ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸਟੇਜੀ ਕਵੀ ਤਰਲੋਚਨ ਸਿੰਘ ਕਲੇਰ

Posted On March - 18 - 2017

ਜਸਬੀਰ ਸਿੰਘ ਤੇਗ
11803CD _TARLOCHAN KALERਕਲਮ ਦੇ ਧਨੀ ਤੇ ਸਟੇਜੀ ਕਵੀ ਤਰਲੋਚਨ ਸਿੰਘ ਕਲੇਰ ਨਾਲ ਮੇਰੇ ਪਿਤਾ ਪੰਜਾਬੀ ਕਵੀ ਬਲਵੰਤ ਸਿੰਘ ਤੇਗ ਨੇ 1990 ਵਿਚ ਤੁਆਰਫ਼ ਕਰਵਾਇਆ। ਉਸ ਸਮੇਂ ਕਲੇਰ ਤਰਖਾਣਾ ਜੱਦੀ-ਪੁਸ਼ਤੀ ਕੰਮ ਕਰਦੇ ਸਨ ਤੇ ਨਾਲ ਦੀ ਨਾਲ ਕਵਿਤਾ ਰਚਦੇ ਤੇ ਸਟੇਜ ’ਤੇ ਬੋਲਦੇ ਵੀ ਸਨ। ਸਰੀਰਕ ਤੌਰ ’ਤੇ ਚੰਗੇ ਤਕੜੇ ਰੋਅਬਦਾਰ ਚਿਹਰਾ ਬੋਲਚਾਲ ਪ੍ਰਭਾਵਸ਼ਾਲੀ ਮਿਲਣ ਵਾਲਾ ਇਹੋ ਸਮਝਦਾ ਸੀ ਕਿ ਇਹ ਪੁਲੀਸ ਦੇ ਮਹਿਕਮੇ ਵਿਚੋਂ ਹਨ। ਤਰਖਾਣਾ ਕੰਮ ਕਰਦੇ-ਕਰਦੇ ਕਵਿਤਾ ਰਚੀ ਜਾਂਦੇ ਸਨ ਫਿਰ ਸ਼ਾਮ ਨੂੰ ਵਿਹਲੇ ਹੋ ਕੇ ਕਲਮਬੰਦ ਕਰਨੀ। ਕਲੇਰ ਦਾ ਜਨਮ 20 ਜੂਨ 1937 ਨੂੰ ਪਿਤਾ ਮਿਸਤਰੀ ਰੂੜ ਸਿੰਘ ਅਕਾਲੀ, ਮਾਤਾ ਤੇਜ ਕੌਰ ਅਕਾਲਣ ਦੇ ਘਰ ਅੰਮ੍ਰਿਤਸਰ ਵਿਖੇ ਗਲੀ ਨਡਾਲੀਆਂ, ਚੌਕ ਮੰਨਾ ਸਿੰਘ ਵਿਖੇ ਹੋਇਆ। ਮੁਲਕ ਵੰਡ ਸਮੇਂ ਕਲੇਰ ਸਿਰਫ਼ 11 ਸਾਲਾਂ ਦਾ ਸੀ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਨੇ ਸਿਰਫ਼ ਚਾਰ ਜਮਾਤਾਂ ਤੱਕ ਹੀ ਵਿਦਿਆ ਹਾਸਲ ਕੀਤੀ ਘਰ ਦੀ ਗਰੀਬੀ ਕਾਰਨ ਜੱਦੀ-ਪੁਸ਼ਤੀ ਤਰਖਾਣਾ ਕੰਮ ਕਰਨ ਲੱਗ ਪਏ। ਪੜ੍ਹਣ ਦੀ ਲਗਨ ਲੱਗੀ ਤੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਨਿਹਾਲ ਸਿੰਘ ਰਸ ਦੇ ਪੰਜਾਬੀ ਕਾਲਜ ਵਿੱਚ ਵਿਦਵਾਨ ਦੀ ਕਲਾਸ ਲੈ ਲਈ ਪਰ ਆਰਥਿਕ ਤੰਗੀ ਕਾਰਨ ਫਿਰ ਪੜ੍ਹਾਈ ਅਧੂਰੀ ਰਹਿ ਗਈ।
ਕਵਿਤਾ ਲਿਖਣ ਦਾ ਸ਼ੌਕ ਗਿਆਨੀ ਤਰਲੋਕ ਸਿੰਘ ਤੂਫਾਨ ਨਾਵਲਕਾਰ ਦੀ ਪ੍ਰੇਰਨਾ ਨਾਲ ਲੱਗਾ। ਇਹ ਕਾਮਰੇਡੀ ਦੇ ਪ੍ਰਭਾਵ ਹੇਠ ਆ ਕੇ ਕਵਿਤਾ ਰਚਣ ਲਗੇ ਤੇ ਕਾਮਰੇਡਾਂ ਦੇ ਜਲਸਿਆਂ ’ਚ ਬੋਲਣ ਲੱਗੇ। ਪੰਜਾਬੀ ਵਾਰਾਂ ਦੇ ਬਾਦਸ਼ਾਹ ਹਰਸਾ ਸਿੰਘ ਚਾਤਰ ਨੂੰ ਉਸਤਾਦ ਧਾਰਿਆ ਤੇ ਧਾਰਮਿਕ ਕਵਿਤਾਵਾਂ ਵੱਲ ਰੁਖ਼ ਮੁੜ ਪਿਆ। 1965 ਦੀ ਜੰਗ ਦੌਰਾਨ ਇਨ੍ਹਾਂ ਨੇ ਆਲ ਇੰਡੀਆ ਰੇਡੀਓ ਜਲੰਧਰ ਕਵੀ ਦਰਬਾਰਾਂ ਵਿਚ ਕਵਿਤਾਵਾਂ ਬੋਲੀਆਂ। ਜੰਗੀ ਜਿੱਤਾਂ, ਜੰਗੀ ਨਜ਼ਾਰੇ, ਸ਼ਹੀਦ ਭਗਤ ਸਿੰਘ ਦੀ ਘੋੜੀ, ਮੇਰਾ ਵਿਆਹ, ਪੋਹ ਸੁਦੀ ਸੱਤਵੀਂ ਟ੍ਰੈਕਟ ਕਵਿਤਾ ਵਿਚ ਲਿਖੇ। ਇਨ੍ਹਾਂ ਦੀਆਂ ਕਵਿਤਾਵਾਂ ਮਾਸਿਕ ਪਰਚਿਆਂ: ਸੰਤ ਸਿਪਾਹੀ, ਫ਼ਤਹਿ ਦਿੱਲੀ, ਨਿਹੰਗ ਸਿੰਘ ਸੰਦੇਸ਼, ਪੰਜਾਬ ਦੀ ਆਵਾਜ਼, ਰਾਮਗੜ੍ਹੀਆ ਯੋਧਾ ਤੇ ਰਾਮਗੜ੍ਹੀਆ ਬੀਰ ਆਦਿ ਪਰਚਿਆਂ ਵਿਚ ਛਪਦੀਆਂ ਰਹੀਆਂ।ਉਨ੍ਹਾਂ  ਦੇ ਸਾਥੀ ਚਾਂਦੀ ਰਾਮ ਗੀਤਕਾਰ, ਗੁਰਦਿੱਤ ਸਿੰਘ ਕੁੰਦਨ, ਜਸਵੰਤ ਸਿੰਘ ਵੰਤਾ ਪਟਿਆਲਵੀ ਆਦਿ ਕਈ ਸ਼ਾਇਰ ਸਨ।
ਕਲੇਰ ਦੀ ਇਕ ਵਾਰ ਜਿਸ ਵਿਚ ਕਵੀ ਨੇ ਬੀਰ-ਰਸ ਦਾ ਵਰਣਨ ਇਸ ਤਰ੍ਹਾਂ ਕੀਤਾ:
ਰਣ ਅੰਦਰ ਤੇਗ਼ਾਂ ਚਲੀਆਂ,
ਬਣ ਮੌਤ ਆਈ ਤੂਫਾਨ
ਸਨ ਖੰਡੇ ਚਮਕਾਂ ਮਾਰਦੇ,
ਕਰ ਖ਼ੂਨ ਦੇ ਵਿੱਚ ਇਸ਼ਨਾਨ
ਰਣ ਅੰਦਰ ਵਾਂਗ ਮੁਨਾਰਿਆਂ,
ਸਨ ਢਹਿ ਢਹਿ ਪੈਣ ਜਵਾਨ
ਸੀ ਰਣ ਵਿੱਚ ਮੱਚੀ ਕਰਬਲਾ,
ਸਭ ਵੇਖ ਰਿਹਾ ਸ਼ੈਤਾਨ
ਸੀ ਹੋਣੀ ਪਾਉਂਦੀ ਭੰਗੜਾ,
ਪਿਆ ਆਇਤਾਂ ਪੜ੍ਹੇ ਸ਼ੈਤਾਨ
ਹੈ ਨਾਚ ਨਚਾਉਂਦੀ ਚੰਡਕਾ,
ਉਹ ਬਣੀ ਫਿਰੇ ਪ੍ਰਧਾਨ
ਜੋ ਹੁੰਦੇ ਮਰਦ ਮੈਦਾਨ ਦੇ,
ਉਹ ਕਦੇ ਨਾ ਕੰਢ ਵਖਾਨ
ਜਿਸ ਸਿਰ ’ਤੇ ਹੱਥ ‘ਕਲੇਰ’
ਗੁਰਾਂ ਦਾ, ਉਹ ਚੜ ਜਾਂਦੇ ਪ੍ਰਵਾਨ।
ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੁੰਦੇ ਕਵੀ ਦਰਬਾਰਾਂ ਵਿਚ ਤਕਰੀਬਨ 50 ਸਾਲ ਕਵਿਤਾ ਰਾਹੀਂ ਹਾਜ਼ਰੀ ਭਰੀ। ਇਸ ਤੋਂ ਇਲਾਵਾ ਟਾਟਾ ਨਗਰ, ਧਨਬਾਦ, ਰਾਂਚੀ, ਹਜ਼ਾਰੀ ਬਾਗ਼, ਭਾਗਲਪੁਰ, ਗਯਾ ਜੀ, ਪਟਨਾ ਸਾਹਿਬ, ਲਖਨਊ, ਬਨਾਰਸ, ਬਰੇਲੀ, ਸ਼ਾਹਜਹਾਨਪੁਰ, ਨਾਨਕਮਤਾ, ਰੁਦਰਪੁਰ ਚੰਦੋਸੀ, ਗੰਗਾਨਗਰ, ਰਾਏ ਸਿੰਘ ਆਦਿ ਥਾਵਾਂ ’ਤੇ ਕਵੀ ਦਰਬਾਰਾਂ ਵਿਚ ਕਵਿਤਾ ਰਾਹੀਂ ਹਾਜ਼ਰੀ ਲਗਵਾਈ ਤੇ ਬਹੁਤ ਸਾਰੇ ਇਨਾਮ ਸਨਮਾਨ ਹਾਸਲ ਕੀਤੇ। ਕਲੇਰ ਨੇ 2006 ਵਿੱਚ ਕਵਿਤਾਵਾਂ ਦੀ ਆਪਣੀ ਪਹਿਲੀ ਪੁਸਤਕ ‘ਮਨ ਸਾਗਰ ਦੇ ਮੋਤੀ’ ਰਿਲੀਜ਼ ਕੀਤੀ। ਇਸ ਪੁਸਤਕ ਵਿਚ ਕਲੇਰ ਨੇ ਆਪਣੀਆਂ ਤੇਤੀ ਮਾਸਟਰ-ਪੀਸ ਕਵਿਤਾਵਾਂ ਦਰਜ ਕੀਤੀਆਂ ਹਨ। ਕੁਝ ਸਮਾਂ ਬਿਮਾਰ ਰਹਿਣ ਕਰਕੇ ਦਿਲ ਦਾ ਦੌਰਾ ਪੈਣ ਕਾਰਨ ਇਹ ਸ਼ਾਇਰ 2013 ਵਿਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ।
ਸੰਪਰਕ: 98886-47225


Comments Off on ਸਟੇਜੀ ਕਵੀ ਤਰਲੋਚਨ ਸਿੰਘ ਕਲੇਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.