ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਟੈਂਟ ਵਾਂਗ ਦਵਾਈਆਂ ਦੀਆਂ ਕੀਮਤਾਂ ਵੀ ਨਿਰਧਾਰਤ ਹੋਣ

Posted On March - 6 - 2017

10603CD _MEDICINEਅਜੀਤਪਾਲ ਸਿੰਘ
ਪੰਦਰਾਂ ਕੁ ਸਾਲ ਪਹਿਲਾਂ ਫਾਰਮੇਸੀ ਕਰਨ ਤੋਂ ਬਾਅਦ ਮੈਂ ਦਵਾਈਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚਲੀ ਇੱਕ ਦੁਕਾਨ ਉੱਤੇ ਨੌਕਰੀ ਕਰ ਲਈ। ਫਾਰਮੇਸੀ ਕਰਦੇ ਹੋਏ ਦਵਾਈਆਂ ਦੇ ਸਾਲਟ ਬਾਰੇ ਪੜ੍ਹਿਆ ਸੀ, ਉਨ੍ਹਾਂ ਦੇ ਸਾਡੇ ਸਰੀਰ ਉੱਪਰ ਪੈਂਦੇ ਪ੍ਰਭਾਵ ਅਤੇ ਦੁਰਪ੍ਰਭਾਵਾਂ ਬਾਰੇ ਪਤਾ ਲੱਗਾ ਸੀ, ਪਰ ਦੁਕਾਨ ’ਤੇ ਕੰਮ ਕਰਦੇ ਸਮੇਂ ਉਨ੍ਹਾਂ ਸਾਲਟਾਂ ਨੂੰ ਕੰਪਨੀਆਂ ਵੱਲੋਂ ਦਿੱਤੇ ਟਰੇਡ ਨਾਮ ਬਾਰੇ ਪਤਾ ਲੱਗਾ। ਉਸ ਵੇਲੇ ਜੈਨਰਿਕ ਦਵਾਈਆਂ ਦਾ ਬੋਲਬਾਲਾ ਨਹੀਂ ਸੀ। ਪ੍ਰਿੰਟ ਦੇ ਹਿਸਾਬ ਨਾਲ ਮੁਨਾਫ਼ਾ ਵੀ ਕੋਈ 20 ਫ਼ੀਸਦੀ ਬਣਦਾ ਸੀ।
ਫਿਰ ਜੈਨਰਿਕ ਦਵਾਈਆਂ ਆਈਆਂ ਜਿਨ੍ਹਾਂ ਦੀ ਕੀਮਤ, ਖ਼ਰੀਦ ਕੀਮਤ ਨਾਲੋਂ ਕਈ ਗੁਣਾ ਵੱਧ ਮੁਨਾਫ਼ੇ ’ਤੇ ਦਰਜ ਹੁੰਦੀ ਸੀ। ਇਸ ਨਾਲ ਰਿਟੇਲਰਾਂ ਦੀਆਂ ਮੌਜਾਂ ਲੱਗ ਗਈਆਂ। ਮਰੀਜ਼ਾਂ ਤੋਂ ਪ੍ਰਿੰਟਡ ਰੇਟ ਲੈਣਾ ਤੇ ਨਾਲ ਹੀ ਉਨ੍ਹਾਂ ’ਤੇ ਵਧੀਆ ਕੰਪਨੀ ਦਾ ਰੋਅਬ ਮਾਰਨਾ। ਫਿਰ ਕੰਪਨੀਆਂ ਨੇ ਡਾਕਟਰਾਂ ਨਾਲ ਗੰਢ-ਤੁਪ ਕਰਕੇ ਆਪਣੇ ਖ਼ਾਸ ਟਰੇਡ ਨਾਮਾਂ ਵਾਲੀਆਂ ਦਵਾਈਆਂ ਮਾਰਕੀਟ ਵਿੱਚ ਉਤਾਰੀਆਂ। ਇਨ੍ਹਾਂ ਵਿੱਚ ਵੀ ਮੁਨਾਫ਼ਾ ਕਾਫ਼ੀ ਤਕੜਾ ਸੀ। ਦੂਜੇ ਪਾਸੇ ਦੁਕਾਨ ਵਾਲੇ ਗਾਹਕਾਂ ਨੂੰ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਦੇ ਬਦਲ ਵਜੋਂ ਜੈਨਰਿਕ ਦਵਾਈਆਂ ਦਿੰਦੇ ਅਤੇ ਮੁਨਾਫ਼ਾ ਹੋਰ ਵਧਾਉਂਦੇ ਗਏ। ਡਾਕਟਰ ਆ ਕੇ ਨਾਰਾਜ਼ਗੀ ਜ਼ਾਹਿਰ ਕਰਦੇ, ਪਰ ਵੱਧ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਅਸੀਂ ਡਾਕਟਰਾਂ ਦੀ ਇਹ ਮੰਗ ਪੂਰੀ ਨਾ ਕਰਦੇ। ਕਈ ਵਾਰ ਸਰਜੀਕਲ ਆਈਟਮਾਂ ਅਪਰੇਸ਼ਨ ਵੇਲੇ ਠੀਕ ਨਾ ਨਿਕਲਦੀਆਂ, ਸਰਿੰਜ ਲੀਕ ਹੋ ਜਾਂਦੀ ਅਤੇ ਡਾਕਟਰ ਸਾਨੂੰ ਆ ਕੇ ਗੁੱਸੇ ਹੁੰਦੇ, ਪਰ ਦੁਕਾਨ ਦਾ ਮਾਲਕ ਸਾਡੀ ਗੱਲ ਨਾ ਮੰਨਦਾ। ਉਹ ਆਪਣੇ ਖ਼ਰਚੇ ਗਿਣਾ ਕੇ ਸਾਨੂੰ ਚੁੱਪ ਕਰਾਉਣ ਦਾ ਯਤਨ ਕਰਦਾ। ਅਨਪੜ੍ਹ, ਲਾਚਾਰ ਅਤੇ ਗ਼ਰੀਬ ਮਰੀਜ਼ਾਂ ਦੀ ਲੁੱਟ ਕਰਕੇ ਆਪਣੇ ਆਪ ’ਤੇ ਗੁੱਸਾ ਆਉਂਦਾ। ਇਸ ਕਰਕੇ ਛੇਤੀ ਹੀ ਨੌਕਰੀ ਛੱਡ ਕੇ ਆਪਣੀ ਦੁਕਾਨ ਕਰ ਲਈ।
ਦਵਾਈਆਂ ਦੀਆਂ ਕੀਮਤਾਂ ਉੱਪਰ ਕੰਟਰੋਲ ਕਰਨ ਵਾਲੀ ‘ਕੌਮੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ’ ਨੂੰ ਚਾਹੀਦਾ ਹੈ ਕਿ ਜਿਵੇਂ ਦਿਲ ਦੇ ਸਟੈਂਟਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਹਨ, ਇਵੇਂ ਹੀ ਦਵਾਈਆਂ ਦੀਆਂ ਕਿਸਮਾਂ ਦੀਆਂ ਕੀਮਤਾਂ ਨਿਰਧਾਰਤ ਕਰਨ। ਜੈਨਰਿਕ ਅਤੇ ਐਥੀਕਲ ਦਵਾਈਆਂ ਦੀ ਅਲੱਗ ਅਲੱਗ ਪਛਾਣ ਹੋਵੇ। ਆਮ ਆਦਮੀ ਇਨ੍ਹਾਂ ਵਿਚਲਾ ਫਰਕ ਸਮਝ ਸਕੇ। ਦਵਾਈ ਉੱਪਰਲਾ ਲੇਬਲ ਅੰਗਰੇਜ਼ੀ ਭਾਸ਼ਾ ਦੇ ਨਾਲ ਨਾਲ ਖੇਤਰੀ ਭਾਸ਼ਾ ਵਿੱਚ ਹੋਵੇ। ਇੱਕ ਹੀ ਸਾਲਟ ਦੀਆਂ ਦਵਾਈਆਂ ਜੋ ਵੱਖ ਵੱਖ ਕੰਪਨੀਆਂ ਬਣਾਉਂਦੀਆਂ ਹਨ, ਉਨ੍ਹਾਂ ਦੀਆਂ ਕੀਮਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ। ਹਰੇਕ ਕੈਮਿਸਟ ਦੁਕਾਨ ਉੱਪਰ ਰਜਿਸਟਰਡ ਫਾਰਮਾਸਿਸਟ ਮੌਜੂਦ ਹੋਵੇ। ਨਸ਼ੀਲੇ ਸਾਲਟ ਵੇਚਣ ਲਈ ਸਖ਼ਤ ਕਾਨੂੰਨ ਬਣਨ ਅਤੇ ਲਾਗੂ ਹੋਣ। ਸਰਜੀਕਲ ਆਈਟਮਾਂ ਉੱਪਰ ਬਣਨ ਦੀ ਮਿਤੀ ਖ਼ਤਮ ਹੋਣ ਦੀ ਮਿਤੀ ਅਤੇ ਵੇਚਣ ਦੀ ਕੀਮਤ ਲਿਖੀ ਹੋਣੀ ਚਾਹੀਦੀ ਹੈ।
ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਦਵਾਈ ਮਰੀਜ਼ ਨੂੰ ਲਿਖਦੇ ਹਨ, ਉਸ ਨੂੰ ਮਰੀਜ਼ ਦੇ ਖ਼ਰੀਦਣ ਤੋਂ ਬਾਅਦ ਖ਼ੁਦ ਚੈੱਕ ਕਰਨ। ਕੈਮਿਸਟ ਨੂੰ ਚਾਹੀਦਾ ਹੈ ਕਿ ਉਹ ਨਸ਼ੀਲੇ ਅਤੇ ਪਾਬੰਦੀਸ਼ੁਦਾ ਸਾਲਟ ਨਾ ਵੇਚਣ। ਉਨ੍ਹਾਂ ਨੂੰ ਆਪਣੇ ਕੁਝ ਵੱਧ ਮੁਨਾਫ਼ੇ ਲਈ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਅਜਿਹੇ ਕੁਝ ਕਦਮ ਉਠਾ ਕੇ ਜਿੱਥੇ ਦਵਾਈਆਂ ਲੋਕਾਂ ਦੀ ਪਹੁੰਚ ਵਿੱਚ ਹੋਣਗੀਆਂ, ਉੱਥੇ ਕੋਈ ਉਨ੍ਹਾਂ ਦੀ ਲਾਚਾਰੀ ਦਾ ਫਾਇਦਾ ਵੀ ਨਹੀਂ ਉਠਾ ਸਕੇਗਾ।


Comments Off on ਸਟੈਂਟ ਵਾਂਗ ਦਵਾਈਆਂ ਦੀਆਂ ਕੀਮਤਾਂ ਵੀ ਨਿਰਧਾਰਤ ਹੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.