ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ

Posted On March - 8 - 2017

10803CD _STUDENTਡਾ. ਜਸਪਾਲ ਸਿੰਘ ਹੀਰੋਂ ਕਲਾਂ

ਅਜੋਕੇ ਸਮੇਂ ਵਿੱਚ ਵਿਗਿਆਨ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਜੇਕਰ ਵਿੱਦਿਅਕ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਦਿਆਰਥੀ ਵਿਗਿਆਨ ਨੂੰ ਹਊਆ ਮੰਨਦੇ। ਇਸ ਲਈ ਬਹੁਤੇ ਵਿਦਿਆਰਥੀ ਵਿਗਿਆਨ ਦੀ ਸਮਝ ਤੋਂ ਕੋਹਾਂ ਦੂਰ ਹਨ। ਵਿਗਿਆਨ ਵਿਸ਼ੇ ਦੇ ਸਿਧਾਂਤ, ਵਿਧੀਆਂ, ਸਿੱਟੇ ਤੇ ਭਵਿੱਖ ਅਜੇ ਵੀ ਪੰਜਾਬ ਦੇ ਵਿਦਿਆਰਥੀਆਂ ਲਈ ਬੁਝਾਰਤ ਵਾਂਗ ਹੈ।
ਅੰਕੜੇ ਦੱਸਦੇ ਹਨ ਕਿ ਸਮੁੱਚੇ ਭਾਰਤ ਦਾ ਕੌਮਾਂਤਰੀ ਪੱਧਰ ਦੀ ਵਿਗਿਆਨ ਦੀ ਖੋਜ ਵਿੱਚ ਸਿਰਫ਼ 0.1 ਫ਼ੀਸਦੀ ਯੋਗਦਾਨ ਹੈ। ਸਾਡੇ ਬਹੁ-ਗਿਣਤੀ ਵਿਦਿਆਰਥੀ ਅਜੋਕੇ ਸਮੇਂ ਵਿੱਚ ਵੀ ਆਈਆਈਟੀ, ਐਨਆਈਟੀ ਤੇ ਐਮਐਚਆਰਡੀ ਦੀਆਂ ਮਿਆਰੀ ਵਿੱਦਿਅਕ ਸੰਸਥਾਵਾਂ ਦੀ ਸਮਝ ਤੋਂ ਊਣੇ ਹਨ। ਇਸ ਅਸੰਤੋਖਜਨਕ ਸਥਿਤੀ ਲਈ ਕਈ ਕਾਰਨ ਜ਼ਿੰਮੇਵਾਰ  ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਮਾਧਿਅਮ ਵੀ ਮੰਨਿਆ ਜਾਂਦਾ ਹੈ। ਮਾਧਿਅਮ ਤੋਂ ਭਾਵ ਹੈ  ਗਿਆਨ ਸੰਚਾਰ ਲਈ ਵਰਤੀ ਗਈ ਭਾਸ਼ਾ। ਕੋਈ ਵੀ ਭਾਸ਼ਾ ਕਦੇ ਵੀ ਕਿਸੇ ਖਾਸ ਕਾਰਜ ਜਾਂ ਗਿਆਨ ਪ੍ਰਵਾਹ ਨੂੰ ਮੁੱਖ ਰੱਖ ਕੇ ਨਹੀਂ ਬਣਾਈ ਜਾਂਦੀ, ਬਲਕਿ ਕਾਰਜਸ਼ੀਲਤਾ ਅਧੀਨ ਉਸ ਵਿੱਚ ਲੋੜੀਂਦੀਆਂ ਵਿਉਂਤਬੰਦੀਆਂ ਕੀਤੀਆਂ ਜਾਂਦੀਆਂ ਹਨ। ਸਾਡੀ ਗੁਰਮੁਖੀ ਲਿੱਪੀ ਅਰਥਾਤ ਪੰਜਾਬੀ ਭਾਸ਼ਾ ਨੂੰ ਵਿਗਿਆਨ ਵਿਸ਼ੇ ਦੇ ਸਮਰੱਥ ਨਾ ਸਮਝਦੇ ਹੋਏ ਅਕਸਰ ਅਸੀ ਇਹ ਮੰਨਦੇ ਹਾਂ ਕਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਤੇ ਨਿਪੁੰਨਤਾ ਲਈ ਹਰ ਵਿਦਿਆਰਥੀ ਨੂੰ ਸ਼ੁਰੂ ਤੋਂ ਹੀ ਅੰਗਰੇਜ਼ੀ ਮਾਧਿਅਮ ਰੱਖਣਾ ਚਾਹੀਦਾ ਹੈ ਪਰ ਇਹ ਵਿਚਾਰ ਠੀਕ ਨਹੀਂ ਹੈ, ਕਿਉਂਕਿ ਵਿਗਿਆਨ ਵਿਸ਼ੇ ਵਿੱਚ ਵਰਤੇ ਜਾਣ ਵਾਲੇ ਸ਼ਬਦ ਅੰਗਰੇਜ਼ੀ ਵਿਸ਼ੇ ਤੋਂ ਅਲੱਗ ਅਤੇ ਸਰਲ ਵਿਆਕਰਨਿਕ ਨਿਯਮਾਂ ਅਨੁਸਾਰ ਹੁੰਦੇ ਹਨ। ਵਿਗਿਆਨ ਦੇ ਕਿਸੇ ਵੀ ਤਰਕ ਨੂੰ ਸਮਝ ਕੇ ਸਿਧਾਂਤ ਬਣਨ ਤੱਕ ਦੀ ਪ੍ਰਕਿਰਿਆ ਨੂੰ ਵਿਦਿਆਰਥੀ ਕਿਸੇ ਵੀ ਭਾਸ਼ਾ ਵਿੱਚ ਸਿੱਖ ਕੇ ਆਸਾਨੀ ਨਾਲ ਉਸ ਦਾ ਦੂਸਰੀ ਭਾਸ਼ਾ ਵਿੱਚ ਤਰਜਮਾ ਕਰ ਸਕਦਾ ਹੈ। ਉਦਾਹਰਣ ਵਜੋਂ ਗਣਿਤ ਵਿੱਚ ਦੋ ਅਤੇ ਦੋ ਦਾ ਜੋੜ ਹਰ ਭਾਸ਼ਾ ਵਿੱਚ ਚਾਰ ਹੀ ਬਣੇਗਾ। ਲੋਹਾ, ਪਾਣੀ ਤੇ  ਆਕਸੀਜਨ ਦੀ ਰਸਾਇਣਕ ਕਿਰਿਆ ਹਰ ਭਾਸ਼ਾ ਵਿੱਚ ਇੱਕੋ ਉਤਪਾਦ ਬਣਾਏਗੀ। ਭਾਵ ਮਾਧਿਅਮ ਵਿਗਿਆਨ ਨੂੰ ਸਮਝਣ ਤੇ ਤਰਕ ਤੱਕ ਪਹੁੰਚਣ ਲਈ ਅੜਿੱਕਾ ਨਹੀਂ ਬਣ ਸਕਦਾ। ਇਸ ਲਈ ਵਿਦਿਆਰਥੀ ਨੂੰ ਆਪਣੇ ਬੌਧਿਕ ਪੱਧਰ ਅਨੁਸਾਰ ਉਹੀ ਮਾਧਿਅਮ ਚੁਣਨਾ ਚਾਹੀਦਾ ਹੈ, ਜਿਸ ਵਿੱਚ ਉਹ ਆਸਾਨੀ ਨਾਲ ਤਰਕ ਦੀਆਂ ਡੂੰਘਾਈਆਂ ਤੇ ਉਚਾਈਆਂ ਛੂਹ ਸਕੇ।
ਮਨੋਵਿਗਿਆਨੀਆਂ ਅਤੇ ਬੁੱਧੀਜੀਵੀਆਂ ਦੇ ਮੱਤ ਅਨੁਸਾਰ ਕਿਸੇ ਜੁਗਤ, ਪ੍ਰਕਿਰਿਆ ਤੇ ਵਿਗਿਆਨਕ ਤਾਲਮੇਲ ਦੇ ਸੰਕਲਪ ਨੂੰ ਕੋਈ ਵੀ ਵਿਦਿਆਰਥੀ ਆਪਣੀ ਮਾਤ-ਭਾਸ਼ਾ ਵਿੱਚ ਹੀ ਚੰਗੀ ਤਰ੍ਹਾਂ ਸਿੱਖ ਸਕਦਾ ਹੈ। ਇਸ ਲਈ ਵਿਗਿਆਨ ਦੀ ਤਰਕਸੰਗਤ ਵਿਆਖਿਆ ਪ੍ਰਾਇਮਰੀ ਪੱਧਰ ਤੋਂ ਮੈਟ੍ਰਿਕ ਪੱਧਰ ਤੱਕ ਪੰਜਾਬੀ ਮਾਧਿਅਮ ਵਿੱਚ ਵਧੇਰੇ ਰੌਚਕ ਹੋਵੇਗੀ। ਮੈਟ੍ਰਿਕ ਤੋਂ ਬਾਅਦ ਵਿਦਿਆਰਥੀ ਮੁਢਲੇ ਨੁਕਤਿਆਂ ਨਾਲ ਪ੍ਰਾਪਤ ਗਿਆਨ ਨੂੰ ਅਸਾਨੀ ਨਾਲ ਅੰਗਰੇਜ਼ੀ ਮਾਧਿਅਮ ਦੁਆਰਾ ਅੱਗੇ ਵਧਾ ਸਕਦਾ ਹੈ ਪਰ ਜੇਕਰ ਉਹ ਸ਼ੁਰੂਆਤ ਵਿੱਚ ਹੀ ਅੰਗਰੇਜ਼ੀ ਮਾਧਿਅਮ ਦੇ ਵੱਸ ਪੈ ਕੇ ਆਪਣੀ ਵਧੇਰੇ ਮਾਨਸਿਕ ਊਰਜਾ, ਸਿਰਜਣ ਸ਼ਕਤੀ ਤੇ ਯਾਦਦਾਸ਼ਤ ਨਵੀਂ ਭਾਸ਼ਾ ਨੂੰ ਸਿੱਖਣ ਅਤੇ ਵਿਗਿਆਨ ਨੂੰ ਸਮਝਣ ਲਈ ਲਾਉਣ ਲੱਗਾ ਤਾਂ ਉਸ ਦਾ ਸੰਤੁਲਨ ਵਿਗੜ ਸਕਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਵਿਦਿਆਰਥੀ ਸਿਰਫ਼ ਆਪਣੀ ਮਾਤ ਭਾਸ਼ਾ ਵਿੱਚ ਹੀ ਵਧੇਰੇ ਚੰਗੀ ਤਰ੍ਹਾਂ ਸੋਚ ਸਕਦਾ ਹੈ। ਮੁਢਲੇ ਦੌਰ ਵਿੱਚ ਕੀਤੀਆਂ ਅਕਾਦਮਿਕ ਪ੍ਰਾਪਤੀਆਂ ਹੀ ਉਸ ਦਾ ਆਤਮ-ਵਿਸ਼ਵਾਸ ਵਧਾਉਂਦੀਆਂ ਹਨ। ਜਦੋਂ ਇੱਕ ਵਾਰ ਵਿਦਿਆਰਥੀ ਆਪਣੀ ਮਾਤ-ਭਾਸ਼ਾ ਵਿੱਚ ਕਿਸੇ ਤਰਕ ਨੂੰ ਸਮਝ ਲਵੇਗਾ ਤਾਂ ਉਸ ਲਈ ਆਪਣੇ ਗਿਆਨ ਨੂੰ ਪੇਸ਼ ਕਰਨਾ ਜਾਂ ਲਿਖਣਾ ਮੁਸ਼ਕਿਲ ਨਹੀਂ ਹੋਵੇਗਾ। ਸਿੱਟੇ ਵਜੋਂ ਉਹ ਵਧੇਰੇ ਸੁਤੰਤਰ ਤਰੀਕੇ ਨਾਲ ਸੋਚ ਤੇ ਸਮਝ ਸਕਦਾ ਹੈ। ਬਹੁ-ਗਿਣਤੀ ਵਿਦਿਆਰਥੀ ਅੰਗਰੇਜ਼ੀ ਵਿਸ਼ੇ ਦੀ ਅਨੁਕੂਲਤਾ ਤੋਂ ਵਾਂਝੇ ਹੋਣ ਕਰਕੇ ਆਪਣੇ ਗਿਆਨ, ਆਪਣੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਸਹੀ ਰੂਪ ਨਾਲ ਪੇਸ਼ ਨਹੀਂ ਕਰ ਸਕਦੇ। ਇਸ ਕਰਕੇ ਉਨ੍ਹਾਂ ਵਿੱਚ ਹੀਣ-ਭਾਵਨਾ ਦਾ ਉਪਜਣਾ ਸੁਭਾਵਿਕ ਹੈ। ਜਿਹੜਾ ਵਿਦਿਆਰਥੀ ਆਪਣੀ ਮਾਤ-ਭਾਸ਼ਾ ਵਿੱਚ ਨਿਪੁੰਨ ਨਹੀਂ ਹੋ ਸਕਦਾ, ਉਹ ਕਦੀ ਵੀ ਕਿਸੇ ਹੋਰ ਭਾਸ਼ਾ ’ਤੇ ਵਧੀਆ ਪਕੜ ਨਹੀਂ ਬਣਾ ਸਕਦਾ, ਕਿਉਂਕਿ ਭਾਸ਼ਾ ਸਿਰਫ਼ ਆਪਣੀ ਗੱਲ ਕਹਿਣ ਤੇ ਲਿਖਣ ਦੀ ਵਿਧੀ ਹੀ ਨਹੀਂ, ਸਗੋਂ ਬੌਧਿਕਤਾ ਨਾਲ ਵੀ ਸਬੰਧਤ ਹੈ।
ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿੱਚ ਅਜੇ ਵੀ ਸ਼ਬਦ ਤੇ ਚਿੰਨ੍ਹ ਉਸ ਪੱਧਰ ਤੱਕ ਪਛਾਣੇ ਨਹੀਂ ਗਏ ਕਿ ਉਨ੍ਹਾਂ ਦੀ ਵਰਤੋਂ ਖੁਸ਼ਕ ਨਾ ਲੱਗੇ। ਇਸ ਲਈ ਜ਼ਰੂਰਤ ਹੈ ਕਿ ਮੈਟ੍ਰਿਕ ਪੱਧਰ ਦੀ ਵਿਗਿਆਨ ਨੂੰ ਭਾਸ਼ਾ ਪੱਖੋਂ ਹੋਰ ਸੌਖਾ, ਸਰਲ ਤੇ ਆਮ ਜਾਣਕਾਰੀ ਦੇ ਪੱਧਰ ਤੱਕ ਲਿਆਂਦਾ ਜਾਵੇ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਹੋਰ ਬਿਹਤਰੀਨ ਪਾਠ-ਪੁਸਤਕਾਂ ਤਿਆਰ ਕਰੇ, ਜਿਨ੍ਹਾਂ ਵਿੱਚ ਸਿਧਾਂਤਕ ਗਿਆਨ ਨੂੰ ਸਮਝਾਉਣ ਲਈ ਉਦਾਹਰਣਾਂ, ਸੰਖਿਆਤਮਕ ਪ੍ਰਸ਼ਨਾਂ, ਰੰਗਦਾਰ ਤਸਵੀਰਾਂ, ਵਿਸਤ੍ਰਿਤ ਚਿੱਤਰਾਂ ਤੇ ਮੌਜੂਦਾ ਘਟਨਾਵਾਂ ਨੂੰ ਨਾਲ ਜੋੜਨ ਦੀ  ਸਮਰੱਥਾ ਹੋਵੇ। ਹਰ ਅਧਿਆਏ ਨਾਲ ਬਹੁ-ਚੋਣ ਪ੍ਰਸ਼ਨਾਵਲੀ ਅਤੇ ਕਿਰਿਆ ਰੂਪੀ ਘਰੇਲੂ ਮਾਡਲ ਦੀ ਵਿਆਖਿਆ ਕੀਤੀ ਹੋਵੇ। ਅੰਗਰੇਜ਼ੀ ਮਾਧਿਅਮ ਵਿੱਚ ਕਈ ਲੇਖਕਾਂ ਅਤੇ ਛਾਪਕਾਂ ਦੀਆਂ ਵਿਗਿਆਨ ਦੀਆਂ ਪੁਸਤਕਾਂ ਉਪਲੱਬਧ ਹਨ, ਜਿਨ੍ਹਾਂ ਵਿੱਚ ਅਥਾਹ ਸਮੱਗਰੀ ਨਿਯਮਿਤ ਰੂਪ ਵਿੱਚ ਪਰੋਸੀ ਗਈ  ਹੈ ਪਰ ਪੰਜਾਬੀ ਮਾਧਿਅਮ ਦੀਆਂ ਪੁਸਤਕਾਂ ਵਿੱਚ ਅਜਿਹੀ ਵੰਨਗੀ ਦਿਖਾਈ ਨਹੀਂ ਦਿੰਦੀ। ਇਸ ਪਾੜੇ ਨੂੰ ਪੂਰਨ ਦੀ ਸਖ਼ਤ ਲੋੜ ਹੈ। ਅਜਿਹਾ ਕਰਨ ਨਾਲ ਹੀ  ਪੰਜਾਬੀ ਮਾਧਿਅਮ ਦੀਆਂ ਪਾਠ ਪੁਸਤਕਾਂ ਅੰਗਰੇਜ਼ੀ ਮਾਧਿਅਮ ਦੀਆਂ ਹਾਣੀ ਹੋ ਸਕਦੀਆਂ ਹਨ।
ਵਿਗਿਆਨ ਦਾ ਕੋਈ ਵੀ ਸਿਧਾਂਤ ਜਾਂ ਵਿਧੀ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਨਹੀਂ ਹੈ, ਬਲਕਿ ਇਸ ਭਾਸ਼ਾ ਨੇ ਵਿਗਿਆਨ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੰਗਰੇਜ਼ੀ ਭਾਸ਼ਾ ਨੇ ਵਿਗਿਆਨ ਨੂੰ ਸਰਲ ਤੇ ਵਿਲੱਖਣ ਸ਼ਬਦ, ਵਾਕ ਅਤੇ ਵਾਕ-ਬਣਤਰ ਦਿੱਤੀ, ਜਿਸ ਨਾਲ ਵਿਗਿਆਨ ਵਧੇਰੇ ਸੌਖੀ ਤੇ ਹੰਢਣਸਾਰ ਬਣੀ ਹੈ ਪਰ ਵਿਗਿਆਨ ਤੱਕ ਪਹੁੰਚਣ ਲਈ ਮੂਲ ਰੂਪ ਵਿੱਚ ਸਮਝ ਦੀ ਜ਼ਰੂਰਤ ਹੈ। ਵਿਗਿਆਨ ਦਾ ਵਿਸ਼ਾ ਸਮਝ ’ਤੇ ਖੜ੍ਹਾ ਹੈ ਨਾ ਕਿ ਭਾਸ਼ਾ, ਵਾਕ-ਬਣਤਰ ਜਾਂ ਸਿਰਫ਼ ਵਿਆਕਰਨ ਸਹਾਰੇ ਹੈ। ਇਸ ਲਈ ਮਾਧਿਆਮ ਨੂੰ ਵਿਗਿਆਨ ਦੇ ਰਾਹ ਦਾ ਰੋੜਾ ਨਹੀਂ ਬਣਨ ਦੇਣਾ ਚਾਹੀਦਾ। ਇਸ ਪ੍ਰਤੀ ਅਧਿਆਪਕਾਂ  ਅਤੇ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ।

ਸੰਪਰਕ: 94780-11059


Comments Off on ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.