ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸ਼ਬਦਾਂ ਰਾਹੀਂ ਸਮਾਜ ਪਰਿਕਰਮਾ

Posted On March - 11 - 2017

ਜਲੌਰ ਸਿੰਘ ਖੀਵਾ

ਜਲੌਰ ਸਿੰਘ ਖੀਵਾ

ਜਲੌਰ ਸਿੰਘ ਖੀਵਾ

ਸ਼ਬਦ ਇਕ ਅਜਿਹੀ ਸ਼ਕਤੀ ਜਾਂ ਵਾਹਨ ਹੈ, ਜਿਸ ਦੇ ਜ਼ਰੀਏ ਮਨੁੱਖੀ ਭਾਵ, ਵਿਚਾਰ ਜਾਂ ਸੰਕਲਪ ਆਪਣੀ ਯਾਤਰਾ ਕਰਦਾ ਹੋਇਆ ਇਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਹੈ। ਦੂਸਰੇ ਪਾਸੇ, ਸਮਾਜ ਇਕ ਅਜਿਹਾ ਸੰਗਠਿਤ ਤੇ ਨਿਯਮਿਤ ਢਾਂਚਾ ਹੈ, ਜੋ ਕਿਸੇ ਜਨ-ਸਮੂਹ ਦੀ ਕਾਰਜਸ਼ੀਲਤਾ ਨੂੰ ਨਿਰਧਾਰਤ ਕਰਦਾ ਹੈ। ਨਿਰਸੰਦੇਹ, ਸ਼ਬਦ ਤੇ ਸਮਾਜ ਦੋਵੇਂ ਮਨੁੱਖ ਸਿਰਜਤ ਹੋਂਦਾਂ ਤੇ ਵਰਤਾਰੇ ਹਨ। ਸ਼ਬਦ ਜਿੱਥੇ ਮਨੁੱਖੀ ਭਾਵਾਂ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਹੋਂਦਾਂ ਵਿੱਚ ਆਈ ਭਾਸ਼ਾ ਦਾ ਮਹੱਤਵਪੂਰਨ ਅੰਗ ਹੈ, ਉੱਥੇ ਸਮਾਜ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਇਕ ਨਿਸ਼ਚਿਤ ਰੂਪ ਧਾਰਨ ਕਰ ਚੁੱਕੇ ਜਨ-ਸਮੂਹ ਦੇ ਆਪਸੀ ਸਬੰਧਾਂ ਦਾ ਨਾਮ  ਹੈ। ਸ਼ਬਦ ਤੇ ਸਮਾਜ ਦੋਵੇਂ ਸਕੇ ਭਰਾਵਾਂ ਵਾਂਗ ਵਿਚਰਦੇ ਹਨ। ਸੋ ਕਿਸੇ ਸਮਾਜ ਦੀ ਬਣਤਰ ਤੇ ਬੁਣਤਰ ਨੂੰ ਉਸ ਨਾਲ ਸਬੰਧਿਤ ਸ਼ਬਦਾਂ ਰਾਹੀਂ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ। ਕਬੀਲਾ ਯੁੱਗ ਤੋਂ ਲੈ ਕੇ ਪੂੰਜੀਵਾਦੀ ਯੁੱਗ ਤੱਕ ਸਮਾਜ ਆਪਣੇ ਵਿਭਿੰਨ ਰੂਪਾਂ ਰਾਹੀਂ ਸਾਕਾਰ ਹੁੰਦਾ ਆਇਆ ਹੈ, ਪਰ ਬੁਨਿਆਦੀ ਤੌਰ ’ਤੇ ਸਮਾਜ ਕਿਸੇ ਜਨ-ਸਮੂਹ ’ਤੇ ਆਧਾਰਤ ਹੀ ਰਿਹਾ ਹੈ, ਜਿਸ ਵਿੱਚ ਵਿਅਕਤੀ ਇਕ ਛੋਟੀ ਤੋਂ ਛੋਟੀ ਇਕਾਈ ਦੀ ਭੂਮਿਕਾ ਨਿਭਾਉਂਦਾ ਹੋਇਆ ਇਕ ਨਿਸ਼ਚਿਤ ਜਨ-ਸਮੂਹ ਦਾ ਅਟੁੱਟ ਅੰਗ ਵੀ ਬਣਦਾ ਹੈ।
ਸਮਾਜ ਦਾ ਮੁੱਢਲਾ ਤੇ ਨਿਸ਼ਚਿਤ ਰੂਪ ਕਬੀਲਾ ਸਮਾਜ  ਹੈ। ਆਪਣੇ ਜੀਵਨ ਨਿਰਬਾਹ ਲਈ ਸ਼ਿਕਾਰ ਦੀ ਭਾਲ ਵਿੱਚ ਇੱਧਰ-ਉੱਧਰ ਘੁੰਮਦਾ ਤੇ ਭਟਕਦਾ ਮਨੁੱਖੀ ਟੋਲਾ ਜਦੋਂ ਮਾਨਵੀ ਸਬੰਧਾਂ ਵਿੱਚ ਬੱਝਿਆ ਤਾਂ ਉਹ ‘ਕਬੀਲਾ’ ਕਹਿਲਾਇਆ। ਬੁਨਿਆਦੀ ਤੌਰ ’ਤੇ ਇਹ ਸਬੰਧ ਆਪਣੀ ਨਸਲ ਦੀ ਪੈਦਾਇਸ਼ ਲਈ ਔਰਤ-ਮਰਦ ਦੇ ਸਰੀਰਕ ਮੇਲ ’ਤੇ ਆਧਾਰਤ ਸਨ। ਇਸ ਸਰੀਰਕ  ਮੇਲ ’ਚ ਸਿਰਫ ਮਾਨਸਿਕ ਆਨੰਦ ਹੀ ਪ੍ਰਾਪਤ ਨਹੀਂ ਹੋਇਆ, ਸਗੋਂ ਆਪਣੇ ਢਿੱਡੋਂ ਜਾਇਆਂ ਪ੍ਰਤੀ ਸਨੇਹ ਤੇ ਉਨ੍ਹਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਦੀ ਚੇਤਨਾ ਵੀ ਉਤਪੰਨ ਹੋਈ। ਫਲਸਰੂਪ, ਫਿਰਤੂ ਤੇ ਆਵਾਰਾ ਮਨੁੱਖੀ ਟੋਲਾ ਮਾਨਵੀ ਸਬੰਧਾ ਵਿੱਚ ਬੱਝ ਕੇ ਇਕ ਨਿਸ਼ਚਿਤ ਜਨ-ਸਮੂਹ ਦਾ ਰੂਪ ਧਾਰਨ ਕਰ ਗਿਆ। ਇਸ ਦਾ ਬਾਕਾਇਦਾ ਮੁਖੀ ਨਿਸ਼ਚਿਤ ਕੀਤਾ ਗਿਆ, ਜਿਸ ਦਾ ਹੁਕਮ ਸਮੁੱਚੇ ਜਨ-ਸਮੂਹ (ਕਬੀਲੇ) ਲਈ ਮੰਨਣਾ ਲਾਜ਼ਮੀ ਸੀ ਅਤੇ ਮੋੜਵੇਂ ਰੂਪ ਵਿੱਚ ਆਪਣੇ ਜਨ-ਸਮੂਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਮੁਖੀ ਦੇ ਸਿਰ ਉੱਤੇ ਆਣ ਪਈ। ਆਪਣੇ ਕਬੀਲੇ ਦੇ ਵਾਧੇ  ਲਈ ਅਗਲੇਰੀ ਨਸਲ ਪੈਦਾ ਕਰਨ  ਲਈ ਮੁਖੀਏ ਵੱਲੋਂ ਔਰਤ-ਮਰਦ ਸਬੰਧਾਂ ਨੂੰ  ਬਾਕਾਇਦਾ ਨਿਰਧਾਰਤ ਕੀਤਾ  ਗਿਆ। ਇਉਂ ਕਬੀਲਾ ਸਮਾਜ ਆਪਣੀ ਵੱਖਰੀ ਪਛਾਣ ਬਣ ਕੇ ਉਭਰਿਆ ਅਤੇ ਮਨੁੱਖੀ ਸਮਾਜ ਦਾ ਇਕ ਮਹੱਤਵਪੂਰਨ ਰੂਪ ਧਾਰਨ ਕਰ ਗਿਆ।
ਵਿਭਿੰਨ ਕਬੀਲੇ ਜਦੋਂ ਸਮਾਜੀ ਰੂਪ ਧਾਰਨ ਕਰ ਗਏ ਤਾਂ ਕਬੀਲਾ ਯੁੱਗ ਹੋਂਦ ਵਿੱਚ ਆਇਆ। ਇਸ ਯੁੱਗ ਵਿੱਚ ਕਬੀਲੇ ਆਪਣੀ ਹੋਂਦ ਤੇ ਸ਼ਕਤੀ ਨੂੰ ਵਧਾਉਣ ਲਈ ਆਪਸ ਵਿੱਚ ਟੱਕਰਦੇ-ਟਕਰਾਉਂਦੇ ਰਹੇ। ਤਕੜਾ ਮਾੜੇ ਉੱਤੇ ਕਾਬਜ਼ ਹੋ ਕੇ ਆਪਣੇ ਅਧੀਨ ਕਬੀਲੇ ਦੀਆਂ ਔਰਤਾਂ ਨਾਲ ਮਨਮਰਜ਼ੀ ਦੇ ਸਬੰਧ ਬਣਾਉਣ ਲੱਗਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਿੱਥੇ ਪਹਿਲਾਂ ਔਰਤ-ਮਰਦ ਦੇ ਸਰੀਰਕ ਸਬੰਧ ਇਕੋ ਕਬੀਲੇ ਤੱਕ ਸੀਮਿਤ ਸਨ, ਉਥੇ ਇਕ-ਦੂਜੇ ਕਬੀਲੇ ਆਪਸ ਵਿੱਚ ਇਹ ਸਬੰਧ ਬਣਾਉਣ ਲਈ ਰਜ਼ਾਮੰਦ ਹੋ ਗਏ ਤੇ ਇਸ ਨੂੰ ਸਮਾਜਿਕ ਮਾਨਤਾ ਮਿਲੀ, ਜਿਸ ਤੋਂ ਕੁਟੰਬ ਦਾ ਸੰਕਲਪ ਹੋਂਦ ਵਿੱਚ ਆਇਆ। ਪਹਿਲਾਂ ਕਬੀਲੇ ਵਿੱਚ ਜਿੱਥੇ ਇਕੋ ਕਬੀਲੇ ਦੇ ਔਰਤ-ਮਰਦ ਸਬੰਧਾਂ ਰਾਹੀਂ ਵੰਸ਼ ਬਣਦਾ ਸੀ, ਉੱਥੇ ਕੁਟੰਬ ਵਿੱਚ ਔਰਤ-ਮਰਦ ਵੱਖ-ਵੱਖ ਕਬੀਲਿਆਂ ਨਾਲ ਸਬੰਧਿਤ ਹੋਣ ਕਰਕੇ ਵੰਸ਼ ਵਿੱਚ ਨਵਾਂ ਵਾਧਾ ਹੋਇਆ, ਜਿਸ ਨੂੰ ਕੁੜਮਾਚਾਰੀ ਦੀ ਪੈਦਾਇਸ਼ ਕਿਹਾ ਗਿਆ। ਦੋ ਵੱਖੋ-ਵੱਖਰੇ ਕਬੀਲਿਆਂ ਦੇ ਮਖੀ ‘ਕੁੜਮ’ ਦੇ ਰੂਪ ਵਿੱਚ ਵਿਚਰਨ ਕਰਕੇ ਕੁਟੰਬ ਦੇ ਸਿਰਜਣਹਾਰ ਬਣੇ। ਇੱਥੇ ਦੱਸਣਾ ਜ਼ਰੂਰੀ ਹੈ ਕਿ ‘ਕੁੜਮ’ ਤੇ ‘ਕੁਟੰਬ’ ਦੋਵੇਂ ਨਾਂਹਵਾਚੀ ਸ਼ਬਦ ਹਨ ਜਿਹੜੇ ‘ਕੁ’ ਅਗੇਤਰ ਨਾਲ ਹੋਂਦ ਵਿੱਚ ਆਏ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ‘ਕੁਟੰਬ’ ਕਬੀਲੇ ਦਾ ਹੀ ਵਿਗੜਿਆ ਹੋਇਆ ਰੂਪ ਹੈ, ਜਿਸ ਵਿੱਚ ਇਕ ਕਬੀਲੇ ਦੀ ਦੂਜੇ ਕਬੀਲੇ ਵਿੱਚ ਦਖਲਅੰਦਾਜ਼ੀ ਤੇ ਮਿਲਾਵਟ ਦੀ ਸੂਹ ਮਿਲਦੀ ਹੈ। ਇਸ ਕੁਟੰਬ ਨੂੰ ‘ਸ਼ਰੀਕੇ’ ਦਾ ਨਾਮ ਦਿੱਤਾ ਗਿਆ ਕਿਉਂਕਿ ਕੁਟੰਬ ਵਿਚਲੇ ਜਨ-ਸਮੂਹ ਇਕ-ਦੂਜੇ ਦੇ ਸ਼ਰੀਕ ਬਣ ਜਾਣ ਕਰਕੇ ‘ਵਾਰਿਸ’ ਦੇ ਤੌਰ ’ਤੇ ਵੀ ਆਪਣਾ ਹੱਕ ਜਿਤਾਉਣ ਲੱਗ ਪਏ। ਇੱਥੋਂ ਹੀ ਸ਼ਰੀਕਾ-ਕਬੀਲਾ ਸਮਾਜ ਹੋਂਦ ਵਿੱਚ ਆਇਆ ਹੈ।
ਸ਼ਰੀਕਾ-ਕਬੀਲਾ ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਬੱਝ ਕੇ ਇਕ ਨਵਾਂ ਸਮਾਜਿਕ ਰੂਪ ਧਾਰਨ ਕਰ ਗਿਆ। ‘ਨਾਤਾ’ ਖ਼ੂਨ ਦੇ ਰਿਸ਼ਤੇ ਨਾਲ ਅਤੇ ਰਿਸ਼ਤਾ ‘ਸ਼ਰੀਕੇ’ ਨਾਲ ਸਬੰਧਤ ਹੋ ਗਿਆ।  ਇਉਂ ਕਬੀਲਾ ਸਮਾਜ  ਵਿਕਸਿਤ ਹੋ ਕੇ ਨਵੀਂ ਰਿਸ਼ਤਾ-ਨਾਤਾ ਪ੍ਰਣਾਲੀ ਨਾਲ ਸਬੰਧਤ ਹੋ ਗਿਆ ਅਤੇ ਕਬੀਲਾ ਸਮਾਜ ਜਾਗੀਰਦਾਰੀ ਸਮਾਜ ਵਿੱਚ ਵਟ ਗਿਆ। ਸਮੁੱਚੀ ਰਿਸ਼ਤਾ-ਨਾਤਾ ਪ੍ਰਣਾਲੀ ਭੂਮੀ ਆਧਾਰਤ ਹੋ ਗਈ। ਮਰਦ ਮਾਲਕ ਤੇ ਔਰਤ ਜਾਇਦਾਦ ਦਾ ਰੂਪ ਧਾਰਨ ਕਰ ਗਈ। ਜਾਗੀਰਦਾਰੀ ਸਮਾਜ ਪਰਿਵਾਰ ਆਧਾਰਤ ਹੋ ਗਿਆ। ‘ਪਰਿਵਾਰ’ ਦਾ ਸ਼ਾਬਦਿਕ ਅਰਥ ਹੈ ‘ਇਕੋ ਵਡੇਰੇ ਦੀ ਸੰਤਾਨ ਦਾ ਘੇਰਾ’, ਜਿਸ ਵਿੱਚ ਘੱਟੋ-ਘੱਟ ਤਿੰਨ ਪੀੜ੍ਹੀਆਂ ਦਾ ਹੋਣਾ ਜ਼ਰੂਰੀ ਹੈ। ਜ਼ਮੀਨ-ਜਾਇਦਾਦ ਦੀ ਘਾਟ ਤੇ ਵੰਡ ਦੇ ਪ੍ਰਤੀਕਰਮ ਵਜੋਂ ਜਦੋਂ ਪਰਿਵਾਰ ਤਿੜਕਣ ਲੱਗੇ ਤਾਂ ਉਸ ਵਿੱਚੋਂ ‘ਟੱਬਰ’ ਨੇ  ਜਨਮ ਲਿਆ। ਹਰ ਟੱਬਰ ਦਾ ਚੁੱਲ੍ਹਾ ਅੱਡੋ-ਅੱਡ ਹੋ ਗਿਆ, ਪਰ ਜ਼ਮੀਨ-ਜਾਇਦਾਦ ਸਾਂਝੀ ਰਹੀ। ਇਕ ਚੁੱਲ੍ਹੇ ਦਾ ਟੱਬਰ ਪਤੀ-ਪਤਨੀ ਤੇ ਉਨ੍ਹਾਂ ਦੀ ਔਲਾਦ ਤੱਕ ਸਿਮਟ ਗਿਆ। ਪਹਿਲਾਂ ਜਿੱਥੇ ਪਰਿਵਾਰ ਇਕੋ ਮੁਖੀ ਦੀ ਵੰਸ਼ ਵਜੋਂ ‘ਲਾਣਾ’ ਅਖਵਾਉਂਦਾ ਸੀ, ਉੱਥੇ ‘ਟੱਬਰ’, ਟੱਬਰ ਬਣ ਕੇ ਰਹਿ ਗਿਆ। ਮਾਇਆ ਤੇ ਮੁਨਾਫਾ ਆਧਾਰਤ ਪੂੰਜੀਵਾਦੀ ਸਮਾਜ ਨੇ ਤਾਂ ਇੱਕੋ ਚੁੱਲ੍ਹੇ ਨਾ ਸਬੰਧਿਤ ਟੱਬਰ ਨੂੰ ਚੱਕਵਾਂ-ਚੁੱਲ੍ਹਾ ਬਣਾ ਕੇ ਰੱਖ ਦਿੱਤਾ ਹੈ।
ਅਗਲੀ ਮਹੱਤਵਪੂਰਨ ਗੱਲ, ਸਮਾਜ ਸਿਰਫ਼ ਮਾਨਵੀ ਸਬੰਧਾਂ ਵਿੱਚ ਬੱਝੇ ਹੋਏ ਜਨ-ਸਮੂਹ ਦਾ ਹੀ ਨਾਮ ਨਹੀਂ ਹੈ, ਇਸ ਦੀ ਜ਼ਮੀਨੀ ਹਕੀਕਤ ਵੀ ਹੈ। ਇਕ ਨਿਸ਼ਚਿਤ ਭੂਗੋਲਿਕ ਖਿੱਤੇ ਵਿੱਚ ਮਾਨਵੀ (ਸਮਾਜਿਕ) ਸਬੰਧਾਂ ਵਿੱਚ ਬੱਝੇ ਹੋਏ ਜਨ-ਸਮੂਹ ਦਾ ਨਾਮ ਹੀ ‘ਸਮਾਜ’ ਹੈ। ਸੋ, ਅਸੀਂ ਸ਼ਬਦਾਂ ਰਾਹੀਂ ਸਮਾਜ ਦੀ ਜ਼ਮੀਨੀ ਪਰਿਕਰਮਾ ਵੀ ਕਰਦੇ ਹਾਂ। ਮਨੁੱਖ ਨੂੰ ਆਪਣੇ ਜੀਵਨ ਨਿਰਬਾਹ  ਲਈ ਸਿਰਫ਼ ਖ਼ੁਰਾਕ ਦੀ ਹੀ ਲੋੜ ਨਹੀਂ ਸੀ, ਉਸ ਨੂੰ ਆਪਣੀ ਸੁਰੱਖਿਆ ਲਈ ‘ਛਤਰੀ’ ਦੀ ਵੀ ਲੋੜ ਸੀ ਤਾਂ ਜੋ ਗਰਮੀ-ਸਰਦੀ, ਮੀਂਹ-ਹਨੇਰੀ ਤੋਂ ਸਿਰ-  ਢਕਾ ਵੀ ਹੋ ਸਕੇ। ਸਮੂਹਿਕ ਰੂਪ ਵਿੱਚ ਵਿਚਰਦੇ ਮਨੁੱਖੀ ਟੋਲਿਆਂ ਨੇ ਆਪਣੇ ਸਿਰ-ਢਕਾ ਲਈ ਜਿੱਥੇ ਰੁੱਖਾਂ, ਝਾੜੀਆਂ, ਪਹਾੜਾਂ, ਗੁਫਾਵਾਂ ਆਦਿ ਦਾ ਆਸਾਰਾ ਲੱਭਿਆ, ਉੱਥੇ ਉਸ ਨੇ ਆਪਣੀ ਚੇਤਨਾ ਤੇ ਸ਼ਕਤੀ ਅਨੁਸਾਰ ਖੁਦ ਵੀ ਆਪਣੇ ਓਟ-ਆਸਰੇ ਸਿਰਜਣੇ ਸ਼ੁਰੂ ਕਰ ਦਿੱਤੇ। ‘ਝੁੱਗੀ’ ਉਸ ਦਾ ਪਹਿਲਾ ਸਵੈ-ਸਿਰਜਤ ਟਿਕਾਣਾ ਸੀ। ਝੁੱਗੀ ਦਾ ਮੁੱਢਲਾ ਰੂਪ ਕੁੱਟੀਆ, ਰੁੱਖਾਂ ਦੀਆਂ ਟਾਹਣੀਆਂ ਤੇ ਪੱਤਿਆਂ ਨੂੰ ਜੋੜ ਕੇ ਬਣਾਇਆ ਗਿਆ। ਝੁੱਗੀ ਗਰਮੀ-ਸਰਦੀ ਤੋਂ ਤਾਂ ਬਚਾਅ ਕਰਦੀ ਰਹੀ, ਪਰ ਮੀਂਹ ਆਦਿ ਸਮੇਂ ਇਹ ਸੁਰੱਖਿਆ ਪ੍ਰਦਾਨ ਨਾ ਕਰ ਸਕੀ।  ਮਨੁੱਖ ਨੇ ਆਪਣੇ ਅਨੁਭਵ ਤੇ ਚੇਤਨਾ ਅਨੁਸਾਰ ਝੁੱਗੀ ਦੀਆਂ ਟਹਿਣੀਆਂ  ਤੇ ਪੱਤਿਆਂ ਨੂੰ ਮਿੱਟੀ ਨਾਲ ਲਿੱਪਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੀਂਹ ਦਾ ਪਾਣੀ ਝੁੱਗੀ ਅੰਦਰ ਆਉਣਾ ਰੁਕ ਗਿਆ। ਮਿੱਟੀ ਨਾਲ ਲਿੱਪੀ ਹੋਈ ਝੁੱਗੀ ਦਾ ਇਹ ਰੂਪ ‘ਝੌਂਪੜੀ’ ਅਖਵਾਇਆ। ਜਦੋਂ ‘ਝੌਂਪੜੀ’ ਮਨੁੱਖ ਦਾ ਪੱਕਾ ਟਿਕਾਣਾ ਬਣ ਗਈ ਤਾਂ ਇਹ ਗ੍ਰਹਿ (ਘਰ) ਅਖਵਾਈ। ਜਦੋਂ ਮਨੁੱਖੀ ਟੋਲੇ (ਜਨ-ਸਮੂਹ) ਛੋਟੇ-ਛੋਟੇ ਗਰੁੱਪਾਂ ਵਿੱਚ ਅਜਿਹੇ ਗ੍ਰਹਿ ਵਸਾ ਕੇ ਰਹਿਣ ਲੱਗੇ ਤਾਂ ਇਨ੍ਹਾਂ ਗ੍ਰਹਿਆਂ ਦੇ ਸਮੂਹ ਨੂੰ ਵਸੇਬੇ ਦੇ ਆਧਾਰ ’ਤੇ ਵਸਤੀ (ਬਸਤੀ) ਕਿਹਾ ਜਾਣ  ਲੱਗ ਪਿਆ। ਪਹਿਲਾਂ ਛੋਟੀਆਂ-ਛੋਟੀਆਂ ਬਸਤੀਆਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਗ੍ਰਹਿ-ਨਿਵਾਸ ਅਥਵਾ ‘ਗ੍ਰਾਮ’ ਕਿਹਾ ਜਾਣ ਲੱਗ ਪਿਆ। ‘ਗ੍ਰਾਮ’ ਦਾ ਹੀ ਸੰਖੇਪ ਰੂਪ ‘ਗ੍ਰਾਂ’ ‘ਗਾਓਂ’ ਕਹਿਲਾਇਆ। ਵਪਾਰੀਆਂ ਤੇ ਕਾਫਲਿਆਂ ਦੇ ਰੂਪ ਵਿਚ ਆਏ ਲੋਕਾਂ ਨੇ ਗ੍ਰਾਮ ਵਸਾ ਲਏ। ਵਪਾਰ ਤੇ ਆਪਸੀ ਲੈਣ-ਦੇਣ ਦੇ ਪ੍ਰਬੰਧ ਵਜੋਂ ਨੇੜੇ-ਨੇੜੇ ਵਸੇ ਗ੍ਰਾਵਾਂ (ਪਿੰਡਾਂ) ਨੂੰ ਇਕੱਠਾ ਕਰਕੇ ‘ਨਿਗਮ’ ਬਣਾ ਲਏ ਗਏ। ਗ੍ਰਾਂ ਜਿੱਥੇ ਇਕ ਨਿਸ਼ਚਿਤ ਢਾਂਚੇ ਵਜੋਂ ਸਾਕਾਰ ਹੋ ਕੇ ਪਿੰਡ ਅਖਵਾਏ, ਉੱਥੇ ਵਪਾਰੀਆਂ ਆਦਿ ਨੇ ਆਪਣੇ ਮਾਲ-ਅਸਬਾਬ ਦੀ ਸੁਰੱਖਿਆ ਲਈ ‘ਨਿਗਮਾਂ’ ਦੁਆਲੇ ਦੀਵਾਰ ਉਸਾਰ ਕੇ ‘ਨਗਰ’ ਬਣਾ ਲਏ ਅਤੇ ਹਰ ਨਗਰ ਦੀ ਚਾਰਦੀਵਾਰੀ ਦਾ ਮੁੱਖ ਦੁਆਰ ਬਣਾ ਕੇ ਉਸ ਉੱਤੇ ਦੁਆਰਪਾਲ (ਪਹਿਰੇਦਾਰ) ਨਿਯੁਕਤ ਕਰ ਦਿੱਤਾ ਗਿਆ। ਜਦੋਂ ਨਗਰ ਵਪਾਰਕ  ਤੇ ਰਾਜਨੀਤਕ ਗੜ੍ਹ ਬਣ ਕੇ ਹੋਰ ਵਿਕਸਿਤ ਹੋਏ ਤਾਂ ਇਹ ਮਹਾਂ-ਨਗਰ’ ਬਣ ਗਏ। ਅਜੋਕਾ ਪੂੰਜੀਵਾਦੀ ਸਮਾਜ ਪਿੰਡਾ ਤੋਂ ਮਹਾਂਨਗਰਾਂ ਤੱਕ ਫੈਲਿਆ ਹੋਇਆ ਹੈ, ਜਿਹੜਾ ਆਪਣੇ ਅੰਦਰ ਵਿਕਾਸ ਤੇ ਵਿਨਾਸ਼ ਦਾ ਅਦਭੁੱਤ ਇਤਿਹਾਸ ਲਕੋਈ ਬੈਠਾ ਹੈ।

ਮੋਬਾਈਲ: 98723-83236


Comments Off on ਸ਼ਬਦਾਂ ਰਾਹੀਂ ਸਮਾਜ ਪਰਿਕਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.