ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਹਮਿਹਰ

Posted On March - 6 - 2017

10603CD _GURMEHARਗੁਰਮਿਹਰ ਕੌਰ ਨੇ ਆਪਣੀਆਂ ਭਾਵਨਾਵਾਂ ਦੀ ਅਭਿਵਿਅਕਤੀ ਕੀ ਕੀਤੀ, ਭਾਰਤੀ ਕੱਟੜਪੰਥੀਆਂ ਨੇ 20 ਸਾਲ ਦੀ ਬੱਚੀ ਨੂੰ ਭਾਰਤ ਦਾ ਦੁਸ਼ਮਣ ਕਰਾਰ ਦੇ ਦਿੱਤਾ। ਕੱਟੜਪੰਥੀ ਕਿੰਨੀ ਜਲਦੀ ਭੁੱਲ ਗਏ ਕਿ ਗੁਰਮਿਹਰ ਦੇ ਪਿਤਾ ਮਨਦੀਪ ਸਿੰਘ ਨੇ ਕਸ਼ਮੀਰ ਵਿੱਚ ਭਾਰਤ ਲਈ ਜਾਨ ਕੁਰਬਾਨ ਕਰ ਦਿੱਤੀ ਸੀ। ਉਸ ਸਮੇਂ ਇਹ ਬੱਚੀ ਕੇਵਲ ਤਿੰਨ ਸਾਲ ਦੀ ਸੀ। ਅੰਨ੍ਹੇ ਰਾਸ਼ਟਰਵਾਦੀ ਇਸ ਬੱਚੀ ਦੇ ਪਰਿਵਾਰ ਦੀ ਕੁਰਬਾਨੀ, ਪਿਤਾ ਬਿਨਾਂ ਬਿਤਾਇਆ ਸਮਾਂ ਅਤੇ ਉਸ ਦੇ ਮਨ ਦੀਆਂ ਸੰਵੇਦਨਾਵਾਂ ਨਹੀਂ ਸਮਝ ਸਕੇ।
ਗੁਰਮਿਹਰ ਨੇ ਜਿਸ ਤਰ੍ਹਾਂ ਸੋਚਿਆ ਤੇ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ, ਇਸ ਤਰ੍ਹਾਂ ਕੇਵਲ ਸ਼ਹੀਦ ਦੀ ਬੇਟੀ ਹੀ ਸੋਚ ਸਕਦੀ ਹੈ। ਰਾਜਨੀਤੀ ਦੀਆਂ ਮੌਜਾਂ ਮਾਨਣ ਵਾਲੇ ਇਸ ਤਰ੍ਹਾਂ ਨਹੀਂ ਸੋਚ ਸਕਦੇ। ਗੁਰਮਿਹਰ ਨੇ ਉਸ ਭਾਰਤ ਤੇ ਪਾਕਿਸਤਾਨ ਦੀ ਗੱਲ ਕੀਤੀ ਹੈ ਜੋ ਸਾਧਾਰਨ ਲੋਕਾਂ ਦੇ ਦੇਸ਼ ਹਨ। ਦੋਵਾਂ ਦੇਸ਼ਾਂ ਦੇ ਸਾਧਾਰਨ ਲੋਕ ਸ਼ਾਂਤੀ ਚਾਹੁੰਦੇ ਹਨ। ਅਸੀਂ ਤਾਂ ਅਜੇ 1947 ਦੇ ਦਰਦ ਨਹੀਂ ਭੁੱਲੇ। ਉਸਤਾਦ ਦਾਮਨ ਲਿਖਦਾ ਹੈ;
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ।    ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ।
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਨਰਿੰਦਰਜੀਤ ਸਿੰਘ ਬਰਾੜ (ਡਾ.)

ਨਰਿੰਦਰਜੀਤ ਸਿੰਘ ਬਰਾੜ (ਡਾ.)

ਫਿਰ ਸਵਾਲ ਇਹ ਉੱਠਦਾ ਹੈ ਕਿ ਸ਼ਾਂਤੀ ਕੌਣ ਨਹੀਂ ਚਾਹੁੰਦਾ? ਕਿਹੜੀਆਂ ਤਾਕਤਾਂ ਨੇ ਜੋ ਭਰਾ ਨੂੰ ਭਰਾ ਨਾਲ ਲੜਾ ਰਹੀਆਂ ਹਨ? ਇਸ ਦਾ ਜਵਾਬ ਨੌਜਵਾਨ ਪੀੜ੍ਹੀ ਨੇ ਲੱਭਣਾ ਹੈ। ਮੈਨੂੰ ਪੂਰਨ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੇ ਨਰੋਈ ਸੋਚ ਵਾਲੇ ਨੌਜਵਾਨ ਇਸ ਦਾ ਜਵਾਬ ਜ਼ਰੂਰ ਲੱਭ ਲੈਣਗੇ।
ਗੁਰਮਿਹਰ ਨੂੰ ਨਾ-ਸਮਝ ਕਹਿਣ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰੂੜੀਵਾਦੀ ਸੋਚ ਦੇ ਧਾਰਨੀ ਹੋਣਾ ਤੇ ਵੱਧ ਪੈਸਾ ਕਮਾਉਣਾ ਹੀ ਸਮਝਦਾਰੀ ਨਹੀਂ ਹੁੰਦੀ। ਨਵੀਂ ਸੋਚ ਨੂੰ ਅਪਨਾਉਣਾ, ਸਮਾਜ ਨੂੰ ਨਵੀਨ ਵਿਚਾਰਾਂ ਨਾਲ ਰੂ-ਬ-ਰੂ ਕਰਵਾਉਣਾ ਹੀ ਸਮਝਦਾਰੀ ਹੈ। ਸਾਡੇ ਵਿੱਚ ਵੱਡੀ ਸਮੱਸਿਆ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਨਵੇਂ ਵਿਚਾਰਾਂ ਲਈ ਖੁੱਲ੍ਹ ਹੀ ਨਹੀਂ ਦਿੰਦੇ। ਸਾਨੂੰ ਲੱਗਦਾ ਹੈ ਕਿ ਸਾਡੀ ਉਮਰ ਜ਼ਿਆਦਾ ਹੈ, ਸਾਡੀ ਪੜ੍ਹਾਈ ਜ਼ਿਆਦਾ ਹੈ, ਸਾਡਾ ਤਜਰਬਾ ਜ਼ਿਆਦਾ ਹੈ ਤੇ ਅਸੀਂ ਹੀ ਸਿਆਣੇ ਹਾਂ। ਨਵੀਂ ਪੀੜ੍ਹੀ ਦੀ ਸੋਚ ਨੂੰ ਖੁੰਢਾ ਕਰਨ ਲਈ ਅਸੀਂ ਹਮੇਸ਼ਾਂ ਤਿਆਰ ਰਹਿੰਦੇ ਹਾਂ।
ਅਸੀਂ ਵਿਦਿਆਰਥੀਆਂ ਦੇ ਵਿਚਾਰਾਂ ਦੀ ਕਦਰ ਨਹੀਂ ਕਰਦੇ, ਹਰ ਮਨੁੱਖ ਨੂੰ ਵਿਚਾਰ ਰੱਖਣ ਦਾ ਹੱਕ ਹੈ। ਫਿਰ ਗੁਰਮਿਹਰ ਨੇ ਕੀ ਗ਼ਲਤ ਕਰ ਦਿੱਤਾ। ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਤੁਸੀਂ ਸ਼ਹੀਦ ਦੀ ਬੇਟੀ ਨੂੰ ਦੇਸ਼ਧ੍ਰੋਹੀ ਕਹੋ ਅਤੇ ਭੱਦੇ ਤਨਜ਼ ਕਸੋ। ਇਸ ਗੱਲ ’ਤੇ ਹੈਰਾਨੀ ਹੁੰਦੀ ਹੈ ਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਵੀ ਤਰਕ ਦੇ ਅਰਥ ਨਹੀਂ ਸਮਝਦੇ। ਰਾਜਨੀਤਕ ਜ਼ੰਜੀਰਾਂ ਨੂੰ ਲਾਹ ਕੇ ਸਾਨੂੰ ਬਲੀਦਾਨ ਦੇ ਅਰਥ ਸਮਝਣੇ ਚਾਹੀਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਭਾਰਤ ਕਿਸੇ ਦੇ ਪਰਿਵਾਰ ਦੀ ਜਾਗੀਰ ਨਹੀਂ, ਇਹ ਸਭ ਦਾ ਸਾਂਝਾ ਹੈ। ਭਾਰਤ, ਇਸ ਵਿੱਚ ਰਹਿਣ ਵਾਲੀਆਂ ਸਾਰੀਆਂ ਕੌਮਾਂ ਜਾਤਾਂ ਅਤੇ ਧਰਮਾਂ ਦਾ ਸਾਂਝਾ ਰਾਸ਼ਟਰ ਹੈ। ਨਿੱਜੀ ਮਾਲਕੀ ਦੀ ਵਿਚਾਰਧਾਰਾ ਨਾਲ ਅੰਨ੍ਹੇ ਰਾਸ਼ਟਰਵਾਦ ਨੂੰ ਪੈਦਾ ਕਰਨਾ ਸਮੇਂ ਦੇ ਹਾਣੀ ਬਨਣ ਵਿੱਚ ਵੱਡੀ ਰੁਕਾਵਟ ਸਿੱਧ ਹੋਵੇਗਾ।  ਜਦੋਂ ਅਸੀਂ ਧਰਮ ਤੋਂ ਉੱਪਰ ਉੱਠ ਕੇ ਸੋਚਾਂਗੇ, ਉਦੋਂ ਹੀ ਅਸੀਂ ਸਾਰਿਆਂ ਵਿਚਾਰਾਂ ਦੀ ਕਦਰ ਕਰਨੀ ਸਿੱਖ ਲਵਾਂਗੇ। ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਗੱਲ ਕਰਕੇ ਵੇਖੋ ਜਿੱਥੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਵਿਦਿਆਰਥੀ ਆਉਂਦੇ ਹਨ। ਉਹ ਇੱਕ ਦੂਜੇ ਦੀ ਕਦਰ ਕਰਦੇ ਹਨ। ਸਹਿਣਸ਼ੀਲਤਾ ਤੇ ਦੂਜਿਆਂ ਦੇ ਵਿਚਾਰਾਂ ਦੀ ਕਦਰ ਹੀ ਉਨ੍ਹਾਂ ਸੰਸਥਾਵਾਂ ਨੂੰ ਦੁਨੀਆਂ ਵਿੱਚ ਪ੍ਰਸਿੱਧ ਕਰਦੀ ਹੈ। ਉੱਥੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ, ਵਿਦਿਆਰਥੀਆਂ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ, ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਹੱਥ ਮਿਲਾਉਂਦੇ ਹਨ, ਅਧਿਆਪਕਾਂ ਨੂੰ ਆਪਣਾ ਦੋਸਤ ਮੰਨਦੇ ਹਨ, ਅਧਿਆਪਕਾਂ ਤੋਂ ਭੈਅ ਨਹੀਂ ਖਾਂਦੇ ਅਤੇ ਨਾ ਹੀ ਕਿਸੇ ਕਿਸਮ ਦਾ ਡਰ ਉਨ੍ਹਾਂ ਨੂੰ ਕਿਸੇ ਧਰਮ-ਜਾਤ ਦੇ ਵਿਦਿਆਰਥੀਆਂ ਤੋਂ ਹੁੰਦਾ ਹੈ। ਵਿਚਾਰਾਂ ਦਾ ਆਦਾਨ-ਪ੍ਰਦਾਨ ਹੀ ਆਜ਼ਾਦ ਫਿਜ਼ਾ ਦਿੰਦਾ ਹੈ। ਇਸੇ ਆਜ਼ਾਦੀ ਨਾਲ ਹੀ ਬੁੱਧੀਜੀਵੀ ਪੈਦਾ ਹੁੰਦੇ ਹਨ।
ਗੁਰਮਿਹਰ ਨੂੰ ਧਮਕੀ ਦੇਣ ਵਾਲੇ ਇਹ  ਭੁੱਲ ਗਏ ਹਨ ਕਿ ਜਦੋਂ ਅਹਿਮਦਸ਼ਾਹ ਅਬਦਾਲੀ ਭਾਰਤੀ ਕੁੜੀਆਂ ਨੂੰ ਜਬਰੀ ਗ਼ੁਲਾਮ ਬਣਾ ਕੇ ਲਿਜਾ ਰਿਹਾ ਸੀ ਤਾਂ ਪੰਜਾਬੀਆਂ ਨੇ ਉਨ੍ਹਾਂ ਲੜਕੀਆਂ ਨੂੰ ਅਬਦਾਲੀ ਤੋਂ ਛੁਡਵਾ ਕੇ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਸੀ। ਜਿਹੜੇ ਮੁਗ਼ਲਾਂ ਨੇ ਭਾਰਤ ’ਤੇ ਰਾਜ ਕੀਤਾ ਉਨ੍ਹਾਂ ਦੇ ਨੱਥ ਵੀ ਕੇਵਲ ਪੰਜਾਬੀਆਂ ਨੇ ਹੀ ਪਾਈ। ਤਾਕਤ ਅਤੇ ਸੱਤਾ ਦੇ ਨਸ਼ੇ ਨੇ ਉਨ੍ਹਾਂਂ ਨੂੰ ਇਤਿਹਾਸ ਭੁਲਾ ਦਿੱਤਾ ਹੈ, ਇਸੇ ਕਰਕੇ ਉਨ੍ਹਾਂ ਨੇ 20 ਸਾਲ ਦੀ ਲੜਕੀ ਨੂੰ ਭੱਦੀ ਸ਼ਬਦਾਵਲੀ ਨਾਲ ਧਮਕਾਉਣ ਦੀ ਗੁਸਤਾਖ਼ੀ ਕੀਤੀ ਹੈ।
ਗੁਰਮਿਹਰ ਨੂੰ ਕੇਵਲ ਇੰਨਾ ਹੀ ਕਹਿਣਾ ਹੈ ਕਿ ਉਹ ਉੱਨੀ ਹੀ ਵੱਡੀ ਰਾਸ਼ਟਰਵਾਦੀ ਹੈ, ਜਿੰਨਾ ਵੱਡਾ ਰਾਸ਼ਟਰਵਾਦੀ ਕੋਈ ਰਾਜਨੀਤਿਕ ਪਾਰਟੀ ਆਪਣੇ ਆਪ ਨੂੰ ਸਮਝਦੀ ਹੈ। ਭਗਤ ਸਿੰਘ ਦੀ ਡਾਇਰੀ ਦੇ ਪੰਨਾ 33 ’ਤੇ ਲਿਖੀ ਹੋਈ ਚਾਰਲਸ ਮੈਕੇ ਦੀ ਕਵਿਤਾ ਉਸ ਨੂੰ ਜ਼ਰੂਰ ਬਲ ਬਖ਼ਸ਼ੇਗੀ।
ਤੁਸੀਂ ਕਹਿੰਦੇ ਹੋ, ਤੁਹਾਡਾ ਕੋਈ ਦੁਸ਼ਮਣ ਨਹੀਂ?
ਅਫ਼ਸੋਸ! ਮੇਰੇ ਦੋਸਤ, ਇਸ ਸ਼ੇਖ਼ੀ ਵਿੱਚ ਦਮ ਨਹੀਂ।
ਜੋ ਸ਼ਾਮਲ ਹੁੰਦਾ ਹੈ ਫਰਜ਼ ਦੀ ਲੜਾਈ ਵਿੱਚ,
ਜਿਸਨੂੰ ਬਹਾਦਰ ਲੜਦੇ ਹੀ ਹਨ,
ਉਸ ਦੇ ਦੁਸ਼ਮਣ ਹੁੰਦੇ ਹੀ ਹਨ।
ਸੰਪਰਕ : 98156-56601


Comments Off on ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਹਮਿਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.