ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਲਾਇਬ੍ਰੇਰੀਆਂ ਦੀ ਹੋਣੀ ਤੇ ਨੌਜਵਾਨ ਵਰਗ

Posted On March - 1 - 2017

ਸੁਖਵਿੰਦਰ ਲੀਲ੍ਹ

12602cd _lib 5ਕਿਤਾਬਾਂ ਨੂੰ ਮਨੁੱਖ ਦਾ ਸੱਚਾ ਮਿੱਤਰ ਮੰਨਿਆ ਜਾਂਦਾ ਹੈ। ਇਹ ਪੁਸਤਕਾਂ ਚੰਗੀਆਂ ਮਿੱਤਰ ਤਾਂ ਹੀ ਸਾਬਿਤ ਹੁੰਦੀਆਂ ਹਨ, ਜੇਕਰ ਅਸੀ ਇਨ੍ਹਾਂ ਨਾਲ ਨੇੜਤਾ ਪਾਵਾਂਗੇ। ਨੇੜਤਾ ਤਾਂ ਹੀ ਹੋਵੇਗੀ, ਜੇ ਅਸੀ ਚੰਗੀ ਪੁਸਤਕ ਦੀ ਚੋਣ ਕਰਕੇ ਉਸ ਨੂੰ ਆਪਣੇ ਘਰ ਜਾਂ ਲਇਬ੍ਰੇਰੀ ਲਈ ਖ਼ਰੀਦਾਂਗੇ। ਹਰੇਕ ਚੰਗੀ ਪੁਸਤਕ ਪੀੜੀਆਂ ਤੱਕ ਗਿਆਨ ਵੰਡਦੀ ਹੈ। ਬਸ ਲੋੜ ਹੁੰਦੀ ਹੈ, ਉਸ ਦੇ ਸ਼ਬਦਾਂ ਦੀ ਮਹਿਕ ਨੂੰ ਅੱਗੇ ਹੋਰਾਂ ਤੱਕ ਬਿਖੇਰਨ ਦੀ। ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਇਸ ਤੀਜੇ ਨੇਤਰ ਦਾ ਰਸਤਾ ਚੰਗੀਆਂ ਪੁਸਤਕਾਂ ਵਿੱਚੋਂ ਹੋ ਕੇ ਹੀ ਲੰਘਦਾ ਹੈ।
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਮਿਲਦੇ ਹਨ, ਜੋ ਪੁਸਤਕਾਂ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਿਆਣਾ ਹੋਣ ਦਾ ਭਰਮ ਪਾਲ ਕੇ ਘਰ ਦੀ ਚਾਰਦੀਵਾਰੀ ਵਿੱਚ ਬੈਠੇ ਮਾਣ ਮਹਿਸੂਸ ਕਰਦੇ ਹਨ ਤੇ ਸਮਾਜ ਦੀ ਬਿਹਤਰੀ ਲਈ ਕੁਝ ਨਹੀਂ ਕਰਦੇ। ਉਸ ਗਿਆਨ ਦਾ ਉਦੋਂ ਤੱਕ ਕੋਈ ਮਤਲਬ ਨਹੀਂ ਹੁੰਦਾ, ਜਦੋਂ ਤੱਕ ਗਿਆਨ ਨੂੰ ਸਮਾਜ ਦੀ ਭਲਾਈ ਲਈ ਨਾ ਵਰਤਿਆ ਜਾਵੇ। ਇਹ ਨਹੀਂ ਕਿ ਕਿਤਾਬਾਂ ਖ਼ਰੀਦ ਕੇ ਘਰਾਂ ਅੰਦਰਅ ਢੇਰ ਲਗਾ ਲਿਆ ਜਾਵੇ ਤੇ ਉਹ ਪੜ੍ਹਨ ਦੀ ਬਜਾਏ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਰਹਿ ਜਾਣ। ਪੁਸਤਕਾਂ ਸਾਨੂੰ ਸਮਾਜ ਅੰਦਰ ਚੰਗੀ ਜ਼ਿੰਦਗੀ ਜਿਉਣ ਦਾ ਮਾਰਗ ਦਰਸ਼ਕ ਬਣ ਕੇ ਰਸਤਾ ਵਿਖਾਉਣ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਆ ਰਹੀਆਂ ਹਨ। ਸਮਾਜ ਨੂੰ ਸੇਧ ਦੇਣ ਲਈ ਲਿਖੀ ਹਰ ਪੁਸਤਕ ਦਾ ਹਰ ਪੰਨਾ, ਹਰ ਲਾਈਨ ਤੇ ਹਰ ਅੱਖਰ ਗੱਲ ਸਾਂਝੀ ਕਰਨ ਲਈ ਲਿਖਿਆ ਹੁੰਦਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਪੁਸਤਕ ਨਾਲ ਸਾਂਝ ਪਾ ਕੇ ਆਪਣੇ ਅੰਦਰ ਪੈਦਾ ਹੋਣ ਵਾਲੇ ਸ਼ੰਕਿਆਂ ਨੁੂੰ ਦੂਰ ਕਰਨ ਲਈ ਹਿੰੰਮਤ ਕਿਵੇਂ ਜੁਟਾਉਣੀ ਹੈ ?
ਦੁਨੀਆਂ ਅੰਦਰ ਚੰਗੇ-ਮਾੜੇ ਸਮਾਜਿਕ ਵਰਤਾਰੇ ਅਤੇ ਸਮਾਜ ਨੂੰ ਸਮਝਣ ਲਈ ਸਾਨੂੰ ਆਪਣੇ ਇਤਿਹਾਸ ਵਿੱਚੋਂ ਚੰਗੇ ਅਗਾਂਹਵਧੂ ਵਿਅਕਤੀਆਂ ਦੀਆਂ ਜੀਵਨੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਲਈ ਲੋੜ ਹੁੰਦੀ ਹੈ ਕਿਸੇ ਵੀ ਅਗਾਂਹਵਧੂ ਪੁਸਤਕ ਚੰਗੀ ਤਰ੍ਹਾਂ ਸਮਝ ਕੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਅਤੇ ਅੱਗੇ ਸਮਾਜ ਵਿੱਚ ਲਿਜਾਣ ਦੀ ਤਾਂ ਹੀ ਸਮਾਜਿਕ ਤੇ ਨੈਤਿਕ ਗਿਰਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ। ਦੁਨੀਆਂ ਦੇ ਮਸ਼ਹੂਰ ਵਿਅਕਤੀ ਅਮੀਰੀ ਵਿੱਚ ਹੀ ਨਹੀਂ ਜਨਮੇ, ਬਲਿਕ ਆਮ ਇਨਸਾਨ ਹੀ ਹੁੰਦੇ ਹਨ ਪਰ ਜਿਉਂ ਹੀ ਉਨ੍ਹਾਂ ਦੀ ਦੋਸਤੀ ਸਮਾਜ ਨੂੰ ਸਹੀ ਦਿਸ਼ਾ ਅਤੇ ਸੇਧ ਦੇਣ ਵਾਲੀਆਂ ਚੰਗੀਆਂ ਪੁਸਤਕਾਂ ਸੰਗ ਸ਼ੁਰੂ ਹੋ ਜਾਂਦੀ ਹੈ ਤਾਂ ਉਨ੍ਹਾਂ ਅੰਦਰ ਇੱਕ ਨਵੀਂ ਰੌਸ਼ਨੀ ਦੀ ਕਿਰਨ ਜਨਮ ਲੈਣਾ ਸ਼ੁਰੂ ਕਰ ਦਿੰਦੀ ਹੈ। ਫਿਰ ਦ੍ਰਿੜ ਇਰਾਦਾ ਤੇ ਵਿਸ਼ਵਾਸ ਇੰਨਾ ਵਧ ਜਾਂਦਾ ਹੈ ਕਿ ਬੁਲੰਦੀਆਂ ਛੋਹਣਾ ਵੀ ਔਖਾ ਨਹੀਂ ਲੱਗਦਾ। ਅਜਿਹੇ ਮਨੁੱਖ ਦੁਨੀਆਂ ਅੰਦਰ ਨਾ ਹੋ ਕੇ ਵੀ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹਿੰਦੇ ਹਨ। ਅਜਿਹੇ ਲੋਕ ਆਮ ਲੋਕਾਂ ਲਈ ਚਾਨਣ-ਮੁਨਾਰੇ ਦਾ ਕੰੰਮ ਕਰਦੇ ਹਨ। ਸਾਨੂੰ ਹਰ ਤਰ੍ਹਾਂ ਤੇ ਹਰ ਵਿਸ਼ੇ ਦੀਆਂ ਪੁਸਤਕਾਂ ਮਿਲਦੀਆਂ ਹਨ ਪਰ ਉਨ੍ਹਾਂ ਪੁਸਤਕਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ, ਜੋ ਜ਼ਿੰਦਗੀ ਸਲੀਕੇ ਨਾਲ ਜਿਉਣ ਦਾ ਰਸਤਾ ਦਿਖਾਉਣ ਤੇ ਗਿਆਨ ਵਿੱਚ ਸਾਕਾਰਾਤਮਕ ਵਾਧਾ ਕਰਨ। ਅਜਿਹੀਆਂ ਪੁਸਤਕਾਂ ਪੜ੍ਹੀਆਂ ਜਾਣ ਜੋ ਸਮਾਜਿਕ ਨਜ਼ਰੀਏ ਅਤੇ ਚੰਗੀ-ਮਾੜੀ ਗੱਲ ਦੇ ਸਹੀ ਅਰਥਾਂ ਨੂੰ ਸੋਚਣ-ਸਮਝਣ ਦੀ ਸ਼ਕਤੀ ਵਧਾਉਣ। ਸਾਡੇ ਸਕੂਲਾਂ ਅੰਦਰ ਸਿਰਫ਼ ਸਿਲੇਬਸਾਂ ਦੀਆਂ ਪੁਸਤਕਾਂ ਹੀ ਪੜ੍ਹਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕਿਤਾਬੀ ਕੀੜਿਆਂ ਵਾਂਗ ਰੱਟੇ ਲੱਗਾ ਕੇ ਅਗਲੀ ਕਲਾਸ ਤੱਕ ਜਾਣ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਸਮੁੱਚੇ ਸਮਾਜ ਨੂੰ ਸਮਝਣ ਅਤੇ ਇੱਕ ਚੰਗਾ ਤੇ ਨਰੋਆ ਸਮਾਜ ਸਿਰਜਣ ਲਈ ਸਾਨੂੰ ਸਿਲੇਬਸਾਂ ਤੋਂ ਹਟ ਕੇ ਹੋਰ ਬਹੁਤ ਸਾਰੀਆਂ ਸਮਾਜਿਕ ਮਸਲਿਆਂ ਨਾਲ ਜੁੜੀਆਂ ਅਗਾਂਹਵਧੂ ਸਮਾਜ ਸੁਧਾਰਕ ਪੁਸਤਕਾਂ ਨੂੰ ਪੜ੍ਹਨਾ ਚਾਹੀਦਾ ਹੈ ਪਰ ਦੁਖਾਂਤ ਹੈ ਕਿ ਅਜਿਹੀਆਂ ਪੁਸਤਕਾਂ ਜ਼ਿਆਦਾਤਰ ਸਕੂਲਾਂ/ਕਾਲਜਾਂ ਦੀਆਂ ਲਾਇਬਰੇਰੀਆਂ ਵਿੱਚ ਹੁੰਦੀਆਂ ਹੀ ਨਹੀਂ। ਜੇਕਰ ਥੋੜੀਆਂ ਬਹੁਤੀਆਂ ਹੁੰਦੀਆਂ ਵੀ ਹਨ ਤਾਂ ਵਿਦਿਆਰਥੀਆਂ ਨੂੰ ਪੜ੍ਹਨ ਲਈ ਦਿੱਤੀਆਂ ਹੀ ਨਹੀਂ ਜਾਂਦੀਆਂ।
ਅਧਿਆਪਕ ਵਰਗ ਆਪ ਵੀ ਸਿਲੇਬਸ ਤੋਂ ਇਲਾਵਾ ਪੁਸਤਕ ਪੜ੍ਹਨ ਤੋਂ ਭੱਜ ਰਿਹਾ ਹੈ। ਜਿਨ੍ਹਾਂ ਨੇ ਵਿਦਿਆਰਥੀਆਂ ਅੰਦਰ ਚੰਗੀਆਂ ਸਾਹਿਤਕ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਹੁੰਦੀ ਹੈ, ਉਹ ਆਪ ਹੀ ਸਿਲੇਬਸਾਂ ਤੋਂ ਹਟਕੇ ਦੂਜੀਆਂ ਸਾਹਿਤਕ ਪੁਸਤਕਾਂ ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ। ਕੁਝ ਕੁ ਅਧਿਆਪਕ ਹੀ ਅਜਿਹੇ ਹੋਣਗੇ ਜਿਹੜੇ ਆਪਣੇ ਵਿਦਿਆਰਥੀਆਂ ਨੂੰ ਸਕੂਲੀ ਸਮੇਂ ਵਿੱਚੋਂ ਵਿਹਲ ਕੱਢ ਕੇ ਸਮਾਜਿਕ ਤਾਣੇ-ਬਾਣੇ ਬਾਰੇ ਜਾਗਰੂਕ ਕਰਦੇ ਹੋਣਗੇ। ਅਜਿਹੇ ਅਧਿਆਪਕਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਕਹੀ ਜਾ ਸਕਦੀ ਹੈ। ਦੂਜੇ ਪਾਸੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੇ ਪੜ੍ਹਨ ਲਈ ਭੇਜੀਆਂ ਜਾਂਦੀਆਂ ਕਿਤਾਬਾਂ ਸਿਰਫ਼ ਅਲਮਾਰੀ ਦਾ ਸ਼ਿੰਗਾਰ ਬਣ ਕੇ ਹੀ ਰਹਿ ਜਾਂਦੀਆਂ ਹਨ। ਕਈਆਂ ਸਕੂਲਾਂ ਵਿੱਚ ਲਾਇਬ੍ਰੇਰੀਆਂ ਤਾਂ ਹਨ ਪਰ ਉਨ੍ਹਾਂ ਅੰਦਰ ਮੌਜੂਦਾ ਸਮੇਂ ਅਨੁਸਾਰ ਬੱਚਿਆਂ ਦੇ ਪੜ੍ਹਨਯੋਗ ਪੁਸਤਕਾਂ ਹੀ ਨਹੀਂ ਹਨ। ਜੇਕਰ ਕਿੱਧਰੇ ਹਨ ਤਾਂ ਉਹ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਹਨ ਕਿ ਉਹ ਬੱਚਿਆ ਦੇ ਪੜ੍ਹਨਯੋਗ ਹੀ ਨਹੀਂ ਰਹੀਆਂ ਜਾਂ ਸਿਊਂਕ ਨੇ ਖਾ ਲਈਆਂ ਹਨ। ਜਿੱਥੇ ਕਿਧਰੇ ਕਿਤਾਬਾਂ ਅਤੇ ਲਾਇਬਰੇਰੀ ਦੋਵੇਂ ਮੌਜੂਦ ਹੈ, ਉੱਥੇ ਲਾਇਬ੍ਰੇਰੀਅਨ ਦੀ ਅਸਾਮੀ ਖਾਲੀ ਹੁੰਦੀ ਹੈ। ਬਹੁਤੇ ਸਕੂਲਾਂ ਵਿੱਚ ਤਾਂ ਲਾਇਬ੍ਰੇਰੀਅਨ ਦੀ ਅਸਾਮੀ ਹੀ ਨਹੀਂ ਹੈ। ਵਿਦਿਆਰਥੀਆਂ ਨੂੰ ਪੁਸਤਕਾਂ ਦੇਣ ਲਈ ਕਿਸੇ ਹੋਰ ਵਿਸ਼ੇ ਦੇ ਅਧਿਆਪਕ ਦੀ ਡਿਊਟੀ ਲਗਾ ਕੇ ਸਿਰਫ਼ ਡੰਗ ਟਪਾਇਆ ਜਾਂਦਾ ਹੈ। ਕਈ ਸਕੂਲਾਂ ਵਿੱਚ ਤਾਂ ਕਿਤਾਬਾਂ ਦੀ ਸਾਂਭ ਸੰਭਾਲ ਲਈ ਪੂਰੀ ਤਰ੍ਹਾਂ ਅਲਮਾਰੀਆਂ ਦਾ ਵੀ ਪ੍ਰਬੰਧ ਨਹੀਂ ਹੈ।
ਬੀਤੇ ਸਮੇਂ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ 40 ਹਜ਼ਾਰ ਰੁਪਏ ਦੀਆਂ ਸਾਹਿਤਕ ਪੁਸਤਕਾਂ ਖ਼ਰੀਦਣ ਲਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਨੇ ਇਹ ਗਰਾਂਟਾਂ ਖ਼ਰਚ ਕੇ ਪੁਸਤਕਾਂ ਤਾਂ ਲਿਆਂਦੀਆਂ ਹਨ ਪਰ ਇਨ੍ਹਾਂ ਦੀ ਵਿਦਿਆਰਥੀਆਂ ਤੱਕ ਪਹੁੰਚ ਯਕੀਨੀ ਨਹੀਂ ਬਣਾਈ। ਲੋੜ ਹੈ ਕਿ ਬੱਚਿਆਂ ਦੇ ਪੁਸਤਕਾਂ ਪੜ੍ਹਨ ਲਈ ਸਮਾਂ ਸਾਰਨੀ ਵਿੱਚ ਰੋਜ਼ਾਨਾ ਵੱਖ ਵੱਖ ਕਲਾਸਾਂ ਦਾ ਇੱਕ ਪੀਰੀਅਡ ਪੱਕਾ ਕੀਤਾ ਜਾਵੇ ਤੇ ਵਿਦਿਆਰਥੀ ਦੀ ਕਾਬਲੀਅਤ ਤੇ ਰੁਚੀ ਅਨੁਸਾਰ ਉਨ੍ਹਾਂ ਨੂੰ ਪੁਸਤਕਾਂ ਜਾਰੀ ਕੀਤੀਆਂ ਜਾਣ ਤਾਂ ਜੋ ਵਿਦਿਆਰਥੀ ਸਿਲੇਬਸ ਤੋਂ ਇਲਾਵਾ ਹੋਰ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ। ਜੇ ਨੌਜਵਾਨ ਚੰਗੀਆਂ ਪੁਸਤਕਾਂ ਨਾਲ ਜੁੜਨਗੇ ਤਾਂ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ।

ਸੰਪਰਕ: 98888-14227


Comments Off on ਲਾਇਬ੍ਰੇਰੀਆਂ ਦੀ ਹੋਣੀ ਤੇ ਨੌਜਵਾਨ ਵਰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.