ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮੁਗ਼ਲਾਂ ਦੇ ਸਮੇਂ ਦਾ ਮੁੱਖ ਸਰਦਾਰ – ਨਵਾਬ ਸੈਫ਼ ਖ਼ਾਨ

Posted On March - 14 - 2017

ਅਲੀ ਰਾਜਪੁਰਾ

ਨਵਾਬ ਸੈਫ਼ੂਦੀਨ ਮੁਗ਼ਲਾਂ ਦੇ ਸਮੇਂ ਦਾ ਪ੍ਰਮੁੱਖ ਸਰਦਾਰ ਸੀ ਤੇ ਸ਼ਾਹਜਹਾਂ ਦਾ ਸਾਂਢੂ ਸੀ। ਉਸ ਦੇ ਵੱਡੇ ਭਾਈ ਨਵਾਬ ਫਿਦਾਈ ਖ਼ਾਂ ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕੋ ਦਾਈ ਨੇ ਪਾਲਿਆ ਸੀ। ਨਵਾਬ ਸੈਫ਼ੂਦੀਨ ਦਾ ਪਿਤਾ ਫ਼ਖ਼ਰੂਦੀਨ ਅਹਿਮਦ ਬਖ਼ਸ਼ੀ, ਜਹਾਂਗੀਰ ਦੇ ਸਮੇਂ ਤੁਰਕਿਸਤਾਨ ਤੋਂ ਭਾਰਤ ਆਇਆ ਸੀ। ਜਦੋਂ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਸ ਨੇ ਉਸ ਨੂੰ ਤਰਬੀਅਤ ਖ਼ਾਂ ਦਾ ਖ਼ਿਤਾਬ ਦਿੱਤਾ।
ਸ਼ਾਹਜਹਾਂ ਦੇ ਰਾਜਕਾਲ ਦੇ ਅੰਤਲੇ ਦਿਨਾਂ ਵਿੱਚ ਸੈਫ਼ੂਦੀਨ ਨੂੰ ਸੱਤ ਸੌ  ਫ਼ੌਜੀਆਂ ਵਾਲਾ ਮਨਸਬਦਾਰ ਬਣਾਇਆ ਗਿਆ ਤੇ ਸੌ ਘੋੜ ਸਵਾਰ ਉਸ ਦੇ ਮਾਤਾਹਿਤ ਕੀਤੇ ਗਏ। ਜਦੋਂ ਸ਼ਾਹਜਹਾਂ ਦੇ ਪੁੱਤਰਾਂ ਵਿਚਾਲੇ ਤਖ਼ਤ ਨਸ਼ੀਨੀ ਨੂੰ ਲੈ ਕੇ ਜੰਗ ਆਰੰਭ ਹੋਈ ਤਾਂ ਸੈਫ਼ੂਦੀਨ ਨੂੰ ਰਾਜਾ ਜਸਵੰਤ ਸਿੰਘ ਨਾਲ ਮਾਲਵੇ ਵਿੱਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ। ਰਾਜਾ ਜਸਵੰਤ ਸਿੰਘ ਦੇ ਪੈਰ ਥਿੜਕਦੇ ਦੇਖ ਕੇ ਸੈਫ਼ੂਦੀਨ ਔਰੰਗਜ਼ੇਬ ਨਾਲ ਰਲ ਗਿਆ।  ਔਰੰਗਜ਼ੇਬ ਨੇ ਉਸ ਨੂੰ ਤੁਰੰਤ ਪੰਦਰਾਂ ਸੌ ਫ਼ੌਜੀਆਂ ਵਾਲਾ ਦਾ ਮਨਸਬਦਾਰ ਬਣਾ ਦਿੱਤਾ ਅਤੇ ਉਸ ਨੂੰ ਸੈਫ਼ ਖ਼ਾਨ ਦੀ ਉਪਾਧੀ ਬਖ਼ਸ਼ੀ। ਇਹ ਸੈਫ਼ੂਦੀਨ ਦੀ ਚਾਲ ਸੀ। ਉਹ ਦਿਲੋਂ ਔਰੰਗਜ਼ੇਬ ਦੇ ਨਾਲ ਨਹੀਂ ਸੀ। ਔਰੰਗਜ਼ੇਬ ਨੇ ਉਸ ਨੂੰ ਗੁਜ਼ਾਰੇ ਲਈ 12 ਪਿੰਡਾਂ ਦਾ ਖ਼ੁਸ਼ਕ ਇਲਾਕਾ ਦੇ ਦਿੱਤਾ। ਸੈਫ਼ੂਦੀਨ ਨੇ ਉਸ ਇਲਾਕੇ ਵਿੱਚ ਪਟਿਆਲੇ ਤੋਂ ਲਗਪਗ 8 ਕਿਲੋਮੀਟਰ ਦੂਰ ਪਟਿਆਲਾ-ਰਾਜਪੁਰਾ ਮਾਰਗ ਉੱਤੇ ਆਪਣੇ ਨਾਂ ਉੱਤੇ ਸੈਫ਼ਾਬਾਦ (ਕਿਲ੍ਹਾ ਬਹਾਦਰਗੜ੍ਹ) ਨਾਮੀ ਇੱਕ ਨਗਰ ਅਬਾਦ ਕੀਤਾ ਤੇ ਇੱਕ ਕਿਲ੍ਹਾ ਬਣਾਇਆ। ਸਤਸੰਗੀ ਤੇ ਧਾਰਮਿਕ ਬਿਰਤੀ ਵਾਲਾ ਹੋਣ ਦੇ ਨਾਲ ਇੱਕ ਉਹ ਸਿਆਣਾ ਰਾਜਨੀਤਕ ਵੀ ਸੀ। ਉਸ ਦੀ ਮਿਹਨਤ ਨਾਲ ਇਲਾਕੇ ਵਿੱਚ ਬਹਾਰਾਂ ਲੱਗ ਗਈਆਂ। ਪੀਰ ਭੀਖਣ ਸ਼ਾਹ ਦੇ ਸੰਪਰਕ ਵਿੱਚ ਆਉਣ ਨਾਲ ਉਨ੍ਹਾਂ ਦੀ ਇੱਕੋ ਜਮਾਤ ਬਣ ਗਈ ਸੀ। ਸੈਫ਼ ਖ਼ਾਨ ਇੱਕ ਨੇਕ ਦਿਲ ਇਨਸਾਨ ਸੀ। ਉਹ ਅਕਸਰ ਕਿਹਾ ਕਰਦਾ ਸੀ, ‘‘ਦੂਜਿਆਂ ਨੂੰ ਚੋਟਾਂ ਨਹੀਂ ਮਾਰਨੀਆਂ ਚਾਹੀਦੀਆਂ। ਜੇ ਤੁਸੀਂ ਚਾਹੁੰਦੇ ਹੋ ਕਿ ਅਗਲਾ ਠੀਕ ਰਹੇ ਤਾਂ ਉਸ ਦੀ ਗੱਲ ਮੰਨਦੇ ਰਹੋ। ਕੋਸ਼ਿਸ਼ ਜ਼ਰੂਰ ਕਰੋ ਸਮਝਾਉਣ ਦੀ, ਜੇ ਉਹ ਫਿਰ ਵੀ ਨਾ ਮੰਨੇ ਤਾਂ ਸਮਝੋ ਉਹ ਜੋ ਕੁਝ ਵੀ ਕਹਿ ਰਿਹਾ ਹੈ, ਉਹ ਠੀਕ ਹੀ ਹੈ।’’
ਗੁਰੂ ਤੇਗ਼ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਤੋਂ ਆਪਣੇ ਸ਼ਰਧਾਲੂਆਂ ਦੇ ਜਥੇ ਨਾਲ ਧਰਮ ਪ੍ਰਚਾਰ ਕਰਦੇ ਹੋਏ ਕੀਰਤਪੁਰ, ਘਨੌਲੀ, ਰੋਪੜ, ਆਨੰਦਪੁਰ, ਕਲੌੜ, ਉਗਾਣਾਂ, ਸਰਾਏ, ਨੌ ਲੱਖਾ, ਲਹਿਲ ਪੁਰਾ ਪੁੱਜੇ। ਮੁੱਸਾ ਰੋਪੜੀ ਨੇ ਸੈਫ਼ ਖ਼ਾਨ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਮਹਿਮਾ ਸੁਣਾਈ ਹੋਈ ਸੀ। ਜਦੋਂ ਸੈਫ਼ ਖ਼ਾਨ ਨੇ ਗੁਰੂ ਤੇਗ਼ ਬਹਾਦਰ ਜੀ ਦੇ ਪੁੱਜਣ ਬਾਰੇ ਸੁਣਿਆ ਤਾਂ ਉਹ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਲੈ ਗਿਆ। ਉਸ ਨੇ ਮੇਵੇ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਮੰਗਵਾਈਆਂ ਅਤੇ ਗੁਰੂ ਜੀ ਅੱਗੇ ਪੇਸ਼ ਕੀਤੀਆਂ। ਉਸ ਨੇ ਕਿਹਾ, ‘‘ਗੁਰੂ ਜੀ ਅੱਜ ਮੇਰਾ ਜੀਵਨ ਸਫ਼ਲ ਹੋਇਆ ਹੈ।’’ ਸੈਫ਼ ਖ਼ਾਨ ਦੇ ਬਾਗ਼ ਵਿੱਚ ਗੁਰੂ ਜੀ ਨੇ ਠਹਿਰ ਕੀਤੀ। ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ, ਉਹ ਚੌਤਰਾ ਅੱਜ ਵੀ ਸਾਂਭਿਆ ਹੋਇਆ ਹੈ।
ਜਦੋਂ ਪਹਿਲੀ ਵਾਰ ਗੁਰੂ ਸਾਹਿਬ ਸੈਫ਼ੂਦੀਨ ਕੋਲ ਗਏ ਤਾਂ ਉਸ ਨੇ ਗੁਰੂ ਸਾਹਿਬ ਨੂੰ ਇੰਨਾ ਸਤਿਕਾਰ ਦਿੱਤਾ ਸੀ ਕਿ ਘੋੜੇ ਤੋਂ ਥੱਲੇ ਪੈਰ ਨਾ ਲਾਉਣ ਦਿੱਤਾ, ਸਗੋਂ ਆਪ ਘੋੜੇ ਦੀ ਰਕਾਬ ਫੜ ਕੇ ਪੈਦਲ ਤੁਰਿਆ। ਗੁਰੂ ਜੀ ਆਪਣੇ ਜੀਵਨ ਕਾਲ ਦੌਰਾਨ ਸੈਫ਼ ਖ਼ਾਨ ਦੇ ਘਰ ਚਾਰ ਵਾਰ ਆਏ ਸਨ। ਜਦੋਂ ਗੁਰੂ ਜੀ ਸ਼ਹਾਦਤ ਦੇਣ ਲਈ ਦਿੱਲੀ ਗਏ ਤਾਂ ਉਨ੍ਹਾਂ ਦੀ ਸੈਫ਼ੂਦੀਨ ਦੇ ਘਰ ਠਹਿਰੇ ਹੋਣ ਦੀ ਖ਼ਬਰ ਮੁਗ਼ਲ ਫ਼ੌਜਾਂ ਨੂੰ ਮਿਲੀ। ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਆਣ ਪਹੁੰਚੇ ਤਾਂ ਸੈਫ਼ੂਦੀਨ ਨੇ ਉਨ੍ਹਾਂ ਨੂੰ ਉਲਟ ਦਿਸ਼ਾ ਵੱਲ ਤੋਰ ਕੇ ਗੁਰੂ ਸਾਹਿਬ ਪ੍ਰਤੀ ਵਫ਼ਾਦਾਰੀ ਨਿਭਾਈ। ਸੈਫ਼ੂਦੀਨ ਨਹੀਂ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੇ ਘਰ ਤੋਂ ਗ੍ਰਿਫ਼ਤਾਰ ਹੋਣ।  ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਸੈਫ਼ੂਦੀਨ ਨੇ ਸਵਾ ਮਹੀਨਾ ਕਾਲੇ ਕੱਪੜਿਆਂ ਦਾ ਮਾਤਮੀ ਲਿਬਾਸ ਪਾ ਰੱਖਿਆ ਸੀ।
ਫ਼ਕੀਰ ਹੋਣ ਦੇ ਨਾਲ-ਨਾਲ ਸੈਫ਼ੂਦੀਨ ਸ਼ਾਸਤਰੀ ਸੰਗੀਤ ਦਾ ਵੀ ਗਿਆਨੀ ਸੀ। ਗਵਾਲੀਅਰ ਦੇ ਰਾਜਾ ਮਾਨ ਸਿੰਘ (1486-1517) ਰਚਿਤ ਹਿੰਦੀ ਗ੍ਰੰਥ ‘ਮਾਨਕ ਤੁਗ਼ਲ’ ਦਾ ਫ਼ਾਰਸੀ ਅਨੁਵਾਦ ਵੀ ਸੈਫ਼ੂਦੀਨ ਨੇ ਕੀਤਾ ਸੀ। 26 ਅਗਸਤ 1684 ਨੂੰ ਸੈਫ਼ੂਦੀਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਯਾਦ ਵਿੱਚ ਰੋਜ਼ਾ ਸ਼ਰੀਫ਼ ਨਵਾਬ ਬਾਬਾ ਸੈਫ਼ਦੀਨ ਬਣਿਆ ਹੋਇਆ ਹੈ। ਇਸ ਜਗ੍ਹਾ ਉੱਤੇ ਗੁਰਦੁਆਰਾ ਬਹਾਦਰਗੜ੍ਹ ਵੀ ਬਣਿਆ ਹੋਇਆ ਹੈ। ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ 1883 ਵਿੱਚ ਬਾਬਾ ਜੀ ਦੀ ਮਜ਼ਾਰ ਨੂੰ 300 ਵਿਘੇ ਜ਼ਮੀਨ ਦਾਨ ਵਜੋਂ ਭੇਟ ਕੀਤੇ ਸਨ। ਅੱਜ ਕੱਲ੍ਹ ਇਸ ਜਗ੍ਹਾ ਉੱਤੇ ਪੰਜਾਬ ਆਰਮਡ ਪੁਲੀਸ ਦੀ 36ਵੀਂ ਬਟਾਲੀਅਨ ਦਾ ਹੈੱਡਕੁਆਰਟਰ ਬਣਿਆ ਹੋਇਆ ਹੈ।

ਸੰਪਰਕ: 94176-79302

*     ਸੈਫ਼ੂਦੀਨ ਮੁਗ਼ਲਾਂ ਦੇ ਸਮੇਂ ਦਾ ਪ੍ਰਮੁੱਖ ਸਰਦਾਰ ਸੀ।
*     ਔਰੰਗਜ਼ੇਬ ਨੇ ਉਸ ਨੂੰ ਸੈਫ਼ ਖ਼ਾਨ ਦੀ ਉਪਾਧੀ ਬਖ਼ਸ਼ੀ ਸੀ।
*     ਉਸ ਨੇ ਪਟਿਆਲਾ-ਰਾਜਪੁਰਾ ਮਾਰਗ ਉੱਤੇ ਆਪਣੇ ਨਾਂ ਉੱਤੇ ਸੈਫ਼ਾਬਾਦ (ਕਿਲ੍ਹਾ ਬਹਾਦਰਗੜ੍ਹ) ਨਾਮੀ ਇੱਕ ਨਗਰ ਆਬਾਦ ਕੀਤਾ ਸੀ।
*     ਉਸ ਨੇ ਗੁਰੂ ਤੇਗ਼ ਬਹਾਦਰ ਜੀ ਦੀ ਖ਼ੂਬ ਸੇਵਾ ਕੀਤੀ ਸੀ ਤੇ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਠਹਿਰਾਇਆ ਸੀ।
*     ਸੈਫ਼ੂਦੀਨ ਮਹਾਨ ਗਿਆਨੀ ਸੀ। ਉਸ ਨੇ ਹਿੰਦੀ ਗ੍ਰੰਥ ‘ਮਾਨਕ ਤੁਗ਼ਲ’ ਦਾ ਫ਼ਾਰਸੀ ਅਨੁਵਾਦ ਕੀਤਾ ਸੀ।


Comments Off on ਮੁਗ਼ਲਾਂ ਦੇ ਸਮੇਂ ਦਾ ਮੁੱਖ ਸਰਦਾਰ – ਨਵਾਬ ਸੈਫ਼ ਖ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.