ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰਿਸ਼ਤਿਆਂ ਦੀਆਂ ਤੰਦਾਂ ਕਸਣ ਦੀ ਲੋੜ

Posted On March - 18 - 2017

ਦਰਬਾਰਾ ਸਿੰਘ ਢੀਂਡਸਾ

ਰਿਸ਼ਤੇ ਮਨੁੱਖੀ ਜੀਵਨ ਵਿੱਚ ਇੱਕ-ਦੂਜੇ ਨੂੰ ਪਿਆਰ ਅਤੇ ਮੋਹ ਦੀਆਂ ਤੰਦਾਂ ਵਿੱਚ ਪਰੋਈ ਰੱਖਣ ਲਈ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦੇ ਸਹਾਰੇ ਹੀ ਹਰ ਮਨੁੱਖ ਆਪਣੇ ਸੁਖ-ਦੁਖ ਨੂੰ ਸਹਿਣ ਦੇ ਸਮਰੱਥ ਹੁੰਦਾ ਹੈ। ਇੱਕ ਤਰ੍ਹਾਂ ਰਿਸ਼ਤੇ ਮਨੁੱਖ ਦੇ ਖੰਭ ਹੁੰਦੇ ਹਨ, ਜਿਨ੍ਹਾਂ ਦੇ ਸਹਾਰੇ ਜ਼ਿੰਦਗੀ ਵਿੱਚ ਉੱਚੀਆਂ ਉਡਾਰੀਆਂ ਭਰੀਆਂ ਜਾ ਸਕਦੀਆਂ ਹਨ। ਰਿਸ਼ਤੇ ਦੋ ਤਰ੍ਹਾਂ ਬਣਦੇ ਹਨ। ਕੁਝ ਮਨੁੱਖ ਦੇ ਜਨਮ ਤੋਂ ਹੀ ਬਣ ਜਾਂਦੇ ਹਨ ਜੋ ਖ਼ੂਨ ਦੇ ਰਿਸ਼ਤੇ ਅਖਵਾਉਂਦੇ ਹਨ ਤੇ ਦੂਜੀ ਕਿਸਮ ਦੇ ਰਿਸ਼ਤੇ ਮਨੁੱਖ ਵੱਲੋਂ ਆਪ ਬਣਾਏ ਜਾਂਦੇ ਹਨ। ਰਿਸ਼ਤਿਆਂ ਦੀ ਸ਼ੁਰੂਆਤ ਪਰਿਵਾਰ ਤੋਂ ਹੁੰਦੀ ਹੈ।
ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ ਜਿਸ ਕਾਰਨ ਰਿਸ਼ਤਿਆਂ ਵਿੱਚ ਪਿਆਰ ਅਤੇ ਨਿੱਘ ਮਹਿਸੂਸ ਹੁੰਦਾ ਸੀ। ਸਮੇਂ ਵਿੱਚ ਆਈ ਤਬਦੀਲੀ ਕਾਰਨ ਇਕਹਿਰੀ ਪਰਿਵਾਰ ਪ੍ਰਣਾਲੀ ਸ਼ੁਰੂ ਹੋਈ ਜਿਸ ਕਾਰਨ ਰਿਸ਼ਤਿਆਂ ਦੀਆਂ ਤੰਦਾਂ ਢਿੱਲੀਆਂ ਹੋਣੀਆਂ ਸ਼ੁਰੂ ਹੋ ਗਈਆਂ। ਅੱਜ ਮਨੁੱਖ ’ਤੇ ਪਦਾਰਥਵਾਦੀ ਸੋਚ ਭਾਰੂ ਹੋ ਗਈ ਹੈ ਜਿਸ ਨੇ ਮਨੁੱਖ ਨੂੰ ਸਵਾਰਥੀ ਬਣਾ ਦਿੱਤਾ ਹੈ। ਉਹ ਸਿਰਫ਼ ਆਪਣੇ ਲਈ ਹੀ ਰਾਤ-ਦਿਨ ਤਰਲੋ-ਮੱਛੀ ਹੋਇਆ ਫਿਰਦਾ ਹੈ। ਸੁਆਰਥ ਕਾਰਨ ਹੀ ਚਿੰਤਾਵਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸੇ ’ਤੇ ਵਿਸ਼ਵਾਸ ਕਰਨਾ ਧੋਖਾ ਖਾਣ ਵਾਲੀ ਗੱਲ ਬਣ ਗਈ ਹੈ। ਆਪਣੇ ਆਪ ਨੂੰ ਜ਼ੋਖਮ ਵਿੱਚ ਪਾ ਕੇ ਕੀਤੇ ਪਰਉਪਕਾਰ ਦਾ ਵੀ ਅਹਿਸਾਨ ਮੰਨਣ ਲਈ ਕੋਈ ਤਿਆਰ ਨਹੀਂ। ਜਾਇਦਾਦ ਖਾਤਰ ਭਰਾ-ਭਰਾ ਨੂੰ, ਪੁੱਤਰ-ਪਿਤਾ ਨੂੰ, ਪੁੱਤਰ ਮਾਂ ਨੂੰ ਤੇ ਭਰਾ-ਭੈਣ ਵੀ ਇੱਕ-ਦੂਜੇ ਨੂੰ ਕਤਲ ਕਰਾਉਣ ਤੋਂ ਗੁਰੇਜ਼ ਨਹੀਂ ਕਰਦੇ। ਥਾਣੇ ਕਚਹਿਰੀਆਂ ਵਿੱਚ ਜ਼ਿਆਦਾਤਰ ਝਗੜੇ ਆਪਣੇ ਖ਼ੂਨ ਦੇ ਰਿਸ਼ਤਿਆਂ ਦੇ ਹੀ ਚੱਲ ਰਹੇ ਹਨ।
ਹਰ ਵਿਅਕਤੀ ਸੁਖ-ਸਹੂਲਤਾਂ ਲਈ ਕੁਝ ਵੀ ਕਰ ਸਕਦਾ ਹੈ। ਸਮਾਜ ਵਿੱਚ ਆਪਣਾ ਰੁਤਬਾ ਉੱਚਾ ਚੁੱਕਣ ਲਈ ਮਨੁੱਖ ਭੱਜਿਆ ਫਿਰ ਰਿਹਾ ਹੈ। ਆਪਣੇ ਬੱਚਿਆਂ ਲਈ ਸਮਾਂ ਕੱਢਣਾ ਵੀ ਉਸ ਨੂੰ ਮੁਸ਼ਕਲ ਲੱਗ ਰਿਹਾ ਹੈ। ਵਿਖਾਵੇ ਦੀ ਰੁਚੀ ਵਧ ਰਹੀ ਹੈ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਘਟਾ ਰਹੀ ਹੈ। ਹਰ ਵਿਅਕਤੀ ਸੁੱਖ- ਸਹੂਲਤਾਂ ਲਈ ਕੁਝ ਵੀ ਕਰ ਸਕਦਾ ਹੈ। ਇਹ ਸਾਰਾ ਕੁਝ ਮਨੁੱਖ ਦੀ ਤਰੱਕੀ ਅਤੇ ਸਮਾਜ ਵਿੱਚ ਆਈ ਤਬਦੀਲੀ ਕਾਰਨ ਵਾਪਰ ਰਿਹਾ ਹੈ। ਰਿਸ਼ਤਿਆਂ ਦੀਆਂ ਤੰਦਾਂ ਢਿੱਲੀਆਂ ਹੋਣ ਦੇ ਕਈ ਹੋਰ ਕਾਰਨ ਵੀ ਬਣ ਜਾਂਦੇ ਹਨ ਜਿਵੇਂ ਨਵੀਂ ਪੀੜ੍ਹੀ ਦੇ ਵਿਚਾਰਾਂ ਦਾ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਨਾਲ ਮੇਲ ਨਾ ਖਾਣਾ, ਨਿੱਜੀ ਜ਼ਿੰਦਗੀ ਵਿੱਚ ਕੰਮਾਂ ਦਾ ਰੁਝਾਨ ਵੱਧ ਹੋਣਾ ਜਿਸ ਕਾਰਨ ਪਰਿਵਾਰ ਅਤੇ ਬੱਚਿਆਂ ਲਈ ਸਮਾਂ ਨਾ ਦੇਣਾ ਵੀ ਬੱਚਿਆਂ ਨੂੰ ਪਿਆਰ ਤੋਂ ਵਾਂਝਾ ਕਰਦਾ ਹੈ ਜੋ ਬੱਚਿਆਂ ਵੱਲੋਂ ਮਾਪਿਆਂ ਦਾ ਸਤਿਕਾਰ ਵੀ ਗੁਆ ਰਿਹਾ ਹੈ। ਮਿਹਨਤ ਕਰਕੇ ਸੁੱਖ- ਸਹੂਲਤਾਂ ਪ੍ਰਾਪਤ ਕਰਨੀਆਂ ਮਾੜੀ ਗੱਲ ਨਹੀਂ, ਪਰ ਮਨੁੱਖ ਦਾ ਹੰਕਾਰੀ ਹੋਣਾ ਮਾੜੀ ਗੱਲ ਬਣ ਜਾਂਦੀ ਹੈ। ਪੈਸੇ ਨਾਲ ਪ੍ਰਾਪਤ ਕੀਤੀ ਚੀਜ਼ ਦੀ ਖ਼ੁਸ਼ੀ ਵਿੱਚ ਸਕੂਨ ਵੀ ਦੂਜੇ ਨਾਲ ਸਾਂਝੀ ਕਰਨ ਤੋਂ ਹੀ ਮਿਲਦਾ ਹੈ। ਮਨੁੱਖ ਦੀ ਸੋਚ ਸਰਬੱਤ ਤੋਂ ਹਟ ਕੇ ਨਿੱਜ ਤਕ ਹੀ ਸੁੰਗੜ ਗਈ ਹੈ। ਇਸੇ ਲਈ ਮਨੁੱਖ ਸ਼ਾਂਤੀ ਦੀ ਤਲਾਸ਼ ਵਿੱਚ  ਭਟਕਣ ਲੱਗਾ ਹੈ। ਲੋਕਾਂ ਦੀ ਭੀੜ ਵਿੱਚ ਵੀ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ। ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ, ਪੈਸੇ ਦੀ ਬਹੁਤਾਤ ਵੀ ਮਨੁੱਖ ਨੂੰ ਸਕੂਨ ਨਹੀਂ ਦੇ ਰਹੀਆਂ। ਰਾਤ-ਦਿਨ ਸਿੱਧੇ-ਅਸਿੱਧੇ ਤਰੀਕੇ ਨਾਲ ਕਮਾਈ ਕਰਕੇ ਪ੍ਰਾਪਤ ਕੀਤੀਆਂ ਸੁਖ-ਸਹੂਲਤਾਂ ਵਿਅਰਥ ਲੱਗਦੀਆਂ ਹਨ। ਜਦੋਂ ਬੱਚੇ ਪੜ੍ਹ- ਲਿਖ ਕੇ ਵਿਦੇਸ਼ ਚਲੇ ਜਾਂਦੇ ਹਨ ਜਾਂ ਦੂਰ ਵੱਡੇ ਸ਼ਹਿਰਾਂ ਵਿੱਚ ਆਪਣੇ ਠਿਕਾਣੇ ਬਣਾ ਲੈਂਦੇ ਹਨ। ਉਦੋਂ ਬਿਰਧ ਅਵਸਥਾ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ।
ਸਾਨੂੰ ਲੋੜ ਹੈ ਆਪਣੀ ਸੋਚ ਬਦਲਣ ਦੀ, ਆਪਣੇ ਨਿੱਜ ਤੋਂ ਉਪਰ ਉੱਠ ਕੇ ਸਰਬੱਤ ਵਾਲੀ ਸੋਚ ਅਪਣਾਉਣ ਦੀ, ਪੱਛਮੀ ਸੱਭਿਆਚਾਰ ਦੀ ਹਨੇਰੀ ਤੋਂ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਣ ਦੀ। ਅੰਕਲ ਅਤੇ ਅੰਟੀ ਵਿੱਚ ਸਮੋਏ ਸਾਰੇ ਰਿਸ਼ਤਿਆਂ ਨੂੰ ਬਾਹਰ ਕੱਢ ਕੇ ਆਪਣੇ ਬੱਚਿਆਂ ਨੂੰ ਇਨ੍ਹਾਂ ਬਾਰੇ ਸਮਝਾਉਣ ਦੀ। ਰਿਸ਼ਤਿਆਂ ਦੀਆਂ ਢਿੱਲੀਆਂ ਹੋ ਰਹੀਆਂ ਤੰਦਾਂ ਨੂੰ ਕਸ ਕੇ ਪਿਆਰ ਵਾਲੇ ਰੰਗ ਭਰਨ ਲਈ ਸਾਰਿਆਂ ਨੂੰ ਹੀ ਆਪਣੀ ਤੰਗ ਹੋ ਚੁੱਕੀ ਸੋਚ ਤੋਂ ਬਾਹਰ ਆ ਕੇ ਬ੍ਰਹਿਮੰਡੀ ਸੋਚ ਅਪਣਾਉਣੀ ਪਵੇਗੀ। ਜਦੋਂ ਰਿਸ਼ਤਿਆਂ ਵਿੱਚ ਪਿਆਰ ਫੇਰਾ ਪਾਵੇਗਾ ਤਾਂ ਫਿਰ ਢਿੱਲੀਆਂ ਤੰਦਾਂ ਮੁੜ ਪਿਆਰ ਅਤੇ ਅਪਣੱਤ ਰੂਪੀ ਆਵਾਜ਼ ਦੇਣੀਆਂ ਸ਼ੁਰੂ ਕਰ ਦੇਣਗੀਆਂ।

ਸੰਪਰਕ: 98725-91944


Comments Off on ਰਿਸ਼ਤਿਆਂ ਦੀਆਂ ਤੰਦਾਂ ਕਸਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.