ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਵੱਡੇ ਮਾਇਨਿਆਂ ਵਾਲਾ ਹੈ ਪੰਜਾਬ ਦਾ ਜਨਾਦੇਸ਼

Posted On March - 20 - 2017

ਨਵਚੇਤਨ
12003CD _3ਪੰਜਾਬ ਦੇ ਚੋਣ ਨਤੀਜੇ ਸਾਡੇ ਸਾਹਮਣੇ ਹਨ। ਇਹ ਪੰਜਾਬ ਦੇ ਕਈ ਰੰਗਾਂ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਵਿੱਚ ਨਿਹੋਰਾ ਵੀ ਹੈ, ਗੁੱਸਾ ਵੀ ਤੇ ਬਿਹਤਰੀ ਲਈ ਇੱਕ ਤਬਦੀਲੀ ਦੀ ਕਨਸੋਅ ਵੀ। ਇਹ ਪੰਜਾਬ ਦੇ ਇਤਿਹਾਸ ਦੀ ਸ਼ਾਇਦ ਵਿਕੋਲਿਤਰੀ ਚੋਣ ਹੀ ਹੋਵੇਗੀ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਾਬਲ ਵੀ ਨਹੀਂ ਸਮਝਿਆ ਕਿ ਉਸ ਦੇ ਹੱਥ ਵਿਰੋਧੀ ਧਿਰ ਦੀ ਜ਼ਿੰਮਵਾਰੀ ਵੀ ਸੌਂਪੀ ਜਾਵੇ। ਇਹ ਇੱਕ ਪਰਿਵਾਰ ਦੇ ਰਾਜ ਦੀ ਚੱਕੀ ਵਿੱਚ ਪਿਸ ਰਹੇ ਪੰਜਾਬ ਦੇ ਲੋਕਾਂ ਦਾ ਜਵਾਬ ਹੈ ਉਨ੍ਹਾਂ ਰਹਿਨੁਮਾਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਹਿੱਤਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ, ਪਰ ਉਹ ਆਪਣੇ ਆਪ ਨੂੰ ਲੋਕਾਂ ਦੇ ਮਾਲਕ ਹੋਣ ਦਾ ਭਰਮ ਪਾਲ ਬੈਠੇ ਸਨ। ਇਹ ਨਿਹੋਰਾ ਸਿਰਫ਼ ਉਸ ਪਾਰਟੀ ਲਈ ਨਹੀਂ ਹੈ ਜਿਸ ਨੂੰ ਉਨ੍ਹਾਂ ਨੇ ਨਾ ਸਿਰਫ਼ ਸੱਤਾ ਤੋਂ ਲਾਂਭੇ ਕੀਤਾ ਬਲਕਿ ਉਸ ਪਾਰਟੀ ਨਾਲ ਵੀ ਹੈ ਜੋ ਉਨ੍ਹਾਂ ਲਈ ਇੱਕ ਤਬਦੀਲੀ ਦਾ ਮੁਹਾਵਰਾ ਲੈ ਕਿ ਆਈ ਸੀ, ਪਰ ਇਸ ਤਬਦੀਲੀ ਦੇ ਮੁਹਾਵਰੇ ਨੂੰ ਘੜਦਿਆਂ ਉਹ ਖ਼ੁਦ ਹੀ ਇੰਨੀ ਤਬਦੀਲ ਹੋ ਗਈ ਕਿ ਉਸ ਤੇ ਰਵਾਇਤੀ ਪਾਰਟੀਆਂ ਵਿਚਲਾ ਫ਼ਰਕ ਹੀ ਧੁੰਦਲਾ ਹੋ ਗਿਆ ਤੇ ਇਹੋ ਹੀ ਜਿੱਤ ਤੇ ਹਾਰ ਵਿਚਲਾ ਫ਼ਰਕ ਹੋ ਨਿਬੜਿਆ। ਇਹ ਇਸ ਕਰਕੇ ਹੈ ਕਿ ਪੰਜਾਬ ਦਾ ਨੌਜਵਾਨ ਸਿਰਫ਼ ਪੱਕੀਆਂ ਗਲੀਆਂ, ਨਾਲੀਆਂ, ਸੜਕਾਂ ਤੇ ਬਿਜਲੀ ਨੂੰ ਵਿਕਾਸ ਨਹੀਂ ਮੰਨਦਾ। ਉਸ ਦੀਆਂ ਅੱਖਾਂ ਵਿਚਲੇ ਚੰਗੀ ਜ਼ਿੰਦਗੀ ਜੀਊਣ ਦੇ ਸੁਪਨੇ ਦੇ ਮਾਪਦੰਡ ਕੁਝ ਹੋਰ ਹਨ। ਉਸਨੂੰ ਨਾ ਸਿਰਫ਼ ਇੱਜ਼ਤ ਦੀ ਰੋਟੀ ਚਾਹੀਦੀ ਹੈ, ਸਗੋਂ ਇੱਕ ਅਮਨ ਪਸੰਦ ਵਿਤਕਰਾ ਰਹਿਤ ਨਿਜ਼ਾਮ ਵੀ ਚਾਹੀਦਾ ਹੈ।
ਜੇ 2014 ਦੀਆਂ ਚੋਣਾਂ ਨੂੰ ਇੱਕ ਮਾਪਦੰਡ ਮੰਨ ਲਿਆ ਜਾਵੇ ਤਾਂ ਜੋ ਤਸਵੀਰ ਸਾਹਮਣੇ ਆਉਂਦੀ ਹੈ ਉਸ ਮੁਤਾਬਿਕ ਕਾਂਗਰਸ ਨੇ ਘੱਟੋ ਘੱਟ ਪੰਜ ਫ਼ੀਸਦੀ ਵੋਟ ਵੱਧ ਲਈ ਹੈ, ਆਮ ਆਦਮੀ ਪਾਰਟੀ ਦੀ ਵੋਟ 2 ਫ਼ੀਸਦੀ ਘਟੀ ਹੈ ਤੇ ਅਕਾਲੀ ਭਾਜਪਾ ਦੀ ਵੋਟ ਲਗਭਗ 5 ਫ਼ੀਸਦੀ ਘਟੀ ਹੈ। ਮਾਇਨੇ ਸਾਫ਼ ਹਨ ਕਿ ਜਿਹੜੇ ਲੋਕ ਮੌਜੂਦਾ ਸਰਕਾਰ ਤੋਂ ਉਪਰਾਮ ਸਨ ਉਨ੍ਹਾਂ ਦੀ ਨਜ਼ਰ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲੋਂ ਇੱਕ ਬਿਹਤਰ ਬਦਲ ਸੀ।
ਇਸ ਜਨਾਦੇਸ਼ ਦੇ ਮਾਇਨੇ ਵੱਖੋ ਵੱਖ ਪਾਰਟੀਆਂ ਲਈ ਵੇਖੋ ਵੱਖ ਹਨ। ਸਭ ਤੋਂ ਵੱਡਾ ਸਬਕ ਸੱਤਾਧਾਰੀ ਧਿਰ ਲਈ ਹੈ। ਉਹ ਧਿਰ ਜਿਹੜੀ ਹਾਲੇ ਕੁਝ ਅਰਸੇ ਤਕ ਪੰਜਾਬ ’ਤੇ ਢਾਈ ਦਹਾਕੇ ਰਾਜ ਕਰਨ ਦੇ ਦਮਗਜੇ ਮਾਰਦੀ ਸੀ ਉਸ ਨੂੰ ਲੋਕਾਂ ਨੇ ਇਸ ਕਾਬਲ ਵੀ ਨਹੀਂ ਸਮਝਿਆ ਕਿ ਉਹ ਪੰਜਾਬ ਦੀ ਵਿਰੋਧੀ ਧਿਰ ਦੇ ਤੌਰ ’ਤੇ ਲੋਕਾਂ ਦੀ ਤਰਜਮਾਨੀ ਕਰ ਸਕੇ। ਇਹ ਨਮੋਸ਼ੀ ਇਸ ਤੋਂ ਪਹਿਲਾਂ ਸ਼ਾਇਦ ਪੰਜਾਬ ਦੀ ਕਿਸੇ ਪਾਰਟੀ ਦੇ ਹਿੱਸੇ ਨਹੀਂ ਆਈ ਹੈ। ਇਹ ਇਸ ਸਭ ਦੇ ਬਾਵਜੂਦ ਹੋਇਆ ਜਦੋਂ ਕਿ ਆਮ ਲੋਕ ਇਹ ਕਹਿੰਦੇ ਸੁਣੇ ਕਿ ਅਜਿਹਾ ਨਹੀਂ ਹੈ ਕਿ ਵਿਕਾਸ ਨਹੀਂ ਹੋਇਆ, ਪਰ ਗਲੀਆਂ- ਨਾਲੀਆਂ ਪੱਕੀਆਂ ਕਰਕੇ ਵਿਕਾਸ ਦਾ ਭਰਮ ਪਾਲ ਲੈਣਾ ਤੇ ਇਹ ਸੋਚ ਲੈਣਾ ਕਿ ਹਾਕਮ ਧਿਰ ਨੂੰ ਲੋਕਾਂ ਨਾਲ ਧੱਕੇਸ਼ਾਹੀ ਕਰਨ ਦਾ ਲਾਇਸੈਂਸ ਮਿਲ ਗਿਆ ਹੈ। ਪੰਜਾਬ ਦਾ ਇੱਕ ਅਜਿਹਾ ਹਿੱਸਾ ਜੋ ਪੰਜਾਬ ਦੇ ਨਹਿਰੀ ਤੰਤਰ ਦੇ ਸਹਾਰੇ ’ਤੇ ਖੜ੍ਹਾ ਹੈ ਤੇ ਜਿਸ ਦਾ ਵੱਡਾ ਹਿੱਸਾ ਸਿੱਧੇ ਤੇ ਅਸਿੱਧੇ ਤੌਰ ’ਤੇ ਕਿਸਾਨੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ, ਨੂੰ ਜਦੋਂ ਕੁਦਰਤੀ ਕਰੋਪੀ ਦੇ ਨਾਲ ਨਾਲ ਨਕਲੀ ਬੀਜਾਂ ਤੇ ਨਕਲੀ ਦਵਾਈਆਂ ਰੂਪੀ ਬੰਦੇ ਦੀ ਸਹੇੜੀ ਹੋਈ ਕਰੋਪੀ ਵੀ ਝੱਲਣੀ ਪਵੇ ਤਾਂ ਮੌਕੇ ਦੇ ਹਾਕਮਾਂ ਲਈ ਉਪਰਾਮਤਾ ਲਾਜ਼ਮੀ ਹੈ। ਇਸ ਨਾਲ ਜਦੋਂ ਵਿਸ਼ਵਾਸ ਨੂੰ ਵੀ ਠੇਸ ਲੱਗਦੀ ਹੈ ਤੇ ਮੁਕੱਦਸ ਪੰਨਿਆਂ ਦੀ ਬੇਅਦਬੀ ਦੀਆਂ ਉਲਝੀਆਂ ਤੰਦਾਂ ਵੀ ਜਦੋਂ ਹਾਕਮਾਂ ਦੀਆਂ ਬਰੂਹਾਂ ਤਕ ਪਹੁੰਚਦੀਆਂ ਹਨ ਤਾਂ ਇਹ ਉਪਰਾਮਤਾ ਇੱਕ ਲੋਕ ਰੋਹ ਵਿੱਚ ਬਦਲ ਜਾਂਦੀ ਹੈ। ਇਹ ਲੋਕ ਰੋਹ ਇਨ੍ਹਾਂ ਨਤੀਜਿਆਂ ਵਿੱਚ ਨਜ਼ਰ ਆਉਂਦਾ ਹੈ। ਫਿਰ ਜਦੋਂ ਆਪਣੀਆਂ ਨਾਲਾਇਕੀਆਂ ਦੀ ਭਰਪਾਈ ਲਈ ਉਨ੍ਹਾਂ ਡੇਰਿਆਂ ਦੀ ਹਮਾਇਤ ਲਈ ਲਿਲਕੜੀਆਂ ਕੱਢੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਆਪਣਾ ਇਖ਼ਲਾਕੀ ਕਿਰਦਾਰ ਸ਼ੱਕ ਦੇ ਘੇਰੇ ਵਿੱਚ ਹੈ ਤਾਂ ਇਸ ਦਾ ਵੀ ਹਾਕਮ ਪਾਰਟੀ ਨੂੰ ਫਾਇਦੇ ਨਾਲੋਂ ਨੁਕਸਾਨ ਹੀ ਹੋਇਆ ਹੈ।
ਦੂਜਾ ਸਭ ਤੋਂ ਵੱਡਾ ਸਬਕ ਆਮ ਆਦਮੀ ਪਾਰਟੀ ਤੇ ਇਸ ਦੇ ਰਹਿਨੁਮਾਵਾਂ ਲਈ ਹੈ। ਦਿੱਲੀ ਦੀ ਧਮਾਕੇਦਾਰ ਜਿੱਤ ਤੋਂ ਬਾਅਦ ਪੰਜਾਬ ਇਸਦਾ ਪਹਿਲਾ ਇਮਤਿਹਾਨ ਸੀ। ਇਹ ਕਹਿਣਾ ਗ਼ੈਰ ਵਾਜਿਬ ਹੋਵੇਗਾ ਕਿ ਇਹ ਆਪਣੇ ਇਮਤਿਹਾਨ ਵਿੱਚ ਬਿਲਕੁਲ ਹੀ ਅਸਫ਼ਲ ਰਹੀ ਕਿਉਂਕਿ ਆਪਣੀ ਪਹਿਲੀ ਹੀ ਚੋਣ ਵਿੱਚ ਕਈ ਦਹਾਕੇ ਪੁਰਾਣੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਬਣਨ ਲਈ ਪਟਖਣੀ ਦੇਣਾ ਕੋਈ ਨਿੱਕਾ ਕਾਰਨਾਮਾ ਨਹੀਂ ਕਿਹਾ ਜਾ ਸਕਦਾ, ਪਰ ਆਪ ਨਤੀਜਿਆਂ ਪੱਖੋਂ ਆਪਣੀਆਂ ਹੀ ਬਣਾਈਆਂ ਹੋਈਆਂ ਇੱਛਾਵਾਂ ਤੇ ਮਿਆਰਾਂ ਦੀ ਕੈਦੀ ਹੈ। ਆਪਣੇ ਚੋਣ ਪ੍ਰਚਾਰ ਵਿੱਚ ਅਕਸਰ ਹੀ ਸੌ ਤੋਂ ਵੱਧ ਸੀਟਾਂ ਜਿੱਤਣ ਦੀ ਦੁਹਾਈ ਦੇਣ ਵਾਲੀ ਪਾਰਟੀ ਜਦੋਂ ਇੱਕ ਚੌਥਾਈ ਸੀਟਾਂ ਵੀ ਨਾ ਲੈ ਸਕੇ ਤਾਂ ਇਸ ਦੇ ਦਾਅਵਿਆਂ ਦੀ ਨਿਸ਼ਚੇ ਹੀ ਨਜ਼ਰਸਾਨੀ ਕਰਨੀ ਬਣਦੀ ਹੈ। ਇਸ ਸਬੰਧ ਵਿੱਚ ਸਭ ਤੋਂ ਅਹਿਮ ਪੱਖ ਹੈ ਕਿ ਬਦਲਵੀਂ ਸਿਆਸਤ ਦਾ ਮੁਹਾਵਰਾ ਜੋ ਆਮ ਆਦਮੀ ਪਾਰਟੀ ਲੈ ਕੇ ਆਈ ਸੀ, ਜਿੱਤ ਦਰਜ ਕਰਨ ਦੀ ਕਾਹਲ ਵਿੱਚ ਦੂਸਰੀਆਂ ਪਾਰਟੀਆਂ ਤੋਂ ਆਏ ਝੋਲਾਛਾਪ ਲੀਡਰਾਂ ਦਾ ਜਮਘਟਾ ਬਣ ਗਈ। ਇਸ ਵਰਤਾਰੇ ਨੇ ਨਾ ਸਿਰਫ਼ ਤਬਦੀਲੀ ਦੇ ਮੁਹਾਵਰੇ ਨੂੰ ਖੁੰਢਾ ਕੀਤਾ ਸਗੋਂ ਆਮ ਆਦਮੀ ਪਾਰਟੀ ਦੇ ਦੂਸਰੀਆਂ ਪਾਰਟੀਆਂ ਤੋਂ ਵੱਖ ਹੋਣ ਬਾਰੇ ਲੋਕ ਰਾਏ ਨੂੰ ਵੀ ਤੋੜਿਆ। ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਸਬਕ ਸ਼ਾਇਦ ਇਹੋ ਹੈ ਕਿ ਤੁਸੀਂ ਦੂਸਰਿਆਂ ਵਰਗੇ ਹੋ ਕੇ ਦੂਸਰਿਆਂ ਤੋਂ ਵੱਖਰੇ ਹੋਣ ਦਾ ਭਰਮ ਨਹੀਂ ਪਾਲ ਸਕਦੇ। ਉਸ ਤੋਂ ਵੀ ਵੱਧ ਕੇ ਜੇ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਸਥਾਨਕ ਲੀਡਰਸ਼ਿਪ ਨੂੰ ਨਾ ਸਿਰਫ਼ ਕੰਮ ਕਰਨ ਤੇ ਉੱਭਰਨ ਦਾ ਮੌਕਾ ਦੇਣਾ ਹੋਵੇਗਾ, ਸਗੋਂ ਇਸ ਕਾਬਲ ਵੀ ਬਣਾਉਣਾ ਪਵੇਗਾ ਕਿ ਉਹ ਹਰ ਫ਼ੈਸਲੇ ਲਈ ਦਿੱਲੀ ਵੱਲ ਨਾ ਝਾਕੇ ਕਿਉਂਕਿ ਸੱਤਾ ਦਾ ਵਿਕੇਂਦਰੀਕਰਨ ਆਪ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਸੀ।
ਕਾਂਗਰਸ ਬੇਸ਼ੱਕ ਇਨ੍ਹਾਂ ਚੋਣਾਂ ਵਿੱਚ ਜੇਤੂ ਧਿਰ ਹੈ। ਦਸ ਸਾਲ ਦੇ ਵਣਵਾਸ ਤੋਂ ਬਾਅਦ ਸੱਤਾ ਪ੍ਰਾਪਤੀ ਤੋਂ ਬਾਅਦ ਉਸ ਕੋਲ ਆਪਣੀ ਪਿੱਠ ਥਾਪੜਨ ਲਈ ਕਈ ਕਾਰਨ ਹੋਣਗੇ। ਉਹ ਵੀ ਉਦੋਂ ਜਦੋਂ ਸੱਤਾ ਵਿੱਚ ਵਾਪਸੀ ਤੁਹਾਡੀਆਂ ਕਈ ਕਮਜ਼ੋਰੀਆਂ ’ਤੇ ਪਰਦਾ ਪਾਉਣ ਦਾ ਸਬੱਬ ਬਣ ਸਕਦੀ ਹੈ। ਕਾਂਗਰਸ ਲਈ ਜ਼ਿੰਮੇਵਾਰੀ ਦੂਹਰੀ ਹੈ। ਇੱਕ ਤਾਂ ਇਹ ਕਿ ਉਸਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਨਾ ਹੈ। ਸਮੱਸਿਆਵਾਂ ਇੰਨੀਆਂ ਹਨ ਕਿ ਪੋਟਿਆਂ ’ਤੇ ਨਹੀਂ ਗਿਣੀਆਂ ਜਾ ਸਕਦੀਆਂ। ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਕਾਂਗਰਸ ਲਈ ਅੱਗ ਦਾ ਦਰਿਆ ਤੈਰਨ ਵਰਗਾ ਹੋਵੇਗਾ। ਦੂਜਾ ਸੰਗਠਨ ਦੇ ਤੌਰ ’ਤੇ ਕਾਂਗਰਸ ਜੋ ਮੁਲਕ ਦੇ ਸੱਜੇ ਪੱਖ ਨਾਲ ਨਜਿੱਠਣ ਲਈ ਨਵੇਂ ਮੁਹਾਵਰੇ ਦੀ ਤਲਾਸ਼ ਵਿੱਚ ਹੈ, ਉਸ ਲਈ ਪੰਜਾਬ ਦੀ ਜਿੱਤ ਇੱਕ ਸੰਜੀਵਨੀ ਸਾਬਤ ਹੋ ਸਕਦੀ ਹੈ। ਇਹ ਇੱਕ ਬਿਹਤਰੀਨ ਮੌਕਾ ਹੈ। ਕਾਂਗਰਸ ਨਾ ਸਿਰਫ਼ ਇੱਕ ਸੰਗਠਨ ਦੇ ਤੌਰ ’ਤੇ ਆਪਣਾ ਦਾਇਰਾ ਹੋਰ ਵਡੇਰਾ ਕਰੇ ਤੇ ਪੁਸ਼ਤਪਨਾਹੀ ਦੀ ਸਿਆਸਤ ਤੋਂ ਬਾਹਰ ਆਵੇ, ਸਗੋਂ ਸਰਕਾਰ ਦੇ ਤੌਰ ’ਤੇ ਵੀ ਸ਼ਾਸਨ ਦਾ ਇੱਕ ਨਵਾਂ ਮਾਡਲ ਦਵੇ ਤਾਂ ਜੋ ਇਹ ਖ਼ੁਦ ਨੂੰ ਸੱਜੇ ਪੱਖ ਦੇ ਬਦਲ ਦੇ ਤੌਰ ’ਤੇ ਸਥਾਪਿਤ ਕਰ ਸਕੇ।
ਪੰਜਾਬ ਵਿੱਚ ਕਾਂਗਰਸ ਦੀ ਜਿੱਤ ਬਹੁਤ ਵੱਡੀ ਹੈ। ਖ਼ਾਸ ਕਰਕੇ ਉਦੋਂ ਜਦੋਂ ਇਹ ਮੁਲਕ ਵਿੱਚ ਚਲ ਰਹੇ ਵਹਾਅ ਦੇ ਉਲਟ ਹੈ। ਵਿਰੋਧੀ ਧਿਰ ਵਿੱਚ ਬੈਠੀ ਤੇ ਨਵੀਆਂ ਪਾਰਟੀਆਂ ਦੀ ਆਮਦ ਨਾਲ ਜੂਝ ਰਹੀ ਕਾਂਗਰਸ ਕੋਲ ਵਕਤ ਬਹੁਤ ਘੱਟ ਹੈ ਤੇ ਕਰ ਕੇ ਦਿਖਾਉਣ ਨੂੰ ਬਹੁਤ ਕੁਝ ਹੈ। ਕੁਝ ਅਜਿਹਾ ਜਿਸ ਦੇ ਸਿੱਟੇ ਨਾ ਸਿਰਫ਼ ਪੰਜਾਬ ਸਗੋਂ ਸਾਰੇ ਮੁਲਕ ਲਈ ਵੀ ਬਹੁਤ ਦੂਰਗਾਮੀ ਸਾਬਤ ਹੋ ਸਕਦੇ ਹਨ। ਇਹੋ ਜਿਹੇ ਵੇਲੇ ਹਾਕਮ ਪਾਰਟੀ ਨੂੰ ਸਿਰਫ਼ ਸ਼ੁਭ ਕਾਮਨਾਵਾਂ ਹੀ ਦਿੱਤੀਆਂ ਜਾ ਸਕਦੀਆਂ ਹਨ।
Email:Navchetan@hotmail.co.uk


Comments Off on ਵੱਡੇ ਮਾਇਨਿਆਂ ਵਾਲਾ ਹੈ ਪੰਜਾਬ ਦਾ ਜਨਾਦੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.