ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਯੋਗੀ ਅਤੇ ਮੋਦੀ

Posted On March - 19 - 2017

ਕੱਟੜਵਾਦੀ ਹਿੰਦੂਤਵੀ ਆਗੂ ਯੋਗੀ ਆਦਿਤਿਆਨਾਥ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੇ ਦਰਸਾ ਦਿੱਤਾ ਹੈ ਕਿ ਉਹ ਦੇਸ਼ ਦੇ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਵਿੱਚ ਹਿੰਦੂਵਾਦੀ ਸਫ਼ਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਦ੍ਰਿੜ੍ਹ ਹਨ ਅਤੇ ਅਜਿਹਾ ਕਰਦਿਆਂ ਜੇਕਰ ਮੁਸਲਮਾਨ ਭਾਈਚਾਰਾ ਅਲੱਗ-ਥਲੱਗ ਪੈਂਦਾ ਹੈ ਤਾਂ ਇਸਦੀ ਉਨ੍ਹਾਂ ਨੂੰ ਪ੍ਰਵਾਹ ਨਹੀਂ। ਭਾਜਪਾ ਨੇ ਪਹਿਲਾਂ 2014 ਦੀ ਲੋਕ ਸਭਾ ਚੋਣਾਂ ਵਿੱਚ ਮੁਸਲਮਾਨ ਭਾਈਚਾਰੇ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕੀਤੀ ਅਤੇ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸੇ ਰਣਨੀਤੀ ਨੂੰ ਵੱਧ ਕਾਰਗਰ ਢੰਗ ਨਾਲ ਅਮਲ ਵਿੱਚ ਲਿਆਂਦਿਆਂ ਤਿੰਨ-ਚੌਥਾਈ ਬਹੁਮਤ ਹਾਸਲ ਕੀਤਾ। ਹੁਣ ਉਸ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਵੀ ਇਸੇ ਲੀਹ ’ਤੇ ਤੁਰਨਾ ਚੁਣਿਆ ਹੈ। ਜ਼ਾਹਿਰ ਹੈ ਕਿ ਭਾਜਪਾ ਆਪਣਾ ਜੇਤੂ ਫਾਰਮੂਲਾ ਤਿਆਗਣਾ ਨਹੀਂ ਚਾਹੁੰਦੀ। ਲਿਹਾਜ਼ਾ, ਉਸਨੇ ਕੋਈ ਪਰਦਾਦਾਰੀ ਨਾ ਰੱਖਣ ਦਾ ਨਿਰਣਾ ਲਿਆ ਹੈ। ਇਸ ਰਣਨੀਤੀ ਕਾਰਨ ਦੇਸ਼ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ, ਇਸਦੀ ਉਸ ਨੂੰ ਪ੍ਰਵਾਹ ਨਹੀਂ ਜਾਪਦੀ। ਉਸ ਲਈ 2019 ਵਾਲੇ ਲਾਭ ਵੱਧ ਅਹਿਮ ਹਨ ਤੇ ਧਿਆਨ ਵੀ ਉਨ੍ਹਾਂ  ਉੱਤੇ ਹੀ ਕੇਂਦ੍ਰਿਤ ਕਰ ਰਹੀ ਹੈ। ਯੋਗੀ ਦੇ ਨਾਲ ਦੋ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਤੇ ਦਿਨੇਸ਼ ਸ਼ਰਮਾ ਵੀ ਬਣਾਏ ਗਏ ਹਨ। ਅਜਿਹਾ ਜਾਤੀਵਾਦੀ ਸੰਤੁਲਨ ਬਣਾਉਣ ਲਈ ਕੀਤਾ ਗਿਆ ਜਾਪਦਾ ਹੈ। ਜ਼ਿਕਰਯੋਗ ਤੱਥ ਇਹ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਇਸ ਵੇਲੇ ਵਿਧਾਇਕ ਨਹੀਂ। ਯੋਗੀ ਆਦਿਤਿਆਨਾਥ ਤੇ ਕੇਸ਼ਵ ਪ੍ਰਸਾਦ ਮੌਰਿਆਂ ਕ੍ਰਮਵਾਰ ਗੋਰਖਪੁਰ ਤੇ ਫੂਲਪੁਰ (ਪੰਡਿਤ ਜਵਾਹਰਲਾਲ ਨਹਿਰੂ ਦਾ ਪੁਰਾਣਾ ਹਲਕਾ) ਤੋਂ ਲੋਕ ਸਭਾ ਮੈਂਬਰ ਹਨ ਜਦੋਂ ਕਿ ਦਿਨੇਸ਼ ਸ਼ਰਮਾ ਲਖਨਊ ਦੇ ਮੇਅਰ ਹਨ। ਮੌਰਿਆ ਤੇ ਸ਼ਰਮਾ ਦੀ ਚੋਣ ’ਤੇ ਕਿੰਤੂ-ਪ੍ਰੰਤੂ ਨਹੀਂ ਹੋ ਸਕਦਾ, ਪਰ ਯੋਗੀ ਦੀ ਮੁੱਖ ਮੰਤਰੀ ਵਜੋਂ ਚੋਣ ਸਚਮੁੱਚ ਹੀ ਵਿਵਾਦਿਤ ਹੈ। ਇਹ ਭਾਜਪਾ ਦੇ ਉਨ੍ਹਾਂ ਮੱਧਮਾਰਗੀ ਪ੍ਰਸੰਸਕਾਂ ਨੂੰ ਨਿਰਾਸ਼ ਕਰਨ ਵਾਲੀ ਹੈ ਜੋ ਇਹ ਸੋਚਦੇ ਸਨ ਕਿ ਚੋਣਾਂ ਵਿੱਚ ਭਾਰੀ ਜਿੱਤ ਮਗਰੋਂ ਭਾਜਪਾ ਲੋਕ ਫ਼ਤਵੇ ਨੂੰ ਸੰਜੀਦਗੀ ਨਾਲ ਲੈਂਦਿਆਂ ਸਮਾਜ ਦੇ ਸਾਰੇ ਵਰਗਾਂ ਦੀਆਂ ਸੰਵੇਦਨਾਵਾਂ ਦਾ ਧਿਆਨ ਰੱਖਣ ਦੇ ਰਾਹ ’ਤੇ ਤੁਰੇਗੀ। ਪਰ ਭਾਜਪਾ ਦੀ ਰਣਨੀਤੀ ਸਿਰਫ਼ ਬਹੁਗਿਣਤੀ ਦੀਆਂ ਸੰਵੇਦਨਾਵਾਂ ਤਕ ਹੀ ਸੀਮਤ ਹੈ ਅਤੇ ਇਸ ਰਣਨੀਤੀ ਉੱਤੇ ਹੁਣ ਉਹ ਪਰਦਾਪੋਸ਼ੀ ਦੇ ਵੀ ਰੌਂਅ ਵਿੱਚ ਨਹੀਂ।
41 ਵਰ੍ਹਿਆਂ ਦੇ ਯੋਗੀ ਆਦਿਤਿਆਨਾਥ ਦਾ ਰਾਜਸੀ ਪਿਛੋਕੜ ਉਨ੍ਹਾਂ ਦੀ ਰਾਜਨੀਤੀ ਵਾਂਗ ਹੀ ਵਿਵਾਦਮਈ ਹੈ। ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ‘ਹਿੰਦੂ ਹ੍ਰਿਦਯਸਮਰਾਟ’ ਦੱਸਦੇ ਹਨ। ਪੂਰਬੀ ਉੱਤਰ ਪ੍ਰਦੇਸ਼, ਖ਼ਾਸ ਕਰਕੇ ਗੋਰਖਪੁਰ ਡਿਵੀਜ਼ਨ ਵਿੱਚ ਉਨ੍ਹਾਂ ਦੀ ਚੰਗੀ ਪੈਂਠ ਹੈ, ਪਰ ਨਾਲ ਹੀ ਇਸ ਇਲਾਕੇ ਵਿੱਚ ਉਨ੍ਹਾਂ ਦੇ ਹਮਾਇਤੀਆਂ ਦੀਆਂ ਜ਼ਿਆਦਤੀਆਂ ਦੀ ਫਹਿਰਿਸਤ ਵੀ ਚੋਖੀ ਲੰਮੀ ਹੈ। ਉਹ ਆਪ ਸਾਇੰਸ ਗ੍ਰੈਜੂਏਟ ਹਨ ਅਤੇ ਵਿਦਿਆਰਥੀ ਜੀਵਨ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨਾਲ ਜੁੜੇ ਰਹੇ ਹਨ। ਉਨ੍ਹਾਂ ਖ਼ਿਲਾਫ਼ ਪੰਜ ਕੇਸ ਵੀ ਦਰਜ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੇਸ ਅਪਰਾਧਿਕ ਨਾ ਹੋ ਕੇ ਸਿਆਸੀ ਹਨ। ਇਨ੍ਹਾਂ ਵਿੱਚੋਂ ਤਿੰਨ ਦਾ ਸਬੰਧ ‘ਲਵ ਜਹਾਦ’ ਦਾ ਵਿਰੋਧ ਕਰਨ ਨਾਲ ਹੈ। ਇਨ੍ਹਾਂ ਸਾਰੇ ਕੇਸਾਂ ਵਿੱਚ ਉਹ ਜ਼ਮਾਨਤ ਉੱਤੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਦੇ ਅੰਦਰੂਨੀ ਹਲਕੇ ਇਹ ਤਸਲੀਮ ਕਰਦੇ ਹਨ ਕਿ ਯੋਗੀ ਆਦਿਤਿਆਨਾਥ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ੁਮਾਰ ਨਹੀਂ ਸਨ। ਕੇਂਦਰੀ ਮੰਤਰੀ ਮਨੋਜ ਸਿਨਹਾ ਦੇ ਸਵੱਛ ਅਕਸ ਤੇ ਪ੍ਰਸ਼ਾਸਨਿਕ ਤਜਰਬੇ ਦੇ ਮੱਦੇਨਜ਼ਰ ਉਨ੍ਹਾਂ ਦਾ ਨਾਂ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਸੀ। ਪਰ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੀ ਸਲਾਹ ’ਤੇ ਅੰਤ ਯੋਗੀ ਆਦਿਤਿਆਨਾਥ ਬਾਰੇ ਸਹਿਮਤੀ ਬਣ ਗਈ। ਪ੍ਰਧਾਨ ਮੰਤਰੀ ਦੇ ਆਲੋਚਕ ਇਸ ਚੋਣ ਨੂੰ ਆਪਣੇ ਇਨ੍ਹਾਂ ਦਾਅਵਿਆਂ ਦੇ ਪ੍ਰਮਾਣ ਵਜੋਂ ਪੇਸ਼ ਕਰ ਰਹੇ ਹਨ ਕਿ ਮੋਦੀ ਦੀ ਵੀ ਹਰ ਥਾਂ ਮਰਜ਼ੀ ਨਹੀਂ ਚੱਲਦੀ ਅਤੇ ਸਮੁੱਚੇ ਪ੍ਰਬੰਧ ਦੀ ਚਾਬੀ ਆਰਐੱਸਐੱਸ ਦੇ ਹੱਥਾਂ ਵਿੱਚ ਹੈ। ਪਰ ਮੋਦੀ ਦੇ ਕਰੀਬੀ ਜਾਣਦੇ ਹਨ ਕਿ ਉਹ ‘ਨਾਗਪੁਰੀ ਮਹੰਤਾਂ’ ਦਾ ਦਬਾਅ ਮੰਨਣ ਦਾ ਸਿਰਫ਼ ਭਰਮ ਪੈਦਾ ਕਰਦੇ ਹਨ, ਅਮਲ ਆਪਣੇ ਮਨ ਦੀ ਸੋਚ ਮੁਤਾਬਿਕ ਕਰਦੇ ਹਨ। ਯੋਗੀ ਆਦਿਤਿਆਨਾਥ ਦੀ ਨਿਯੁਕਤੀ ਹਿੰਦੂ ਵੋਟ ਬੈਂਕ ਦੀ ਭਾਜਪਾ-ਪੱਖੀ ਜਮ੍ਹਾਂਬੰਦੀ ਵਾਲੀ ਮੋਦੀਆਨਾ ਰਣਨੀਤੀ ਦੀ ਹੀ ਉਪਜ ਹੈ।


Comments Off on ਯੋਗੀ ਅਤੇ ਮੋਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.