ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਰਣਜੀਤ ਸਿੰਘ ਖੜਗ ਦੀ ਬਹੁਪੱਖੀ ਪ੍ਰਤਿਭਾ

Posted On March - 4 - 2017
ਰਣਜੀਤ ਸਿੰਘ ਖੜਗ

ਰਣਜੀਤ ਸਿੰਘ ਖੜਗ

ਪੰਜਾਹਵਿਆਂ ਵਿੱਚ ਮੈਨੂੰ ਇਕ ਲੰਮਾ ਸਮਾਂ ਸ਼ਿਮਲੇ ਰਹਿਣ ਦਾ ਅਵਸਰ ਪ੍ਰਾਪਤ ਹੋਇਆ। ਉੱਥੇ ਸਭ ਤੋਂ ਪਹਿਲਾਂ ਮੇਰਾ ਸੰਪਰਕ ਕਵੀ ਅਤੇ ਆਰਟਿਸਟ ਈਸ਼ਵਰ ਚਿੱਤਰਕਾਰ (1912-1968) ਨਾਲ ਹੋਇਆ, ਜਿਸ ਬਾਰੇ ਕਿਹਾ ਗਿਆ ਹੈ ਕਿ ਉਹ ‘ਫ਼ਰਿਸ਼ਤਾ ਸੀਰਤ ਮਨੁੱਖ ਸਨ’। ਉਨ੍ਹਾਂ ਦੇ ਰਾਹੀਂ ਮੇਰੀ ਵਾਕਫ਼ੀਅਤ ਰਣਜੀਤ ਸਿੰਘ ਖੜਗ (1915-1971) ਨਾਲ ਹੋਈ ਜੋ ਉਨ੍ਹੀਂ ਦਿਨੀਂ ‘ਸਟੇਜੀ’ ਕਵੀਆਂ ਦੀ ਸੰਸਥਾ ‘ਕਵੀ ਗੁਲਜ਼ਾਰ’ ਦੇ ਜਨਰਲ ਸਕੱਤਰ ਸਨ। ਬਾਅਦ ਵਿੱਚ ਉਹ ਇਸ ਦੇ ਪ੍ਰਧਾਨ ਵੀ ਰਹੇ। ਸ਼ਿਮਲੇ ਵਿੱਚ ਉਦੋਂ ਜਿਹੜੇ ਹਰ ਮਹੀਨੇ ਕਵੀ ਦਰਬਾਰ ਹੁੰਦੇ ਸਨ, ਉਨ੍ਹਾਂ ਦਾ ਸਰੋਤੇ ਖ਼ੂਬ ਆਨੰਦ ਮਾਣਦੇ ਸਨ, ਖ਼ਾਸ ਕਰਕੇ ਇਸ ਲਈ ਕਿ ਉਨ੍ਹਾਂ ਦਾ ਸੰਚਾਲਨ ਰਣਜੀਤ ਸਿੰਘ ਖੜਗ ਕਰਦੇ ਸਨ ਅਤੇ ‘ਕਵੀ ਗੁਲਜ਼ਾਰ’ ਦੇ ਪ੍ਰਧਾਨ ਈਸ਼ਰ ਸਿੰਘ ਈਸ਼ਰ ਆਪਣੀ ਹਾਸ-ਰਸ ਕਵਿਤਾ ਨਾਲ ਖੂਬ ਰੰਗ ਬੰਨ੍ਹਦੇ ਸਨ।
ਹੌਲੀ-ਹੌਲੀ ਈਸ਼ਵਰ  ਚਿੱਤਰਕਾਰ ਵਾਂਗ ਖੜਗ ਨਾਲ ਵੀ ਮੇਰੇ ਗੂੜ੍ਹੇ ਸਬੰਧ ਬਣ ਗਏ। ਈਸ਼ਵਰ  ਜੀ ਲੋੜ ਅਨੁਸਾਰ  ਸਟੇਜ ’ਤੇ ਕਵਿਤਾ ਆਪਣੇ ਖ਼ਾਸ ਅੰਦਾਜ਼ ਨਾਲ ਪੜ੍ਹ ਦਿੰਦੇ ਸਨ ਪਰ ਵਧੇਰੇ ਉਹ ਪੰਜਾਬੀ ਮਾਸਿਕ ਪੱਤਰਾਂ ਵਿੱਚ ਆਪਣੀਆਂ ਰਚਨਾਵਾਂ ਦਾ

ਪ੍ਰੋ. ਨਰਿੰਜਨ ਤਸਨੀਮ

ਪ੍ਰੋ. ਨਰਿੰਜਨ ਤਸਨੀਮ

ਪ੍ਰਕਾਸ਼ਿਤ ਹੋਣਾ ਪਸੰਦ ਕਰਦੇ ਸਨ। ਇਸ ਤੋਂ ਉਲਟ ਮੇਰੇ ’ਤੇ ਉਨ੍ਹਾਂ ਦਾ ਪ੍ਰਭਾਵ ਇਹ ਰਿਹਾ ਕਿ ਉਹ ਸਟੇਜ ’ਤੇ ਆਪਣੀਆਂ ਕਵਿਤਾਵਾਂ ਸੁਣਾ ਕੇ  ਸਰੋਤਿਆਂ ਨੂੰ ਮੰਤਰ-ਮੁਗਧ ਕਰਨਾ ਹੀ ਕਾਫ਼ੀ ਸਮਝਦੇ ਸਨ। ਉਦੋਂ ਕਿਸੇ ਰਸਾਲੇ ਵਿੱਚ ਉਨ੍ਹਾਂ ਦੀ ਕੋਈ ਕਵਿਤਾ ਛਪੀ ਹੋਈ ਮੈਂ ਨਹੀਂ ਸੀ ਦੇਖੀ। ਇਹ 1961 ਤੱਕ ਦੀ ਗੱਲ ਹੈ ਜਦੋਂ ਮੈਂ ਸ਼ਿਮਲੇ ਨੂੰ ਅਲਵਿਦਾ ਕਹਿ ਆਇਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਹ ਪੰਜਾਬੀ ਦੇ ਕਈ ਰਸਾਲਿਆਂ ਵਿੱਚ ਨਾ ਸਿਰਫ਼ ਆਪਣੀਆਂ ਕਵਿਤਾਵਾਂ ਬਲਕਿ ਆਪਣੇ ਲੇਖ ਵੀ ਛਪਵਾਉਂਦੇ ਰਹੇ ਸਨ। ਫੇਰ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਕੋਈ ਪੁਸਤਕ ਪ੍ਰਕਾਸ਼ਤ ਨਹੀਂ ਸੀ ਹੋਈ। ਉਂਜ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਪੁਸਤਕਾਂ ਪਾਠਕਾਂ ਤੀਕ ਪਹੁੰਚਣ ਪਰ ਇਹ ਹੋ ਨਹੀਂ ਸੀ ਸਕਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਇਕ ਲੰਮਾ ਅਰਸਾ ਬੀਤ ਗਿਆ ਅਤੇ ਖੜਗ ਜੀ ਪੰਜਾਬੀ ਜਗਤ ਵਿੱਚ ਅਣਗੌਲੇ ਰਹਿ ਗਏ ਪ੍ਰਤੀਤ ਹੋਣ ਲੱਗੇ। ਲੇਕਿਨ ਇਸ ਬਹੁ-ਪੱਖੀ ਪ੍ਰਤਿਭਾ ਦੇ ਸਿਰਜਕ ਨੇ ਆਪਣਾ ਸਿੱਕਾ ਉਦੋਂ ਜਮਾਇਆ ਜਦੋਂ ਉਨ੍ਹਾਂ ਦੇ ਬੇਟੇ ਇੰਜੀਨੀਅਰ ਕਰਮਜੀਤ ਸਿੰਘ ਨੇ ਆਪਣੇ  ਰੁਝੇਵਿਆਂ ਤੋਂ ਖਹਿੜਾ ਛੁਡਾ ਕੇ ਥੋੜ੍ਹੇ ਵਕਫ਼ਿਆਂ ਤੋਂ ਬਾਅਦ ਖੜਗ ਜੀ ਦੇ ਕਾਵਿ-ਸੰਗ੍ਰਹਿਆਂ ਅਤੇ ਅਨੇਕਾਂ ਹੋਰ ਵਿਸ਼ਿਆਂ ’ਤੇ ਆਧਾਰਤ ਲੇਖਾਂ ਨੂੰ ਪੁਸਤਕਾਂ ਦਾ ਰੂਪ ਪ੍ਰਦਾਨ ਕੀਤਾ। ਉਹੀ ਗੱਲ ਹੋਈ ਜੋ ਬੜੇ ਚਿਰ ਤੋਂ ਵਿਸਰੇ ਅੰਗਰੇਜ਼ੀ ਦੇ ਕਵੀ ਜਾਨ੍ਹ ਡੰਨ ਅਤੇ ਉਰਦੂ ਦੇ ਸ਼ਾਇਰ ਨਜ਼ੀਰ ਅਕਬਰਾਬਾਦੀ ਨਾਲ ਹੋਈ ਸੀ। ਇਸ ਸਿਲਸਿਲੇ ਵਿੱਚ ਅੰਗਰੇਜ਼ੀ ਦੇ ਪ੍ਰਸਿੱਧ ਕਵੀ-ਆਲੋਚਕ ਟੀ.ਐਸ. ਐਲੀਅਟ ਨੇ ਕਿਹਾ ਸੀ ਕਿਸੇ ਨਵੀਂ ਪ੍ਰਭਾਵਸ਼ਾਲੀ ਪੁਸਤਕ ਵਜੂਦ ਵਿੱਚ ਆਉਣ ਨਾਲ ਪਹਿਲਾਂ ਛਪੀਆਂ ਹੋਈਆਂ ਪੁਸਤਕਾਂ ਦੀ ਤਰਤੀਬ ਵਿੱਚ ਰੱਦੋ-ਬਦਲ ਹੁੰਦਾ ਰਹਿੰਦਾ ਹੈ। ਹੁਣ ਹਾਲ ਇਹ ਹੈ ਕਿ ਰਣਜੀਤ ਸਿੰਘ ਖੜਗ ਨੇ ਆਪਣਾ ਸਥਾਨ ਗ੍ਰਹਿਣ ਕਰ ਲਿਆ ਹੈ  ਅਤੇ  ਪੰਜਾਬੀ ਸਾਹਿਤ ਜਗਤ ਮਾਲਾ ਮਾਲ ਹੋ ਗਿਆ ਹੈ।
ਰਣਜੀਤ ਸਿੰਘ ਖੜਗ ਦੀ ਸਭ ਤੋਂ ਪਹਿਲੀ ਰਚਨਾ, ਜਿਹੜੀ ਸਾਡੇ ਤੀਕ ਪਹੁੰਚੀ ਉਹ ਕਾਵਿ-ਸੰਗ੍ਰਹਿ ਸੀ ‘ਰੁੱਤ ਕਸੁੰਭੇ ਦੀ’ (2012) ਇਸ ਵਿੱਚ 206 ਕਵਿਤਾਵਾਂ ਹਨ। ਇਨ੍ਹਾਂ ਨੂੰ ਪੜ੍ਹਦੇ ਹੋਏ ਇਹੀ ਪ੍ਰਤੀਤ ਹੁੰਦਾ ਹੈ ਕਿ ਕੋਈ ਐਸਾ ਵਿਸ਼ਾ ਨਹੀਂ, ਜਿਸ ਬਾਰੇ ਕੁਝ ਨਾ ਕੁਝ ਨਾ ਕਿਹਾ ਗਿਆ ਹੋਏ। ‘ਆ ਤੈਨੂੰ ਇਕ ਗੀਤ ਸੁਣਾਵਾਂ’ ਦਾ ਪਹਿਲਾ ਬੰਦ ਹੈ:
ਕਈ ਦਿਲ ਵਿੱਚ ਦਮਕ ਰਹੇ ਨੇ
ਕਈ ਅੱਖਾਂ ਦੇ ਵਿੱਚ ਚਮਕ ਰਹੇ ਨੇ
ਨਾ ਚੁੱਪ ਕਰਕੇ ਇਹ ਬਹਿੰਦੇ ਨੇ
ਹਰ ਵੇਲੇ ਮਚਲਦੇ ਰਹਿੰਦੇ ਨੇ
ਉਮਲ ਉਮਲ ਕੇ ਬਾਹਰ ਆਉਂਦੇ
ਇਨ੍ਹਾਂ ਦੇ ਦਿਲ ਭੀ ਇਹ ਅਰਮਾਨ
ਕਿ ਮੈਂ ਤੈਨੂੰ ਇਕ ਗੀਤ ਸੁਣਾਵਾਂ।
ਯਾਦ ਬਾਰੇ ਬਹੁਤੇ ਕਵੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਹਰ ਇਕ ਨੇ ਨਵੇਂ ਅੰਦਾਜ਼ ਵਿੱਚ ਇਸ ਦਾ ਸਵਾਗਤ ਕੀਤਾ ਹੈ ਜਾਂ ਆਪਣੇ ਦੁਖੀ ਮਨ ਦਾ ਪ੍ਰਗਟਾਵਾ ਕੀਤਾ ਹੈ। ਕਦੀ ਤਾਂ ਯਾਦ ਅਚਾਨਕ ਹੀ ਕਵੀ ਦੇ ਅਹਿਸਾਸ ਨੂੰ ਟੁੰਬਦੀ ਹੈ।
ਫ਼ੈਜ਼ ਅਹਿਮਦ ਫ਼ੈਜ਼ ਨੇ ਮਹਿਸੂਸ ਕੀਤਾ:
ਰਾਤ ਯੂੰ ਦਿਲ ਮੇਂ ਤਿਰੀ ਖੋਈ ਹੋਈ ਯਾਦ ਆਈ
ਜੈਸੇ ਵੀਰਾਨੇ ਮੇਂ ਚੁਪਕੇ ਸੇ ਬਹਾਰ ਆ ਜਾਏ
ਜੈਸੇ ਸਹਿਰਾਓਂ ਮੇਂ ਹੌਲੇ ਸੇ ਚਲੇ ਬਾਦੇ-ਨਸੀਮ
ਜੈਸੇ ਬੀਮਾਰ ਕੋ ਬੇ-ਵਜ੍ਹਾ ਕਰਾਰ ਆ ਜਾਏ।
ਈਸ਼ਵਰ ਚਿਤਰਕਾਰ ਨੇ ਵੀ ਯਾਦ ਬਾਰੇ ਕਈ ਤਰ੍ਹਾਂ ਦੇ ਬਿੰਬਾਂ ਦੀ ਵਰਤੋਂ ਕੀਤੀ ਹੈ। ਇਕ ਅਨੋਖਾ ਬਿੰਬ ਇਸ ਤਰ੍ਹਾਂ ਦਾ ਹੈ:
ਯਾਦ ਕਿਸੇ ਦੀ ਸੀਨੇ ਅੰਦਰ
ਏਸ ਤਰ੍ਹਾਂ ਨਿੱਤ ਤੜਫੇ
ਪਾਣੀ ਵਿੱਚ ਜਿਉਂ ਮੱਛੀ ਕੋਈ
ਕੁੰਡੀ ਵਿੱਚ ਪ੍ਰੋਤੀ ਹੋਏ
ਟੁੱਟ ਗਈ ਹੈ ਡੋਰੀ ਜਿਸ ਦੀ
ਬਾਹਰ ਖੜ੍ਹੇ ਸ਼ਿਕਾਰੀ ਨੂੰ ਪਰ
ਤੜਫਣ ਉਸ ਦੀ ਨਹੀਂ ਹੈ ਦਿਸਦੀ।
ਰਣਜੀਤ ਸਿੰਘ ਖੜਗ ਹੋਰੀਂ ਯਾਦ ਨੂੰ ਕਈ ਤਰ੍ਹਾਂ ‘ਯਾਦ’ ਕਰਦੇ ਹਨ। ਕਦੀ ਸੌਖ ਨਾਲ, ਕਦੀ ਔਖ ਨਾਲ। ਉਨ੍ਹਾਂ ਦੀ ਕਵਿਤਾ ਹੈ’-‘ਯਾਦ ਤੇਰੀ ਅੱਜ ਆਈ’ ਇਸ ਦੇ ਸ਼ੁਰੂ ਵਿੱਚ:
ਸੋਚਾਂ ਦਾ ਸੰਗ੍ਰਾਮ ਮੁਲਤਵੀ
ਹਰ ਪਾਸੇ ਵਿਸ਼ਰਾਮ ਗ੍ਰਹਿ ਬਣ
ਯਾਦ ਤੇਰੀ ਏ ਛਾਈ।
ਇਸ ਤੋਂ ਬਾਅਦ, ਥੋੜ੍ਹਾ ਰੋਮਾਂਟਿਕ ਲਹਿਜ਼ਾ:
ਜ਼ਖ਼ਮ ਪੁਰਾਣਾ ਸੁੱਕ ਗਿਆ ਸੀ
ਯਾਦ ਤੇਰੀ ਬਣਤ੍ਰਾਟ ਨਵੇਲੀ
ਰੁੱਤ ਬਸੰਤ ਲਿਆਈ।
ਅੱਗੇ ਜਾ ਕੇ ਇਕ ਹੋਰ ਬਿੰਬ ਦੀ ਵਰਤੋਂ:
ਜੀਵਨ ਦੇ ਮੇਰੇ ਸ਼ਾਂਤ ਤਲਾ ਵਿੱਚ
ਉਡਦੀ ਢਹਿੰਦੀ ਚਿੜੀ ਦੇ ਵਾਂਗੂੰ
ਠੀਕਰੀ ਚੁੱਕ ਵਗ੍ਹਾਈ।
ਇਸ ਕਾਵਿ ਸੰਗ੍ਰਹਿ ਵਿੱਚ ਬਹੁਤ ਕੁਝ ਹੈ ਧਿਆਨ ਗੋਚਰਾ। ਪਰ ਮੈਂ ਉਨ੍ਹਾਂ ਦੇ ਵਿਲੱਖਣ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਗਟਾਉਂਦੀ ਕਵਿਤਾ ‘ਮੰਜ਼ਿਲ ਅਜੇ ਦੂਰ ਅਸਾਡੀ’ ਦਾ ਜ਼ਿਕਰ ਕਰਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ। ਸ਼ੁਰੂ ਵਿੱਚ ਉਹ ਲਿਖਦੇ ਹਨ:
ਪੁੱਜ ਗਏ ਭਾਵੇਂ ਅੱਧ ਅਸਮਾਨੇ
ਧਰਤੀ ਦੇ ਭੁੱਲ ਗਏ ਅਫ਼ਸਾਨੇ
ਅਸੀਂ ਪੁੱਜਣਾ ਉੱਥੇ ਜਿੱਥੇ
ਸੋਚ ਤਲਕਦੀ ਜਾਏ ਤੁਹਾਡੀ।
ਅਤੇ ਫਿਰ ਅਖ਼ੀਰ ਵਿੱਚ:
ਜੱਫੀਆਂ  ਪਾਉਂਦੇ ਨ੍ਹੇਹਰ ਤੇ ਚਾਨਣ
ਰੰਗ ਸ਼ਕਲ ਦੀ ਸਾਰ ਨਾ ਜਾਣਨ
ਉਸ ਟਿਕਾਣੇ ਪੁੱਜਣਾ ਏ ਜ਼ਿੰਦੇ
ਏਥੇ ਅਟਕ ਨਾ ਰਹਿ ਜਾਈਂ ਫਾਡੀ
ਮੰਜ਼ਿਲ ਹਾਲੇ ਦੂਰ ਅਸਾਡੀ।
ਨਿਰਸੰਦੇਹ ਰਣਜੀਤ ਸਿੰਘ ਖੜਗ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਦਾ ਚਿੰਤਨ ਖੇਤਰ ਨਾ ਸਿਰਫ਼ ਕਵਿਤਾ ਹੀ ਸੀ, ਬਲਕਿ ਸਾਹਿਤ ਨਾਲ ਸਬੰਧਤ ਹੋਰ ਵਿਸ਼ਿਆਂ ਪ੍ਰਤੀ ਵੀ ਉਹ ਚੇਤੰਨ ਸਨ। ਉਹ ਅਣਥੱਕ ਜਗਿਆਸੀ ਸਨ ਅਤੇ ਪੰਜਾਬੀ ਤੋਂ ਇਲਾਵਾ ਉਰਦੂ ਅਤੇ ਇੰਗਲਿਸ਼ ਸਾਹਿਤ ਦਾ ਅਧਿਐਨ ਵੀ ਕਰਦੇ ਰਹੇ ਸਨ। ਉਹ ਸਮਝਦੇ ਸਨ ਕਿ ਸਾਹਿਤਕ ਰਚਨਾ ਆਤਮਾ ਦੀ ਆਵਾਜ਼, ਰੂਹ ਦਾ ਹੁਲਾਰਾ ਅਤੇ ਮਾਨਸਿਕ ਅਵਸਥਾ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਸਾਰੀ ਉਮਰ, ਮਿਰਜ਼ਾ ਗ਼ਾਲਿਬ ਦੇ ਸ਼ਬਦਾਂ ਵਿੱਚ ‘ਨਾ ਸਤਾਇਸ਼ (ਤਾਰੀਫ਼) ਕੀ  ਤਮੰਨਾ (ਖ਼ਾਹਿਸ਼), ਨਾ ਸਿਲੇ (ਇਨਾਮ) ਕੀ ਪ੍ਰਵਾਹ’ ਕੀਤੀ। ਜਿਸ ਅਦਬੀ ਸਿੰਘਾਸਨ ਉੱਤੇ ਉਹ ਸਾਰੀ ਉਮਰ ਬੈਠੇ ਰਹੇ, ਉਹ ਕਦੀ ਵੀ ਨਹੀਂ ਸੀ ਡੋਲਿਆ।
ਸੰਪਰਕ: 98725-55091.


Comments Off on ਰਣਜੀਤ ਸਿੰਘ ਖੜਗ ਦੀ ਬਹੁਪੱਖੀ ਪ੍ਰਤਿਭਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.