ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਮਾਂ ਦਾ ਮੋਹ

Posted On March - 11 - 2017

12802cd _story 11ਬਾਲ ਕਹਾਣੀ

ਹਰਪਾਲ ਸਨੇਹੀ ਘੱਗਾ

ਅਮਿਤੋਜ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸ ਨੂੰ ਪੰਛੀ ਬਹੁਤ ਚੰਗੇ ਲੱਗਦੇ ਸਨ। ਉਹ ਅਕਸਰ ਉਨ੍ਹਾਂ ਬਾਰੇ ਹੀ ਸੋਚਦਾ ਰਹਿੰਦਾ ਅਤੇ ਉਨ੍ਹਾਂ ਨੂੰ ਫੜਨ ਲਈ ਵਿਉਂਤਾਂ ਬਣਾਉਂਦਾ ਰਹਿੰਦਾ। ਇੱਕ ਦਿਨ ਉਹ ਸਕੂਲੋਂ ਪੜ੍ਹ ਕੇ ਘਰ ਆ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਇੱਕ ਨਿੱਕੇ ਜਿਹੇ ਰੁੱਖ ’ਤੇ ਬਣੇ ਘੁੱਗੀ ਦੇ ਆਲ੍ਹਣੇ ’ਤੇ ਪਈ, ਜਿਸ ਵਿੱਚ ਘੁੱਗੀ ਆਪਣੇ ਨਿੱਕੇ-ਨਿੱਕੇ, ਪਿਆਰੇ-ਪਿਆਰੇ ਬੱਚਿਆਂ ਨੂੰ ਚੋਗਾ ਖੁਆ ਰਹੀ ਸੀ। ਜਿਉਂ ਹੀ ਉਹ ਆਲ੍ਹਣੇ ਦੇ ਨੇੜੇ ਗਿਆ ਤਾਂ ਘੁੱਗੀ ਫੁਰਰ ਕਰਕੇ ਉਡਾਰੀ ਮਾਰ ਗਈ। ਅਮਿਤੋਜ ਨੇ ਆਲ੍ਹਣੇ ’ਚੋਂ ਇੱਕ ਬੱਚਾ ਚੁੱਕ ਲਿਆ ਅਤੇ ਆਪਣੇ ਘਰ ਵੱਲ ਤੁਰ ਪਿਆ। ਜਦੋਂ ਉਹ ਘਰ ਆਇਆ ਤਾਂ ਉਸ ਦੀ ਮਾਂ ਨੇ ਉਸ ਦੇ ਹੱਥ ਵਿੱਚ ਘੁੱਗੀ ਦੇ ਬੱਚੇ ਨੂੰ ਵੇਖ ਕੇ ਪੁੱਛਿਆ, ‘‘ਅਮਿਤੋਜ ਬੇਟੇ, ਘੁੱਗੀ ਦਾ ਇਹ ਨਿੱਕਾ ਜਿਹਾ ਬੱਚਾ ਤੂੰ ਕਿੱਥੋਂ ਚੁੱਕ ਲਿਆਇਆਂ ਹੈਂ?’
‘ਮੰਮੀ, ਜਦੋਂ ਮੈਂ ਸਕੂਲੋਂ ਘਰ ਆ ਰਿਹਾ ਸੀ ਤਾਂ ਘੁੱਗੀ ਇਸ ਦੇ ਮੂੰਹ ਵਿੱਚ ਚੋਗਾ ਪਾ ਰਹੀ ਸੀ ਅਤੇ ਮੈਂ ਇਸ ਨੂੰ ਆਲ੍ਹਣੇ ’ਚੋਂ ਚੁੱਕ ਲਿਆਇਆ।’’ ਅਮਿਤੋਜ ਨੇ ਖ਼ੁਸ਼ ਹੁੰਦਿਆਂ ਉਸ ਨੂੰ ਪਲੋਸਦਿਆਂ ਦੱਸਿਆ।
‘ਨਹੀਂ ਬੇਟੇ, ਸਿਆਣੇ ਬੱਚੇ ਇੰਜ ਨਹੀਂ ਕਰਿਆ ਕਰਦੇ। ਇਹ ਵਿਚਾਰਾ ਨਿੱਕਾ ਜਿਹਾ ਹੈ, ਇਸ ਲਈ ਇਹ ਮਰ ਜਾਵੇਗਾ, ਇਸ ਲਈ ਤੂੰ ਇਸ ਨੂੰ ਵਾਪਸ ਇਸ ਦੇ ਘਰ ਛੱਡ ਆ, ਇਸ ਦੀ ਮੰਮੀ ਕੋਲ।’’
ਉਸ ਦੀ ਮੰਮੀ ਨੇ ਉਸ ਨੂੰ ਬਹੁਤ ਸਮਝਾਇਆ, ਪਰ ਅਮਿਤੋਜ ਨਾ ਮੰਨਿਆ। ਸ਼ਾਮ ਨੂੰ ਜਦੋਂ ਅਮਿਤੋਜ ਦੇ ਪਾਪਾ ਘਰ ਆਏ ਤਾਂ ਉਸ ਨੇ ਵੀ ਅਮਿਤੋਜ ਨੂੰ ਬਹੁਤ ਸਮਝਾਇਆ ਕਿ ਬੱਚੇ ਭਾਵੇਂ ਮਨੁੱਖ ਦੇ ਹੋਣ, ਭਾਵੇਂ ਕਿਸੇ ਪੰਛੀ ਦੇ, ਉਹ ਮਾਂ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ। ਪਰ ਅਮਿਤੋਜ ਉੁਸ ਬੱਚੇ ਨੂੰ ਛੱਡਣ ਲਈ ਬਿਲਕੁਲ ਵੀ ਤਿਆਰ ਨਾ ਹੋਇਆ।
ਦੂਜੇ ਦਿਨ ਅਮਿਤੋਜ ਤਿਆਰ ਹੋ ਕੇ ਸਕੂਲ ਚਲਾ ਗਿਆ ਅਤੇ ਘੁੱਗੀ ਦੇ ਬੱਚੇ ਨੂੰ ਇੱਕ ਪਿੰਜਰੇ ਵਿੱਚ ਬੰਦ ਕਰਕੇ ਰੱਖ ਦਿੱਤਾ, ਪਰ ਸਾਰੀ ਛੁੱਟੀ ਵੇਲੇ ਜਦੋਂ ਉਹ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਮੰਮੀ ਘਰ ਨਹੀਂ ਸੀ ਅਤੇ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ। ਉਹ ਆਂਢ-ਗੁਆਂਢ ਦੇ ਸਾਰੇ ਘਰਾਂ ਵਿੱਚ ਆਪਣੀ ਮੰਮੀ ਨੂੰ ਵੇਖ ਰਿਹਾ ਸੀ, ਪਰ ਉਸ ਦੀ  ਮੰਮੀ ਉਸ ਨੂੰ ਕਿੱਧਰੇ ਵੀ ਨਜ਼ਰ ਨਾ ਆਈ। ਹੌਲੀ-ਹੌਲੀ ਰਾਤ ਪੈਣੀ ਸ਼ੁਰੂ ਹੋ ਗਈ ਅਤੇ ਅਮਿਤੋਜ ਦਾ ਆਪਣੀ ਮੰਮੀ ਤੋਂ ਬਿਨਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ, ਪਰ ਉਸ ਦੀ ਮੰਮੀ ਦਾ ਕੋਈ ਪਤਾ ਨਾ ਲੱਗ ਸਕਿਆ।
ਗੁਆਂਢਣ ਆਂਟੀ ਨੇ ਅਮਿਤੋਜ ਨੂੰ ਚੁੱਪ ਕਰਵਾਇਆ ਅਤੇ ਖੁਆ-ਪਿਲਾ ਕੇ ਉਸ ਨੂੰ ਆਪਣੇ ਘਰ ਹੀ ਪਾ ਲਿਆ। ਮੰਜੇ ’ਤੇ ਪੈਂਦਿਆਂ ਉਸ ਨੂੰ ਕਦੋਂ ਨੀਂਦ ਆ ਗਈ, ਉਸ ਨੂੰ ਪਤਾ ਹੀ ਨਾ ਲੱਗਾ।
ਸਵੇਰੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੇ-ਆਪ ਨੂੰ ਆਪਣੇ ਘਰ ਹੀ ਮੰਜੇ ’ਤੇ ਪਿਆ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਅਤੇ ਭੱਜ ਕੇ ਆਪਣੀ ਮੰਮੀ ਦੇ ਗਲ਼ ਨੂੰ ਚਿੰਬੜ ਗਿਆ ਅਤੇ ਹਾਓਕੇ ਭਰਦਾ ਹੋਇਆ ਬੋਲਿਆ, ‘‘ਮੰਮੀ, ਤੁਸੀਂ ਕਿੱਥੇ ਚਲੇ ਗਏ ਸੀ, ਮੈਨੂੰ ਇਕੱਲਾ ਛੱਡ ਕੇ। ਮੈਨੂੰ ਇੰਨਾ ਡਰ ਲੱਗਾ, ਮੈਂ ਇੰਨਾ ਰੋਇਆ…।’’ ਕਹਿ ਕੇ ਉਹ ਫਿਰ ਆਪਣੀ ਮੰਮੀ ਦੇ ਗਲ਼ ਲੱਗ ਕੇ ਰੋਣ ਲੱਗ ਪਿਆ।
ਉਸ ਦੀ ਮੰਮੀ ਨੇ ਉਸ ਨੂੰ ਚੁੱਪ ਕਰਵਾਉਂਦਿਆਂ ਕਿਹਾ, ‘‘ਨਹੀਂ ਬੇਟੇ, ਮੈਂ ਤਾਂ ਕਿਧਰੇ ਵੀ ਨਹੀਂ ਗਈ ਸੀ। ਰਾਤ ਨੂੰ ਮੈਂ ਤੇਰੇ ਨਾਲ ਹੀ ਤਾਂ ਪਈ ਸੀ, ਪਰ ਹਾਂ, ਰਾਤ ਨੂੰ ਤੈਨੂੰ ਜ਼ਰੂਰ ਸੁਪਨਾ ਆਇਆ ਹੋਵੇਗਾ। ਵੇਖਿਆ ਬੇਟੇ, ਮਾਂ ਤੋਂ ਬਿਨਾਂ ਬੱਚਾ ਕਿੰਨਾ ਦੁਖੀ ਹੋ ਜਾਂਦਾ ਹੈ। ਫਿਰ ਇਹ ਘੁੱਗੀ ਦਾ ਬੱਚਾ ਦੋ ਦਿਨਾਂ ਤੋਂ ਕਿੰਨਾ ਘੂੰ-ਘੂੰ ਕਰਕੇ ਰੋ ਰਿਹਾ ਏ ਅਤੇ ਆਪਣੀ ਮੰਮੀ ਨੂੰ ਯਾਦ ਕਰ ਰਿਹਾ ਏ।’’ ਅਮਿਤੋਜ ਨੂੰ ਹੁਣ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਸੀ। ਫਿਰ ਅਮਿਤੋਜ ਨੇ ਘੁੱਗੀ ਦੇ ਬੱਚੇ ਨੂੰ ਪਿੰਜਰੇ ’ਚੋਂ ਕੱਢਿਆ ਅਤੇ ਚਾਹ ਪੀਤੇ ਬਿਨਾਂ ਹੀ ਘੁੱਗੀ ਦੇ ਬੱਚੇ ਨੂੰ ਉਸ ਦੇ ਆਲ੍ਹਣੇ ਵਿੱਚ ਛੱਡਣ ਲਈ ਚੱਲ ਪਿਆ।

ਸੰਪਰਕ: 95019-99354


Comments Off on ਮਾਂ ਦਾ ਮੋਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.