ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮਿਨੀ ਕਹਾਣੀਆਂ

Posted On March - 19 - 2017

ਆਪੋ ਆਪਣੀ ਪਰੇਸ਼ਾਨੀ
11503cd _punjabi_girl_in_suit_wallpapers_for_desktopਮਨਪ੍ਰੀਤ ਅਜੇ ਬਾਰ੍ਹਵੀਂ ਵਿੱਚ ਪੜ੍ਹਦੀ ਸੀ ਕਿ ਉਸ ਦੇ ਪਿਤਾ ਨੇ ਪੇਪਰਾਂ ਤੋਂ ਪਹਿਲਾਂ ਹੀ ਉਸ ਦਾ ਵਿਆਹ ਕਰ ਦਿੱਤਾ। ਹੁਣ ਉਹ ਹਫ਼ਤੇ ਵਿੱਚ ਇੱਕ-ਦੋ ਦਿਨ ਹੀ ਸਕੂਲ ਜਾਂਦੀ। ਪ੍ਰਿੰਸੀਪਲ ਸਾਹਿਬ ਉਸ ਦੇ ਪਿੰਡ ਦੇ ਸਨ। ਉਹ ਇਸ ਗੱਲੋਂ ਬਹੁਤ ਗੁੱਸੇ ਸਨ, ਪਰ ਪਿੰਡ ਦੀ ਲਿਹਾਜ਼ ਕਰਕੇ ਉਨ੍ਹਾਂ ਨੇ ਕੋਈ ਠੋਸ ਕਦਮ ਨਾ ਚੁੱਕਿਆ। ਅੱਜ ਉਹ ਗੁੱਸੇ ਵਿੱਚ ਸਵੇਰੇ ਸਕੂਲ ਤੋਂ ਪਹਿਲਾਂ ਹੀ ਮਨਪ੍ਰੀਤ ਦੇ ਘਰ ਇਸ ਬਾਰੇ ਗੱਲ ਕਰਨ ਚਲੇ ਗਏ।
‘‘ਕੁੜੀ ਬਹੁਤ ਗ਼ੈਰਹਾਜ਼ਰ ਰਹਿੰਦੀ ਹੈ। ਮੈਂ ਇਸ ਨੂੰ ਰੱਖ ਕੇ ਸਕੂਲ ਦਾ ਨਤੀਜਾ ਖ਼ਰਾਬ ਨਹੀਂ ਕਰਨਾ,’’ ਉਹ ਗੁੱਸੇ ਵਿੱਚ ਬੋਲੇ।
‘‘ਸਰ ਜੀ, ਹੁਣ ਮੈਂ ਕੀ ਕਰਾਂ, ਕਦੇ ਸਹੁਰੇ ਜਾਂਦੀ ਹਾਂ, ਕਦੇ ਇੱਥੇ ਆਉਂਦੀ ਹਾਂ। ਉੱਤੋਂ ਪੇਪਰਾਂ ਦਾ ਫ਼ਿਕਰ ਲੱਗਿਆ ਹੈ। ਪੜ੍ਹਨ ਦਾ ਟਾਈਮ ਨਹੀਂ ਮਿਲਦਾ ਜੀ। ਮੇਰੇ ਤੋਂ ਕਿਹੜਾ ਪੁੱਛ ਕੇ ਵਿਆਹ ਕੀਤਾ ਸੀ। ਸਰ, ਹੁਣ ਮੈਂ ਕੀ ਕਰਾਂ?’’ ਰੋਣਹਾਕੀ ਹੋਈ ਮਨਪ੍ਰੀਤ ਨੇ ਆਖਿਆ।
ਉਹ ਦੋਵੇਂ ਹੁਣ ਮਨਪ੍ਰੀਤ ਦੇ ਪਿਤਾ ਵੱਲ ਦੇਖ ਰਹੇ ਸਨ।
‘‘ਮੈਂ ਕੀ ਕਰਦਾ ਪ੍ਰਿੰਸੀਪਲ ਸਾਬ੍ਹ, ਕਰਜ਼ਾ ਦਿਨੋ-ਦਿਨ ਵਧਦਾ ਜਾ ਰਿਹਾ ਸੀ। ਉੱਤੋਂ ਇਸ ਦੇ ਹੱਥ ਪੀਲੇ ਕਰਨ ਦਾ ਫ਼ਿਕਰ। ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਉਧਾਰ ਫੜ ਕੇ ਕਿਵੇਂ ਨਾ ਕਿਵੇਂ ਮੈਂ ਇਹ ਫ਼ਿਕਰ ਤਾਂ ਲਾਹਿਆ। ਮੈਂ ਵਿਚੋਲੇ ਨੂੰ ਕਿਹਾ ਸੀ ਕਿ ਵਿਆਹ ਪੇਪਰਾਂ ਤੋਂ ਬਾਅਦ ਕਰਨਾ ਹੈ, ਪਰ ਉਨ੍ਹਾਂ ਨੂੰ ਕਾਹਲੀ ਸੀ। ਚੰਗਾ ਰਿਸ਼ਤਾ ਕਿਹੜਾ ਰੋਜ਼-ਰੋਜ਼ ਮਿਲਦਾ ਹੈ ਜੀ!’’
ਪ੍ਰਿੰਸੀਪਲ ਸਾਹਿਬ ਜੋ ਬੜੇ ਗੁੱਸੇ ਨਾਲ ਉਨ੍ਹਾਂ ਦੇ ਘਰ ਗਏ ਸਨ, ਹੁਣ ਬੜੇ ਸ਼ਾਂਤ ਜਿਹੇ ਹੋ ਕੇ ਸਕੂਲ ਵੱਲ ਆ ਰਹੇ ਸਨ।
– ਸ਼ਮਿੰਦਰ ਕੌਰ

ਸਿਆਸਤ
ਭੇਡ ਦਾ ਲੇਲਾ ਨਦੀ ਦੀ ਢਲਾਨ ’ਤੇ ਪਾਣੀ ਪੀ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਸ਼ੇਰ ’ਤੇ ਪਈ। ਸ਼ੇਰ ਵੀ ਪਾਣੀ ਪੀਣ ਲੱਗਿਆ। ਲੇਲੇ ਨੂੰ ਆਪਣੇ ਪੜਦਾਦੇ ਦੀ ਕਹਾਣੀ ਯਾਦ ਆ ਗਈ। ਇਸੇ ਤਰ੍ਹਾਂ ਹੀ ਉਸ ਦਾ ਪੜਦਾਦਾ ਵੀ ਇੱਕ ਵਾਰੀ ਪਾਣੀ ਪੀਣ ਲੱਗਾ ਸੀ ਤਾਂ ਪਾਣੀ ਜੂਠਾ ਕਰ ਰਿਹਾ ਹੋਣ ਦਾ ਬਹਾਨਾ ਬਣਾ ਕੇ ਸ਼ੇਰ ਉਸ ਦੇ ਪੜਦਾਦੇ ਨੂੰ ਖਾ ਗਿਆ ਸੀ। ਲੇਲੇ ਦੀ ਮੰਮੀ ਨੇ ਉਸ ਨੂੰ ਇਹ ਕਹਾਣੀ ਕਈ ਵਾਰ ਸੁਣਾਈ ਸੀ।
ਇਹ ਕਹਾਣੀ ਯਾਦ ਕਰ ਕੇ ਲੇਲਾ ਥਰ ਥਰ ਕੰਬ ਰਿਹਾ ਸੀ। ਸ਼ੇਰ ਉਸ ਕੋਲ ਆ ਕੇ ਕਹਿਣ ਲੱਗਾ, “ਹੋਰ ਬੇਟੇ, ਕੀ ਹਾਲ ਐ?”
“ਠੀਕ ਐ ਅੰਕਲ ਜੀ।” ਲੇਲੇ ਨੇ ਕੰਬਦਿਆਂ ਕਿਹਾ।
“ਹੋਰ ਮੰਮੀ ਡੈਡੀ ਦਾ ਕੀ ਹਾਲ ਐ?”
“ਸਭ ਠੀਕ ਠਾਕ ਐ ਅੰਕਲ ਜੀ।”
“ਤੂੰ ਆਪਣੀ ਸਿਹਤ ਦੇ ਨਾਲ ਨਾਲ ਮੰਮੀ ਡੈਡੀ ਦਾ ਵੀ ਧਿਆਨ ਰੱਖਿਆ ਕਰ। ਤੂੰ ਸਮਝ ਗਿਆ ਨਾ ਬੇਟੇ? ਮੇਰੇ ਤਕ ਕੋਈ ਵੀ ਕੰਮ ਹੋਵੇ ਜਦੋਂ ਮਰਜ਼ੀ ਆ ਜਾਵੀਂ। ਚੰਗਾ ਬੇਟੇ ਮੈਂ ਚੱਲਦਾ ਹਾਂ।” ਲੇਲਾ ਸੋਚ ਰਿਹਾ ਸੀ ਕਿ ਮੰਮੀ ਡੈਡੀ ਤਾਂ ਕਹਿੰਦੇ ਸੀ ਸ਼ੇਰ ਅੰਕਲ ਕੋਲੋਂ ਬਚ ਕੇ ਰਿਹਾ ਕਰੋ, ਪਰ ਇਹ ਤਾਂ ਬਹੁਤ ਹੀ ਚੰਗੇ ਅੰਕਲ ਹਨ। ਮੈਨੂੰ ਐਵੇਂ ਹੀ ਡਰਾਉਂਦੇ ਰਹੇ ਤੇ ਮੈਂ ਐਵੇਂ ਡਰਦਾ ਰਿਹਾ।
ਸ਼ੇਰਨੀ ਇਹ ਸਾਰਾ ਦ੍ਰਿਸ਼ ਵੇਖ ਰਹੀ ਸੀ। ਉਸ ਨੇ ਆਉਂਦੇ ਹੀ ਸ਼ੇਰ ਨੂੰ ਗੁੱਸੇ ’ਚ ਕਿਹਾ, “ਮੈਂ ਤੁਹਾਨੂੰ ਸ਼ਿਕਾਰ ਕਰਨ ਭੇਜਿਆ ਸੀ ਤੇ ਤੁਸੀਂ ਲੇਲੇ ਨਾਲ ਗੱਲਾਂ ਮਾਰ ਕੇ ਆ ਗਏ! ਮੈਨੂੰ ਕਿੰਨੀ ਭੁੱਖ ਲੱਗੀ ਐ ਤੇ ਤੁਸੀਂ ਕੂਲਾ ਕੂਲਾ ਲੇਲਾ ਛੱਡ ਦਿੱਤਾ।” “ਓ ਭਾਗਵਾਨੇ ਤੂੰ ਤਾਂ ਨਿਰੀ ਕਮਲੀ ਹੈਂ। ਅਗਲੇ ਹਫ਼ਤੇ ਜੰਗਲ ਵਿੱਚ ਚੋਣਾਂ ਹਨ। ਆਪਾਂ ਚੋਣਾਂ ਜਿੱਤ ਕੇ ਜਨਤਾ ਨੂੰ ਹੀ ਖਾਣਾ ਹੈ…।” ਇਹ ਸੁਣ ਕੇ ਸ਼ੇਰਨੀ ਵੀ ਮੁਸਕੁਰਾਉਣ ਲੱਗੀ।
– ਡਾ. ਅਮਰੀਕ ਸਿੰਘ ਕੰਡਾ
ਸੰਪਰਕ: 098557-35666

ਨੂਰਾਨੀ ਚਿਹਰਾ
ਮੈਨੂੰ ਜੰਗਲਾਤ ਮਹਿਕਮੇ ਵਿੱਚ ਨੌਕਰੀ ’ਤੇ ਆਇਆਂ ਤਿੰਨ ਕੁ ਮਹੀਨੇ ਹੋਏ ਸਨ। ਪਹਿਲੀ ਤਨਖ਼ਾਹ ਵੀ ਨਹੀਂ ਸੀ ਮਿਲੀ। ਇੱਕ ਦਿਨ ਆਮ ਚੈਕਿੰਗ ਦੌਰਾਨ ਵੇਖਿਆ ਕਿ ਕੁਝ ਬੰਦੇ ਨਹਿਰ ਦੀ ਜ਼ਮੀਨ ਵਿੱਚ ਟਿਊਬਵੈੱਲ ਵਾਸਤੇ ਕਮਰਾ ਬਣਾ ਰਹੇ ਸਨ। ਪੁੱਛਣ ’ਤੇ ਪਤਾ ਲੱਗਿਆ ਕਿ ਇਹ ਜ਼ਮੀਨ ਬਾਬਾ ਮੰਗਲ ਦਾਸ ਦੀ ਹੈ ਤੇ ਉਸ ਦੇ ਹੁਕਮ ’ਤੇ ਇਹ ਕਮਰਾ ਬਣ ਰਿਹਾ ਹੈ। ਉਨ੍ਹਾਂ ਨੇ ਫੋਨ ਕਰਕੇ ਬਾਬੇ ਨੂੰ ਬੁਲਾ ਲਿਆ। ਭਾਰੇ ਜਿਹੇ ਸਰੀਰ ਵਾਲਾ ਬਾਬਾ ਵੱਡੀ ਸਾਰੀ ਗੱਡੀ ਵਿੱਚ ਪੰਜ ਸੱਤ ਵਿਹਲੜ ਲੈ ਕੇ ਉੱਥੇ ਆ ਗਿਆ। ਉਸ ਨੇ ਮੈਨੂੰ ਸਾਹਮਣੇ ਬਣੇ ਕਮਰੇ ਵਿੱਚ ਬੁਲਾ ਲਿਆ ਅਤੇ ਸਾਫ਼ ਸ਼ਬਦਾਂ ਵਿੱਚ ਬੋਲਿਆ, ‘‘ਵੇਖ ਕਾਕਾ, ਡੀਸੀ ਤੋਂ ਲੈ ਕੇ ਮੰਤਰੀ ਤਕ ਸਾਡੀ ਪਹੁੰਚ ਐ। ਮਾੜਾ ਜਿਹਾ ਫੋਨ ਕਰਨ ਦੀ ਲੋੜ ਐ ਤੇਰਾ ਨੁਕਸਾਨ ਹੋ ਸਕਦਾ। ਪਿੰਡ ਦੇ ਛੱਪੜ ਦੀ ਪੂਰੀ ਅਤੇ ਸਕੂਲ ਦੀ ਅੱਧੀ ਜ਼ਮੀਨ ਪੰਚਾਇਤ ਨੇ ਸਾਨੂੰ ਦੇ ਰੱਖੀ ਐ। ਇਲਾਕੇ ਦਾ ਕੋਈ ਵੀ ਬੰਦਾ ਸਾਡੇ ਅੱਗੇ ਬੋਲਣ ਦੀ ਹਿੰਮਤ ਨਹੀਂ ਕਰਦਾ। ਦੋ ਚਾਰ ਦਿਨ ਆਸੇ ਪਾਸੇ ਹੋ ਜਾ ਚੰਗਾ ਰਹੂ, ਸਾਨੂੰ ਰੋਕਣਾ ਤੇਰੇ ਵੱਸ ਨਹੀਂ।’’ ਬਾਬੇ ਨੇ ਆਪਣੇ ਖੀਸੇ ਵਿੱਚ ਹੱਥ ਪਾ ਕੇ ਰੁੱਗ ਭਰ ਕੇ ਨੋਟ ਮੇਰੀ ਜੇਬ ਵਿੱਚ ਪਾ ਦਿੱਤੇ, ‘‘ਸਿਰੋਪਾ ਸਮਝ ਕੇ ਰੱਖ ਲੈ। ਨਹੀਂ ਤਾਂ ਰਿਸ਼ਵਤ ਦਾ ਕੇਸ ਵੀ ਬਣ ਸਕਦਾ।’’ ਮੈਂ ਆਪਣੀ ਲਾਚਾਰੀ ਅਤੇ ਭ੍ਰਿਸ਼ਟ ਤੇ ਚਾਪਲੂਸ ਤੰਤਰ ਨੂੰ ਵੇਖ ਕੇ ਨੀਵੀਂ ਪਾਈ ਤੁਰ ਪਿਆ। ‘‘ਮੁੰਡਿਉ ਕੰਮ ਕਰੋ। ਇਹ ਤਾਂ ਆਪਣਾ ਬੰਦਾ ਐ… ਚੰਗਾ।’’ ਕਹਿੰਦਾ ਹੋਇਆ ਬਾਬਾ ਗੱਡੀ ਵਿੱਚ ਜਾ ਬੈਠਾ। ‘‘ਬੰਤਿਆ, ਮੈਂ ਤੈਨੂੰ ਕਿਹਾ ਸੀ ਨਾ ਬਈ ਬਾਬਾ ਜੀ ਦੇ ਚਿਹਰੇ ਦਾ ਨੂਰ ਕੋਈ ਵੀ ਝੱਲ ਨਹੀਂ ਸਕਦਾ। ਨਿਰਾ ਨੂਰਾਨੀ ਚਿਹਰਾ।’’ ਇੱਕ ਕਾਮਾ ਦੂਜੇ ਨੂੰ ਕਹਿ ਰਿਹਾ ਸੀ। ਮੈਨੂੰ ਉਨ੍ਹਾਂ ਦੀ ਅੰਨ੍ਹੀ ਸ਼ਰਧਾ ’ਤੇ ਤਰਸ ਆ ਰਿਹਾ ਸੀ ਜੋ ਕਾਲਾ ਚਿਹਰਾ ਪਛਾਣਨ ਦੀ ਨਜ਼ਰ ਨਹੀਂ ਰੱਖਦੇ ਸਨ ਜਾਂ ਮੇਰੇ ਵਾਂਗ ਮਜਬੂਰੀ ਮਾਰੇ ਕਹਿ/ਕਰ ਰਹੇ ਸਨ।
– ਗੁਰਮੀਤ ਮਰਾੜ੍ਹ
ਸੰਪਰਕ: 95014-00397

ਕੈਲਕੂਲੇਟਰ
ਘਰ ਵਿਆਹ ਦਾ ਪ੍ਰੋਗਰਾਮ ਹੋਣ ਕਰਕੇ ਅਸੀਂ ਕੁੱਕ ਵੱਲੋਂ ਲਿਖਿਆ ਸਾਮਾਨ ਲੈਣ ਲਈ ਰਾਸ਼ਨ ਵਾਲੀ ਇੱਕ ਵੱਡੀ ਦੁਕਾਨ ’ਤੇ ਗਏ। ਜਾਣਕਾਰਾਂ ਦੇ ਦੱਸਣ ਮੁਤਾਬਿਕ ਇਸ ਦੁਕਾਨ ਦੇ ਰੇਟ ਵੀ ਜਾਇਜ਼ ਹਨ ਤੇ ਸਾਮਾਨ ਵੀ ਵਧੀਆ ਮਿਲ ਜਾਂਦਾ ਹੈ। ਅਸੀਂ ਦੁਕਾਨ ’ਤੇ ਜਾ ਕੇ ਦੇਖਿਆ ਤਾਂ ਉੱਥੇ ਬਹੁਤ ਭੀੜ ਲੱਗੀ ਹੋਈ ਸੀ। ਮੈਨੂੰ ਜਾਣਕਾਰਾਂ ਦੀ ਕਹੀ ਗੱਲ ਸੱਚ ਜਾਪੀ। ਅਸੀਂ ਵਿਹਲ ਦੇਖ ਕੇ ਰਾਸ਼ਨ ਵਾਲੀ ਪਰਚੀ ਦੁਕਾਨਦਾਰ ਨੂੰ ਦੇ ਦਿੱਤੀ। ਅੱਗੋਂ ਦੁਕਾਨਦਾਰ ਨੇ ਕਿਹਾ ਕਿ ਤੁਸੀਂ ਘੰਟੇ ਤਕ ਆ ਜਾਉ, ਅਸੀਂ ਸਾਮਾਨ ਪੈਕ ਕਰਵਾ ਕੇ ਰੱਖ ਦਿੰਦੇ ਹਾਂ। ਅਸੀਂ ਪਰਚੀ ਦੇ ਕੇ ਬਾਜ਼ਾਰ ਵਿੱਚ ਹੋਰ ਖ਼ਰੀਦਦਾਰੀ ਕਰਨ ਲਈ ਚਲੇ ਗਏ। ਜਦੋਂ ਘੰਟੇ ਬਾਅਦ ਪਹੁੰਚੇ ਤਾਂ ਸਾਡਾ ਸਾਮਾਨ ਪੈਕ ਹੋ ਗਿਆ ਸੀ। ਸਾਡੇ ਖੜ੍ਹੇ ਖੜ੍ਹੇ ਦੁਕਾਨਦਾਰ ਨੇ ਰਾਸ਼ਨ ਵਾਲੀ ਪਰਚੀ ਸਮੇਤ ਰੇਟ ਤਿਆਰ ਕਰ ਦਿੱਤੀ ਤੇ ਪੈਸਿਆਂ ਦਾ ਜੋੜ ਲਾਉਣ ਲੱਗੇ ਕੈਲਕੂਲੇਟਰ ਦੀ ਵਰਤੋਂ ਕੀਤੀ ਹੀ ਨਹੀਂ। ਇਹ ਸਭ ਦੇਖ ਕੇ ਮੈਂ ਹੈਰਾਨ ਹੋਇਆ। ਮੈਂ ਕਾਊਂਟਰ ’ਤੇ ਧਿਆਨ ਮਾਰਿਆ ਤਾਂ ਮੈਨੂੰ ਕੈਲਕੂਲੇਟਰ ਨਜ਼ਰ ਨਹੀਂ ਆਇਆ। ਮੈਂ ਦੁਕਾਨਦਾਰ ਤੋਂ ਪੁੱਛ ਹੀ ਲਿਆ, ‘‘ਭਾਈ ਸਾਹਿਬ, ਤੁਸੀਂ ਕੈਲਕੂਲੇਟਰ ਦੀ ਵਰਤੋਂ ਨਹੀਂ ਕਰਦੇ?’’ ਉਸ ਨੇ ਨਿਮਰਤਾ ਸਹਿਤ ਜਵਾਬ ਦਿੱਤਾ, ‘‘ਕੀ ਲੋੜ ਹੈ ਜੀ! ਆਦਤ ਹੈ, ਜਿਵੇਂ ਪਾ ਲਈਏ ਪੈ ਜਾਂਦੀ ਹੈ। ਜੇ ਆਦਤ ਪੈ ਗਈ ਤਾਂ ਦੋ ਅਤੇ ਦੋ ਚਾਰ ਕਰਨ ਲਈ ਵੀ ਕੈਲਕੂਲੇਟਰ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ।’’ ਇਹ ਸੁਣ ਕੇ ਮੈਨੂੰ ਬਹੁਤ ਵੱਡੀ ਸਿੱਖਿਆ ਮਿਲੀ ਸੀ।
– ਜੀਤ ਹਰਜੀਤ
ਸੰਪਰਕ: 97816-77772


Comments Off on ਮਿਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.