕੇ ਨੀ ਜਾਂਦੀ, ਜਾ ਚੱਲੀ ਮੈਂ ਪੇਕੇ।
ਜਾਏ ਵੱਢੇ ਦਾ ਕੁਲੱਛਣਾ, ਰੂੜੀ ਚੜ੍ਹ-ਚੜ੍ਹ ਵੇਖੇ।
ਮਨੁੱਖੀ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਜਾਂ ਦੇਸ਼ ਕਾਲ ਵਿੱਚ ਵਾਪਰੇ ਵੱਡੇ ਦੁਖਾਂਤ, ਰਾਜਸੀ ਉਥਲ-ਪੁਥਲ ਆਦਿ ਵੀ ਲੋਕਗੀਤਾਂ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਲੋਕਗੀਤਾਂ ਰਾਹੀਂ ਸਾਨੂੰ ਆਰਥਿਕ ਤੇ ਸਮਾਜਿਕ ਸਥਿਤੀਆਂ ਦਾ ਪਤਾ ਲੱਗਦਾ ਹੈ:
* ਬੋਹਲ ਸਾਰਾ ਵੇਚ ਘੱਤਿਆ,
   ਛਿੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ।
* ਰੱਬ ਮੋਇਆ ਦੇਵਤੇ ਭੱਜ ਗਏ,
   ਰਾਜ ਫਰੰਗੀਆਂ ਦਾ।
ਸਾਡੇ ਲੋਕਗੀਤਾਂ ਵਿੱਚ ਇੱਕ ਪਾਸੇ ਆਜ਼ਾਦੀ ਲਈ ਸੰਘਰਸ਼ ਸੀ, ਦੂਸਰੇ ਪਾਸੇ ਫਰੰਗੀਆਂ ਦਾ ਸਵਾਗਤ ਕਰਨ ਦੀ ਮਾਨਸਿਕਤਾ ਵੀ ਸੀ। ਉਨ੍ਹਾਂ ਵਰਗਾ ਬਣਨ ਦੀ ਲਾਲਸਾ ਵੀ ਸੀ:
* ਵੀਰ ਮੇਰਾ ਵਿਆਹ ਕੇ ਲਿਆਇਆ
 ਸੜਕਾਂ ਸਾਫ਼ ਕਰੋ।
* ਪਹਿਨਾਂ ਰੇਸ਼ਮੀ ਜੋੜਾ,
 ਅੱਗ ਲਾਵਾਂ ਫੁਲਕਾਰੀ ਨੂੰ।
ਸੱਭਿਆਚਾਰ ਬਦਲਦਾ ਹੈ ਤਾਂ ਸਾਡੀਆਂ ਤਰਜੀਹਾਂ ਵੀ ਬਦਲਦੀਆਂ ਹਨ। ਲੋਕਗੀਤ ਵੀ ਬਦਲਦੇ ਹਨ:
ਮਿੱਤਰਾਂ ਦੀ ਮੋਟਰ ’ਤੇ ਕੱਚ ਦੀ ਗਲਾਸੀ ਖੜਕੇ।
ਤਬਦੀਲੀ ਨਾਲ ਸਭ ਕੁਝ ਬਦਲਦਾ ਹੈ। ਸਾਡੀ ਸੋਚ ਸਾਡੇ ਵਿਚਾਰ, ਸਾਡੀਆਂ ਭਾਵਨਾਵਾਂ, ਸਾਡਾ ਸਮਾਜ, ਸਾਡਾ ਸੱਭਿਆਚਾਰ ਵੀ ਸਦਾ ਬਦਲਦਾ ਰਹਿੰਦਾ ਹੈ। ਹਰ ਪੀੜ੍ਹੀ ਆਪਣੇ ਵਡੇਰਿਆਂ ਕੋਲੋਂ ਆਪਣਾ ਵਿਰਸਾ ਲੈਂਦੀ ਆਈ ਹੈ ਤੇ ਆਪਣੀ ਸਮਰੱਥਾ ਅਨੁਸਾਰ ਇਸ ਵਿੱਚ ਵਾਧਾ ਕਰਦੀ ਹੈ। ਫਿਰ ਅਗਲੀ ਪੀੜ੍ਹੀ ਨੂੰ ਸੌਂਪ ਦਿੰਦੀ ਹੈ। ਇਸ ਤਰ੍ਹਾਂ ਸਾਡੇ ਲੋਕਗੀਤਾਂ ਵਿੱਚ ਵੀ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ।
ਲੋਕਗੀਤਾਂ ਦੀ ਸਿਰਜਣਾ ਵਿੱਚ ਦੰਦ-ਕਥਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਦੰਦ-ਕਥਾਵਾਂ ਨੇ ਹੀ, ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਵਾਲ ਆਦਿ ਕਿੱਸਿਆਂ ਨੂੰ ਜਨਮ ਦਿੱਤਾ। ਹਰ ਪੀੜ੍ਹੀ ਆਪਣੀ ਸੋਚ ਅਤੇ ਅਨੁਭਵ ਨਾਲ ਇਨ੍ਹਾਂ ਵਿੱਚ ਵਾਧਾ-ਘਾਟਾ ਕਰਦੀ ਰਹਿੰਦੀ ਹੈ। ਵਿਸ਼ੇ-ਵਸਤੂ ਦੇ ਪੱਖ ਤੋਂ ਵੀ ਲੋਕਗੀਤਾਂ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ। ਲੋਕਗੀਤਾਂ ਰਾਹੀਂ ਸਦਾਚਾਰਕ ਗੁਣਾਂ ਦਾ ਵੀ ਪ੍ਰਸਾਰ ਹੁੰਦਾ ਹੈ। ਇਹ ਮਨੁੱਖ ਨੂੰ ਮਾਨਵਤਾ ਦਾ ਸੰਦੇਸ਼ ਵੀ ਦਿੰਦੇ ਹਨ:
ਤੇਰੇ ਹੱਡ ਨੀ ਕਿਸੇ ਵੀ ਕੰਮ ਆਉਣੇ,
ਪਸ਼ੂਆਂ ਦੇ ਚੰਮ ਵਿਕਦੇ।
ਮਾਲਵੇ ਦੇ ਲੋਕਗੀਤਾਂ ਵਿੱਚ ਇੱਥੋਂ ਦੇ ਰੰਗਲੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਝਲਕਦੀ ਹੈ। ਲੋਕਗੀਤਾਂ ਦੀ ਸਭ ਤੋਂ ਪੁਰਾਣੀ ਵੰਨਗੀ ਬੋਲੀ ਜਾਂ ਟੱਪਾ ਹੈ। ਇਹ ਸਿਰਫ਼ ਦੋ ਸਤਰਾਂ ਦੀ ਹੁੰਦੀ ਹੈ। ਅੱਗੇ ਇਸ ਦੀਆਂ ਬੜੀਆਂ ਵੰਨਗੀਆਂ ਹਨ। ਕਿੱਕਲੀ, ਲੋਰੀਆਂ, ਦੋਹੇ, ਸਿੱਠਣੀਆਂ, ਲੰਮੀਆਂ ਬੋਲੀਆਂ, ਲੰਮੀ ਹੇਕ ਦੇ ਗੀਤ ਆਦਿ। ਵੱਖ-ਵੱਖ ਮੌਕਿਆਂ ਅਤੇ ਰਸਮਾਂ ਤਿਉਹਾਰਾਂ ਲਈ ਵੱਖ-ਵੱਖ ਲੋਕਗੀਤ ਹਨ। ਜਦ ਕਿਸੇ ਵਿਆਹ ਜਾਂ ਤੀਆਂ ਵਰਗੇ ਤਿਉਹਾਰਾਂ ’ਤੇ ਮੁਟਿਆਰਾਂ ਜਾਂ ਸੱਜ ਵਿਆਹੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਮਰਦਾਂ ਦੀ ਗ਼ੈਰਹਾਜ਼ਰੀ ਵਿੱਚ ਆਪਣੇ ਮਨ ਅੰਦਰ ਦੱਬੀਆਂ ਰੀਝਾਂ, ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਦੀਆਂ ਹਨ। ਜੇ ਸਬੱਬੀ ਕੋਈ ਮਰਦ ਉੱਧਰ ਆ ਜਾਵੇ ਤਾਂ ਇਹ ਬੋਲ ਕੇ ਭੈਣਾਂ, ‘ਨਾ ਸੁਣ ਵੇ ਬੇਸ਼ਰਮਾ ਵੀਰਾ’ ਵਰਜਦੀਆਂ ਹਨ।
ਮੈਂ ਪਹਿਲਾਂ ਲੋਕਗੀਤਾਂ ਵਿੱਚ ਸਮੇਂ-ਸਮੇਂ ਹੁੰਦੀ ਤਬਦੀਲੀ ਦੀ ਗੱਲ ਕੀਤੀ ਸੀ। ਮੈਂ ਦੋ ਵੰਨਗੀਆਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਹਨ। ਕਦੇ ਸਮਾਂ ਹੁੰਦਾ ਸੀ, ਸਾਡੇ ਮਾਲਵੇ ਦੇ ਗੱਭਰੂਆਂ ਦੀ ਪੂਰੇ ਦੇਸ਼ ਵਿੱਚ ਧਾਕ ਹੁੰਦੀ ਸੀ। ਉਦੋਂ ਕੁੜੀਆਂ ਇਸ ਤਰ੍ਹਾਂ ਬੋਲੀ ਪਾਉਂਦੀਆਂ ਸਨ:
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ।
ਦੁੱਧਾ ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਿਆ ਕਬੂਤਰ ਜਾਵੇ।
ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਉਂ ਬਗਲਾ ਤਲਾਅ ਵਿੱਚ ਨਾਵੇ।
ਗਿੱਧਾਂ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ।
ਪਰ ਵਕਤ ਬਦਲਦਾ ਗਿਆ। ਪੰਜਾਬ ਵਿੱਚ ਨਸ਼ੇ ਆ ਗਏ। ਮੌਤ ਨੂੰ ਮਖੌਲਾਂ ਕਰਨ ਵਾਲੇ ਗੱਭਰੂਆਂ ਨੂੰ ਮੌਤ ਮਖੌਲਾਂ ਕਰਨ ਲੱਗ ਪਈ। ਬਦਲਦੇ ਹਾਲਾਤ ਵਿੱਚ ਸਾਡੀਆਂ ਲੋਕ-ਬੋਲੀਆਂ, ਲੋਕਗੀਤ ਵੀ ਬਦਲ ਗਏ।
* ਚਿੱਟੇ ਚਾਦਰੇ ਜ਼ਮੀਨਾਂ ਗਹਿਣੇ,
 ਪੁੱਤਰ ਸਰਦਾਰਾਂ ਦੇ
* ਜੂਆ ਹਾਰ ਕੇ ਵੜ ਗਿਆ ਠੇਕੇ,
 ਦੁਖੀ ਹੋਈ ਰੰਨ ਤੁਰ ਗਈ ਪੇਕੇ
ਹੁਣ ਕੁੜੀਆਂ ਬੋਲੀ ਪਾਉਂਦੀਆਂ ਹਨ:
ਪਿੰਡ ਮੇਰੇ ਦੇ ਮੁੰਡੇ ਵੀਰਨੇ, ਖਾਂਦੇ ਚਿੱਟਾ, ਪੀਂਦੇ ਪੋਸਤ, ਨਾਲੇ ਲਾਉਂਦੇ ਜਰਦਾ।
ਫਿੱਟ-ਫਿੱਟੀਆਂ ’ਤੇ ਗੇੜੇ ਦਿੰਦੇ, ਕੰਮ ਕੋਈ ਨਾ ਕਰਦਾ।
ਸੱਥ ਵਿੱਚ ਬੈਠਾ ਬਾਪੂ ਝੂਰੇ, ਨਾ ਜਿਊਂਦਾ ਨਾ ਮਰਦਾ।
ਬੋਲ ਸ਼ਰੀਕਾਂ ਦੇ ਤਾਹੀਓਂ, ਵੀਰਨਾ ਜਰਦਾ।
ਇਸ ਤਰ੍ਹਾਂ ਸਾਡੇ ਲੋਕਗੀਤ ਸਮੇਂ ਦੀ ਤਬਦੀਲੀ ਦੇ ਪ੍ਰਭਾਵ ਨੂੰ ਵਿਸ਼ਾਲਤਾ ਵਿੱਚ ਗ੍ਰਹਿਣ ਕਰਦੇ ਹਨ। ਇਸ ਕਾਰਨ ਲੋਕਗੀਤਾਂ ਵਿੱਚ ਸੱਜਰੇ ਫੁੱਲਾਂ ਵਰਗੀ ਤਾਜ਼ਗੀ ਰਹਿੰਦੀ ਹੈ। ਹੁਣ ਕੰਪਿਊਟਰ, ਇੰਟਰਨੈੱਟ ਤੇ ਮੋਬਾਈਲ ਫੋਨ ਵੀ ਲੋਕਗੀਤਾਂ ਵਿੱਚ ਆ ਗਏ। ਇਹ ਸਮੁੱਚੇ ਪੰਜਾਬੀਆਂ ਤੇ ਖ਼ਾਸ ਕਰਕੇ ਮਲਵਈਆਂ ਦੀ ਜਿੰਦਾ-ਦਿਲੀ ਦਾ ਕਮਾਲ ਹੈ ਕਿ ਸਾਡੇ ਲੋਕਗੀਤ ਮਲਵਈ ਅਤੇ ਪੰਜਾਬੀ ਸੱਭਿਆਚਾਰ ਦਾ ਸਦੀਵੀ ਦਰਪਣ ਬਣੇ।

ਸੰਪਰਕ: 98147-83065


Comments Off on ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.