ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਲਖਨਪਾਲ ਦੀ ਅਗਵਾਈ ਹੇਠ ਬਣੇਗਾ ਖ਼ਰਚਾ ਸੁਧਾਰ ਕਮਿਸ਼ਨ

Posted On March - 20 - 2017

ਚੰਡੀਗੜ੍ਹ: ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਨੇ ਸਰਕਾਰੀ ਖ਼ਰਚੇ ਘਟਾਉਣ ਲਈ ਸੂਬੇ ਦੇ ਸਾਬਕਾ ਮੁੱਖ ਸਕੱਤਰ ਕੇ.ਆਰ. ਲਖਨਪਾਲ ਦੀ ਅਗਵਾਈ ਹੇਠ ਖ਼ਰਚਾ ਸੁਧਾਰ ਕਮਿਸ਼ਨ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਦਾ ਸੀਨੀਅਰ ਸਲਾਹਕਾਰ ਲਾਉਣਾ ਵੀ ਫੈਸਲਾ ਹੋਇਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਸਕੱਤਰ  ਸ੍ਰੀ ਲਖਨਪਾਲ ਦੀ ਖ਼ਰਚਾ ਸੁਧਾਰ ਕਮਿਸ਼ਨ ਦਾ ਮੁਖੀ ਲਾਉਣ ਲਈ ਚੋਣ ਕੀਤੀ ਹੈ। ਇਹ ਕਮਿਸ਼ਨ ਰਾਜ ਸਰਕਾਰ ਨੂੰ ਖ਼ਰਚੇ ਘਟਾਉਣ ਲਈ ਸਿਫ਼ਾਰਸ਼ਾਂ ਵਾਲੀ ਆਪਣੀ ਰਿਪੋਰਟ ਦੇਵੇਗਾ ਤੇ ਉਸ ਦੇ ਅਧਾਰ ’ਤੇ ਵੱਖ-ਵੱਖ ਕਮਿਸ਼ਨਾਂ ਦਾ ਆਕਾਰ ਘਟਾਇਆ ਜਾਵੇਗਾ ਜਾਂ ਕਮਿਸ਼ਨ ਬੰਦ ਕੀਤੇ ਜਾਣਗੇ। ਇਸ ਨਾਲ ਸਰਕਾਰ ਦੇ ਇਕ ਹਜ਼ਾਰ ਕਰੋੜ ਰੁਪਏ ਬਚਣ ਦੀ ਉਮੀਦ ਹੈ। ਕਮਿਸ਼ਨ ਦੀ ਕਾਇਮੀ ਦਾ ਫ਼ੈਸਲਾ ਵਜ਼ਾਰਤ ਦੀ ਪਹਿਲੀ ਮੀਟਿੰਗ ਵਿਚ ਹੋਇਆ ਸੀ।
ਇਸ ਦੇ ਨਾਲ ਮੁੱਖ ਮੰਤਰੀ ਨੇ ਆਪਣੇ ਕਰੀਬੀ ਮਿੱਤਰ ਤੇ ਸਾਬਕਾ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਸੀਨੀਅਰ ਸਲਾਹਕਾਰ ਲਾਉਣ ਲਈ ਹਰੀ ਝੰਡੀ ਦੇ ਦਿਤੀ ਹੈ। ਜਨਰਲ ਸ਼ੇਰਗਿੱਲ ਅਤੇ ਕੈਪਟਨ ਅਮਰਿੰਦਰ ਸਿੰਘ, ਦੋਵਾਂ ਨੇ ਸਾਂਝੇ ਤੌਰ ’ਤੇ ਭਾਰਤ-ਪਾਕਿਸਤਾਨ ਜੰਗ ਬਾਰੇ ‘ਦਿ ਮੌਨਸੂਨ ਵਾਰ’ ਪੁਸਤਕ ਲਿਖੀ ਸੀ। ਇਹ ਕਿਤਾਬ ਰਿਲੀਜ਼ ਕਰਨ ਲਈ ਪਿਛਲੇ ਸਾਲ ਚੰਡੀਗੜ੍ਹ ਵਿਚ ਕਰਵਾਏ ਗਏ ਸਮਾਗਮ ਵਿਚ ਪਾਕਿਸਤਾਨੀ ਫੌਜ ਦਾ ਇਕ ਰਿਟਾਇਰਡ ਜਨਰਲ ਵੀ ਆਇਆ ਸੀ। ਜਨਰਲ ਸ਼ੇਰਗਿੱਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਕਾਫੀ ਸਰਗਰਮ ਸਨ ਤੇ ਉਨ੍ਹਾਂ ਕੈਪਟਨ ਦੇ ਹੱਕ ਵਿਚ ਸਾਬਕਾ ਫੌਜੀਆਂ ਦੀ ਵੱਡੇ ਪੱਧਰ ’ਤੇ ਹਮਾਇਤ ਜੁਟਾਈ ਸੀ।
ਇਹ ਵੀ ਪਤਾ ਲੱਗਾ ਹੈ ਕਿ ਸੇਵਾ-ਮੁਕਤ ਪੀਸੀਐਸ ਅਧਿਕਾਰੀ ਦਲਜੀਤ ਸਿੰਘ ਨੂੰ ਮੁੱਖ ਮੰਤਰੀ ਦੇ ਦਫਤਰ ਵਿਚ ਲਾਉਣ ਦੀ ਤਿਆਰੀ ਹੈ, ਜਿਨ੍ਹਾਂ ਨੇ ਪੈਸਟੀਸਾਈਡ ਘੁਟਾਲੇ ਦੀ ਜਾਂਚ ਕੀਤੀ ਸੀ। ਨਾਲ ਹੀ ਮੀਡੀਆ ਸਲਾਹਕਾਰ ਲਾਉਣ ਦੀ ਵੀ ਤਿਆਰੀ ਹੈ। ਇਸ ਅਹੁਦੇ ਲਈ ਇਕ ਸਾਬਕਾ ਸਲਾਹਕਾਰ ਸਮੇਤ ਤਿੰਨ ਪੱਤਰਕਾਰ ਯਤਨ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਦੋ ਨੂੰ ਰਾਜ ਮੰਤਰੀ ਦਾ ਦਰਜਾ ਮਿਲਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਗਈ ਹੈ। ਵੀਸੀ ਦੀ ਚੋਣ ਲਈ ਸਰਚ ਪੈਨਲ ਬਣਾ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕੈਪਟਨ ਸਰਕਾਰ ਵਲੋਂ ਸਾਬਕਾ ਆਈਏਐਸ ਅਧਿਕਾਰੀ ਕੁਸਮਜੀਤ ਸਿੱਧੂ ਨੂੰ ਪੰਜਾਬੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਲਾਇਆ ਜਾਵੇਗਾ ਪਰ ਇਸ ਲਈ ਬਣਦੀ ਪੂਰੀ ਪ੍ਰਕਿਰਿਆ ਅਪਣਾਈ ਜਾਵੇਗੀ।
ਕੈਪਟਨ ਨੇ ਮੋਦੀ ਨੂੰ ਮਿਲਣ ਲਈ ਸਮਾਂ ਮੰਗਿਆ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਇਹ ਪਹਿਲੀ ਮੀਟਿੰਗ ਭਾਵੇਂ ਸ਼ਿਸਟਾਚਾਰ ਨਾਤੇ ਹੋਵੇਗੀ, ਪਰ ਮੁੱਖ ਮੰਤਰੀ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ, ਸੂਬੇ ਦੀ ਮਾਲੀ ਹਾਲਤ ਸਣੇ ਕੁਝ ਹੋਰ ਅਹਿਮ ਮਾਮਲੇ ਵੀ ਪ੍ਰਧਾਨ ਮੰਤਰੀ ਕੋਲ ਉਠਾਏ ਜਾਣਗੇ। ਉਹ ਦਰਿਆਈ ਪਾਣੀਆਂ ਅਤੇ ਲਿੰਕ ਨਹਿਰ ਸਬੰਧੀ ਰਾਜ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਲਏ ਸਟੈਂਡ ਬਾਰੇ ਸ੍ਰੀ ਮੋਦੀ ਕੋਲ ਆਪਣਾ ਪੱਖ ਰੱਖਣਗੇ। ਇਸ ਸਬੰਧ ਵਿਚ ਰਾਜ ਸਰਕਾਰ ਵਲੋਂ ਵਿਆਪਕ ਨੋਟ ਤਿਆਰ ਕੀਤਾ ਜਾ ਰਿਹਾ ਹੈ


Comments Off on ਲਖਨਪਾਲ ਦੀ ਅਗਵਾਈ ਹੇਠ ਬਣੇਗਾ ਖ਼ਰਚਾ ਸੁਧਾਰ ਕਮਿਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.