ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਰਜ਼ੀਆ ਸੁਲਤਾਨ ਦਾ ਮਕਬਰਾ

Posted On March - 12 - 2017

ਇਕਬਾਲ ਸਿੰਘ ਹਮਜਾਪੁਰ
ਇਤਿਹਾਸ

10603cd _razia 1ਕਪਿਲਮੁਨੀ ਦੇ ਨਾਂ ਉੱਤੇ ਵਸੇ ਹਰਿਆਣਾ ਦੇ ਸ਼ਹਿਰ ਕੈਥਲ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਹਾਂਭਾਰਤ ਨਾਲ ਜੁੜੇ ਸਭ ਤੋਂ ਵੱਧ ਤੀਰਥ ਸਥਾਨ ਇਸ ਸ਼ਹਿਰ ਦੇ ਆਲੇ-ਦੁਆਲੇ ਸਥਿਤ ਹਨ। ਧਰਮ ਦੇ ਨਾਲ ਨਾਲ ਕੈਥਲ ਇਤਿਹਾਸਕ ਘਟਨਾਵਾਂ ਕਾਰਨ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਇੱਕ ਸਮੇਂ ਇਹ ਵੱਡੀ ਸਿੱਖ ਰਿਆਸਤ ਰਿਹਾ ਹੈ। ਭਾਈ ਘਰਾਣੇ ਨੇ ਪਠਾਣਾਂ ਨਾਲ ਯੁੱਧ ਕਰਕੇ ਕੈਥਲ ਰਿਆਸਤ ਦਾ ਨਿਰਮਾਣ ਕੀਤਾ ਸੀ। ਇਸ ਦਾ ਇਤਿਹਾਸ ਦਿੱਲੀ ਦੇ ਤਖ਼ਤ ਦੀ ਪਹਿਲੀ ਮਹਿਲਾ ਸ਼ਾਸਕ ਰਜ਼ੀਆ ਸੁਲਤਾਨ ਨਾਲ ਵੀ ਜੁੜਿਆ ਹੋਇਆ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਤੇਰ੍ਹਵੀਂ ਸਦੀ ਵਿੱਚ ਕੈਥਲ ਵਿੱਚ ਹੀ ਰਜ਼ੀਆ ਸੁਲਤਾਨ ਦਾ ਦੇਹਾਂਤ ਹੋਇਆ ਸੀ। ਸ਼ਹਿਰ ਦੇ ਉੱਤਰ ਪੱਛਮ ਵਿੱਚ ਇੱਕ ਖ਼ਸਤਾਹਾਲ ਮਕਬਰਾ ਸਥਿਤ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਮਕਬਰੇ ਵਾਲੀ ਥਾਂ ਰਜ਼ੀਆ ਸੁਲਤਾਨ ਨੂੰ ਦਫ਼ਨਾਇਆ ਗਿਆ ਸੀ।
ਤਿੰਨ ਭਰਾ ਹੋਣ ਦੇ ਬਾਵਜੂਦ ਰਜ਼ੀਆ ਆਪਣੇ ਪਿਤਾ ਇਲਤੁਮਿਸ਼ ਦੀ ਉੱਤਰਾਧਿਕਾਰੀ ਬਣੀ ਸੀ। ਉਸ ਨੂੰ ਦਿੱਲੀ ਦੇ ਤਖ਼ਤ ਦੀ ਪਹਿਲੀ ਮਹਿਲਾ ਸ਼ਾਸਕ ਹੋਣ ਦਾ ਮਾਣ ਹਾਸਲ ਹੈ। ਸਿਰਫ਼ ਮਹਿਲਾ ਸ਼ਾਸਕ ਹੋਣ ਕਰਕੇ ਹੀ ਨਹੀਂ ਸਗੋਂ ਉਸ ਨੂੰ ਦਾਸ ਵੰਸ਼ ਵਿੱਚ ਪੈਦਾ ਹੋਣ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਦਰਅਸਲ, ਉਸ ਦਾ ਪਿਤਾ ਇਲਤੁਮਿਸ਼, ਕੁਤੁਬ-ਉਦ-ਦੀਨ ਐਬਕ ਦਾ ਦਾਸ ਸੀ। ਉਹ ਆਪਣੀ ਲਿਆਕਤ, ਯੋਗਤਾ ਤੇ ਮਿਹਨਤ ਸਦਕਾ ਕੁਤੁਬ-ਉਦ-ਦੀਨ ਦੇ ਦੇਹਾਂਤ ਤੋਂ ਬਾਅਦ ਦਿੱਲੀ ਦੇ ਤਖ਼ਤ ਉੱਤੇ ਬੈਠਾ।
ਇੱਕ ਸਫ਼ਲ ਪ੍ਰਸ਼ਾਸਕ, ਯੁੱਧ ਨੀਤੀ ਤੇ ਕੋਮਲ ਕਲਾਵਾਂ ਦੀ ਗਿਆਤਾ ਰਜ਼ੀਆ ਸੁਲਤਾਨ ਨੂੰ ਭਾਵੇਂ ਇਲਤੁਮਿਸ਼ ਨੇ ਆਪਣਾ ਉੱਤਰਾਧਿਕਾਰੀ ਐਲਾਨਿਆ ਸੀ, ਪਰ ਉਸ ਦੇ ਭਰਾ ਰੁਕਨ-ਉਦ-ਦੀਨ ਨੂੰ ਇਹ ਸਵੀਕਾਰ ਨਹੀਂ ਸੀ। ਤੀਹ ਅਪਰੈਲ 1236 ਨੂੰ ਇਲਤੁਮਿਸ਼ ਦੇ ਦੇਹਾਂਤ ਤੋਂ ਬਾਅਦ ਰੁਕਨ-ਉਦ-ਦੀਨ ਗੱਦੀ ਉੱਤੇ ਬੈਠਾ ਸੀ, ਪਰ ਅਕੁਸ਼ਲ  ਪ੍ਰਸ਼ਾਸਕ ਤੇ ਵਿਲਾਸੀ ਰੁਕਨ-ਉਦ-ਦੀਨ ਦੀ 9 ਨਵੰਬਰ 1236 ਨੂੰ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਰਜ਼ੀਆ 10 ਨਵੰਬਰ 1236 ਨੂੰ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਹੋਈ। ਰਜ਼ੀਆ ਨੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਦੇ ਨਾਲ-ਨਾਲ ਸਮਾਜ ਸੁਧਾਰ ਲਈ ਵੀ ਕੰਮ ਕੀਤੇ ਸਨ। ਉਸ ਨੇ ਆਮ ਲੋਕਾਈ ਲਈ ਮੁੱਢਲੀਆਂ ਸਹੂਲਤਾਂ ਦਾ  ਵਿਸਥਾਰ ਕੀਤਾ ਸੀ।

ਇਕਬਾਲ ਸਿੰਘ ਹਮਜਾਪੁਰ

ਇਕਬਾਲ ਸਿੰਘ ਹਮਜਾਪੁਰ

ਰਜ਼ੀਆ ਨੇ ਦਿੱਲੀ ਦੇ ਤਖ਼ਤ ਲਈ ਇੱਕ ਨਵੀਂ ਪਿਰਤ ਪਾਈ ਸੀ। ਜਿਸ ਦੌਰ ਵਿੱਚ ਔਰਤ ਨੂੰ ਪਰਦੇ ਵਿੱਚ ਕੈਦ ਰੱਖਿਆ ਜਾਂਦਾ ਸੀ ਤੇ ਉਸ ਨੂੰ ਸਿਰਫ਼ ਦਾਸੀ ਸਮਝਿਆ ਜਾਂਦਾ ਸੀ, ਉਦੋਂ ਰਜ਼ੀਆ, ਦਿੱਲੀ ਦੇ ਤਖ਼ਤ ਤਕ ਪਹੁੰਚੀ ਸੀ।
ਇੱਕ ਮਹਿਲਾ ਦਾ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਹੋਣਾ ਤੁਰਕਾਂ ਨੂੰ ਪਸੰਦ ਨਹੀਂ ਸੀ। ਬਠਿੰਡੇ ਦੇ ਗਵਰਨਰ ਅਲਤੂਨੀਆਂ ਦੀ ਅਗਵਾਈ ਵਿੱਚ ਤੁਰਕਾਂ ਨੇ ਰਜ਼ੀਆ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਜੋ ਉਸ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ। 1240 ਵਿੱਚ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਰਜ਼ੀਆ ਨੂੰ ਬਠਿੰਡੇ ਦੇ ਕਿਲੇ ਵਿੱਚ ਕੈਦ ਕਰ ਲਿਆ ਗਿਆ। ਆਖ਼ਰ ਅਲਤੂਨੀਆ ਦਾ ਪਿਆਰ ਜਿੱਤ ਗਿਆ ਤੇ ਰਜ਼ੀਆ ਨੇ ਉਸ ਨਾਲ ਨਿਕਾਹ ਕਰਵਾ ਲਿਆ। ਰਜ਼ੀਆ ਦੇ ਭਰਾ ਮੁਇਜ਼-ਉਦ-ਦੀਨ ਬਹਿਰਾਮ ਨੇ ਤਖ਼ਤ ਪਲਟਾ ਕਰ ਦਿੱਤਾ ਤਾਂ ਉਸ ਨੇ ਅਲਤੂਨੀਆ ਸਮੇਤ ਦਿੱਲੀ ਵੱਲ ਕੂਚ ਕੀਤਾ। ਕੂਚ ਕਰਨ ਵੇਲੇ ਕੈਥਲ ਕੋਲ ਜਾਟਾਂ ਨੇ ਉਨ੍ਹਾਂ ਨੂੰ ਲੁੱਟ ਲਿਆ ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਕੈਥਲ ਦੇ ਬਾਹਰਵਾਰ ਰਜ਼ੀਆ ਨੂੰ ਦਫ਼ਨਾਇਆ ਗਿਆ ਸੀ। ਦਾਸ ਵੰਸ਼ ਦੇ ਸੁਲਤਾਨ ਨਸੀਰੂਦੀਨ ਮਹਿਮੂਦ ਨੇ  ਉਸ ਥਾਂ ਉਸ ਦੀ ਯਾਦ ਵਿੱਚ ਇੱਕ ਮਕਬਰਾ ਬਣਵਾਇਆ ਸੀ। ਕਿਹਾ ਜਾਂਦਾ ਹੈ ਕਿ ਸੁਲਤਾਨ ਨਸੀਰੂਦੀਨ ਮਹਿਮੂਦ ਦੁਆਰਾ ਬਣਵਾਇਆ ਗਿਆ ਇਹ ਮਕਬਰਾ ਭਵਨ ਨਿਰਮਾਣ ਕਲਾ ਦਾ ਵਧੀਆ ਨਮੂਨਾ ਸੀ। ਭਵਨ ਨਿਰਮਾਣ ਕਲਾ ਦੇ ਇਸ ਨਮੂਨੇ ਨੂੰ ਅੱਜ ਸੈਲਾਨੀ ਤੇ ਇਤਿਹਾਸ ਪ੍ਰੇਮੀ ਉਤਸ਼ਾਹ ਨਾਲ ਵੇਖਣ ਆਉਂਦੇ ਹਨ, ਪਰ ਮਕਬਰੇ ਨੂੰ ਵੇਖਣ ਵਾਲੇ ਨਿਰਾਸ਼ ਹੋ ਜਾਂਦੇ ਹਨ।
ਦਰਅਸਲ, ਰਜ਼ੀਆ ਸੁਲਤਾਨ ਦੇ ਕੈਥਲ ਸਥਿਤ ਮਕਬਰੇ ’ਤੇ ਰੁੱਖਾਂ ਤੇ ਝਾੜੀਆਂ ਦੀ ਸੰਘਣੀ ਝੰਗੀ ਨਜ਼ਰ ਪੈਂਦੀ ਹੈ। ਅਣਚਾਹੀਆਂ ਝਾੜੀਆਂ ਤੇ ਰੁੱਖਾਂ ਨੇ ਮਕਬਰੇ ਨੂੰ ਲੁਕਾ ਲਿਆ ਹੈ। ਇਹ ਸਾਰੇ ਮਕਬਰੇ ਦੀ ਹੋਂਦ ਨੂੰ ਮਿਟਾਉਣ ਉੱਤੇ ਤੁਲੇ ਹੋਏ ਹਨ।
ਰਜ਼ੀਆ ਸੁਲਤਾਨ ਦੇ ਮਕਬਰੇ ਦਾ ਖੰਡਰ ਗਵਾਹ ਹੈ ਕਿ ਅਤੀਤ ਵਿੱਚ ਇਸ ਦੀ ਸੁੰਦਰਤਾ ਤੇ ਮਜ਼ਬੂਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ। ਵਰਗਾਕਾਰ ਥੜ੍ਹੇ ਉੱਪਰ ਟਿਕੇ ਇਸ ਆਇਤਾਕਾਰ ਮਕਬਰੇ ਦੀ ਮਜ਼ਬੂਤੀ ਤੇ ਸੁੰਦਰਤਾ ਲਈ ਥੜ੍ਹੇ ਦੀਆਂ ਚਾਰਾਂ ਨੁੱਕਰਾਂ ਉੱਪਰ  ਕਲਾਤਮਿਕ  ਬੁਰਜੀਆਂ ਬਣਾਈਆਂ ਗਈਆਂ ਸਨ। ਬੁਰਜੀਆਂ ਦੇ  ਸਿਰਿਆਂ ਉੱਪਰ ਨੱਕਾਸ਼ਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਸਨ। ਅਫ਼ਸੋਸ ਦੀ ਗੱਲ ਇਹ ਹੈ ਕਿ ਮਕਬਰੇ ਦਾ ਬਹੁਤਾ ਹਿੱਸਾ ਡਿੱਗ ਚੁੱਕਾ ਹੈ। ਕੋਸ਼ਿਸ਼ ਕਰਨ ਉੱਤੇ ਇਸ ਦਾ ਤਿੰਨ ਹਿੱਸਿਆਂ ਵਿੱਚ ਵੰਡਿਆ ਥੋੜ੍ਹਾ ਜਿਹਾ ਭਾਗ ਹੀ ਦਿਖਾਈ ਦਿੰਦਾ ਹੈ। ਅਜੇ ਵੀ ਇਸ ਇਤਿਹਾਸਕ ਮਕਬਰੇ ਨੂੰ ਸੰਭਾਲਿਆ ਜਾ ਸਕਦਾ ਹੈ।

ਸੰਪਰਕ: 094165-92149


Comments Off on ਰਜ਼ੀਆ ਸੁਲਤਾਨ ਦਾ ਮਕਬਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.