ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਲਾਹੇਵੰਦ ਹੈ ਛੋਟੇ ਪੱਧਰ ’ਤੇ ਹਲਦੀ ਦੀ ਪ੍ਰੋਸੈਸਿੰਗ

Posted On March - 10 - 2017

ਡਾ. ਬਿੰਦੂ ਮਰਵਾਹਾ*

11003cd _Turmericਹਲਦੀ ਦੀ ਕਾਸ਼ਤ ਭਾਰਤ ਵਿੱਚ ਤਕਰੀਬਨ 5000 ਸਾਲ ਪਹਿਲਾਂ ਤੋਂ ਹੋ ਰਹੀ ਹੈ।  ਪੁਰਾਤਨ ਸਮੇਂ ਵਿੱਚ ਇਸ ਦੀ ਵਰਤੋਂ ਕੇਵਲ ਰੰਗ ਲਈ ਕੀਤੀ ਜਾਂਦੀ ਸੀ।  ਪਰ ਸਮੇਂ ਦੇ ਨਾਲ ਨਾਲ ਇਸ ਦੇ ਗੁਣਾਂ ਤੋਂ ਵਾਕਫ਼ ਹੋਣ ’ਤੇ ਇਸ ਦੀ ਵਰਤੋਂ ਖਾਣੇ ਵਿੱਚ ਮਸਾਲੇ ਵਜੋਂ ਅਤੇ ਆਯੁਰਵੈਦਿਕ ਦਵਾਈਆਂ ਵਿੱਚ ਹੋਣ ਲੱਗ ਪਈ।  ਹੁਣ ਭਾਰਤ ਹਲਦੀ ਦੀ ਸਭ ਤੋਂ ਵੱਧ ਪੈਦਾਵਾਰ ਅਤੇ ਖ਼ਪਤ ਕਰਨ ਵਾਲਾ ਮੋਢੀ ਦੇਸ਼ ਬਣ ਚੁੱਕਾ ਹੈ। ਇੱਥੇ ਪੈਦਾ ਹੋਈ ਹਲਦੀ ਦੀ ਗੁਣਵੱਤਾ ਚੰਗੀ ਹੋਣ  ਕਾਰਨ ਇਸ ਦੀ ਕੁੱਲ ਪੈਦਾਵਾਰ ਦਾ 60 ਫ਼ੀਸਦੀ ਹਿੱਸਾ ਦੁਨਿਆਂ ਭਰ ਵਿੱਚ  ਨਿਰਯਾਤ ਕੀਤਾ ਜਾਂਦਾ ਹੈ।
ਹਲਦੀ ਦੀ ਕਾਸ਼ਤ ਬੜੀ ਆਸਾਨੀ ਨਾਲ ਪੂਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ।  ਇਹ ਫ਼ਸਲ 8 ਤੋਂ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਜਿੱਥੇ ਹਲਦੀ ਦੇ ਵੱਡੇ ਕਾਸ਼ਤਕਾਰ ਇਸ ਦਾ ਨਿਰਯਾਤ ਕਰ ਕੇ ਚੰਗਾ ਮੁਨਾਫ਼ਾ ਖੱਟਦੇ ਹਨ, ਉੱਥੇ ਛੋਟੇ ਕਾਸ਼ਤਕਾਰਾਂ ਨੂੰ ਫ਼ਸਲ ਦੀ ਵੱਧ ਪੈਦਾਵਾਰ   ਹੋ ਜਾਣ ’ਤੇ ਓਨਾ ਮੁਨਾਫ਼ਾ ਨਹੀਂ ਮਿਲਦਾ। ਕੱਚੀ ਹਲਦੀ ਦੀ ਆਮਦ ਵੱਧ ਹੋਣ ਕਾਰਨ ਮੰਢੀ ਵਿੱਚ ਇਸ ਦਾ ਮੁੱਲ ਘੱਟ ਮਿਲਦਾ ਹੈ ਜਦੋਂਕਿ ਇਸ ਤੋਂ ਤਿਆਰ ਕੀਤੇ ਪਾਊਡਰ ਦੀ ਕੀਮਤ ਵਿੱਚ ਕਦੇ ਵੀ ਕਮੀਂ ਨਹੀਂ ਆਈ। ਇਸ ਲਈ ਛੋਟੇ ਕਾਸ਼ਤਕਾਰ ਜੇਕਰ ਇਸ ਦਾ ਪਾਊਡਰ ਬਣਾ ਕੇ ਵੇਚਣ ਤਾਂ ਜ਼ਿਆਦਾ ਮੁਨਾਫ਼ਾ ਖੱਟ ਸਕਦੇ  ਹਨ ਕਿਉਂਕਿ ਇਸ ਦੀ ਪ੍ਰੋਸੈਸਿੰਗ ਲਈ ਕਿਸੇ ਖ਼ਾਸ ਕਿਸਮ ਦੀ ਮਸ਼ੀਨਰੀ ਦੀ  ਲੋੜ ਨਹੀਂ ਪੈਂਦੀ।
ਹਲਦੀ ਦੀ ਪ੍ਰੋਸੈਸਿੰਗ ਚਾਰ ਪੜਾਵਾਂ ਵਿੱਚ ਪੂਰੀ ਹੁੰਦੀ ਹੈ-
ਸਾਫ਼ ਕਰਨਾ: ਸਭ ਤੋਂ ਪਹਿਲਾਂ ਹਲਦੀ ਦੀਆਂ ਗੰਢੀਆਂ ਨੂੰ ਸਾਫ਼ ਕੀਤਾ ਜਾਂਦਾ ਹੈ।  ਫਿਰ ਛੋਟੀਆਂ ਗੰਢੀਆਂ ਨੂੰ ਮੁੱਖ ਗੰਢੀ ਤੋਂ ਅਲੱਗ ਕਰ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜੜ੍ਹਾਂ ਅਤੇ ਖ਼ਰਾਬ ਗੰਢੀਆਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ।  ਆਮ ਤੌਰ ’ਤੇ ਮੁੱਖ ਗੰਢੀ ਨੂੰ ਬੀਜ ਵਜੋਂ ਰੱਖ ਲਿਆ ਜਾਂਦਾ ਹੈ। ਹਲਦੀ ਦੀਆਂ ਗੰਢੀਆਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਮਸ਼ੀਨ ਦੀ ਮਦਦ ਨਾਲ ਆਸਾਨੀ ਨਾਲ ਧੋਤਾ ਜਾ ਸਕਦਾ ਹੈ ਅਤੇ ਬਾਅਦ ਵਿੱਚ ਇਸੇ ਮਸ਼ੀਨ ਨਾਲ ਪਾਲਿਸ਼ਿੰਗ ਵੀ ਕੀਤੀ ਜਾ ਸਕਦੀ ਹੈ।
ਉਬਾਲਣਾ: ਗੰਢੀਆਂ ਨੂੰ ਸਾਫ਼ ਕਰਨ ਤੋਂ ਬਾਅਦ ਉਬਾਲਿਆ ਜਾਂਦਾ ਹੈ।  ਜਦੋਂ ਗੰਢੀਆਂ ਨਰਮ ਹੋ ਜਾਣ ਅਤੇ ਉੱਪਰਲੀ ਝੱਗ ਅਲੱਗ ਹੋ ਜਾਵੇ ਤਾਂ ਉਬਾਲਣਾ ਬੰਦ ਕਰ ਦਿੱਤਾ ਜਾਂਦਾ ਹੈ।  ਇਸ ਕੰਮ ਨੂੰ ਤਕਰੀਬਨ 40 ਤੋਂ 50 ਮਿੰਟ ਲਗਦੇ ਹਨ। ਵਪਾਰਕ ਪੱਧਰ ’ਤੇ ਕੰਮ ਕਰਨ ਸਮੇਂ ਖ਼ਾਸ ਕਿਸਮ ਦੇ ਆਟੋਕਲੇਵ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ 15 ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠਾਂ ਹਲਦੀ ਨੂੰ ਕੇਵਲ 20 ਮਿੰਟ ਤਕ ਹੀ ਉਬਾਲਣ ਦੀ ਲੋੜ ਪੈਂਦੀ ਹੈ।  ਪੁਟਾਈ ਕਰਨ ਤੋਂ 2 ਤੋਂ 3 ਦਿਨਾਂ ਦੇ ਅੰਦਰ ਹਲਦੀ ਨੂੰ ਉਬਾਲ ਲੈਣਾ ਚਾਹੀਦਾ ਹੈ। ਇਸ ਕੰਮ ਵਿੱਚ ਦੇਰ ਹੋਣ ਦੀ ਸਥਿਤੀ ਵਿੱਚ ਹਲਦੀ ਨੂੰ ਛਾਂ ਵਿੱਚ ਰੱਖ ਦੇਣਾ ਚਾਹੀਦਾ ਹੈ।
ਸੁਕਾਉਣਾ: ਉੱਬਲੀ ਹੋਈ ਹਲਦੀ ਦੀਆਂ ਗੰਢੀਆਂ ਦੀ ਢੇਰੀ ਬਣਾ ਕੇ ਰਾਤ ਭਰ ਰੱਖ ਦਿੱਤਾ ਜਾਂਦਾ ਹੈ ਤਾਂ ਜੋ ਇਸ ਦਾ ਵਾਧੂ ਪਾਣੀ ਨੁੱਚੜ ਜਾਵੇ। ਇਸ ਤੋਂ ਬਾਅਦ ਇਸ ਨੂੰ ਸਾਫ਼ ਫਰਸ਼ ’ਤੇ ਖਿਲਾਰ ਦਿੱਤਾ ਜਾਂਦਾ ਹੈ।  ਇਸ ਨੂੰ ਸੁਕਾਣ ਲਈ 10 ਤੋਂ 15 ਦਿਨ ਲੱਗ ਜਾਂਦੇ ਹਨ, ਜਦੋਂ ਤਕ ਇਸ ਵਿਚਲੀ ਨਮੀ 8 ਤੋਂ 10 ਫ਼ੀਸਦੀ ਹੋ ਜਾਵੇ। ਸੁਕਾਉਣ ਸਮੇਂ ਗੰਢੀਆਂ ਨੂੰ ਸਮੇਂ ਸਮੇਂ ’ਤੇ ਹਿਲਾਇਆ ਜਾਂਦਾ ਹੈ ਤਾਂ ਜੋ ਹਲਦੀ ਇੱਕਸਾਰ ਸੁੱਕ ਜਾਵੇ। ਵੱਡੇ ਪੱਧਰ ’ਤੇ ਕੰਮ ਕਰਨ ਸਮੇਂ ਇਸ ਕੰਮ ਲਈ ਸੂਰਜੀ ਜਾਂ ਮਕੈਨੀਕਲ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ।
ਪਾਲਿਸ਼ ਕਰਨਾ: ਸੁਕਾਈ ਹੋਈ ਹਲਦੀ ਖੁਰਦਰੀ ਅਤੇ ਭੱਦੀ ਦਿੱਖ ਵਾਲੀ ਹੁੰਦੀ ਹੈ। ਇਸ ਲਈ ਇਸ ਦੀ ਦਿੱਖ ਚੰਗੀ ਕਰਨ ਅਤੇ ਸਤਹਿ ਸਮਤਲ ਕਰਨ ਲਈ ਇਸ ਨੂੰ ਪਾਲਿਸ਼ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਦਾ ਮੁੱਲ ਵੱਧ ਮਿਲ ਸਕੇ। ਆਮ ਤੌਰ ’ਤੇ ਇਸ ਨੂੰ ਬੋਰਿਆਂ ਵਿੱਚ ਪਾ ਕੇ ਪੈਰਾਂ ਨਾਲ ਰਗੜਿਆ ਜਾਂਦਾ ਹੈ। ਵਪਾਰਕ ਪੱਧਰ ’ਤੇ ਕੰਮ ਕਰਨ ਸਮੇਂ ਪਾਲਿਸ਼ਿੰਗ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਪਾਲੀਸ਼ਰ ਨਾਲ ਕੰਮ ਛੇਤੀ ਅਤੇ ਸੁਖਾਲਾ ਨਿਬੜਦਾ ਹੈ। ਪਾਲਿਸ਼ ਕੀਤੀਆਂ ਗੰਢੀਆਂ ਦਾ ਰੰਗ ਚੰਗਾ ਬਣਾਉਣ ਲਈ 100 ਕਿਲੋ ਗੰਢੀਆਂ ਪਿੱਛੇ 200 ਗ੍ਰਾਮ ਹਲਦੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਹਿਲਾਇਆ ਜਾਂਦਾ ਹੈ।
ਪੀਸਣਾ: ਪਾਲਿਸ਼ ਕੀਤੀਆਂ ਗੰਢੀਆਂ ਦਾ ਪਾਊਡਰ ਬਣਾਉਣ ਲਈ ਇਸ ਨੂੰ ਮਸਾਲਾ ਗਰਾਈਂਡਰ ਵਿੱਚ ਪੀਸਿਆ ਜਾਂਦਾ ਹੈ।  ਤਿਆਰ ਪਾਊਡਰ ਨੂੰ ਪਾਲੀਥੀਨ, ਐਲੂਮੀਨੀਅਮ ਜਾਂ ਟਿੱਨ ਦੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ। ਬਾਅਦ ਵਿੱਚ ਇਸ ਨੂੰ ਗੱਤੇ ਦੇ ਡੱਬੇ ਵਿੱਚ ਬੰਦ ਕਰਕੇ ਆਪਣਾ ਮਾਰਕਾ ਲਗਾਇਆ ਜਾ ਸਕਦਾ ਹੈ।
ਪਾਊਡਰ ਤੋਂ ਇਲਾਵਾ ਇਸ ਦਾ ਤੇਲ ਵੀ ਕੱਢਿਆ ਜਾ ਸਕਦਾ ਹੈ ਜਿਸ ਦੀ ਕੌਮਾਂਤਰੀ ਮੰਢੀ ਵਿੱਚ ਭਾਰੀ ਮੰਗ ਹੈ, ਪਰ ਇਸ ਲਈ ਵੱਡੇ ਸਰਮਾਏ ਦੀ ਲੋੜ ਪੈਂਦੀ ਹੈ। ਇਸ ਦੀ ਥਾਂ ਛੋਟੇ ਪੱਧਰ ’ਤੇ ਪਾਊਡਰ ਬਣਾਉਣ ਲਈ ਨਾ ਤਾਂ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈ ਤੇ ਨਾ ਹੀ ਬਹੁਤੀ ਹੁਨਰਮੰਦ ਲੇਬਰ ਦੀ। ਇਹ ਕੰਮ ਪਿੰਡ ਦੇ ਨੌਜਵਾਨ ਮਿਲ ਕੇ ਛੋਟੇ ਪੱਧਰ ’ਤੇ ਆਪ ਹੀ ਕਰ ਸਕਦੇ ਹਨ।

*ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ।


Comments Off on ਲਾਹੇਵੰਦ ਹੈ ਛੋਟੇ ਪੱਧਰ ’ਤੇ ਹਲਦੀ ਦੀ ਪ੍ਰੋਸੈਸਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.