ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸ਼ਹਿਰੀ ਮੱਧ ਵਰਗ ਵਿੱਚ ਦਿਲ ਦੇ ਰੋਗਾਂ ਦੇ ਕਾਰਨ

Posted On March - 9 - 2017

ਡਾ. ਅਜੀਤਪਾਲ ਸਿੰਘ

10903cd _sugarਸਾਡੇ ਦੇਸ਼ ਵਿੱਚ ਸ਼ਹਿਰੀ ਮੱਧ ਵਰਗ ਦੀਆਂ ਔਰਤਾਂ ਨੂੰ ਸ਼ਹਿਰੀ ਗ਼ਰੀਬ ਤੇ ਪੇਂਡੂ ਖੇਤਰ ਦੀਆਂ ਔਰਤਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇੱਕ ਖੋਜ ਵਿੱਚ ਇਹ ਸਿੱਟਾ ਸਾਹਮਣੇ ਆਇਆ ਹੈ ਕਿ ਸ਼ਹਿਰੀਕਰਨ ਦਿਲ ਦੇ ਦੌਰੇ ਦੀ ਮੁੱਖ ਵਜ੍ਹਾ ਹੋ ਸਕਦਾ ਹੈ। ਦਿਲ ਦੀ ਬਿਮਾਰੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੀਤੇ ਗਏ ਅਧਿਐਨ ਵਿੱਚ ਦੇਸ਼ ਦੇ ਪੇਂਡੂ, ਸ਼ਹਿਰੀ ਗ਼ਰੀਬ ਤੇ ਸ਼ਹਿਰੀ ਮੱਧ ਵਰਗ ਦੀਆਂ ਔਰਤਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। 35 ਤੋਂ 70 ਸਾਲ ਦੀਆਂ ਕਰੀਬ 6853 ਔਰਤਾਂ ’ਤੇ ਸਰਵੇਖਣ ਕੀਤਾ ਗਿਆ। ਇਨ੍ਹਾਂ ਵਿੱਚ 2616 ਪੇਂਡੂ ਸ਼ਹਿਰੀ ਗ਼ਰੀਬ 2008 ਤੇ ਸ਼ਹਿਰੀ ਮੱਧ ਵਰਗੀ 2229 ਔਰਤਾਂ ਦੀ ਸਮਾਜਿਕ  ਤੇ ਆਰਥਿਕ ਸਥਿਤੀ, ਜੀਵਨ ਸ਼ੈਲੀ, ਮਾਨਸਿਕ ਹਾਲਤ ਅਤੇ ਜੈਵ ਰਸਾਇਣਕ ਖ਼ਤਰੇ ਦੇ ਕਾਰਕਾਂ ’ਤੇ ਆਧਾਰਿਤ ਅਧਿਐਨ ਕੀਤਾ ਗਿਆ। ਇਨ੍ਹਾਂ ਸਾਰਿਆਂ ਦਾ ਬਾਡੀ ਮਾਸ ਇੰਡੈਕਸ, ਲੱਕ, ਵੇਸਟ ਹਿਪ ਅਨੁਪਾਤ, ਸਿਸਟੌਲਿਕ ਬਲੱਡ ਪ੍ਰੈਸਰ, ਖਾਲੀ ਪੇਟ ਸ਼ੂਗਰ ਪੱਧਰ ’ਤੇ ਕੋਲੈਸਟ੍ਰੋਲ ਮਾਪੇ ਗਏ।
ਇਸ ਖੋਜ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਖੋਜ ਮੁਤਾਬਿਕ ਸ਼ਹਿਰੀ ਗ਼ਰੀਬ ਤੇ ਸ਼ਹਿਰੀ ਮੱਧ ਵਰਗੀ ਔਰਤਾਂ ਵਿੱਚ ਮਾਪ ਪੇਂਡੂ ਔਰਤਾਂ ਦੇ ਮੁਕਾਬਲਤਨ ਸਭ ਪੈਮਾਨੇ ’ਤੇ ਵੱਧ ਪਾਇਆ ਗਿਆ। ਉਮਰ ਆਧਾਰਿਤ ਸ਼ੂਗਰ ਦੀ ਬਿਮਾਰੀ ਦੀ ਸ਼ਿਕਾਇਤ ਅਤੇ ਦਿਲ ਦੀ ਬਿਮਾਰੀ ਦਾ ਘਾਤਕ ਕਾਰਕ ਗ਼ਰੀਬ ਤੇ ਸ਼ਹਿਰੀ ਮੱਧ ਵਰਗ ਦੀਆਂ ਔਰਤਾਂ ਵਿੱਚ ਹੋਰ ਔਰਤਾਂ ਦੇ ਮੁਕਾਬਲੇ ਵੱਧ ਪਾਇਆ ਗਿਆ। ਪੇਂਡੂ ਔਰਤਾਂ, ਗ਼ਰੀਬ ਸ਼ਹਿਰੀ ਤੇ ਸ਼ਹਿਰ ਮੱਧਵਰਗੀ ਔਰਤਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸ਼ੂਗਰ ਦੀ ਬਿਮਾਰੀ ਕ੍ਰਮਵਾਰ 2.2, 9.3 ਤੇ 17.7 ਫ਼ੀਸਦੀ ’ਚ ਪਾਈ ਗਈ। ਇਸ ਤਰ੍ਹਾਂ ਬਾਡੀ-ਮਾਸ ਇੰਡੈਕਸ ਵਿੱਚ ਤਿੰਨਾਂ ਵਰਗਾਂ ਦਾ ਅੰਕੜਾ 22.5 ਦੀ ਥਾਂ ਕ੍ਰਮਵਾਰ 28.3, 63.4 ਤੇ 61.9 ਫ਼ੀਸਦੀ ਰਿਹਾ। ਵੇਸਟ-ਹਿਪ ਅਨੁਪਾਤ (ਮੋਟਾਪੇ ਦਾ ਇੱਕ ਹੋਰ ਪੈਮਾਨਾ) ਦੇ ਕੇਸ ਵਿੱਚ ਅੰਕੜਾ ਕ੍ਰਮਵਾਰ 60.4, 90.7 ਤੇ 88.5 ਫ਼ੀਸਦੀ ਰਿਹਾ। ਇਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਵਿੱਚ ਅੰਕੜਾ ਕ੍ਰਮਵਾਰ 13.5, 27.7 ਤੇ 37.4 ਫ਼ੀਸਦੀ ਰਿਹਾ। ਇਸ ਤਰ੍ਹਾਂ ਹਰ ਮਾਮਲੇ ਵਿੱਚ ਪੇਂਡੂ ਔਰਤਾਂ ਦੇ ਮੁਕਾਬਲੇ ਸ਼ਹਿਰੀ ਗ਼ਰੀਬ ਤੇ ਸ਼ਹਿਰੀ ਮੱਧਵਰਗੀ ਔਰਤਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਪਾਇਆ ਗਿਆ। ਫੋਰਟਿਸ ਸੀ-ਡਾਕ ਸੈਂਟਰ ਆਫ ਐਕਸੀਲੈਂਸ, ਫਾਰ ਡਾਇਬਟੀਜ਼ ਮੈਟਾਬੌਲਿਕ ਡਿਸੀਜ਼ ਐਂਡ ਐਂਡੋਕਰੋਨਾਲੋਜੀ ਦੇ ਚੇਅਰਮੈਨ ਡਾਕਟਰ ਅਨੂਪ ਮਿਸ਼ਰਾ ਅਨੁਸਾਰ ਪੇਂਡੂ ਔਰਤਾਂ ਦੇ ਮੁਕਾਬਲੇ ਸ਼ਹਿਰੀ ਗ਼ਰੀਬ ਤੇ ਸ਼ਹਿਰੀ ਮੱਧਵਰਗੀ ਔਰਤਾਂ ਵਿੱਚ ਦਿਲ ਦੀ ਬਿਮਾਰੀ ਦੀ ਸੰਭਾਵਨਾ ਬਦਲਦੀ ਜੀਵਨ ਸ਼ੈਲੀ ਦਾ ਸੰਕੇਤ ਹੈ। ਤਣਾਅ, ਸ਼ੂਗਰ ਦੀ ਬਿਮਾਰੀ, ਭੱਜ-ਦੌੜ, ਅਨਿਯਮਤ ਰੋਜ਼ਮਰ੍ਹਾ ਦੇ ਰੁਝੇਵੇਂ ਅਤੇ ਖਾਣ-ਪੀਣ ਵਿੱਚ ਲਾਹਪ੍ਰਵਾਹੀ ਇਨ੍ਹਾਂ ਸਾਰਿਆਂ ਦੀ ਮੁੱਖ ਵਜ੍ਹਾ ਹੋ ਸਕਦੀ ਹੈ। ਸ਼ਹਿਰ ਦੀਆਂ ਪੇਂਡੂ ਤੇ ਮੱਧਵਰਗੀ ਔਰਤਾਂ ਵਿੱਚ ਇਹ ਖ਼ਤਰਾ ਜ਼ਿਆਦਾ ਹੈ। ਜੋ ਸਾਫ਼ ਸੰਕੇਤ ਹਨ ਕਿ ਸ਼ਹਿਰੀਕਰਨ ਦਿਲ ਦੀ ਬਿਮਾਰੀ ਦੀ ਇੱਕ ਮੁੱਖ ਵਜ੍ਹਾ ਕਿਹਾ ਜਾ ਸਕਦਾ ਹੈ।
ਭਾਰਤ ਨੂੰ ਪੂਰੀ ਦੁਨੀਆਂ ਵਿੱਚ ਸ਼ੂਗਰ ਦੀ ਬਿਮਾਰੀ ਦੀ ਰਾਜਧਾਨੀ ਕਿਹਾ ਜਾਣ ਲੱਗ ਪਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਪੂਰੀ ਦੁਨੀਆਂ ਵਿੱਚ ਸ਼ੂਗਰ ਦੀ ਬਿਮਾਰੀ ਸਾਲ 2030 ਤਕ ਸੱਤਵਾਂ ਸਭ ਤੋਂ ਵੱਡਾ ਜਾਨਲੇਵਾ ਰੋਗ ਬਣ ਜਾਵੇਗਾ, ਜੋ ਗੁਰਦਾ ਫੇਲ੍ਹ ਹੋਣ ਅਤੇ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਬਣ ਜਾਵੇਗਾ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਸਾਲ 2000 ਤਕ ਭਾਰਤ ਵਿੱਚ 3 ਕਰੋੜ 20 ਲੱਖ ਸ਼ੂਗਰ ਦੀ ਬਿਮਾਰੀ ਦੇ ਰੋਗੀ ਸਨ, ਜੋ ਕਿ 2013   ਤਕ ਦੁੱਗਣੇ ਹੋ ਗਏ। ਇਹ ਅੰਕੜਾ ਦੇਸ਼ ਦੀ ਕੁੱਲ ਆਬਾਦੀ ਦਾ ਕਰੀਬ ਤਿੰਨ ਫ਼ੀਸਦੀ ਹੈ।
ਸ਼ੂਗਰ ਦੀ ਬਿਮਾਰੀ ਨੂੰ ਬਾਕੀ ਬਿਮਾਰੀਆਂ ਦੀ ਗੰਗੋਤਰੀ ਕਹਿ ਸਕਦੇ ਹਾਂ। ਇਸ ਤੋਂ ਪੀੜਤ ਹੋਣ ਪਿੱਛੋਂ ਹਰ ਗੰਭੀਰ ਬਿਮਾਰੀ ਦੀ ਮਾਰ ਹੇਠ ਆ ਜਾਣਾ ਮਹਿਜ ਵਕਤ ਦੀ ਗੱਲ ਹੁੰਦੀ ਹੈ। 2028 ਤਕ ਸ਼ੂਗਰ ਦੀ ਬਿਮਾਰੀ ਦੇ ਰੋਗੀਆਂ ਦਾ ਅੰਕੜਾ 10 ਕਰੋੜ ਤਕ ਜਾਣ ਦਾ ਖ਼ਦਸ਼ਾ ਹੈ। ਇਹ ਹੋਰ ਵੀ ਦੁੱਖ ਵਾਲੀ ਗੱਲ ਹੈ ਕਿ ਨੌਜਵਾਨਾਂ ਵਿੱਚ ਸ਼ੂਗਰ ਦੀ ਬਿਮਾਰੀ ਦੇ ਅੰਕੜੇ ਤੇਜ਼ੀ ਨਾਲ ਵਧ ਰਹੇ ਹਨ। ਇੱਥੋਂ ਤਕ ਕਿ ਬੱਚਿਆਂ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ ਸ਼ੂਗਰ ਦੀ ਬਿਮਾਰੀ ਦੇ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਬੱਚਿਆਂ ਦੇ ਮਾਪੇ, ਸਕੂਲੀ ਅਧਿਆਪਕਾਂ ਤੇ ਸਾਕ-ਸਬੰਧੀਆਂ ਅਤੇ ਵਾਰਸਾਂ ਦੀ ਜ਼ਿੰਮੇਵਾਰੀ ਬੇਹੱਦ ਵਧ ਗਈ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਵਿੱਚ ਸ਼ੂਗਰ ਦੀ ਬਿਮਾਰੀ ਦੇ ਲੱਛਣਾਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸ ਬਿਮਾਰੀ ਤੋਂ ਪੀੜਤ ਬੱਚਾ ਵੱਧ ਪੇਸ਼ਾਬ, ਵੱਧ ਪਿਆਸ, ਭੁੱਖ, ਵਜ਼ਨ ਦੀ ਕਮੀ, ਥਕਾਵਟ, ਕੰਮਜ਼ੋਰੀ ਅਤੇ ਪੇਟ ਦਰਦ ਆਦਿ ਸਮੱਸਿਆਵਾਂ ਨਾਲ ਗ੍ਰਸਤ ਰਹਿੰਦਾ ਹੈ। ਜੇ ਅਜਿਹੇ ਲੱਛਣ ਜ਼ਿਆਦਾ ਦਿਸਣ ਤਾਂ ਮਾਪਿਆਂ ਤੇ ਸਨੇਹੀਆਂ ਨੂੰ ਮਾਹਿਰ ਡਾਕਟਰ ਦੀ ਸਲਾਹ ਨਾਲ ਸ਼ੂਗਰ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਸ਼ੂਗਰ ਦੀ ਬਿਮਾਰੀ ਨੂੰ ਭਾਵੇਂ ਜੜ੍ਹ ਤੋਂ ਨਹੀਂ ਪੁੱਟਿਆ ਜਾ ਸਕਦਾ ਪਰ ਸਹੀ ਇਲਾਜ ਨਾਲ ਇਸ ਨੂੰ ਕੰਟਰੋਲ ਜ਼ਰੂਰ ਕੀਤਾ  ਜਾ ਸਕਦਾ ਹੈ। ਸ਼ੂਗਰ ਦੀ ਬਿਮਾਰੀ ਦੇ ਹੋਰ ਲੱਛਣਾਂ ਵਿੱਚ ਵਾਰ ਵਾਰ ਫੋੜੇ-ਫਿੰਸੀਆਂ ਹੋਣਾ, ਜ਼ਖ਼ਮਾਂ ਦਾ ਆਸਾਨੀ ਨਾਲ ਨਾ ਭਰਨਾ, ਹੱਥਾਂ ਪੈਰਾਂ ਦੀ ਸੋਜ਼ ਜਾਂ ਝੁਨਝਨਾਹਟ ਹੋਣੀ, ਲਕਵਾ ਹੋਣਾ ਜਾਂ ਦਿਲ ਦਾ ਦੌਰਾ ਪੈ ਜਾਣਾ ਅਤੇ ਔਰਤਾਂ ਵਿੱਚ ਵੱਧ ਵਜ਼ਨ ਦੇ ਬੱਚੇ ਨੂੰ ਜਨਮ ਦੇਣਾ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਤੋਂ ਵੱਧ ਲੱਛਣ ਹੋਣ ’ਤੇ ਸ਼ੂਗਰ ਦੀ ਬਿਮਾਰੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਸ਼ੂਗਰ ਦੀ ਬਿਮਾਰੀ ਕਿੰਨੀ ਘਾਤਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੂਰੀ ਦੂਨੀਆਂ ਵਿੱਚ ਹੁਣ ਤਕ ਹੋਈਆਂ ਜੰਗਾਂ ਵਿੱਚ ਕੁਲ ਮਿਲਾ ਕੇ ਜਿੰਨੇ ਲੋਕ ਮਾਰੇ ਗਏ ਹਨ, ਉਸ ਤੋਂ ਵੱਧ ਲੋਕ ਪਿਛਲੇ ਇੱਕ ਦਹਾਕੇ ਵਿੱਚ ਸਿਰਫ਼ ਸ਼ੂਗਰ ਦੀ ਬਿਮਾਰੀ ਨਾਲ ਮਰੇ ਹਨ। ਸ਼ੂਗਰ ਦੀ ਬਿਮਾਰੀ ਦਿਲ ਤੇ ਦਿਮਾਗ ਦੀ ਬਲੱਡ ਸਪਲਾਈ ਵਿੱਚ ਅੜਿਕਾ, ਅੱਖਾਂ ਵਿੱਚ ਖ਼ੂਨ ਵਗਣਾ ਅੰਨ੍ਹਾਪਣ ਤੇ ਗੁਰਦੇ ਵਿੱਚ ਨੁਕਸ ਪੈਦਾ ਕਰਦੀ ਹੈ। ਇਹ ਰੋਗ ਨਾੜੀਆਂ (ਨਰਵਸ ਸਿਸਟਮ) ਵਿੱਚ ਵਿਕਾਸ ਕਰਕੇ ਉਨ੍ਹਾਂ ਨੂੰ ਨਿਰਜੀਵ ਕਰ ਦਿੰਦਾ ਹੈ। ਸ਼ੂਗਰ ਦੀ ਬਿਮਾਰੀ ਦੇ ਰੋਗੀ ਦੀਆਂ ਧਮਣੀਆਂ ਸਖ਼ਤ ਹੋਣ ਲਗਦੀਆਂ ਹਨ। ਬਲੱਡ ਸਪਲਾਈ ਵਿੱਚ ਅੜਿਕਾ ਪੈਦਾ ਹੋਣ ਲਗਦਾ ਹੈ। ਨਾੜੀਆਂ ਦੀ ਸੰਵੇਦਨਸ਼ੀਲਤਾ ਘਟ ਜਾਂਦੀ ਹੈ। ਚਮੜੀ ਵਿੱਚ ਛੂਹਣ ਦਾ ਗੁਣ ਖ਼ਤਮ ਹੋਣ ਲਗਦਾ ਹੈ, ਜ਼ਖ਼ਮ ਹੌਲੀ ਹੌਲੀ ਭਰਦੇ ਹਨ ਅਤੇ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਦੇ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਸ਼ੂਗਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਹੋਵੇ ਤਾਂ ਉਨ੍ਹਾਂ ਵਿੱਚ ਦਿਲ ਦੇ ਦੌਰੇ ਕਾਰਨ ਮੌਤ ਹੋਣ ਦਾ ਡਰ ਤਿੰਨ ਗੁਣਾ ਵਧ ਜਾਂਦਾ ਹੈ।
ਦੁਨੀਆਂ ਵਿੱਚ ਸ਼ੂਗਰ ਦੇ ਰੋਗੀਆਂ ਦੀ ਏਨੀ ਤੇਜ਼ੀ ਨਾਲ ਵਧਦੀ ਗਿਣਤੀ ਲਈ ਆਧੁਨਿਕ ਜੀਵਨ ਸ਼ੈਲੀ ਤੇ ਖਾਣ-ਪੀਣ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਈ ਕੇਸਾਂ ਵਿੱਚ ਇਹ ਰੋਗ ਜਮਾਂਦੂਰ (ਪਿਤਾ-ਪੁਰਖੀ) ਵੀ ਹੁੰਦਾ ਹੈ। ਬੇਹੱਦ ਤਣਾਅ ਭਰੇ ਮਾਹੌਲ ਵਿੱਚ ਦੇਰ ਰਾਤ ਤਕ ਕੰਮ ਕਰਨਾ, ਸਵੇਰੇ ਦੇਰ ਤਕ ਸੌਣਾ, ਉਠਦੇ ਹੀ ਫਿਰ ਦਫ਼ਤਰ ਦੀ ਤਿਆਰੀ, ਕਸਰਤ ਸਮੇਂ ਕੁਝ ਵੀ ਖਾ ਲੈਣਾ, ਖਾਣੇ ਵਿੱਚ ਚਰਬੀ ਦੀ ਮਾਤਰਾ ਵੱਧ ਹੋਣ ਕਾਰਨ ਵਜ਼ਨ ਵਧਣਾ, ਇਹ ਸਭ ਕੁਝ ਮਿਲਕੇ ਸ਼ੂਗਰ ਦੀ ਬਿਮਾਰੀ ਨੂੰ ਸੱਦਾ ਦਿੰਦੇ ਹਨ। ਇੰਨੀ ਖ਼ਤਰਨਾਕ ਬਿਮਾਰੀ ਹੋਣ ਦੇ ਬਾਵਜੂਦ ਲੋਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਬਿਮਾਰੀ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਜਾ ਸਕਦਾ ਹੈ। ਦ੍ਰਿੜ ਮਨੋਬਲ, ਅਹਾਰ ਵਿੱਚ ਸੰਜਮ, ਪਰਹੇਜ਼, ਕਸਰਤ ਤੇ ਦਵਾਈਆਂ ਨਾਲ ਇਸ ਰੋਗ ਨੂੰ ਕਾਬੂ ਰੱਖਿਆ ਜਾ ਸਕਦਾ ਹੈ। ਵੱਧ ਸ਼ੱਕਰ ਪੈਦਾ ਕਰਨ ਵਾਲੀਆਂ ਖ਼ੁਰਾਕੀ ਵਸਤਾਂ ਜਿਵੇਂ ਮਿਠਿਆਈ, ਚੀਨੀ, ਗੁੜ, ਸ਼ਕਰਕੰਦੀ, ਅੰਗੂਰ, ਕੇਲਾ, ਪਪੀਤਾ, ਅੰਬ ਤੇ ਕਾਜੂ ਆਦਿ ਨਹੀਂ ਵਰਤਣਾ   ਚਾਹੀਦਾ। ਤਲੇ ਹੋਏ ਭੋਜਨ ਤੋਂ ਪਰਹੇਜ਼ ਵੀ ਜ਼ਰੂਰੀ   ਹੈ। ਹਰੀਆਂ ਸਬਜ਼ੀਆਂ, ਹਰੇ ਫਲ, ਜਾਮਨ ਆਦਿ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ।
ਮਹਾਨਗਰਾਂ ਵਿੱਚ ਜੀਵਨ ਸ਼ੈਲੀ ਹੀ ਨਹੀਂ ਹੁਣ ਵਾਤਾਵਰਣ ਜਨਤ ਰੋਗਾਂ ਦੇ ਪੀੜਤ ਵੀ ਤੇਜ਼ੀ ਨਾਲ ਵਧ ਰਹੇ ਹਨ। ਦਿੱਲੀ ਤੇ ਪੰਜਾਬ ਦੇ ਹਸਪਤਾਲਾਂ ਵਿੱਚ ਸਾਹ ਦੀ ਬਿਮਾਰੀ (ਦਮਾ ਆਦਿ) ਦੇ ਰੋਗੀਆਂ ਦੀ ਗਿਣਤੀ ਅਚਾਨਕ ਹੀ ਵਧ ਗਈ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇੱਥੋਂ ਦੀ ਹਵਾ ਸਾਰਾ ਸਾਲ ਹੀ ਪ੍ਰਦੂਸ਼ਿਤ ਰਹਿਣ ਲੱਗੀ ਹੈ। ਜੀਵਨ ਸ਼ੈਲੀ ਤੇ ਵਾਤਾਵਰਣ ਜਨਤ ਰੋਗਾਂ ਉੱਤੇ ਨਿਗਰਾਨੀ ਰੱਖਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਬਚਾਅ ਦਾ ਖ਼ਾਕਾ ਤਿਆਰ ਹੁੰਦਾ ਹੈ।

ਸੰਪਰਕ: 98156-29301


Comments Off on ਸ਼ਹਿਰੀ ਮੱਧ ਵਰਗ ਵਿੱਚ ਦਿਲ ਦੇ ਰੋਗਾਂ ਦੇ ਕਾਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.