ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ…

Posted On March - 13 - 2017
ਚਿੱਤਰ: ਸੰਦੀਪ ਜੋਸ਼ੀ

ਚਿੱਤਰ: ਸੰਦੀਪ ਜੋਸ਼ੀ

ਕੌਫ਼ੀ ਤੇ ਗੱਪ-ਸ਼ੱਪ

ਹਰੀਸ਼ ਖਰੇ

ਪਹਿਲਾਂ ਸਾਡੇ ਜਲੰਧਰ ਦੀ 20 ਕੁ ਵਰਿਆਂ ਦੀ ਗੁਰਮਿਹਰ ਕੌਰ ਨੇ ਸਾਨੂੰ ਦਰਸਾਇਆ ਸੀ ਕਿ ਥੋਪੀ ਗਈ ਕੱਟੜਤਾ ਦਾ ਟਾਕਰਾ ਕਿਵੇਂ ਕਰਨਾ ਹੈ, ਹੁਣ ਪਿਛਲੇ ਹਫ਼ਤੇ ਲਖਨਊ ਦੇ ਮੁਹੰਮਦ ਸਰਤਾਜ ਦੀ ਵਾਰੀ ਸੀ, ਜਿਸਨੇ ਸਾਡੀ ਸਭ ਦੀ ਲਾਜ ਰੱਖ ਲਈ। ਸਨਦ ਰਹੇ ਕਿ ਸਰਤਾਜ ਉਸ 23 ਸਾਲਾ ਸੈਫ਼ਉੱਲਾ ਦਾ ਪਿਤਾ ਹੈ ਜੋ ਲਖਨਊ ਵਿੱਚ ਦਹਿਸ਼ਤਗਰਦੀ-ਵਿਰੋਧੀ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਸ ਪਰਿਵਾਰ ਕੋਲ ਅਜੋਕੇ ਯੁੱਗ ਦਾ ਨਿਰਦਈ ‘ਤੋਹਫ਼ਾ’ ਸੀ – ਪੁਲੀਸ ਵੱਲੋਂ ਚਲਾਏ ਉਸ ਅਪਰੇਸ਼ਨ ਨੂੰ ਟੈਲੀਵਿਜ਼ਨ ’ਤੇ ‘ਸਜੀਵ’ ਦੇਖਣਾ ਜਿਸ ਵਿੱਚ ਉਨ੍ਹਾਂ ਦੇ ਗੁੰਮਰਾਹ ਹੋਏ ਪੁੱਤ ਨੇ ਆਤਮਸਮਰਪਣ ਦੀਆਂ ਅਪੀਲਾਂ ਨੂੰ ਠੁਕਰਾ ਕੇ ਮੌਤ ਦਾ ਸ਼ਿਕਾਰ ਹੋਣਾ ਚੁਣਿਆ।
ਦੇਸ਼ ਦੇ ਪਹਿਲੇ ‘ਆਈਐੱਸ ਮੌਡਿਊਲ’ ਬਾਰੇ ਬੜਾ ਸ਼ੋਰ ਸ਼ਰਾਬਾ ਰਿਹਾ। ਮੱਧ ਪ੍ਰਦੇਸ਼ ਦੇ ਬਹੁਤੇ ਉਤਸ਼ਾਹ ਵਿੱਚ ਆਏ ਮੁੱਖ ਮੰਤਰੀ ਨੇ ਇੱਕ ਰੇਲ ਗੱਡੀ ’ਚ ਧਮਾਕਾ ਕਰਨ ਦੇ ਦੋਸ਼ ਵਿੱਚ ਗਿ੍ਫ਼ਤਾਰ ਲੋਕਾਂ ਤੇ ਸੈਫਉੱਲਾ ਦੇ ‘ਇਸਲਾਮਿਕ ਸਟੇਟ’ ਨਾਲ ਸਬੰਧ ਨਿਰਧਾਰਤ ਕਰਨ ਬਾਰੇ ਫ਼ੈਸਲਾ ਦੇਣ ਵਿੱਚ ਭੋਰਾ ਵੀ ਚਿਰ ਨਹੀਂ ਲਾਇਆ, ਜਦਕਿ ਉਸਦੇ ਆਪਣੇ ਪੇਸ਼ੇਵਾਰਾਨਾ ਮੁਹਾਰਤ ਵਾਲੇ ਪੁਲੀਸ ਅਧਿਕਾਰੀ ਅਤੇ ਉਨ੍ਹਾਂ ਦੇ ਉੱਤਰ ਪ੍ਰਦੇਸ਼ ਵਾਲੇ ਹਮਰੁਤਬਾਵਾਂ ਨੇ ਅਜਿਹੇ ਕਿਸੇ ਵੀ ਦਾਅਵੇ ਬਾਰੇ ਸੰਕੋਚੀ ਸੁਰ ਅਪਨਾਉਣੀ ਬਿਹਤਰ ਸਮਝੀ। ਡੂੰਘੇਰੀ ਅਤੇ ਪੇਸ਼ੇਵਰ ਜਾਂਚ ਹੀ ਇਹੀ  ਸਥਾਪਤ ਕਰ ਸਕਦੀ ਸੀ ਕਿ ਕੀ ਇਹ 20 june e‘‘ਪਹਿਲਾ ਆਈਐੱਸ ਅਤਿਵਾਦੀ’’ ਸੀ ਜਾਂ ਇਹ ਸਿਰਫ਼ ਖ਼ੁਦ ਹੀ ਆਪਣੇ ਆਪ ਨੂੰ ਇਸ ਜਥੇਬੰਦੀ ਦਾ ਮੈਂਬਰ ਮੰਨ ਰਹੇ ਕਿਸੇ ਨੌਜਵਾਨ ਦਾ ਮਾਮਲਾ ਸੀ। ਕੁਝ ਵੀ ਹੋਵੇ, ਇਹ ਮੁਕਾਬਲਾ ਇਕ ਘੱਟਗਿਣਤੀ ਫ਼ਿਰਕੇ ਨੂੰ ਲਾਅਨਤਾਂ ਪਾਉਣ ਤੇ ਦਬਾਉਣ ਦਾ ‘ਆਧਾਰ’ ਪ੍ਰਦਾਨ ਕਰਦਾ ਸੀ ਅਤੇ ਇਸਦਾ ਲਾਭ ਵੀ ਲਿਆ ਗਿਆ। ਪਰ ਇਸ ਤੋਂ ਪਹਿਲਾਂ ਕਿਸੇ ਇੱਕ ਦੇ ਗੁਨਾਹ ਨੂੰ ਸਮੂਹਿਕ ਗੁਨਾਹ ਦੇ ਰੂਪ ਵਿੱਚ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ, ਸਰਤਾਜ ਨੇ ਦਖ਼ਲ ਦੇਣਾ ਵਾਜਬ ਸਮਝਿਆ। ਉਸ ਨੇ ਨਾ ਕੇਵਲ ਆਪਣੇ ਪੁੱਤਰ ਦੀ ਲਾਸ਼ ਲੈਣੋਂ ਕੋਰੀ ਨਾਂਹ ਕਰ ਦਿੱਤੀ ਬਲਕਿ ਉਹ ਸੁੰਨ ਕਰ ਦੇਣ ਵਾਲੀ ਸਪਸ਼ਟਤਾ ਨਾਲ ਬੋਲਿਆ ਵੀ। ਉਸ ਨੇ ਬੇਦਾਵਾ ਪੇਸ਼ ਕਰਦਿਆਂ ਕਿਹਾ ਕਿ ਕਿਉਂਕਿ ਉਸਦਾ ਪੁੱਤਰ ਆਪਣੇ ਮੁਲਕ ਲਈ ਹੀ ਵਫ਼ਾਦਾਰ ਨਹੀਂ ਬਣ ਸਕਿਆ, ਇਸ ਲਈ ਉਹ ਪਰਿਵਾਰ ਦੇ ਮੋਹ ਪਿਆਰ ਅਤੇ ਪਰਿਵਾਰ ਨਾਲ ਸਬੰਧ ਹੋਣ ਦਾ ਵੀ ਹੱਕਦਾਰ ਨਹੀਂ।
ਇਹ ਉਨ੍ਹਾਂ ਸਾਰੀਆਂ ਆਵਾਜ਼ਾਂ ਦਾ ਵਿਲੱਖਣ ਖੰਡਨ ਸੀ, ਜੋ ਹਰ ਵੇਲੇ ਸਾਨੂੰ ਇਹ ਦੱਸਣ ਲਈ ਉਤਾਵਲੀਆਂ ਰਹਿੰਦੀਆਂ ਹਨ ਕਿ ਮੁਸਲਮਾਨਾਂ ਤੇ ਦਹਿਸ਼ਤ  ਵਿਚਾਲੇ ਇੱਕ ਸਵੈਚਲਿਤ ਤੇ ਸਿੱਧਾ ਸਬੰਧ ਹੈ। ਮੁਸਲਮਾਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਸਦਾ ਪਾਕਿਸਤਾਨ ਨਾਲ ਸਾਡੀ ਤਰਜੀਹ ਅਨੁਸਾਰ (ਤੇ ਸਿਆਸੀ ਪੱਖੋਂ ਸਾਡੇ ਲਈ ਵੀ) ਵੈਰ-ਵਿਰੋਧ ਦਾ ਬੇਹਿਸਾਬਾ ਬੋਝ ਚੁੱਕੀ ਰੱਖਣ। ਇੱਕ ਵਿਸ਼ੇਸ਼ ਕਿਸਮ ਦੀ ਵੋਟ ਬੈਂਕ ਸਿਆਸਤ ਤਾਂ ਜਿਊਂਦੀ ਹੀ ਇਸ ‘ਸਬੰਧ’ ਦੇ ਆਧਾਰ ’ਤੇ ਹੈ। ਸਰਤਾਜ ਅਤੇ ਉਸਦੇ ਪਰਿਵਾਰ ਨੇ ਜੋ ਕੀਤਾ, ਉਹ ਇਹ ਸੀ ਕਿ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਵਿਚਲੇ ਰਵਾਇਤੀ ਖੜਪੈਂਚਾਂ ਨੂੰ ਵੱਧ ਗਿਆਨੀ ਦੇ ਆਧਾਰ ’ਤੇ ਕਿਸੇ ਕਿਸਮ ਦੀ ਭੜਕਾਹਟ ਪੈਦਾ ਕਰ ਸਕਣ ਦਾ ਮੌਕਾ ਵੀ ਨਹੀਂ ਦਿੱਤਾ। ਸਿੱਧੇ ਸ਼ਬਦਾਂ ਵਿੱਚ ਸਰਤਾਜ ਨੇ ਸਾਡੇ ਵੱਲੋਂ ਮੁਸਲਮਾਨਾਂ ਲਈ ਤਿਆਰ ਕੀਤੇ ਪ੍ਰੰਪਰਾਗਤ ਤੰਗ ਰਸਤਿਆਂ ਵਿੱਚ ਫਿੱਟ ਆਉਣ ਤੋਂ ਨਾਂਹ ਕਰ ਦਿੱਤੀ। ਉਸ ਵੱਲੋਂ ਆਪਣੇ ਭਟਕੇ ਹੋਏ ਪੁੱਤਰ ਦੀ ਨਿੰਦਾ ਕਰਨੀ ਜਾਂ ਉਸ ਨੂੰ ਬੇਦਾਵਾ ਦੇਣ ਦਾ ਇਹ ਕਦਮ ਯੂ.ਪੀ. ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਹੋਰ ਵੀ ਦਿਲ ਟੁੰਬਵਾਂ ਤੇ ਕਾਟਵਾਂ ਸਿੱਧ ਹੋਇਆ।
ਸ਼ਾਇਦ ਇਸ ਸਾਰੇ ਕਾਸੇ ਦਾ ਵਿੱਚ ਸਭ ਤੋਂ ਸ਼ਾਨਦਾਰ ਪੱਖ ਇਹ ਰਿਹਾ ਕਿ ਦੁੱਖ ਤੇ ਵੇਦਨਾ ਦੀ ਉਸ ਘੜੀ ਵਿੱਚ ਵੀ ਸਰਤਾਜ ਨੂੰ ਇਹ ਗੱਲ ਨਹੀਂ ਵਿਸਰੀ ਸੀ ਕਿ ਇਸ ਵੇਲੇ ਦੇਸ਼ ਦੇ ਸਾਰੇ ਮੁਸਲਮਾਨਾਂ ਦੀ ਵਫ਼ਾਦਾਰੀ ਦਾਅ ’ਤੇ ਹੈ; ਅਤੇ ਉਸਨੂੰ ਵਡੇਰੇ ਹਿੱਤਾਂ ਦਾ ਖਿਆਲ ਸੀ। ਹਰੇਕ ਭਾਰਤੀ ਮੁਸਲਮਾਨ ਨੂੰ ਮੀਡੀਆ ਦੀਆਂ ਭੰਡੀਕਾਰੀ ਆਦਤਾਂ ਦੇ ਛਾਂਟਿਆਂ ਦੀ ਪੀੜ ਮਹਿਸੂਸ ਕਰਾਈ ਜਾਂਦੀ ਰਹੀ ਹੈ। ਸਰਤਾਜ ਨੇ ਕਿਹਾ ਕਿ ਉਸਨੂੰ ਆਪਣੇ ਘਰ ਆਪਣੇ ਪੁੱਤਰ ਦੀ ਦੇਹ ਨਹੀਂ ਚਾਹੀਦੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਣ ਅਤੇ ਨੇਤਾਗਣ ਉੱਥੇ ਆ ਕੇ ਭਾਸ਼ਣ ਦੇਣ। ਉਸਦੀ ਇਹ ਟਿੱਪਣੀ ਉਨ੍ਹਾਂ ਗੈਰ ਤਹਿਜ਼ੀਬੀ ਪ੍ਰਪੰਚਾਂ ਨੂੰ ਦਿ੍ਸ਼ਮਾਨ ਕਰਦੀ ਹੈ ਜੋ ਅਸੀਂ ਖ਼ਬਰ ਤਿਆਰ ਕਰਨ ਤੇ ਪੱਖਪਾਤ ਵਿਕਸਿਤ ਕਰਨ ਲਈ ਵਰਤਦੇ ਆਏ ਹਾਂ।

11 march 3ਪਿਛਲੇ ਹਫ਼ਤੇ ਦਾ ਆਗਾਜ਼ ਮਾਯੂਸਕੁਨ ਰਿਹਾ। ਇਕ ਬੇਸ਼ਕੀਮਤੀ ਸਹਿਕਰਮੀ ਤੇ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਸੰਤੋਸ਼ ਤਿਵਾੜੀ ਦੋ ਮਹੀਨੇ ਜ਼ਿੰਦਗੀ ਤੇ ਮੌਤ ਦਰਮਿਆਨ ਚੱਲੀ ਜੰਗ ਹਾਰ ਗਏ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸੁਰਿੰਦਰ ਸਿੰਘ ਤੇਜ ਨਾਲ ਸੰਤੋਸ਼ ਜੀ ਹਰ ਸਵੇਰ ਮੇਰੇ ਨਾਲ ਕੌਫੀ ਪੀਂਦੇ ਸਨ ਅਤੇ ਅਸੀਂ ਦਿਨ ਭਰ ਦੀਆਂ ਖ਼ਬਰਾਂ ਅਤੇ ਵਿਚਾਰਾਂ ਬਾਰੇ ਚਰਚਾ ਤੇ ਵਿਉਂਤਬੰਦੀ ਕਰਦੇ ਸਾਂ। ਉਨ੍ਹਾਂ ਨੂੰ ਹਿੰਦੀ ਭਾਸ਼ੀ ਖੇਤਰਾਂ, ਖ਼ਾਸ ਕਰਕੇ ਉੱਤਰ ਪ੍ਰਦੇਸ਼ ਤੇ ਹਰਿਆਣਾ ਦੀ ਸਿਆਸਤ ਦੀ ਗੂੜ੍ਹੀ ਸਮਝ ਸੀ। ਮੈਂ ਹਰਿਆਣਾ ਦੀ ਸਿਆਸਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਲਈ ਉਨ੍ਹਾਂ ਉਤੇ   ਨਿਰਭਰ ਸਾਂ।
ਬਹੁਤ ਸਾਰੇ ਪੱਖਾਂ ਤੋਂ ਉਹ ਬਦਲਦੇ ਭਾਰਤ ਦੀ ਤਸਵੀਰ ਨੂੰ ਪੇਸ਼ ਕਰਦੇ ਸਨ। ਬੇਹੱਦ ਮਾਣ ਨਾਲ ਉਹ ਮੈਨੂੰ ਦੱਸਦੇ ਸਨ ਕਿ ਉਹ ਆਪਣੇ ਵੱਡੇ ਪਰਿਵਾਰ ਵਿੱਚੋਂ ਪਹਿਲੇ ਸ਼ਖ਼ਸ ਸਨ ਜਿਸ ਨੇ ਕਾਨਪੁਰ ਤੋਂ ਬਾਹਰ ਜਾ ਕੇ ਜ਼ਿੰਦਗੀ ਜਿਊਣ ਦਾ ਸੁਪਨਾ ਸੰਜੋਇਆ ਸੀ। ਉਨ੍ਹਾਂ ਨੇ ਉਸ ਦੌਰ ’ਚ ਪੱਤਰਕਾਰੀ ਵਿੱਚ ਪੈਰ ਪਾਇਆ ਸੀ ਜਦੋਂ ਹਿੰਦੀ ਪੱਤਰਕਾਰੀ ਨਾਲ ਖ਼ਾਸ ਕਿਸਮ ਦਾ ਰੋਮਾਂਸ ਜੁੜਿਆ ਹੁੰਦਾ ਸੀ। ਉਸ ਸਮੇਂ ਉਸ ਅਧੂਰੇ ਇੰਡੀਆ, ਜੋ ਕਿ ਅਸਲ ਭਾਰਤ ਹੈ, ਦੀਆਂ ਗਲਤੀਆਂ ਦਰੁਸਤ ਕਰਨ ਦੀ ਪ੍ਰਬਲ ਇੱਛਾ ਪੱਤਰਕਾਰੀ ਦੇ ਸ਼ੋਹਬੇ ’ਚ ਮੌਜੂਦ ਸੀ। ਉਨ੍ਹਾਂ ਨੇ ਕਾਨਪੁਰ ਵਿੱਚੋਂ ਹੌਸਲੇ ਨਾਲ ਪਰਵਾਸ ਕਰਕੇ ਦਿੱਲੀ ਨੂੰ ਕਰਮ ਭੂਮੀ ਬਣਾਇਆ, ਜਿਥੇ ਉਨ੍ਹਾਂ ਨੇ ਅਜਿਹੇ ਸਰਪ੍ਰਸਤ ਅਤੇ ਸੀਨੀਅਰ ਲੱਭੇ, ਜਿਨ੍ਹਾਂ ਨੇ ਉਨ੍ਹਾਂ ਦੀ ਸਮਰੱਥਾ ਤੇ ਕਲਾ ਨੂੰ ਪਛਾਣਿਆ। ਉਨ੍ਹਾਂ ਨੇ ਖ਼ੁਦ ਨੂੰ ਹਿੰਦੀ ਪੱਤਰਕਾਰੀ ਦੇ ਕੁੱਝ ਤੇਜ਼ਤਰਾਰ ਪੇਸ਼ੇਵਰਾਂ ਦੇ ਮੁਕਾਬਲੇ ਤੇ ਮਿਆਰ ਉੱਤੇ ਲਿਆਂਦਾ ਅਤੇ ਇਸ ਪ੍ਰਕਿਰਿਆ ਦੌਰਾਨ ਆਪਣੇ ਪੇਸ਼ੇਵਾਰਾਨਾ ਵਿਕਾਸ ਰਾਹੀਂ ਪਹਿਲਾਂ ਨਿੱਗਰ ਪੱਤਰਕਾਰ ਤੇ ਫਿਰ ਸੰਪਾਦਕ ਦੇ ਅਹੁਦੇ ’ਤੇ ਪਹੁੰਚੇ।
ਮੇਰੇ ਲਈ ਸੁਖ਼ਦ ਹੈਰਾਨੀ ਵਾਲੀ ਗੱਲ ਇਹ ਸੀ ਕਿ ਭਾਵੇਂ ਉਹ ਹਿੰਦੀ ਪੱਤਰਕਾਰੀ (ਜਿਸ ਨੂੰ ਜਾਣੇ ਅਣਜਾਣੇ ਪੱਤਰਕਾਰੀ ਦੀ ‘ਪੱਛੜੀ’ ਨਸਲ ਮੰਨਿਆ ਜਾਂਦਾ ਹੈ) ਦੇ ਸੰਸਾਰ ਨਾਲ ਸਬੰਧਤ ਸਨ, ਫਿਰ ਵੀ ਨਵੀਂ ਟੈਕਨਾਲੋਜੀ ਦੇ ਪੂਰੇ ਮੁਰੀਦ ਸਨ। ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜੋ ਸਮਾਰਟ ਫੋਨ ਨਾਲ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਬਾਅਦ ਉਨ੍ਹਾਂ ਨੇ ਮੈਨੂੰ ਇਕ ਆਈ-ਪੈਡ ਖਰੀਦਣ ਲਈ ਪ੍ਰੇਰਿਤ ਕੀਤਾ।
ਰੋਜ਼ਾਨਾ ਦੀ ਉਸ ਗੱਲਬਾਤ ਦੌਰਾਨ ਮੈਨੂੰ ਪਤਾ ਲੱਗਾ ਕਿ ਸੰਤੋਸ਼ ਜੀ ਅਜਿਹੇ ਪੇਸ਼ੇਵਰ ਸਨ, ਜਿਨ੍ਹਾਂ ਨੂੰ ਸਚਮੁੱਚ ਮਾਣਮੱਤਾ ਵਿਅਕਤੀ ਵੀ ਕਿਹਾ ਜਾ ਸਕਦਾ ਹੈ – ਇਹ ਉਹ ਸਨਮਾਨ ਹੈ ਜਿਸ ਦੇ ਅੱਜ ਕੱਲ੍ਹ ਦੇ ਬਹੁਤ ਘੱਟ ਪੱਤਰਕਾਰ ਹੱਕਦਾਰ ਹਨ। ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਨੇ ਸਾਥੋਂ ਉਸ ਸਮੇਂ ਵਿਦਾ ਲੈ ਲਈ ਜਦੋਂ ਉਹ ਸੰਪਾਦਕ ਤੇ ਇਕ ਟੀਮ ਦੇ ਆਗੂ ਵਜੋਂ ਖ਼ੂਬ ਪ੍ਰਫ਼ੁਲਿਤ ਹੋਣ ਲੱਗੇ ਸਨ। ਉਹ ਉਸ ਮੁਕਾਮ ਉਤੇ ਪਹੁੰਚ ਗਏ ਸਨ ਜਦੋਂ ਇਕ ਵਿਅਕਤੀ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਦਾ ਬੋਝ ਮਹਿਸੂਸ ਨਹੀਂ ਕਰਦਾ। ਉਨ੍ਹਾਂ ਨੂੰ ਆਪਣੀ ਪਤਨੀ ਦੀ ਇੰਟੀਰੀਅਰ ਡਿਜ਼ਾਈਨਰ ਵਜੋਂ ਕਲਾਤਮਿਕ ਊਰਜਾ ਉਤੇ ਬਹੁਤ ਮਾਣ ਸੀ ਅਤੇ ਇਸੇ ਤਰ੍ਹਾਂ ਦਾ ਫਖ਼ਰ ਉਨ੍ਹਾਂ ਨੂੰ ਆਪਣੇ ਦੋ ਬੱਚਿਆਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਉਤੇ ਸੀ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚੋਂ ਕਰਮਾਂ ਪ੍ਰਤੀ ਤਸੱਲੀ ਸਪਸ਼ਟ ਝਲਕਦੀ ਸੀ।

‘ਏਜ ਆਫ਼ ਐਂਗਰ-ਏ ਹਿਸਟਰੀ ਆਫ਼ ਦਿ ਪ੍ਰੈਜ਼ੈਂਟ’ (ਰੋਹ ਦਾ ਯੁੱਗ – ਸਾਡੇ ਵਰਤਮਾਨ ਦਾ ਇਤਿਹਾਸ) ਪੁਸਤਕ ਦੇ ਸਰਵਰਕ ਉੱਤੇ ‘ਦਿ ਇਕੌਨੋਮਿਸਟ’ ਦਾ ਹਵਾਲਾ ਹੈ, ਜਿਸ ਵਿੱਚ ਲੇਖਕ ਪੰਕਜ ਮਿਸ਼ਰਾ ਨੂੰ ‘‘ਐਡਵਰਡ ਸਈਦ ਦਾ ਜਾਨਸ਼ੀਨ’’ ਦੱਸਿਆ ਗਿਆ ਹੈ। ਇਹ ਸਲਾਮ ਸਚਮੁੱਚ ਹੀ ਜਾਇਜ਼ ਹੈ, ਅਤੇ ਭਾਵੇਂ ਇਹ ਕਿਤਾਬ ਪੜ੍ਹਨੀ ਆਸਾਨ ਨਹੀਂ, ਫਿਰ ਵੀ ਕੋਸ਼ਿਸ਼ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਮਿਹਨਤ ਦਾ ਫ਼ਲ ਮਿਲਿਆ ਮਹਿਸੂਸ ਹੁੰਦਾ ਹੈ।
ਪੰਕਜ ਮਿਸ਼ਰਾ ਨੇ ਲੇਖਣ ਦੇ ਖੇਤਰ ਵਿੱਚ ਆਪਣੀ ਪੁਸਤਕ ‘ਬਟਰ ਚਿਕਨ ਇਨ ਲੁਧਿਆਣਾ’ ਨਾਲ ਕਦਮ ਧਰਿਆ। ਉਹ ਪੁਸਤਕ ਇੱਕ ਤਰ੍ਹਾਂ ਦਾ ਸਫ਼ਰਨਾਮਾ ਸੀ ਪਰ ਇਸ ਨੇ ਪੰਕਜ ਦੀ ਸਾਖ਼ ਬਾਰੀਕੀਆਂ ਫੜਨ ਵਾਲੇ ਪਾਰਖੂ ਤੇ ਮਿਹਨਤੀ ਕਲਮਕਾਰ ਵਾਲੀ ਬਣਾਈ। ‘ਏਜ ਆਫ਼ ਐਂਗਰ’ ਨੇ ਉਸ ਨੂੰ ਕੌਮਾਂਤਰੀ ਸ਼ੋਹਰਤ ਵਾਲੇ ਬੁੱਧੀਜੀਵੀ ਵਜੋਂ ਸਥਾਪਤ ਕਰ ਦਿੱਤਾ ਹੈ।
ਇਸ ਪੁਸਤਕ ਦੇ ਲੇਖਣ ਵਿੱਚ ਵੀ ਤਾਜ਼ਗੀ ਹੈ ਅਤੇ ਲੇਖਕ ਵਿੱਚ ਵੀ। ਉਹ ਪੰਡਤਾਊ ਨਿਰਪੱਖਵਾਦ, ਜੋ ਬੁਿਨਆਦੀ ਤੌਰ ’ਤੇ ਬਨਾਵਟੀ ਕਲਪਨਾ ਹੈ, ਦਾ ਮੁਰੀਦ ਹੋਣ ਦਾ ਕੋਈ ਦੰਭ ਨਹੀਂ ਰਚਦਾ। ਇਸ ਦੀ ਥਾਂ ਅੱਧੇ ਪੰਨੇ ਦੇ ਮੁੱਖਬੰਦ ਦੇ ਸ਼ੁਰੂ ਵਿੱਚ ਹੀ ਉਹ ਆਪਣੇ ਉਦਾਰਵਾਦੀ ਝੁਕਾਅ ਨੂੰ ਸਪਸ਼ਟ ਕਰਦਾ ਹੈ। ਉਹ ਲਿਖਦਾ ਹੈ ਕਿ ਉਸ ਨੂੰ ‘‘ਪੁਸਤਕ ਲਿਖਣ ਦਾ ਫ਼ੁਰਨਾ 2014 ਵਿੱਚ ਉਦੋਂ ਫੁਰਿਆ, ਜਦੋਂ ਭਾਰਤੀ ਵੋਟਰਾਂ, ਜਿਨ੍ਹਾਂ ਵਿੱਚ ਕਈ ਮੇਰੇ ਮਿੱਤਰ ਵੀ ਸਨ, ਵੱਲੋਂ ਹਿੰਦੂਤਵੀ ਚੌਧਰਪ੍ਰਸਤਾਂ ਨੂੰ ਸੱਤਾ ਸੌਂਪੀ ਗਈ।’’ ਸਪਸ਼ਟ ਹੈ ਕਿ ਇਸਲਾਮਿਕ ਸਟੇਟ, ਬ੍ਰਿਐਗਜ਼ਿਟ ਤੇ ਡੋਨਲਡ ਟਰੰਪ ਦੀ ਚੜ੍ਹਤ ਵਰਗੇ ਝਟਕੇ ਤਾਂ ਬਾਅਦ ਵਿੱਚ ਲੱਗੇ।
ਇਸ ਪੁਸਤਕ ਦੀ ਮੁੱਖ ਖ਼ਾਸੀਅਤ ਪੰਕਜ ਮਿਸ਼ਰਾ ਦਾ ਪੱਛਮੀ ਜਗਤ ਦੀ ਇਸਲਾਮ ਬਾਰੇ ਸਮਕਾਲੀ ਖ਼ਬਤ ਵਿੱਚ ਖ਼ਚਤ ਹੋਣੋਂ ਇਨਕਾਰੀ ਹੋਣਾ ਹੈ। ਉਹ ਐਲਾਨੀਆ ਤੌਰ ’ਤੇ ਕਹਿੰਦਾ ਹੈ ਕਿ ਉਸ ਦੀ ਰੁਚੀ, ਬਹਾਨਿਆਂ ਦਾ ਭਾਰ ਅਹਿਮਕਾਨਾ ਢੰਗ ਨਾਲ  ਇਸਲਾਮ ਜਾਂ ਧਾਰਮਿਕ ਕੱਟੜਪੰਥੀ ਸਿਰ ਸੁੱਟਣ ਦੀ ਨਹੀਂ ਹੈ। ਠਰ੍ਹੰਮੇ ਵਾਲੀ ਅਮਲਦਾਰੀ ਨਾਲ ਪੰਕਜ ਮਿਸ਼ਰਾ ਸਾਨੂੰ ਇਤਿਹਾਸ ਬਾਰੇ ਚੇਤਾ ਕਰਾਉਂਦਾ ਹੈ। ਮਿਸਾਲ ਵਜੋਂ ਉਹ ਕਹਿੰਦਾ ਹੈ ਕਿ ‘ਜਹਾਦ’ ਸ਼ਬਦ ਦੇ ਆਮ ਬੋਲਚਾਲ ਦੇ ਘੇਰੇ ਵਿੱਚ ਆਉਣ ਤੋਂ ਇੱਕ ਸਦੀ ਤੋਂ ਵੱਧ ਪਹਿਲਾਂ ਜਰਮਨ ਤੇ ਇਤਾਲਵੀ ਕੌਮਪ੍ਰਸਤ ਵੀ ‘ਮੁਕੱਦਸ ਜੰਗ’ (ਧਾਰਮਿਕ ਜੰਗ) ਵਰਗੇ ਸੱਦੇ ਦਿੰਦੇ ਰਹੇ ਸਨ।
11107CD _11 JULY  Fਬੜੀ ਵਿਚਾਰਨਯੋਗ ਅੰਤਰਦ੍ਰਿਸ਼ਟੀ ਨਾਲ ਪੰਕਜ ਮਿਸ਼ਰਾ ਇੱਕ ਵਿਆਪਕ ਡਰ ਦਾ ਖ਼ਾਕਾ ਇਸ ਤਰ੍ਹਾਂ ਖਿੱਚਦਾ ਹੈ ਜਿਸਨੇ ਵਿਸ਼ਵ ਭਰ ਦੇ ਮੁਲਕਾਂ ਤੇ ਭਾਈਚਾਰਿਆ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਇਹ ਡਰ ਵੱਧ ਡਰਾਵਣਾ ਇਸ ਲਈ ਵੀ ਹੈ ਕਿਉਂਕਿ ਕਿਸੇ ਦਾ ਵੀ ਇਨ੍ਹਾਂ ਤਾਕਤਾਂ ਤੇ ਘਟਨਾਵਾਂ ਉੱਤੇ ਕੋਈ ਕਾਬੂ ਨਹੀਂ ਹੈ। ਸੋਸ਼ਲ ਮੀਡੀਆ ਦੇ ਮੌਜੂਦਾ ਦੌਰ ਵਿੱਚ ‘‘ਕਿਸੇ  ਨਾਲ ਵੀ ਕਿਸੇ ਵੀ ਸਮੇਂ ਕੁਝ ਵੀ ਵਾਪਰ ਸਕਦਾ ਹੈ।’’ ਮਿਸਾਲ ਦੇ ਤੌਰ ’ਤੇ ਜਲਵਾਯੂ ਤਬਦੀਲੀ ਅਤੇ ਇਸ ਕਾਰਨ ਹੋਣ ਵਾਲੀ ਤਬਾਹੀ ‘‘ਦੁਨੀਆਂ ਦੇ ਬੇਮੁਹਾਰਾ ਹੋਣ ਦੀ ਭਾਵਨਾ ਨੂੰ ਹੋਰ ਹਵਾ ਦੇ ਰਹੀ ਹੈ।’’
ਦੂਜੇ ਬੰਨੇ ਜਿਹੜੀ ਨਵੀਂ ਬੇਰੋਕ-ਟੋਕ ਆਫ਼ਤ ਦਰਪੇਸ਼ ਹੈ, ਉਹ ਹੈ ਆਲਮੀ ਸਰਮਾਏਦਾਰੀ ਵੱਲੋਂ ਹੋਰ ਦੌਲਤ, ਹੋਰ ਤਾਕਤ, ਹੋਰ ਰੁਤਬੇ ਤੇ ਬਨਾਵਟੀ ਉਤੇਜਨਾ ਵਾਲਾ ਵਰਤਾਰਾ। ਮੌਜੂਦਾ ਸਮੇਂ ਵਿੱਚ ਦੁਨੀਆਂ 50 ਸਾਲ ਪਹਿਲਾਂ ਨਾਲੋਂ ਵੱਧ ਨਾਬਰਾਬਰੀ ਦਾ ਸ਼ਿਕਾਰ ਹੈ ਇਸੇ ਕਾਰਨ ਹਰੇਕ ਮੁਲਕ ਵਿੱਚ ਰੋਹ ਤੇ ਗੁੱਸੇ ਵਾਲਾ ਦਾਇਰਾ ਹੋਰ ਚੌੜਾ ਹੋਇਆ ਹੈ ਜਿਸਦਾ ਉਸ਼ਟੰਡਬਾਜ਼ ਸਿਆਸੀ ਆਗੂ ਪੂਰਾ ਲਾਭ ਲੈ ਰਹੇ ਹਨ। ਬਿਲਕੁਲ ਇਹੋ ਕੁਝ ਉਨੀਵੀਂ ਤੇ ਵੀਹਵੀਂ ਸਦੀ ਵਿੱਚ ਯੂਰਪੀ ਰਵਾਇਤ ਦਾ ਖ਼ਾਸਾ ਸੀ। ਗੁੱਸੇਖੋਰ ਰਾਸ਼ਟਰਵਾਦ ਹਰ ਇੱਕ ਦੇ ਅੰਦਰ ਘਰ ਕਰ ਰਿਹਾ ਹੈ ਅਤੇ ਅਜਿਹਾ ਰਾਸ਼ਟਰਵਾਦੀ ਬਣਨ ਵਿੱਚ ਲੋਕ ਤਸੱਲੀ ਵੀ ਮਹਿਸੂਸ ਕਰ ਰਹੇ ਹਨ।
ਪੰਕਜ ਮਿਸ਼ਰਾ ਨਾ ਕੋਈ ਹੱਲ ਸੁਝਾਉਂਦਾ ਹੈ ਅਤੇ ਨਾ ਹੀ ਮੁਕਤੀ ਦਾ ਰਾਹ ਦੱਸਦਾ ਹੈ। ਪਰ ਉਸਦਾ ਬਹੁਮੁੱਲਾ ਇਤਿਹਾਸਕ ਬਿਰਤਾਂਤ ਸਾਨੂੰ ਲਗਾਤਾਰ ਫੈਲ ਰਹੇ ਇਸਲਾਮ ਫੋਬੀਆ ਦੀ ਜਕੜ ਵਿੱਚੋਂ ਮੁਕਤ ਕਰਨ ਦਾ ਯਤਨ ਹੈ। ਇਸੇ ਕਾਰਨ ਇਹ ਇੱਕ ਸਾਰਥਕ ਉਪਰਾਲਾ ਜਾਪਦਾ ਹੈ।

ਵਿਧਾਨ ਸਭਾ ਚੋਣਾਂ ਮਗਰੋਂ ਪੰਜਾਬ ਕੋਲ ਬਹੁਤ ਸਾਰੇ ਜੇਤੂ ਤੇ ਹਾਰਨ ਵਾਲੇ ਹਨ। ਜੇਤੂ ਆਪਣੀ ਜਿੱਤ ਦੀ ਭਾਫ਼ ਦਾ ਸੁਆਦ ਮਾਣਦੇ ਰਹਿਣਗੇ, ਪਰ ਹਾਰਨ ਵਾਲਿਆਂ ਨੂੰ ਕੌਫ਼ੀ ਦੇ ਕੱਪ ਦੀ ਧਰਵਾਸਕਾਰੀ ਤਾਕਤ ਦਾ ਸਹਾਰਾ ਲੈਣਾ ਚਾਹੀਦਾ ਹੈ। ਉਹ ਮੇਰੇ ਨਾਲ ਕੌਫ਼ੀ ਦਾ ਕੱਪ ਸਾਂਝਾ ਕਰ ਸਕਦੇ ਹਨ।

ਈਮੇਲ: kaffeeklatsch@tribuneindia.com


Comments Off on ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.