ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਵਿਲੱਖਣ ਸੰਗੀਤਕ ਅੰਦਾਜ਼ ਹੈ ਖ਼ੱਯਾਮ ਸਾਹਿਬ ਦਾ

Posted On March - 4 - 2017

ਡਾ. ਨਿਵੇਦਿਤਾ ਸਿੰਘ

ਖ਼ੱਯਾਮ ਆਪਣੀ ਪਤਨੀ ਜਗਜੀਤ ਕੌਰ ਨਾਲ

ਖ਼ੱਯਾਮ ਆਪਣੀ ਪਤਨੀ ਜਗਜੀਤ ਕੌਰ ਨਾਲ

ਹਿੰਦੀ ਫ਼ਿਲਮ ਸੰਗੀਤ ਦੀ ਵੱਡੀ ਹਸਤੀ ਖ਼ੱਯਾਮ ਨੇ ਆਪਣੇ ਪੰਜਾਹ ਸਾਲਾ ਫ਼ਿਲਮੀ ਸੰਗੀਤ ਦੇ ਸਫ਼ਰ ਵਿੱਚ  ਅਨੇਕ ਖ਼ੂਬਸੂਰਤ ਗੀਤਾਂ ਦੀਆਂ ਧੁਨਾਂ ਨੂੰ ਸਿਰਜਿਆ, ਸੰਵਾਰਿਆ ਤੇ ਵੱਖ-ਵੱਖ ਆਵਾਜ਼ਾਂ ਤੋਂ ਗਵਾਇਆ। ਉਨ੍ਹਾਂ ਦੀ ਪਤਨੀ ਜਗਜੀਤ ਕੌਰ ਨਾਲ ਮੁੰਬਈ ਜਾਣ ਤੋਂ ਪਹਿਲਾਂ ਫੋਨ ਉੱਤੇ ਵਾਰਤਾਲਾਪ ਹੋ ਰਿਹਾ ਸੀ ਜਿਨ੍ਹਾਂ ਨੂੰ ਅਸੀਂ ਖ਼ੱਯਾਮ ਸਾਹਿਬ ਨੂੰ ਮਿਲਣ ਲਈ ਬੇਨਤੀ ਕੀਤੀ ਸੀ। ਛੁੱਟੀਆਂ ਦੌਰਾਨ ਅਸੀਂ ਪਰਿਵਾਰ ਸਮੇਤ ਮੁੰਬਈ ਗਏ ’ਤੇ ਸਮਾਂ ਤੈਅ ਕਰ ਕੇ ਖ਼ੱਯਾਮ ਸਾਹਿਬ ਦੇ ਘਰ ਪਹੁੰਚੇ। ਯਕੀਨ ਨਹੀਂ ਹੋਇਆ ਜਦੋਂ ਘੰਟੀ ਵਜਾਈ ਤਾਂ ਖੁਦ ਖ਼ੱਯਾਮ ਨੇ ਸਾਡੇ ਲਈ ਦਰਵਾਜ਼ਾ ਖ਼ੋਲਿਆ। ਗੱਲਬਾਤ ਸ਼ੁਰੂ ਹੋਈ ਤਾਂ ਅਸੀਂ ਆਪਣੀ ਜਾਣ ਪਛਾਣ ਦਿੱਤੀ ਤੇ ਦੱਸਿਆ ਕਿ ਅਸੀਂ ਪਟਿਆਲੇ ਤੋਂ ਆਏ ਹਾਂ।
ਖ਼ੱਯਾਮ ਆਪਣੀ ਸਫ਼ਲਤਾ ਪਿੱਛੇ ਪਤਨੀ ਜਗਜੀਤ ਦਾ ਵੱਡਾ ਯੋਗਦਾਨ ਮੰਨਦੇ ਹਨ। ਉਨ੍ਹਾਂ ਦੀ ਪਤਨੀ ਜਗਜੀਤ ਕੌਰ ਨੇ ਵੀ ਅਨੇਕ ਹਿੰਦੀ ਫ਼ਿਲਮੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇੱਕ ਵੱਡਾ ਸੰਗੀਤਕਾਰ ਹੋਣ ਦੇ ਨਾਲ-ਨਾਲ ਇੱਕ ਵੱਡੇ ਇਨਸਾਨ ਹੋਣ ਦੇ ਸਾਰੇ ਗੁਣ ਖ਼ੱਯਾਮ ਦੀ ਸ਼ਖ਼ਸੀਅਤ ਵਿੱਚ ਹਨ। ਉਹ ਸਾਡੀ ਮਹਿਮਾਨ ਨਿਵਾਜ਼ੀ ਪ੍ਰਤੀ ਬੜੇ ਸਜਗ ਸਨ ਤੇ ਬਾਅਦ ਵਿੱਚ ਦਰਵਾਜ਼ੇ ਤੋਂ ਬਾਹਰ ਲਿਫ਼ਟ ਤਕ ਛੱਡਣ ਆਏ।
ਮੁਹੰਮਦ ਜ਼ਹੂਰ ‘ਖ਼ੱਯਾਮ’ ਸੰਗੀਤ ਦੀ ਦੁਨੀਆਂ ਵਿੱਚ ਇੱਕ ਅਜਿਹਾ ਨਾਮ ਹੈ ਜਿਸ ਨੇ ਲਗਭਗ ਪੰਜ ਦਹਾਕੇ ਹਿੰਦੀ ਫ਼ਿਲਮੀ ਸੰਗੀਤ ਵਿੱਚ ਬਿਹਤਰੀਨ ਸੰਗੀਤਕ ਧੁਨਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਰਾਹੋਂ ਵਿਖੇ 1927 ਵਿੱਚ ਹੋਇਆ ਜਿਹੜਾ ਹੁਣ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਪੈਂਦਾ ਹੈ। ਨਵਾਂ ਸ਼ਹਿਰ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਹੈ, ਉਹ ਇਹ ਸੁਣ ਕੇ ਬੜੇ ਭਾਵੁਕ ਹੋ ਗਏ। ਆਖਣ ਲੱਗੇ ਕਿ ਜਦੋਂ ਵੀ ਆਪਣੇ ਪਿਤਾ ਨਾਲ ਇਸ ਥਾਂ ਤੋਂ ਲੰਘਦੇ ਸੀ ਤਾਂ ਪਿਤਾ ਕਹਿੰਦੇ ਸਨ ਕਿ ਬੇਟਾ ਇਸ ਧਰਤੀ ਨੂੰ ਸਲਾਮ ਕਰੋ, ਇਹ ਸ਼ਹੀਦਾਂ ਦੀ ਧਰਤੀ ਹੈ। ਸੰਗੀਤ ਦੀਆਂ ਸੁਰਾਂ ਉਨ੍ਹਾਂ ਨੂੰ ਬਚਪਨ ਤੋਂ ਹੀ ਸੰਮੋਹਿਤ ਕਰਦੀਆਂ ਸਨ। ਸੁਰਾਂ ਦਾ ਇਹੀ ਜਾਦੂ ਉਨ੍ਹਾਂ ਨੂੰ ਪਹਿਲਾਂ ਦਿੱਲੀ ਤੇ ਫਿਰ ਲਾਹੌਰ ਲੈ ਗਿਆ ਜਿੱਥੇ ਉਨ੍ਹਾਂ ਨੂੰ ਉਸ ਸਮੇਂ ਦੇ ਸਿਰਕੱਢ ਸੰਗੀਤ ਨਿਰਦੇਸ਼ਕ ਜੀ. ਏ. ਚਿਸ਼ਤੀ ਨਾਲ ਕੰਮ ਕਰਨ ਦਾ ਅਤੇ ਸੰਗੀਤ ਨਿਰਦੇਸ਼ਨ ਦੇ ਗੁਰ ਸਿੱਖਣ ਦਾ ਮੌਕਾ ਮਿਲਿਆ। ਪ੍ਰਸਿੱਧ ਸੰਗੀਤ-ਨਿਰਦੇਸ਼ਕ ਪੰਡਿਤ ਹੁਸਨ ਲਾਲ-ਭਗਤਰਾਮ ਦੇ ਵੱਡੇ ਭਰਾ ਪੰਡਿਤ ਅਮਰਨਾਥ ਦੀ ਸ਼ਾਗਿਰਦੀ ਵੀ ਕੁਝ ਸਮਾਂ ਉਨ੍ਹਾਂ ਨੇ ਕੀਤੀ।
1953 ਵਿੱਚ ‘ਫੁੱਟਪਾਥ’ ਫ਼ਿਲਮ ਦੇ ਗੀਤ ‘ਸ਼ਾਮ-ਏ-ਗ਼ਮ ਕੀ ਕਸਮ’ ਜੋ ਤਲਤ ਮਹਿਮੂਦ ਦੀ ਆਵਾਜ਼ ਵਿੱਚ ਸੀ, ਨੇ ਖ਼ੱਯਾਮ ਨੂੰ ਪ੍ਰਸਿੱਧ ਸੰਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਉਨ੍ਹਾਂ ਦੀਆਂ ਸੰਗੀਤਕ ਰਚਨਾਵਾਂ ਸ਼ਰੂ ਤੋਂ ਹੀ ਇੱਕ ਨਵਾਂ ਅੰਦਾਜ਼ ਲੈ ਕੇ ਆਈਆਂ। ਮਨਮੋਹਕ ਅੰਦਾਜ਼ ਵਿੱਚ ਬਣਾਈਆਂ ਧੁਨਾਂ, ਸਾਜ਼ਾਂ ਦਾ ਪਰੰਪਰਾ ਤੋਂ ਹਟਕੇ ਨਵੀਨ ਪ੍ਰਯੋਗ, ਗੀਤ ਦੇ ਅੰਤਰਾਲਾਂ ਵਿਚਲਾ ਰੁਮਾਨੀ ਸੰਗੀਤ, ਖ਼ੱਯਾਮ ਦੇ ਸੰਗੀਤ ਦੀ ਮੁੱਖ ਪਛਾਣ ਬਣ ਗਏ। ‘ਫਿਰ ਸੁਬਹ ਹੋਗੀ’ (1958) ਵਰਗੀ ਸਮਾਜਿਕ ਫ਼ਿਲਮ ਦਾ ਖ਼ੂਬਸੂਰਤ ਸੰਗੀਤ ਦੇ ਕੇ ਖ਼ੱਯਾਮ ਨੇ ਸਾਬਤ ਕਰ ਦਿੱਤਾ ਕਿ ਸਮਾਜਿਕ ਸਰੋਕਾਰਾਂ ਵਾਲੇ ਗੀਤਾਂ ਨੂੰ ਵੀ ਉਹ ਅਸਰਦਾਰ ਢੰਗ ਨਾਲ ਸੁਰਬੱਧ ਕਰ ਸਕਦੇ ਹਨ।
‘ਸ਼ੋਲਾ ਔਰ ਸ਼ਬਨਮ’ (1961) ਅਤੇ ‘ਸ਼ਗੁਨ’ (1964) ਉਨ੍ਹਾਂ ਦੀਆਂ ਅਗਲੀਆਂ ਕਾਮਯਾਬ ਫ਼ਿਲਮਾਂ ਸਨ। ਕੈਫ਼ੀ ਆਜ਼ਮੀ ਦੇ ਬੋਲ ‘ਜਾਨੇ ਕਿਆ ਢੂੰਢਤੀ ਰਹਿਤੀ ਹੈਂ ਯੇ ਆਂਖੇ ਮੁਝਮੇਂ’ ਅਤੇ ਸਾਹਿਰ ਦਾ ਗੀਤ ‘ਪਰਬਤੋਂ ਕੇ ਪੇੜੋਂ ਪਰ ਸ਼ਾਮ ਕਾ ਬਸੇਰਾ ਹੈ’ ਨੂੰ ਖ਼ੱਯਾਮ ਨੇ ਆਪਣੀਆਂ ਬਿਹਰਤੀਨ ਰਚਨਾਵਾਂ ਦਾ ਜਾਮਾ ਪਹਿਨਾਇਆ। ਪਹਾੜੀ ਰਾਗ ਦੇ ਅਨੇਕ ਰੰਗ ਖ਼ੱਯਾਮ ਦੇ ਸੰਗੀਤ ਵਿੱਚ ਉੱਘੜਦੇ ਹਨ। ਖ਼ੱਯਾਮ ਨੇ ਇਸ ਰਾਗ ਦੇ ਸੁਰਾਂ ਵਿੱਚ ਅਨੇਕ ਦਿਲਕਸ਼ ਅਤੇ ਵੱਖਰੀਆਂ ਧੁਨਾਂ ਬਣਾਈਆਂ ਹਨ। ਉਹ ਇਸਨੂੰ ਆਪਣੀ ਮਾਤ ਭੂਮੀ ਪੰਜਾਬ ਦੀ ਦੇਣ ਮੰਨਦੇ ਹਨ। ਫ਼ਿਲਮ ‘ਆਖ਼ਰੀ ਖ਼ਤ’ ਦਾ ਗੀਤ ‘ਬਹਾਰੋ, ਮੇਰਾ ਜੀਵਨ ਭੀ ਸਵਾਰੋ’ ਪਹਾੜੀ ਵਿੱਚ ਸੁਰਬੱਧ ਬੇਹਦ ਮਨਮੋਹਕ ਧੁਨ ਹੈ। ਖ਼ੱਯਾਮ ਦੇ ਸੰਗੀਤ ਵਿੱਚ ਪੰਜਾਬੀ ਅੰਗ ਦੇ ਸੰਗੀਤ ਦੀ ਝਲਕ ਵਿਸ਼ੇਸ਼ ਰੂਪ ਵਿੱਚ ਪੈਂਦੀ ਹੈ। ਹੀਰ ਦੀ ਧੁਨ ’ਤੇ ਆਧਾਰਿਤ ‘ਕਫ਼ਨ ਮੇਂ ਡਾਲਾ ਮੁਝੇ ਮੇਰੇ ਰਾਜ਼ਦਾਰੋਂ ਨੇ’ ਫ਼ਿਲਮ ‘ਤਾਤਾਰ ਕਾ ਚੋਰ’ (1955) ਦਾ ਗੀਤ ਇਸਦੀ ਉੱਤਮ ਉਦਾਹਰਣ ਹੈ।
ਖ਼ੱਯਾਮ ਦੇ ਗੀਤਾਂ ਦੀਆਂ ਸੁਰਾਵਲੀਆਂ ਵਿੱਚ ਜਜ਼ਬਾਤਾਂ ਦਾ ਦਰਿਆ ਵਹਿੰਦਾ ਹੈ ਤੇ ਤਾਸੀਰ ਨਰਮ ਹੈ। ਉਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗਏ ਗੀਤਾਂ ਵਾਲੀ ਫ਼ਿਲਮ ‘ਕਭੀ-ਕਭੀ’ (1976) ਦੇ ਬੇਮਿਸਾਲ ਸੰਗੀਤ ਲਈ ਫ਼ਿਲਮ ਫੇਅਰ ਵੱਲੋਂ ਖ਼ੱਯਾਮ ਨੂੰ ਸਰਬੋਤਮ ਸੰਗੀਤ ਨਿਰਦੇਸ਼ਕ ਦਾ ਐਵਾਰਡ ਹਾਸਲ ਹੋਇਆ। ਅੱਸੀ ਦੇ ਧੂਮ ਧੜਾਕੇ ਵਾਲੇ ਸੰਗੀਤ ਵਿੱਚ ਖ਼ੱਯਾਮ ਇਕੱਲੇ ਹੀ ਮਿੱਠੇ ਤੇ ਸੁਕੋਮਲ ਸੰਗੀਤ ਦੇ ਮੋਰਚੇ ’ਤੇ ਡਟੇ ਰਹੇ। 1981 ਤੋਂ ਤਿੰਨ ਸਾਲ ਲਗਾਤਾਰ ਤਿੰਨ ਫ਼ਿਲਮਾਂ ‘ਉਮਰਾਓ ਜਾਨ’, ‘ਬਾਜ਼ਾਰ’ ਅਤੇ ‘ਰਜ਼ੀਆ ਸੁਲਤਾਨ’ ਸੰਗੀਤ ਪ੍ਰੇਮੀਆਂ ਦੀ ਨਜ਼ਰ ਕੀਤੀਆਂ ਜਿਨ੍ਹਾਂ ਦਾ ਇੱਕ-ਇੱਕ ਗੀਤ ਬੇਨਜ਼ੀਰ ਤੇ ਬਾਕਮਾਲ ਸੀ। ਫ਼ਿਲਮ ‘ਉਮਰਾਓ ਜਾਨ’ ਲਈ ਉਨ੍ਹਾਂ ਨੂੰ ਫ਼ਿਲਮ ਫ਼ੇਅਰ ਦੇ ਨਾਲ-ਨਾਲ ਸਰਬੋਤਮ ਸੰਗੀਤ ਨਿਰਦੇਸ਼ਕ ਵਜੋਂ ਰਾਸ਼ਟਰੀ ਪੁਰਸਕਾਰ ਵੀ ਹਾਸਲ ਹੋਇਆ। ‘ਉਮਰਾਓ ਜਾਨ’ ਦੀਆਂ ਗ਼ਜ਼ਲਾਂ ਨੇ ਫ਼ਿਲਮ ਦੀ ਸਫ਼ਲਤਾ ਵਿੱਚ ਭਰਪੂਰ ਯੋਗਦਾਨ ਦਿੱਤਾ। ਫ਼ਿਲਮ ਦੀ ਪਟਕਥਾ ਅਤੇ ਗੀਤ ਦੇ ਪ੍ਰਸੰਗਾਂ ਨੁੂੰ ਚੰਗੀ ਤਰ੍ਹਾਂ ਜਾਣਕੇ ਹੀ ਉਹ ਗੀਤ ਦੀ ਧੁਨ ਤਿਆਰ ਕਰਦੇ ਹਨ ਤੇ ਗੀਤ ਫ਼ਿਲਮ ਦੀ ਪਟਕਥਾ ਵਿੱਚ ਰਚਮਿਚ ਜਾਂਦੇ ਹਨ। ਪੰਜਾਹ ਦੇ ਦਹਾਕੇ ਵਿੱਚ ਕਈ ਫ਼ਿਲਮ ਸੰਗੀਤਕਾਰ ਮੈਦਾਨ ਵਿੱਚ ਨਿਤਰੇ, ਪਰ ਸੱਤਰਵਿਆਂ ਤਕ ਆਉਂਦੇ-ਆਉਂਦੇ ਮੱਧਮ ਪੈ ਗਏ। ਖ਼ੱਯਾਮ ਦੀ ਖ਼ਾਸੀਅਤ ਇਹ ਹੈ ਕਿ ਉਨ੍ਹਾਂ ਨੇ ਆਪਣੇ ਸੰਗੀਤ ਨੂੰ ਨਵਾਂ ਜਾਮਾ ਪਹਿਨਾਇਆ ਜਿਸਨੂੰ ਨਵੀਂ ਪੀੜ੍ਹੀ ਦੇ ਸਰੋਤਿਆਂ ਨੇ ਸਹਿਜੇ ਹੀ ਕਬੂਲ ਕਰ ਲਿਆ ਤੇ ਅੱਸੀ ਦੇ ਦਹਾਕੇ ਵਿੱਚ ਬਿਹਤਰੀਨ ਸੰਗੀਤ ਦਾ ਨਿਰਮਾਣ ਕੀਤਾ।
ਪੰਜਾਬੀ ਯੂਨੀਵਰਸਿਟੀ ਖ਼ੱਯਾਮ ਨੂੰ ਸਰਬ ਭਾਰਤੀ ਪੰਜਾਬੀ ਕਾਨਫਰੰਸ ਉੱਤੇ ਕੁਝ ਸਾਲ ਪਹਿਲਾਂ ਸਨਮਾਨਤ ਕਰਨਾ ਚਾਹੁੰਦੀ ਸੀ, ਪਰ ਉਦੋਂ ਜਗਜੀਤ ਤੇ ਖ਼ੱਯਾਮ ਦਾ ਇਕਲੌਤਾ ਪੁੱਤਰ ਪ੍ਰਦੀਪ ਰੱਬ ਨੂੰ ਪਿਆਰਾ ਹੋ ਗਿਆ। ਕਿਸੇ ਤਰ੍ਹਾਂ ਮੁੜ ਹਿੰਮਤ ਜੁਟਾ ਕੇ ਦੋਸਤਾਂ ਤੇ ਸਹਿਯੋਗੀਆਂ ਦੀ ਮਦਦ ਨਾਲ ਜ਼ਿੰਦਗੀ ਨੂੰ ਮੁੜ ਲੀਹ ’ਤੇ ਪਾਇਆ। ਆਪਣੀ ਸਾਰੀ ਜਾਇਦਾਦ ਨੂੰ ਉਨ੍ਹਾਂ ਨੇ ਇੱਕ ਟਰੱਸਟ ਦਾ ਰੂਪ ਦੇ ਦਿੱਤਾ ਹੈ ਜੋ ਸਮਾਜ ਭਲਾਈ, ਵਿਸ਼ੇਸ਼ ਤੌਰ ’ਤੇ ਸਿਨਮਾ ਨਾਲ ਜੁੜੇ ਕਲਾਕਾਰਾਂ ਤੇ ਤਕਨੀਕੀ ਸਹਾਇਕਾਂ ਦੀ ਭਲਾਈ ਲਈ ਕੰਮ ਕਰੇਗਾ ਤੇ ਫੰਡ ਮੁਹੱਈਆ ਕਰੇਗਾ। ਕੇਂਦਰੀ ਸੰਗੀਤ ਨਾਟਕ ਅਕਾਦਮੀ ਵੱਲੋਂ ਸਿਰਜਣਾਤਮਕ ਸੰਗੀਤ ਲਈ ਰਾਸ਼ਟਰੀ ਐਵਾਰਡ, ਫ਼ਿਲਮਫੇਅਰ ਵੱਲੋਂ ਲਾਈਫ਼ਟਾਈਮ ਐਚੀਵਮੈਂਟ ਐਵਾਰਡ, ਲਤਾ ਮੰਗੇਸ਼ਕਰ ਐਵਾਰਡ ਅਤੇ ਪਦਮ ਭੂਸ਼ਣ ਸਨਮਾਨ ਨਾਲ ਨਿਵਾਜਿਆ ਗਿਆ ਹੈ।

ਸੰਪਰਕ : 98885-75059


Comments Off on ਵਿਲੱਖਣ ਸੰਗੀਤਕ ਅੰਦਾਜ਼ ਹੈ ਖ਼ੱਯਾਮ ਸਾਹਿਬ ਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.