ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

Posted On March - 18 - 2017

ਪੁਸ਼ਪਿੰਦਰ ਜੈ ਰੂਪ

10703cd _daryaee tehari for tribuneਸੰਪਰਕ: 98140-05552
ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ ਦੇ ਵਹਿਣ ਦੇ ਨਾਲ-ਨਾਲ ਉੱਡਦੇ ਤਿੰਨ-ਚਾਰ ਪੰਛੀਆਂ ਵੱਲ ਇਸ਼ਾਰਾ ਕਰਕੇ ਮੈਂ ਬੱਚਿਆਂ ਨੂੰ ਦੱਸਿਆ ਕਿ ਉਹ ‘ਟਰਨ’ ਹੈ। ਇਹ ‘ਇੰਡੀਅਨ ਰਿਵਰ ਟਰਨ’ ਸਨ। ਉੱਤਰੀ ਧਰੁਵ ਤੋਂ ਦੱਖਣੀ ਧਰੁਵ ਜਾਣ ਵਾਲੀਆਂ ‘ਟਰਨਸ’ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ‘ਆਰਕਟਿਕ ਟਰਨ’ ਕਹਿੰਦੇ ਹਨ। ਇਨ੍ਹਾਂ ਦੋਨਾਂ ਜਾਤੀਆਂ ਦਾ ਪਰਿਵਾਰ ਸਾਂਝਾ ਹੁੰਦਾ ਹੈ ਜਿਸ ਨੂੰ ‘ਸਟਰਨੀਡੇਈ’ ਸੱਦਦੇ ਹਨ। ਇਸ ਪਰਿਵਾਰ ਦੀਆਂ ਸਾਰੀਆਂ 44 ਜਾਤੀਆਂ ਨੂੰ ਆਮ ਭਾਸ਼ਾ ਵਿੱਚ ‘ਟਰਨਸ’ ਹੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਸਿਰਫ਼ ਦੋ ਚਾਰ ਜਾਤੀਆਂ ਹੀ ਤਾਜ਼ੇ ਪਾਣੀਆਂ ਕੋਲ ਰਹਿੰਦੀਆਂ ਹਨ।
ਜਿਹੜੀ ‘ਟਰਨ’ ਅਸੀਂ ਇੱਥੇ ਦੇਖੀ ਸੀ, ਉਸ ਨੂੰ ‘ਕੌਮਨ ਰਿਵਰ ਟਰਨ’ ਵੀ ਸੱਦਦੇ ਹਨ। ਪੰਜਾਬੀ ਅਤੇ ਹਿੰਦੀ ਵਿੱਚ ਇਸ ਨੂੰ ‘ਦਰਿਆਈ ਤੇਹਾੜੀ’, ‘ਤਿਹਾਰੀ’ ਅਤੇ ‘ਕੁਰੱਰੀ’ ਵਰਗੇ ਨਾਵਾਂ ਨਾਲ ਬੁਲਾਉਂਦੇ ਹਨ। ਇਸ ਦਾ ਤਕਨੀਕੀ ਨਾਂ ‘ਸਟਰਨਾ ਅੋਰੈਨਸ਼ੀਆ’ ਹੈ। ਵਾਤਾਵਰਣ ਵਿੱਚ ਆਈਆਂ ਤਬਦੀਲੀਆਂ ਅਤੇ ਦਰਿਆਵਾਂ ਉੱਤੇ ਬੰਨ੍ਹ ਅਤੇ ਬੈਰੀਕੇਡ ਬਨਣ ਨਾਲ ਇਨ੍ਹਾਂ ਦੇ ਰਹਿਣ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਇਸ ਲਈ ਇਨ੍ਹਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।

ਪੁਸ਼ਪਿੰਦਰ ਜੈ ਰੂਪ

ਪੁਸ਼ਪਿੰਦਰ ਜੈ ਰੂਪ

‘ਤੇਹਾੜੀ’ ਇਰਾਨ ਤੋਂ ਲੈ ਕੇ ਪਾਕਿਸਤਾਨ ਅਤੇ ਭਾਰਤ ਵਿੱਚੋਂ ਹੁੰਦੀ ਹੋਈ ਥਾਈਲੈਂਡ ਤਕ ਦੇ ਸਾਰੇ ਇਲਾਕਿਆਂ ਵਿੱਚ ਰਹਿੰਦੀ ਹੈ। ਇਸ ਇਕਹਿਰੇ ਸਰੀਰ ਵਾਲੇ ਕਬੂਤਰ ਦੇ ਆਕਾਰ ਦੇ ਪੰਛੀ ਦੀ ਲੰਬਾਈ 38 ਤੋਂ 43 ਸੈਂਟੀਮੀਟਰ ਅਤੇ ਭਾਰ 250 ਗ੍ਰਾਮ ਹੁੰਦਾ ਹੈ। ਸਿਰ ਦੇ ਉੱਤੇ ਚੁੰਝ ਦੀ ਜੜ੍ਹ ਤੋਂ ਸ਼ੁਰੂ ਹੋ ਕੇ ਅਤੇ ਅੱਖਾਂ ਦੇ ਉੱਪਰੋਂ ਦੀ ਹੁੰਦੀ ਹੋਈ ਸਿਰ ਦੇ ਪਿੱਛੇ ਤਕ ਇੱਕ ਚਮਕਦਾਰ ਕਾਲੀ ਟੋਪੀ ਹੁੰਦੀ ਹੈ। ਬਾਕੀ ਦਾ ਸਰੀਰ ਪਿੱਠ ਵਾਲੇ ਪਾਸਿਓਂ ਚਮਕੀਲਾ ਸਲੇਟੀ ਅਤੇ ਢਿੱਡ ਵਾਲੇ ਪਾਸਿਓਂ ਲਿਸ਼ਕਦਾ ਚਿੱਟਾ ਹੁੰਦਾ ਹੈ। ਇਨ੍ਹਾਂ ਦੀ ਲੰਬੀ ਅਤੇ ਹੌਲੀ-ਹੌਲੀ ਥੱਲੇ ਨੂੰ ਮੁੜੀ ਹੋਈ ਭੂਰੇ ਸਿਰੇ ਵਾਲੀ ਚੁੰਝ ਸੰਗਤਰੀ-ਪੀਲੀ ਅਤੇ ਛੋਟੀਆਂ-ਛੋਟੀਆਂ ਲੱਤਾਂ ਲਾਲ ਹੁੰਦੀਆਂ ਹਨ। ‘ਤੇਹਾੜੀਆਂ’ ਦੇ ਪਰ ਵੱਡੇ ਲੰਬੇ ਅਤੇ ਸਿਰਿਆਂ ਤੋਂ ਪਿੱਛੇ ਨੂੰ ਮੁੜੇ ਹੋਏ ਹੁੰਦੇ ਹਨ। ਇਨ੍ਹਾਂ ਦੀ ਦੋਫਾੜ ਹੋਈ ਲੰਬੀ ਪੂਛ ਦੇ ਦੋੋਨਾਂ ਸਿਰਿਆਂ ਉੱਤੇ ਪਿੱਛੇ ਨੂੰ ਲਹਿਰਾਉਂਦੇ ਲੰਬੇ ਖੰਭ ਹੁੰਦੇ ਹਨ।
ਜਦੋਂ ਇਹ ਪਾਣੀ ਦੀ ਸਤਿਹ ਦੇ ਨੇੜੇ ਉੱਡਦੀਆਂ ਹਨ ਤਾਂ ਇਨ੍ਹਾਂ ਨੇ ਆਪਣਾ ਸਿਰ ਅਤੇ ਚੁੰਝ ਥੱਲੇ ਨੂੰ ਕੀਤੇ ਹੁੰਦੇ ਹਨ। ਇਹ ਆਪਣੀ ਪੂਛ ਦੇ ਅਖੀਰਲੇ ਖੰਭ ਲਹਿਰਾਉਂਦੀਆਂ ਅਤੇ ਆਪਣੇ ਪਰਾਂ ਨੂੰ ਬੜੇ ਆਨੰਦ ਨਾਲ ਹੇਠ ਥੱਲੇ ਕਰਦੀਆਂ ਹਨ। ਉਸ ਵੇਲੇ ਇਨ੍ਹਾਂ ਦੇ ਢਿੱਡ ਵਾਲਾ ਚਾਂਦੀ ਵਰਗਾ ਚਿੱਟਾ ਰੰਗ ਹੀ ਦਿਸਦਾ ਹੈ ਅਤੇ ਦੂਰੋਂ ਦੇਖਣ ਉੱਤੇ ਇੰਜ ਲੱਗਦਾ ਹੈ ਜਿਵੇਂ ਕਿਸੇ ਪੇਂਟਰ ਨੇ ਕੁਦਰਤ ਦੀ ਸੋਹਣੀ ਜਿਹੀ ਤਸਵੀਰ ਬਣਾਈ ਹੋਵੇ। ਪਰ ਅਸਲ ਵਿੱਚ ਉਸ ਵੇਲੇ ਨੀਝ ਲਾ ਕੇ ਇਹ ਪਾਣੀ ਵਿੱਚ ਆਪਣਾ ਸ਼ਿਕਾਰ ਲੱਭ ਰਹੀਆਂ ਹੁੰਦੀਆਂ ਹਨ। ਜਦੋਂ ਹੀ ਇਨ੍ਹਾਂ ਨੂੰ ਪਾਣੀ ਵਿੱਚ ਆਪਣਾ ਸ਼ਿਕਾਰ (ਛੋਟੀਆਂ ਮੱਛੀਆਂ, ਡੱਡੀਆਂ ਅਤੇ ਪਾਣੀ ਦੇ ਕੀੜੇ) ਦਿਸਦੇ ਹਨ ਤਾਂ ਇਹ ਆਪਣੇ ਪਰਾਂ ਨੂੰ ਪਿੱਛੇ ਅਤੇ ਪਾਸਿਆਂ ਨੂੰ ਕਰਕੇ ਕਿਸੇ ਤੀਰ ਵਾਂਗ ਸਿੱਧੀਆਂ ਥੱਲੇ ਨੂੰ ਪਾਣੀ ਵਿੱਚ ਵੜ ਜਾਂਦੀਆਂ ਹਨ ਅਤੇ ਕੁਝ ਸਕਿੰਟਾਂ ਬਾਅਦ ਸ਼ਿਕਾਰ ਚੁੰਝ ਵਿੱਚ ਫੜ ਕੇ ਬਾਹਰ ਆਉਂਦੀਆਂ ਹਨ। ਬਾਹਰ ਆ ਕੇ ਸ਼ਿਕਾਰ ਨੂੰ ਸਬੂਤਾ ਹੀ ਲੰਘਾ ਜਾਂਦੀਆਂ ਹਨ। ਜਦੋਂ ਇਨ੍ਹਾਂ ਨੂੰ ਬਹੁਤੀਆਂ ਛੋਟੀਆਂ ਮੱਛੀਆਂ ਦਾ ਗਰੁਬਲਾ (ਢਾਣੀ) ਦਿਸ ਪਵੇ ਤਾਂ ਇਹ ਸਿੱਧਾ ਉੱਡਣ ਦੀ ਥਾਂ ਉਨ੍ਹਾਂ ਉੱਤੇ ਗੋਲ ਚੱਕਰਾਂ ਵਿੱਚ ਘੁੰਮਣ ਲੱਗ ਪੈਂਦੀਆਂ ਹਨ ਅਤੇ ਸਟੀਕ ਨਿਸ਼ਾਨਾ ਲਾ ਕੇ ਸ਼ਿਕਾਰ ਫੜ੍ਹਦੀਆਂ ਹਨ। ਭਾਵੇਂ ਇਨ੍ਹਾਂ ਦੇ ਪੰਜਿਆਂ ਵਿੱਚ ਬਤਖ਼ ਵਾਂਗ ਝਿੱਲੀ ਹੁੰਦੀ ਹੈ, ਪਰ ਇਨ੍ਹਾਂ ਨੂੰ ਤੈਰਨਾ ਬਹੁਤਾ ਪਸੰਦ ਨਹੀਂ ਹੈ। ਇਹ ਉੱਡਦੇ-ਉੱਡਦੇ ਕਈ ਕਿਸਮ ਦੀਆਂ ਆਵਾਜ਼ਾਂ ਕੱਢ ਲੈਂਦੀਆਂ ਹਨ ਜਿਵੇਂ; ‘ਕੀ-ਯਾ’, ‘ਕੀਯਾਰ’ ਅਤੇ ‘ਕੀਉਰ’ ਆਦਿ। ਸੋਹਣੀ ਅਤੇ ਸਲੀਕ ਦਿਖ ਵਾਲੀਆਂ ‘ਤੇਹਾੜੀਆਂ’ ਉੱਤੇ ਬਹਾਰ ਮਾਰਚ ਤੋਂ ਮਈ ਵਿੱਚ ਆਉਂਦੀ ਹੈ। ਇਨ੍ਹਾਂ ਦੇ ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹ ਇੱਕ ਦੂਸਰੇ ਲਈ ਸਾਰੀ ਉਮਰ ਵਫ਼ਾਦਾਰ ਰਹਿੰਦੀਆਂ ਹਨ। ਨਰ ਮਾਦਾ ਨੂੰ ਲੁਭਾਉਣ ਲਈ ਉਸ ਨੂੰ ਛੋਟੀ ਜਿੰਨੀ ਮੱਛੀ ਪੇਸ਼ ਕਰਦਾ ਹੈ।
ਦਰਿਆਵਾਂ ਦੇ ਵਿਚਕਾਰ ਜਾਂ ਪਾਸਿਆਂ ਉੱਤੇ ਗਿੱਲੇ ਰੇਤੇ ਨੂੰ ਖੁਰਚਕੇ ਜਾਂ ਪਾਸਿਆਂ ਦੀਆਂ ਚਟਾਨਾਂ ਉੱਤੇ ਇਹ ਖੱਤੀ ਵਰਗਾ ਆਲ੍ਹਣਾ ਬਣਾਉਂਦੀਆਂ ਹਨ। ਜਿਸ ਵਿੱਚ ਮਾਦਾ 2 ਤੋਂ 3 ਹਰੀ ਭਾ ਵਾਲੇ ਸਲੇਟੀ ਅੰਡੇ ਦਿੰਦੀ ਹੈ। ਅੰਡਿਆਂ ਉੱਤੇ ਭੂਰੇ-ਜਾਮਣੀ ਧੱਬੇ ਅਤੇ ਲੀਕਾਂ ਹੁੰਦੀਆਂ ਹਨ। ਨਰ ਅਤੇ ਮਾਦਾ ਅੰਡੇ ਸੇਕਣ ਲਈ ਵਾਰੀਆਂ ਲਾਉਂਦੇ ਹਨ ਅਤੇ 21 ਤੋਂ 28 ਦਿਨਾਂ ਵਿੱਚ ਚੂਚੇ ਕੱਢ ਲੈਂਦੇ ਹਨ। ਇਹ ‘ਤੇਹਾੜੀਆਂ’ ਲਾਪਰਵਾਹ ਕਿਸਮ ਦੇ ਮਾਂ-ਬਾਪ ਹੁੰਦੇ ਹਨ ਅਤੇ ਚੂਚਿਆਂ ਦੇ ਬਹੁਤਾ ਨੇੜੇ ਨਹੀਂ ਰਹਿੰਦੇ, ਪਰ ਜੇ ਕਿਤੇ ਕੋਈ ਘੁਸਪੈਠੀਆ ਇਨ੍ਹਾਂ ਦੇ ਆਲ੍ਹਣੇ ਦੇ ਕੋਲ ਆ ਜਾਵੇ ਤਾਂ ਇਹ ਉਸ ਦੇ ਸਿਰ ਉੱਪਰ ਚੱਕਰ ਕੱਢਦੀਆਂ ਬਹੁਤ ਰੌਲਾ ਪਾਉਂਦੀਆਂ ਹਨ। ਅੰਡਿਆਂ ਵਿੱਚੋਂ ਨਿਕਲਦੇ ਸਾਰ ਚੂਚੇ ਭੱਜਣ ਲੱਗ ਪੈਂਦੇ ਹਨ ਅਤੇ 4 ਹਫ਼ਤਿਆਂ ਵਿੱਚ ਉੱਡਣ ਵੀ ਲੱਗ ਪੈਂਦੇ ਹਨ। ਇਨ੍ਹਾਂ ਦੇ ਪ੍ਰੋੜ ਕੋਈ 20 ਸਾਲ ਦੀ ਉਮਰ ਭੋਗਦੇ ਹਨ।


Comments Off on ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.