ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

Posted On March - 17 - 2017

ਡਾ. ਸ਼ਿਆਮ ਸੁੰਦਰ ਦੀਪਤੀ
11603cd _Chola_Poori_1440x900ਇਸ ਸੰਸਾਰ ਵਿੱਚ ਧਰਤੀ ’ਤੇ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਮਿੱਠੇ ਸਵਾਦ ਲਈ ਚੀਨੀ, ਚਟਕਾਰੇਪਣ ਲਈ ਨਮਕ ਅਤੇ ਖਸਤਾਪਣ ਲੈਣ ਲਈ ਘੀ ਵਿੱਚ ਤਿਆਰ ਕਰਦਾ ਹੈ।  ਬਾਕੀ ਸਾਰੇ ਜੀਵ, ਕੁਦਰਤ ਵਿੱਚ ਜੋ ਵੀ ਜਿਵੇਂ ਵੀ ਮਿਲਦਾ ਹੈ, ਉਸੇ ਤਰ੍ਹਾਂ ਇਸਤੇਮਾਲ ਕਰਦੇ ਹਨ। ਮਨੁੱਖ ਦੁਆਰਾ ਤਾਂ ਆਟਾ, ਚੌਲ, ਦਾਲਾਂ, ਫਲ ਅਤੇ ਸਬਜ਼ੀਆਂ ਵੀ ਆਪਣੇ ਮੁਕੰਮਲ ਕੁਦਰਤੀ ਰੂਪ ਵਿੱਚ ਇਸਤੇਮਾਲ ਨਹੀਂ ਹੁੰਦੇ। ਇਨ੍ਹਾਂ ਦਾ ਛਿਲਕਾ ਆਦਿ ਉਤਾਰਿਆ ਜਾਂਦਾ ਹੈ। ਮਨੁੱਖ ਇਸ ਤੋਂ ਅੱਗੇ ਤੜਕੇ ਅਤੇ ਮਸਾਲਿਆਂ ਦਾ ਵਰਤੋਂ ਵੀ ਕਰਦਾ ਹੈ।
ਜੇ ਮਿੱਠੇ, ਨਮਕ ਅਤੇ ਘੀ ਦੀ ਗੱਲ ਕਰੀਏ ਤਾਂ ਇਨ੍ਹਾਂ ਤਿੰਨਾਂ ਖ਼ੁਰਾਕੀ ਰੂਪਾਂ ਵਿੱਚ ਕੁਦਰਤ ਦੇ ਨਿਚੋੜੇ ਹੋਏ ਤੱਤ ਮੌਜੂਦ ਹਨ। ਇਹ ਤਿੰਨੇ ਹੀ ਕੁਦਰਤ ਦੇ ਅਸਲ ਰੂਪ ਨਹੀਂ ਹਨ। ਜੇ ਇਨ੍ਹਾਂ ਦੇ ਇਸਤੇਮਾਲ ਨੂੰ ਅਜੋਕੇ ਪਰਿਪੇਖ ਵਿੱਚ ਦੇਖੀਏ ਤਾਂ ਇਹ ਤਿੰਨੇ ਹੀ ਖ਼ੁਰਾਕ ਨੂੰ ਸੁਆਦਲਾ ਬਣਾਉਂਦੇ ਹਨ, ਪਰ ਨਾਲ ਹੀ ਇਸ ਨੂੰ ਦੂਜੇ ਪੱਖ ਤੋਂ ਘੋਖ ਕੇ ਦੇਖੀਏ ਤਾਂ ਸਿਹਤ ਵਿੱਚ ਆ ਰਹੇ ਵਿਗਾੜ ਤਹਿਤ, ਉਮਰ ਦੇ ਇੱਕ ਖ਼ਾਸ ਪੜਾਅ ’ਤੇ ਆ ਕੇ, ਲਗਪਗ ਅਧੇੜ ਉਮਰ ’ਤੇ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਘੱਟ ਕਰਨ ਜਾਂ ਬਿਲਕੁਲ ਹੀ ਬੰਦ ਕਰਨ ਲਈ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਆਮ ਜ਼ਿੰਦਗੀ ਵਿੱਚ ਸਹਿਜਤਾ ਨਾਲ ਵਿਚਰਦੇ ਹੋਏ ਇਨ੍ਹਾਂ ਦੀ ਲੋੜ ਨਹੀਂ ਹੈ। ਅਸੀਂ ਫਲਾਂ ਵਿੱਚੋਂ ਮਿਠਾਪਣ, ਸਬਜ਼ੀਆਂ ਵਿੱਚੋਂ ਲੋੜੀਂਦਾ ਨਮਕ ਅਤੇ ਬੀਜਾਂ ਤੋਂ ਤੇਲ ਅਤੇ ਘੀ ਲੈ ਰਹੇ ਹੁੰਦੇ ਹਾਂ। ਸਰੀਰ ਦੀ ਲੋੜ ਮੁਤਾਬਿਕ ਕੁਦਰਤ ਦੇ ਇਹ ਖ਼ੁਰਾਕੀ ਪਦਾਰਥ  ਕਾਫ਼ੀ ਹਨ।
ਅਸਲ ਵਿੱਚ ਇਨ੍ਹਾਂ ਖ਼ੁਰਾਕੀ ਤੱਤਾਂ ਦੀ ਵਰਤੋਂ ਗ਼ੈਰ-ਕੁਦਰਤੀ ਹੈ। ਜੇ ਮਨੁੱਖ ਨੇ ਅਜਿਹੀ ਵਰਤੋਂ ਸ਼ੁਰੂ ਕੀਤੀ ਤਾਂ ਉਸ ਨੂੰ ਉਸ ਸਮੇਂ ਲੋੜ ਵੀ ਮਹਿਸੂਸ ਹੋਈ। ਜੇ ਇਹ ਤੱਤ ਗ਼ੈਰ-ਕੁਦਰਤੀ ਹਨ ਤਾਂ ਮਨੁੱਖ ਦੇ ਕੰਮ ਵੀ ਕੁਝ ਅਜਿਹੇ ਹੀ ਹਨ। ਜੀਵ ਜਗਤ ਵਿੱਚ ਸਾਰੇ ਜਾਨਵਰ ਇੱਕ ਨਿਰਧਾਰਿਤ ਸਮੇਂ ’ਤੇ ਉੱਠ ਕੇ ਖ਼ੁਰਾਕ ਦੀ ਭਾਲ ਵਿੱਚ ਨਿਕਲਦੇ ਹਨ, ਖ਼ੁਰਾਕ ਲੈ ਕੇ ਆਰਾਮ ਕਰਦੇ ਅਤੇ ਸੌਂ ਜਾਂਦੇ ਹਨ। ਪਰ ਮਨੁੱਖ ਦਿਨ-ਰਾਤ ਕੰਮ ਕਰਦਾ ਹੈ। ਹੱਡ-ਭੰਨਵੀ ਮਿਹਨਤ ਕਰਦਾ ਹੈ। ਕੜਕਦੀ ਧੁੱਪ ਵਿੱਚ ਵੀ ਅਤੇ ਜਮਾ ਦੇਣ ਵਾਲੀ ਠੰਢ ਵਿੱਚ ਵੀ ਕੰਮ ਕਰਦਾ ਹੈ। ਇਸ ਤਰ੍ਹਾਂ ਕੁਦਰਤੀ ਵਾਤਾਵਰਨ ਦੇ ਉਲਟ ਕਾਰਜਸ਼ੀਲ ਹੋਣਾ ਮਨੁੱਖ ਦੇ ਹਿੱਸੇ ਆਇਆ ਹੈ।  ਉਹ ਅੱਗ ਦੀਆਂ ਭੱਠੀਆਂ ਅੱਗੇ ਖੜ੍ਹ ਕੇ ਲੋਹਾ ਪਿਘਲਾਉਂਦਾ ਹੈ, ਖੇਤਾਂ ਵਿੱਚ ਅੰਨ ਉਗਾਉਂਦਾ ਹੈ ਅਤੇ ਦਿਨ ਰਾਤ ਡਿਊਟੀਆਂ ਕਰਦਾ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਜਦੋਂ ਸਿਖ਼ਰ ਦੁਪਹਿਰੇ ਕੋਈ ਕੰਮ ਕਰਦਾ ਹੈ ਤੇ ਪਸੀਨੋ-ਪਸੀਨੀ ਹੋਇਆ ਤੇ ਨਿਢਾਲ ਹੋ ਕੇ ਡਿੱਗ ਪੈਂਦਾ ਹੈ। ਇਹ ਸੱਚਾਈ ਵੀ ਹੈ ਕਿ ਪਸੀਨੇ ਨਾਲ ਸਰੀਰ ਦੇ ਮਹੱਤਵਪੂਰਨ ਰਸਾਇਣ ਬਾਹਰ ਨਿਕਲਦੇ ਹਨ। ਉਨ੍ਹਾਂ ਦੀ ਪੂਰਤੀ ਲਈ ਨਮਕ ਦੀ ਲੋੜ ਪੈਂਦੀ ਹੈ।
ਇਸੇ ਤਰ੍ਹਾਂ ਮਿੱਠਾ ਸਿੱਧਾ ਖ਼ੂਨ ਵਿੱਚ ਜਾ ਕੇ ਫਟਾਫਟ ਊਰਜਾ ਮੁਹੱਈਆ ਕਰਦਾ ਹੈ। ਜਦੋਂ ਕੋਈ ਹੱਡ-ਭੰਨਵੀਂ ਸਖ਼ਤ ਮਿਹਨਤ ਕਰਦਾ ਹੈ ਤਾਂ ਮਿੱਠੇ ਦੀ ਲੋੜ ਮਹਿਸੂਸ ਹੁੰਦੀ ਹੈ। ਗੁਲੂਕੋਸ ਚੀਨੀ ਦਾ ਅਗਲਾ ਰੂਪ ਹੈ, ਜੋ ਕਿ ਸਰੀਰ ਨੂੰ ਊਰਜਾ ਮੁਹੱਈਆ ਕਰਨ ਲਈ ਚੀਨੀ ਤੋਂ ਵੀ ਘੱਟ ਸਮਾਂ ਲੈਂਦਾ ਹੈ। ਇਸੇ ਲਈ ਤੇਜ਼ ਦੌੜਾਕ ਖੇਡਾਂ ਵੇਲੇ ਇਸ ਨੂੰ ਵਰਤਦੇ ਹਨ। ਘੀ ਇੱਕ ਊਰਜਾ ਦਾ ਸੰਘਣਾ ਰੂਪ ਹੈ। ਇਸ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਖ਼ਤ ਕੰਮ ਵਿੱਚ ਊਰਜਾ ਦੀ ਵੱਧ ਲੋੜ ਪੈਂਦੀ ਹੈ ਤੇ ਅਨਾਜ ਦੀ ਮਾਤਰਾ ਉਹ ਪੂਰਾ ਨਹੀਂ ਕਰ ਪਾਉਂਦੀ ਜਾਂ ਕਿਸੇ ਬਿਮਾਰੀ ਮਗਰੋਂ ਇੱਕਦਮ  ਕਮਜ਼ੋਰੀ ਹੋ ਜਾਣ ’ਤੇ ਵਾਪਸ ਆਪਣੀ ਸਮਰੱਥਾ ਹਾਸਿਲ ਕਰਨ ਲਈ ਘੀ ਦੀ ਵਰਤੋਂ ਹੋ ਸਕਦੀ ਹੈ। ਇਸੇ ਤਰ੍ਹਾਂ ਗਰਭ ਦੌਰਾਨ ਜਦੋਂ ਮਾਂ-ਬੱਚੇ ਦੀ ਲੋੜ ਵੱਧ ਹੁੰਦੀ ਹੈ, ਬੱਚੇਦਾਨੀ ਦੇ ਵਾਧੇ ਨਾਲ, ਅਨਾਜ ਦੀ ਜ਼ਿਆਦਾ ਮਾਤਰਾ ਖਾਧੀ ਨਹੀਂ ਜਾਂਦੀ ਤੇ ਉਸ ਵੇਲੇ ਘੀ ਵਿੱਚ ਬਣੀ ਪੰਜੀਰੀ ਦੇ ਦੋ-ਚਾਰ ਚਮਚੇ ਆਪਣਾ ਕੰਮ ਕਰ ਜਾਂਦੇ ਹਨ।
sham sunder deeptiਘੀ, ਨਮਕ ਅਤੇ ਮਿੱਠਾ ਬਣਤਰ ਅਤੇ ਕੰਮ-ਕਾਜ ਦੇ ਪੱਖ ਤੋਂ ਕਿਸੇ ਖ਼ਾਸ ਵਕਤ ਦੀ ਲੋੜ ਹਨ। ਉਨ੍ਹਾਂ ਖ਼ਾਸ ਸਥਿਤੀਆਂ ਨੂੰ ਪਛਾਣ ਕੇ ਉਨ੍ਹਾਂ ਲਈ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਦਫ਼ਤਰ ਵਿੱਚ ਬੈਠਿਆਂ ਏ.ਸੀ. ਚਲਾ ਕੇ ਕੰਮ ਕਰਦਿਆਂ ਕਦੇ ਪਸੀਨਾ ਨਹੀਂ ਆਇਆ। ਜਿਨ੍ਹਾਂ ਅਫਸਰਾਂ ਦਾ ਸਾਰਾ ਕੰਮ ਬੈੱਲ ਨਾਲ ਹੋ ਜਾਣਾ ਹੈ, ਉਹ ਇਨ੍ਹਾਂ ਤੱਤਾਂ ਦੀ ਵਰਤੋਂ ਬਿਨਾ ਲੋੜ ਤੋਂ ਕਰ ਰਹੇ ਹਨ।  ਖੋਜਾਂ ਰਾਹੀਂ ਇਹ ਸਿੱਧ ਹੋ ਚੁੱਕਿਆ ਹੈ ਕਿ ਨਮਕ ਦੀ ਵੱਧ ਵਰਤੋਂ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ। ਮਿੱਠੇ ਅਤੇ ਘੀ ਦਾ ਸਬੰਧ ਮੋਟਾਪੇ ਨਾਲ ਹੈ ਤੇ ਮੋਟਾਪੇ ਦਾ ਸਬੰਧ ਸ਼ੂਗਰ ਰੋਗ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਸਖ਼ਤ ਕਰਕੇ ਦਿਲ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸ ਲਈ ਇਨ੍ਹਾਂ ਗ਼ੈਰ-ਕੁਦਰਤੀ ਤੱਤਾਂ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਹ ਨਾ ਹੋਵੇ ਕਿ ਅੱਜ ਚਾਅ ਅਤੇ ਸਵਾਦ ਵਿੱਚ ਬੇਲੋੜਾ ਖਾਈ ਜਾਈਏ ਤੇ ਭਵਿੱਖ ਵਿੱਚ ਇਨ੍ਹਾਂ ਖਾਣਿਆਂ ਨੂੰ ਬੰਦ ਕਰਨ ਤੋਂ ਇਲਾਵਾ ਵੱਖਰੇ ਤੌਰ ’ਤੇ ਦਵਾਈ ਵੀ ਲੈਣੀ ਪਵੇ।
ਸੰਪਰਕ: 098158-08506 


Comments Off on ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ
1 Star2 Stars3 Stars4 Stars5 Stars (1 votes, average: 3.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.