ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

Posted On March - 11 - 2017

ਮਾ. ਨਰੰਜਣ ਸਿੰਘ
12802cd _meri_bhabhiਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਹੀ ਘੱਟ ਰਿਸ਼ਤੇ ਅਜਿਹੇ ਹੋਣਗੇ ਜੋ ਨਿਰਸੁਆਰਥ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਮਾਣ-ਮਰਿਆਦਾ ਨੂੰ ਪਛਾਣਦੇ ਹੋਏ ਹਰ ਰਿਸ਼ਤੇ ਨੂੰ ਆਪਣੀ-ਆਪਣੀ ਥਾਂ ’ਤੇ ਮਾਣ-ਸਤਿਕਾਰ ਦਿੰਦੇ ਹੋਣਗੇ। ਨਹੀਂ ਤਾਂ ਅੱਜ ਦੇ ਰਿਸ਼ਤਿਆਂ ਵਿੱਚ ਸੁਆਰਥ ਹੀ ਦੇਖਣ ਨੂੰ ਮਿਲਦਾ ਹੈ। ਅੱਜ ਦੇ ਪਰਿਵਾਰਾਂ ਵਿੱਚ ਪਹਿਲਾਂ ਵਰਗਾ ਨਿੱਘ, ਪਿਆਰ ਅਤੇ ਸਤਿਕਾਰ ਦੇਖਣ ਨੂੰ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਅੱਜ ਬਹੁਤੇ ਪਰਿਵਾਰਾਂ ਵਿੱਚ ਨੋਕ-ਝੋਕ, ਕਿੰਤੂ-ਪ੍ਰੰਤੂ ਦੇਖਣ ਨੂੰ ਮਿਲਦਾ ਹੈ ਅਤੇ ਇਸ ਤਰ੍ਹਾਂ ਆਪ-ਮੁਹਾਰੇ ਹੋਣ ਨਾਲ ਘਰ ਦੀ ਹਰ ਤਰ੍ਹਾਂ ਦੀ ਸ਼ਾਂਤੀ ਭੰਗ ਹੁੰਦੀ ਹੈ।
ਅਸੀਂ ਮੰਨਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਉਪਲੱਬਧ ਕਰ ਲਈਆਂ ਹਨ। ਸਾਡੇ ਰਹਿਣ-ਸਹਿਣ ਦਾ ਪੱਧਰ ਵੀ ਉੱਚਾ ਹੋਇਆ ਹੈ, ਪਰ ਅਸੀਂ ਆਨੰਦਮਈ ਜੀਵਨ ਤੋਂ ਸੱਖਣੇ ਹੁੰਦੇ ਜਾ ਰਹੇ ਹਾਂ। ਪੱਛਮੀ ਸੱਭਿਅਤਾ ਦੇ ਪ੍ਰਭਾਵ ਨੇ ਸਾਡੇ ਪਵਿੱਤਰ ਰਿਸ਼ਤਿਆਂ ਨੂੰ ਖ਼ਰਾਬ ਕਰ ਦਿੱਤਾ ਹੈ। ਕੋਈ ਸਮਾਂ ਸੀ ਬਜ਼ੁਰਗਾਂ ਦੀ ਕਹੀ ਗੱਲ ਨੂੰ ਸਿਰਮੱਥੇ ਮੰਨਿਆ ਜਾਂਦਾ ਸੀ, ਕਿੰਤੂ-ਪ੍ਰੰਤੂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਅੱਜ ਬਜ਼ੁਰਗਾਂ ਦਾ ਪਹਿਲਾਂ ਵਰਗਾ ਮਾਣ-ਸਤਿਕਾਰ ਨਹੀਂ ਰਿਹਾ, ਸਗੋਂ ਅਸੀਂ ਬਜ਼ੁਰਗਾਂ ਨੂੰ ਇੱਕ ਕਿਸਮ ਦਾ ਬੋਝ ਸਮਝਣ ਲੱਗ ਪਏ ਹਾਂ। ਬਜ਼ੁਰਗਾਂ ਦੀ ਕਹੀ ਗੱਲ ਨੂੰ ਤਾਂ ਕੀ ਮੰਨਣਾ, ਸਗੋਂ ਉਨ੍ਹਾਂ ਦੀ ਸੇਵਾ ਸੰਭਾਲ ਤੋਂ ਵੀ ਕੰਨੀ ਕਤਰਾਉਂਦੇ ਹਾਂ। ਹੁਣ ਅਸੀਂ ਕਿਉਂ ਬਜ਼ੁਰਗਾਂ ਨੂੰ ਬਿਰਧ-ਆਸ਼ਰਮਾਂ ਵਿੱਚ ਭੇਜਣ ਬਾਰੇ ਸੋਚਦੇ ਹਾਂ? ਇਹ ਬਿਰਧ-ਆਸ਼ਰਮ ਪੱਛਮੀ ਸੱਭਿਅਤਾ ਦੀ ਦੇਣ ਹਨ। ਨਹੀਂ ਤਾਂ ਭਾਰਤ ਵਿੱਚ ਖ਼ਾਸ ਕਰਕੇ ਪੰਜਾਬ ਵਿੱਚ ਬਿਰਧ-ਆਸ਼ਰਮਾਂ ਨੂੰ ਕੌਣ ਜਾਣਦਾ ਸੀ?
ਕਿੰਨੀ ਗ਼ੈਰ-ਮਾਨਵੀ ਤੇ ਗ਼ੈਰ- ਇਖਲਾਕੀ ਗੱਲ ਹੈ ਕਿ ਜਿਸ ਬਜ਼ੁਰਗ ਨੇ ਤੀਲ੍ਹਾ-ਤੀਲ੍ਹਾ ਜੋੜ ਕੇ ਘਰ ਬਣਾਇਆ ਹੁੰਦਾ ਹੈ, ਜਿਸ ਘਰ ਦਾ ਨਿੱਘ ਮਾਨਣ ਲਈ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਦੁੱਖ-ਤਕਲੀਫਾਂ ਝੱਲੀਆਂ ਹੁੰਦੀਆਂ ਹਨ। ਬੁਢਾਪੇ ਵੇਲੇ ਉਸ ਨੂੰ ਆਪਣੇ ਹੀ ਬਣਾਏ ਘਰ ਵਿੱਚ ਰਹਿਣਾ ਨਸੀਬ ਨਾ ਹੋਵੇ। ਉਹ ਬੱਚੇ ਜਿਨ੍ਹਾਂ ਨੂੰ ਗੋਦੀ ਚੁੱਕ ਕੇ ਖਿਡਾਇਆ ਹੁੰਦਾ ਹੈ, ਜਿਨ੍ਹਾਂ ਨੂੰ ਮੋਢਿਆਂ ’ਤੇ ਚੁੱਕ ਕੇ ਹੂਟੇ ਦਿੱਤੇ ਹੁੰਦੇ ਹਨ। ਉਹੀ ਬੱਚੇ ਜਦੋਂ ਮਾਂ-ਬਾਪ ਨੂੰ ਬੋਝ ਸਮਝਣ ਲੱਗ ਪੈਣ ਅਤੇ ਬੁਢਾਪੇ ਵੇਲੇ ਉਨ੍ਹਾਂ ਦਾ ਨਿਰਾਦਰ ਕਰਨ, ਅਜਿਹੀ ਹਾਲਤ ਵਿੱਚ ਤਾਂ ਬਜ਼ੁਰਗ ਜਿਊਂਦੇ ਹੀ ਮਰ ਜਾਂਦੇ ਹਨ। ਕੋਈ ਸਮਾਂ ਸੀ ਸਾਡੇ ਰਿਸ਼ਤੇ ਅਜਿਹੇ ਸੰਸਕਾਰਾਂ ਨਾਲ ਜੁੜੇ ਹੁੰਦੇ ਸਨ ਜਿਨ੍ਹਾਂ ਵਿੱਚ ਆਪਸੀ ਸਾਂਝ, ਪਿਆਰ ਤੇ ਸਤਿਕਾਰ ਇੰਨਾ ਪਰਿੱਪਕ ਹੁੰਦਾ ਸੀ ਕਿ ਹਰ ਰਿਸ਼ਤਾ ਆਪੋ-ਆਪਣੀ ਥਾਂ ’ਤੇ ਪਿਆਰ ਤੇ ਸਤਿਕਾਰ ਨਾਲ ਪਰੋਇਆ ਹੁੰਦਾ ਸੀ। ਪਰਿਵਾਰਾਂ ਵਿੱਚ ਅਮੀਰੀ-ਗ਼ਰੀਬੀ ਤਾਂ ਹੁੰਦੀ ਸੀ, ਪਰ ਰਿਸ਼ਤਿਆਂ ਵਿੱਚ ਅਮੀਰੀ-ਗ਼ਰੀਬੀ ਨਹੀਂ ਹੁੰਦੀ ਸੀ। ਇੰਜ ਪਰਿਵਾਰਾਂ ਵਿੱਚ ਆਨੰਦਮਈ ਜੀਵਨ ਬਣਿਆ ਰਹਿੰਦਾ ਸੀ। ਇੱਕ ਦੂਜੇ ਨਾਲ ਖੁਸ਼ੀਆਂ-ਗ਼ਮੀਆਂ ਸਾਂਝੀਆਂ ਕਰਨ ਅਤੇ ਪਿਆਰ ਤੇ ਸਤਿਕਾਰ ਦੇਣ ਨੂੰ ਬੜਾ ਮਾਣ ਸਮਝਿਆ ਜਾਂਦਾ ਸੀ।
ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸਮੇਂ ਦੀ ਇੱਕ ਦੰਦ ਕਥਾ ਸੁਣਨ ਨੂੰ ਮਿਲਦੀ ਹੈ: ਕਹਿੰਦੇ ਹਨ ਜਦੋਂ ਰਾਜਾ ਦਸ਼ਰਥ ਸ੍ਰੀ ਰਾਮ ਚੰਦਰ ਨੂੰ ਵਿਆਹੁਣ ਗਿਆ ਤਾਂ ਮਿਲਣੀ ਸਮੇਂ ਰਾਜਾ ਦਸ਼ਰਥ ਨੇ ਰਾਜਾ ਜਨਕ ਦੇ ਪੈਰੀਂ ਹੱਥ ਲਾ ਕੇ ਕਿਹਾ, ‘‘ਰਾਜਾ ਜਨਕ ਤੂੰ ਦਾਨੀ ਏਂ, ਮੈਂ ਤਾਂ ਮੰਗਤਾ ਹਾਂ, ਤੈਥੋਂ ਲੜਕੀ ਦਾ ਦਾਨ ਮੰਗਣ ਆਇਆ ਹਾਂ।’’ ਅੱਜ ਅਸੀਂ ਇਸ ਦੇ ਅਰਥ ਬਦਲ ਲਏ ਹਨ। ਅੱਜ ਦਾ ਮੰਗਤਾ ਦਾਨੀ ਨੂੰ ਘੂਰ ਰਿਹਾ ਹੈ, ਉਹ ਲੜਕੀ ਦਾ ਦਾਨ ਵੀ ਮੰਗਦਾ ਹੈ ਤੇ ਦਾਜ ਦੀ ਵੀ ਮੰਗ ਕਰਦਾ ਹੈ। ਅੱਜ ਦਾ ਮੰਗਤਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਦਾਨੀ ਨੂੰ ਛੋਟਾ ਸਮਝਦਾ ਹੈ। ਜਦੋਂ ਅਸੀਂ ਗੱਲ ਦਾਜ ਦੀ ਕਰਦੇ ਹਾਂ ਤਾਂ ਇਹ ਪਵਿੱਤਰ ਰਿਸ਼ਤੇ ਇੱਕ ਵਪਾਰ ਬਣ ਕੇ ਰਹਿ ਜਾਂਦੇ ਹਨ। ਸੋ ਜਿੱਥੇ ਗੱਲ ਲੈਣ-ਦੇਣ ਦੀ ਹੋਵੇ, ਉੱਥੇ ਰਿਸ਼ਤੇ ਭਲਾ ਕਿਵੇਂ ਪਵਿੱਤਰ ਰਹਿ ਸਕਦੇ ਹਨ?
ਅੱਜ ਅਸੀਂ ਦੇਖਦੇ ਹਾਂ ਕਿਤੇ ਪੁੱਤਰ ਆਪਣੇ ਪਿਓ ਨੂੰ ਮਾਰ ਰਿਹਾ ਹੈ, ਕਿਤੇ ਪਿਓ ਪੁੱਤਰ ਨੂੰ ਮਾਰਦਾ ਦਿਖਾਈ ਦਿੰਦਾ ਹੈ। ਭਰਾ ਜਿਨ੍ਹਾਂ ਨੂੰ ਅਸੀਂ ਇੱਕ ਦੂਜੇ ਦੀਆਂ ਖੱਬੀਆਂ-ਸੱਜੀਆਂ ਬਾਹਾਂ ਸਮਝਦੇ ਹਾਂ, ਅੱਜ ਉਹੀ ਬਾਹਾਂ ਇੱਕ ਦੂਜੇ ਦਾ ਗਲਾ ਘੁੱਟ ਰਹੀਆਂ ਹਨ। ਸਾਡੇ ਸੁਆਰਥ ਨੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਕਰ ਦਿੱਤੀਆਂ ਹਨ। ਅੱਜ ਸਮਾਜ ਵਿੱਚ ਅਜਿਹੀਆਂ ਮਾਵਾਂ ਵੀ ਵਿਚਰ ਰਹੀਆਂ ਹਨ ਜੋ ਸੁਆਰਥ ਵਿੱਚ ਆ ਕੇ ਆਪਣੇ ਢਿੱਡੋਂ ਜਾਇਆਂ ਨੂੰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਜਾਂ ਫਿਰ ਸੁੰਨੀਆਂ ਥਾਵਾਂ ’ਤੇ ਛੱਡ ਕੇ ਭੱਜ ਰਹੀਆਂ ਹਨ। ਅਜਿਹੀਆਂ ਮਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਜੋ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣੀ ਆਪਣੀ ਹੀ ਔਲਾਦ ਦਾ ਗਲਾ ਘੁੱਟ ਰਹੀਆਂ ਹਨ। ਅਜਿਹੀਆਂ ਮਾਵਾਂ ਜਿੱਥੇ ਮਾਂ ਦੇ ਰੁਤਬੇ ਨੂੰ  ਠੇਸ ਪਹੁੰਚਾਉਂਦੀਆਂ ਹਨ, ਉੱਥੇ ਸਮੁੱਚੀ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਦੀਆਂ ਹਨ।
ਉਹ ਪਵਿੱਤਰ ਰਿਸ਼ਤੇ ਜਿਹੜੇ ਪਿਆਰ ਸਤਿਕਾਰ ਨਾਲ ਸੰਜੋਏ ਹੁੰਦੇ ਹਨ, ਉਦੋਂ ਬੜਾ ਦੁੱਖ ਹੁੰਦਾ ਹੈ ਜਦੋਂ ਇਨ੍ਹਾਂ ਰਿਸ਼ਤਿਆਂ ਨੂੰ ਅਦਾਲਤਾਂ ਵਿੱਚ ਖੱਜਲ-ਖੁਆਰ ਹੁੰਦੇ ਦੇਖਦੇ ਹਾਂ। ਕੋਈ ਤਲਾਕ ਦੀ ਮੰਗ ਕਰਦਾ ਹੈ। ਕੋਈ ਖ਼ਰਚਾ ਬਨ੍ਹਾਉਣ ਦੀ ਗੱਲ ਕਰਦਾ ਹੈ। ਸਾਡਾ ਸੁਆਰਥ ਹੀ ਅਜਿਹੇ ਹਾਲਾਤ ਪੈਦਾ ਕਰਦਾ ਹੈ। ਅੱਜ ਲੋੜ ਬਣ ਗਈ ਹੈ ਕਿ ਇਨ੍ਹਾਂ ਪਵਿੱਤਰ ਰਿਸ਼ਤਿਆਂ ਨੂੰ ਟੁੱਟ-ਭੱਜ ਤੋਂ ਕਿਵੇਂ ਬਚਾਇਆ ਜਾਵੇ?  ਜਦੋਂ ਸਾਡੇ ਰਿਸ਼ਤੇ ਤਾਰ-ਤਾਰ ਹੁੰਦੇ ਹਨ ਤਾਂ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਹੁੰਦੀਆਂ ਹਨ। ਆਓ, ਅਜਿਹੇ ਮਾਹੌਲ ਦੀ ਸਿਰਜਣਾ ਕਰੀਏ ਜਿਸ ਨਾਲ ਮਾਨਵੀ ਕਦਰਾਂ- ਕੀਮਤਾਂ ਦੀ ਗੱਲ ਹੋਵੇ ਅਤੇ ਪਵਿੱਤਰ ਰਿਸ਼ਤਿਆਂ ਦੀ ਮਾਣ-ਮਰਿਆਦ ਦੀ ਗੱਲ ਹੋਵੇ ਤਾਂ ਹੀ ਅਸੀਂ ਆਨੰਦਮਈ ਜੀਵਨ ਬਤੀਤ ਕਰ ਸਕਦੇ ਹਾਂ ਅਤੇ ਦੂਜਿਆਂ ਨੂੰ ਸੁਖੀ ਰਹਿਣ ਦੇ ਮੌਕੇ ਪ੍ਰਦਾਨ ਕਰ ਸਕਦੇ ਹਾਂ।


Comments Off on ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.