ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਾਂਗਲਾ ਘਾਟੀ ਦਾ ਮਨਮੋਹਕ ਪਿੰਡ

Posted On March - 19 - 2017

ਹਰਜਿੰਦਰ ਅਨੂਪਗੜ੍ਹ
ਸੈਰ ਸਫ਼ਰ
11403cd _vibrant_colors_chitkul_valleys_landscapes_himachalਹਿਮਾਚਲ ਪ੍ਰਦੇਸ਼ ਵਿੱਚ ਪੂਰਾ ਸਾਲ ਸੈਰ ਸਪਾਟਾ ਆਪਣੇ ਜੋਬਨ ਉੱਤੇ ਰਹਿੰਦਾ ਹੈ। ਇੱਥੋਂ ਦਾ ਹਰ ਸੈਲਾਨੀ ਸਥਾਨ ਆਪਣੇ ਆਪ ਵਿੱਚ ਖ਼ੂਬਸੂਰਤੀ ਦੀ ਮਿਸਾਲ ਹੈ। ਇਨ੍ਹਾਂ ਵਿੱਚੋਂ ਕੁਝ ਸਥਾਨ ਅਜਿਹੇ ਹਨ ਜਿਨ੍ਹਾਂ ਨੂੰ ਵਾਰ ਵਾਰ ਦੇਖਣ ਦੀ ਤਮੰਨਾ ਹੁੰਦੀ ਹੈ। ਕਿਨੌਰ ਦੀ ਸਾਂਗਲਾ ਘਾਟੀ ਅਜਿਹੇ ਹੀ ਦਰਸ਼ਨੀ ਥਾਵਾਂ ਵਿੱਚੋਂ ਇੱਕ ਹੈ ਜੋ ਆਪਣੇ ਮਨਮੋਹਕ ਨਜ਼ਾਰਿਆਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਇਸ ਨੂੰ ਬਸਪਾ ਘਾਟੀ ਕਿਹਾ ਜਾਵੇ ਤਾਂ ਵਧੇਰੇ ਉਚਿਤ ਹੋਵੇਗਾ ਕਿਉਂਕਿ ਪੂਰੀ ਘਾਟੀ ਬਸਪਾ ਨਦੀ ਦੇ ਇਰਦ ਗਿਰਦ ਫੈਲੀ ਹੋਈ ਹੈ। ਬਸਪਾ ਨਦੀ ਸਤਲੁਜ ਦੀ ਸਹਾਇਕ ਨਦੀ ਹੈ ਜੋ ਕੜਛਮ ਆ ਕੇ ਸਤਲੁਜ ਦਰਿਆ ਵਿੱਚ ਮਿਲਦੀ ਹੈ। ਆਪਣੀ ਕਿਨੌਰ ਯਾਤਰਾ ਦੌਰਾਨ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਮਾਣਦਾ ਹੋਇਆ ਮੈਂ ਘਾਟੀ ਦੇ ਪ੍ਰਮੁੱਖ ਕੇਂਦਰ ਸਾਂਗਲਾ ਪਹੁੰਚ ਗਿਆ। ਸਾਂਗਲਾ ਵਿਖੇ ਬੋਧੀ ਮੰਦਿਰ, ਬੇਰਿੰਗ ਨਾਗ ਮੰਦਿਰ ਅਤੇ ਕਾਮਰੂ ਪਿੰਡ ਦਾ ਪੁਰਾਤਨ ਕਿਲਾ, ਬਦਰੀਨਾਥ ਮੰਦਿਰ, ਨਰਾਇਣ ਮੰਦਿਰ ਦੇਖਣਯੋਗ ਥਾਵਾਂ ਹਨ। ਅਗਲੇ ਦਿਨ ਮੈਂ ਇਸ ਘਾਟੀ ਦੇ ਸਭ ਤੋਂ ਖ਼ੂਬਸੂਰਤ ਪਿੰਡ ਛਿਤਕੁਲ ਜਾਣ ਦਾ ਪ੍ਰੋਗਰਾਮ ਬਣਾਇਆ। ਦਰਅਸਲ, ਕ੍ਰਿਸਮਿਸ ਵਾਲੇ ਦਿਨ ਹੋਈ ਭਾਰੀ ਬਰਫ਼ਬਾਰੀ ਕਾਰਨ ਸਾਂਗਲਾ ਤੋਂ ਅੱਗੇ ਰਸਤਾ ਬੰਦ ਹੋਣ ਦਾ ਵੀ ਖਦਸ਼ਾ ਸੀ। ਮੈਂ ਮਨ ਹੀ ਮਨ ਫ਼ੈਸਲਾ ਕਰ ਚੁੱਕਾ ਸਾਂ ਕਿ ਚਾਹੇ ਸਾਂਗਲਾ ਤੋਂ 24 ਕਿਲੋਮੀਟਰ ਪੈਦਲ ਹੀ ਕਿਉਂ ਨਾ ਜਾਣਾ ਪਵੇ, ਪਰ ਚੀਨ ਦੀ ਸਰਹੱਦ ਨਾਲ ਲੱਗਦੇ ਭਾਰਤ ਦੇ ਆਖ਼ਰੀ ਪਿੰਡ ਛਿਤਕੁਲ ਤਕ ਜ਼ਰੂਰ ਜਾਵਾਂਗਾ।
ਸਾਂਗਲਾ ਤੋਂ ਕੁਝ ਕਿਲੋਮੀਟਰ ਬਾਅਦ ਹੀ ਘਾਟੀ ਦੇ ਕਠਿਨ ਅਤੇ ਖ਼ਤਰਨਾਕ ਮਾਰਗ ਦੇ ਦਰਸ਼ਨ ਹੋਣ ਲੱਗਦੇ ਹਨ। ਪਹਾੜਾਂ ਨੂੰ ਚੀਰ ਕੇ ਬਣਾਈ ਵਲ਼ਦਾਰ ਸੜਕ ਦੀ ਤਿੱਖੀ ਚੜ੍ਹਾਈ, ਖ਼ਤਰਨਾਕ ਮੋੜ ਅਤੇ ਸੜਕ ਉੱਪਰ ਪਈ ਬਰਫ਼ ਕਾਰਨ ਮੋਟਰ ਸਾਈਕਲ ਚਲਾਉਣਾ ਮੁਸ਼ਕਿਲ ਹੋ ਰਿਹਾ ਸੀ। ਕੁਦਰਤ ਦਾ ਅਸਲੀ ਸੁਹੱਪਣ ਤਾਂ ਸਾਂਗਲਾ ਅਤੇ ਛਿਤਕੁਲ ਦੇ ਵਿਚਕਾਰ ਰਕਛਮ ਨਾਂ ਦੇ ਪਿੰਡ ਤੋਂ ਹੀ ਦਿਸਣ ਲੱਗਦਾ ਹੈ। ਇਸ ਪਿੰਡ ਦਾ ਨਾਂ ਰਕਛਮ ਦੋ ਸ਼ਬਦਾਂ ਰੌਕ (ਚੱਟਾਨ ਜਾਂ ਪੱਥਰ) ਤੇ ਛਮ (ਪੁਲ) ਤੋਂ ਮਿਲ ਕੇ ਬਣਿਆ ਹੈ। ਇਸ ਦਾ ਅਰਥ ਹੈ ਪੱਥਰ ਦਾ ਪੁਲ। ਕਹਿੰਦੇ ਹਨ ਕਿ ਪੁਰਾਤਨ ਸਮਿਆਂ ਵਿੱਚ ਇੱਥੇ ਬਸਪਾ ਨਦੀ ਉੱਪਰ ਪੱਥਰ ਦਾ ਪੁਲ ਬਣਿਆ ਹੋਇਆ ਸੀ ਜਿਸ ਕਾਰਨ ਇਸ ਪਿੰਡ ਦਾ ਨਾਂ ਰਕਛਮ ਪੈ ਗਿਆ। ਰਸਤੇ ਵਿੱਚ ਮਸਤਰੰਗ ਪਿੰਡ ਕੋਲ ਛਿਤਕੁਲ ਤੋਂ ਅੱਠ ਕੁ ਕਿਲੋਮੀਟਰ ਪਹਿਲਾਂ ਆਈਟੀਬੀਪੀ ਦੀ ਚੈੱਕ ਪੋਸਟ ਹੈ। ਇੱਥੇ ਹਰ ਆਉਣ ਜਾਣ ਵਾਲੇ ਨੂੰ ਪੁੱਛ ਪੜਤਾਲ ਮਗਰੋਂ ਹੀ ਅੱਗੇ ਜਾਣ ਦਿੱਤਾ ਜਾਂਦਾ ਹੈ। ਇੱਥੇ ਆਪਣੀ ਸ਼ਨਾਖਤ ਦਰਜ ਕਰਵਾ ਕੇ ਮੈਂ ਅੱਗੇ ਚੱਲ ਪਿਆ ਅਤੇ ਸ਼ਾਮ ਦੇ ਸਾਢੇ ਕੁ ਤਿੰਨ ਵਜੇ ਛਿਤਕੁਲ ਜਾ ਪੁੱਜਿਆ।
ਛਿਤਕੁਲ ਸਮੁੰਦਰੀ ਤਲ ਤੋਂ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਵਸਿਆ ਅਤਿਅੰਤ ਮਨਮੋਹਕ ਪਿੰਡ ਹੈ। ਇਹ ਚੀਨ ਦੀ ਸਰਹੱਦ ਵੱਲ ਲੱਗਦਾ ਭਾਰਤ ਦਾ ਅੰਤਿਮ ਪਿੰਡ ਹੈ। ਸਾਲ ਵਿੱਚ ਛੇ ਮਹੀਨੇ ਇਹ ਪਿੰਡ ਬਰਫ਼ ਨਾਲ ਢਕਿਆ ਰਹਿੰਦਾ ਹੈ। ਪਿੰਡ ਵਿੱਚ ਡਾਕਘਰ, ਆਯੁਰਵੈਦਿਕ ਡਿਸਪੈਂਸਰੀ, ਪਸ਼ੂ ਹਸਪਤਾਲ, ਹਾਈ ਸਕੂਲ ਤੇ ਪੁਲੀਸ ਚੌਕੀ ਜਿਹੀਆਂ ਸਹੂਲਤਾਂ ਦੇ ਨਾਲ ਨਾਲ ਕਾਫ਼ੀ ਹੋਟਲ ਵੀ ਉਪਲੱਬਧ ਹਨ। ਇੱਥੋਂ ਦੀ ਕੁਦਰਤੀ ਸੁੰਦਰਤਾ ਵਾਂਗ ਇੱਥੋਂ ਦੇ ਲੋਕ ਵੀ ਸੁੰਦਰ ਹਨ ਜੋ ਬਹੁਤ ਹੀ ਮਿਲਣਸਾਰ ਤੇ ਸਾਦੇ ਸੁਭਾਅ ਦੇ ਮਾਲਕ ਹਨ। ਸੱਤਰ ਅੱਸੀ ਕੁ ਘਰਾਂ ਵਾਲਾ ਇਹ ਪਿੰਡ ਆਮ ਸੈਲਾਨੀਆਂ ਦੀ ਪਹੁੰਚ ਤੋਂ ਦੂਰ ਹੋਣ ਕਰਕੇ ਹਾਲੇ ਤਕ ਅਣਛੋਹਿਆ ਹੀ ਹੈ। ਇਸ ਪਿੰਡ ਤੋਂ ਅੱਗੇ ਚੀਨ ਦੀ ਸਰਹੱਦ ਸੱਠ ਪੈਂਹਟ ਕਿਲੋਮੀਟਰ ਦੂਰ ਰਹਿ ਜਾਂਦੀ ਹੈ। ਪਿੰਡ ਤੋਂ ਸੱਜੇ ਪਾਸੇ ਕਿੰਨਰ ਕੈਲਾਸ਼ ਪਰਬਤਮਾਲਾ ਦੀਵਾਰ ਵਾਂਗ ਖੜ੍ਹੀ ਹੈ ਅਤੇ ਖੱਬੇ ਪਾਸੇ ਬਸਪਾ ਨਦੀ ਤੋਂ ਪਾਰ ਬਰਫ਼ ਨਾਲ ਢਕੇ ਪਰਬਤ ਹਨ। ਇਨ੍ਹਾਂ ਪਰਬਤਾਂ ਤੋਂ ਪਾਰ ਛਿਤਕੁਲ ਤੋਂ ਕੁਝ ਕਿਲੋਮੀਟਰ ਦੂਰ ਹੀ ਉੱਤਰਾਖੰਡ ਦਾ ਗੰਗੋਤਰੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਛਿਤਕੁਲ ਤੋਂ ਟਰੈਕਿੰਗ ਮਾਰਗ ਰਾਹੀਂ ਉੱਤਰਾਖੰਡ ਪਹੁੰਚਿਆ ਜਾ ਸਕਦਾ ਹੈ।
ਮੈਂ ਆਪਣਾ ਸਾਮਾਨ ਹੋਟਲ ਵਿੱਚ ਸਾਂਭ ਕੇ ਹੇਠਾਂ ਬਸਪਾ ਨਦੀ ਵੱਲ ਚੱਲ ਪਿਆ। ਨਦੀ ਕੰਢੇ ਹੀ ਛਿਤਕੁਲ ਦਾ ਸਰਕਾਰੀ ਹਾਈ ਸਕੂਲ ਹੈ। ਸਕੂਲ ਦਾ ਖੇਡ ਦਾ ਮੈਦਾਨ ਬਰਫ਼ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਬਸਪਾ ਕਿਨਾਰੇ ਛੋਟੇ ਛੋਟੇ ਖੇਤਾਂ ਵਿੱਚ ਵਿਛੀ ਬਰਫ਼ ਦੀ ਚਾਦਰ, ਬਰਫ ਦੀ ਚਾਦਰ ਵਿਚਕਾਰ ਕਲ ਕਲ ਵਹਿੰਦੀ ਨਦੀ ਤੇ ਉੱਪਰ ਨਜ਼ਰ ਮਾਰਿਆਂ ਧੁੱਪ ਵਿੱਚ ਚਮਕਦੇ ਹਿਮ ਸਿਖਰ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਇੱਥੇ ਕੁਝ ਸਮਾਂ ਗੁਜ਼ਾਰਨ ਮਗਰੋਂ ਮੈਂ ਵਾਪਸ ਆ ਗਿਆ। ਠੰਢ ਕਾਰਨ ਸਾਢੇ ਪੰਜ ਵਜੇ ਹੀ ਕਾਫ਼ੀ ਭੁੱਖ ਲੱਗ ਚੁੱਕੀ ਸੀ। ਮੈਂ ਦੇਸ਼ ਦੇ ਆਖ਼ਰੀ ਢਾਬੇ ਉੱਤੇ ਰਾਤ ਦਾ ਖਾਣਾ ਖਾਣ ਦਾ ਫ਼ੈਸਲਾ ਕਰਕੇ ਤਿੱਬਤ ਦੀ ਸਰਹੱਦ ਵਾਲੇ ਰਾਹ ਚੱਲ ਪਿਆ। ਢਾਬੇ ਦੀ ਭਾਲ ਵਿੱਚ ਬਸਪਾ ਕੰਢੇ ਤੁਰਦਾ ਤੁਰਦਾ ਆਈਟੀਬੀਪੀ ਦੀ ਰਾਣੀਕੰਡਾ ਚੈੱਕ ਪੋਸਟ ਦੇ ਬੈਰੀਕੇਡ ਵੀ ਪਾਰ ਕਰ ਗਿਆ ਕਿਉਂਕਿ ਉਸ ਸਮੇਂ ਡਿਊਟੀ ’ਤੇ ਕੋਈ ਵੀ ਤਾਇਨਾਤ ਨਹੀਂ ਸੀ। ਕੋਈ ਇੱਕ ਘੰਟੇ ਤਕ ਇਸ ਤੋਂ ਅੱਗੇ ਚੱਲਣ ਬਾਅਦ ਰਸਤਾ ਬਰਫ਼ ਵਿੱਚ ਗੁਆਚ ਗਿਆ। ਹਰ ਪਾਸੇ ਬਰਫ਼ ਹੀ ਨਜ਼ਰ ਆ ਰਹੀ ਸੀ। ਹੁਣ ਮੈਨੂੰ ਸਮਝ ਆ ਚੁੱਕੀ ਸੀ ਕਿ ਮੈਂ ਪ੍ਰਤੀਬੰਧਤ ਖੇਤਰ ਵਿੱਚ ਹਾਂ ਤੇ ਅੱਗੇ ਕੋਈ ਢਾਬਾ ਨਹੀਂ ਹੈ। ਦਰਅਸਲ, ਛਿਤਕੁਲ ਪਿੰਡ ਵਿੱਚ ਦਾਖ਼ਲ ਹੁੰਦਿਆਂ ਹੀ ਸੜਕ ਕਿਨਾਰੇ ਢਾਬੇ ਦਾ ਸਿਰਫ਼ ਬੋਰਡ ਹੀ ਲੱਗਾ ਹੋਇਆ ਹੈ, ਢਾਬਾ ਤਾਂ ਕਦੋਂ ਦਾ ਬੰਦ ਹੋ ਚੁੱਕਾ ਹੈ। ਹੁਣ ਢਾਬੇ ਬਾਰੇ ਭੁੱਲ ਕੇ ਕਮਰੇ ਵਿੱਚ ਪਹੁੰਚਣ ਦਾ ਫ਼ਿਕਰ ਸਤਾਉਣ ਲੱਗਾ। ਸੋਚ ਰਿਹਾ ਸੀ ਕਿ ਸੀਮਾ ਬਲਾਂ ਦੇ ਹੱਥ ਆ ਗਿਆ ਤਾਂ ਪਤਾ ਨਹੀਂ ਕੀ ਵਾਪਰੇਗਾ। ਡਰਾਵਣੀ ਚੁੱਪ ਅਤੇ ਕਾਲ਼ੀ ਹਨੇਰੀ ਰਾਤ ਵਿੱਚ ਕੀਟਾਂ ਦੀਆਂ ਆਵਾਜ਼ਾਂ ਵੀ ਡਰਾਵਣੀਆਂ ਲੱਗ ਰਹੀਆਂ ਸਨ। ਅਖੀਰ ਰਾਤ ਦੇ ਸਾਢੇ ਦਸ ਵਜੇ ਮੈਂ ਵਾਪਸ ਹੋਟਲ ਵਿੱਚ ਪਹੁੰਚਿਆ ਤਾਂ ਰਸੋਈ ਬੰਦ ਹੋ ਚੁੱਕੀ ਸੀ। ਸੋ ਆਪਣੇ ਨਾਲ ਲਿਆਂਦੇ ਭੁੱਜੇ ਹੋਏ ਛੋਲੇ ਤੇ ਬਿਸਕੁਟ ਖਾ ਕੇ ਹੀ ਗੁਜ਼ਾਰਾ ਕਰਨਾ ਪਿਆ। ਮਨਫ਼ੀ ਛੇ-ਸੱਤ ਡਿਗਰੀ ਸੈਲਸੀਅਸ ਤਾਪਮਾਨ ਵਾਲੀ ਰਾਤ ਵਿੱਚ ਬਸਪਾ ਨਦੀ ਦਾ ਸ਼ੋਰ ਸਾਫ਼ ਸੁਣਾਈ ਦੇ ਰਿਹਾ ਸੀ। ਥਕਾਵਟ ਕਾਰਨ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅੱਖ ਲੱਗ ਗਈ।
ਅਗਲੀ ਸਵੇਰ ਮੈਂ ਛਿਤਕੁਲ ਪਿੰਡ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਕੰਮਾਂ ਧੰਦਿਆਂ, ਕਠਿਨ ਜੀਵਨ ਹਾਲਤਾਂ, ਰਸਮਾਂ ਰਿਵਾਜਾਂ ਤੇ ਤਿਉਹਾਰਾਂ ਦੀ ਜਾਣਕਾਰੀ ਲੈਣ ਅਤੇ ਪਿੰਡ ਵਿਚਲੇ ਨਿੱਕੇ ਨਿੱਕੇ ਮਕਾਨਾਂ ਅਤੇ ਖ਼ੂਬਸੂਰਤ ਮੰਦਿਰਾਂ ਨੂੰ ਦੇਖਣ ਲਈ ਮੇਰੇ ਕਦਮ ਆਪਮੁਹਾਰੇ ਪਿੰਡ ਦੀਆਂ ਤੰਗ ਗਲੀਆਂ ’ਤੇ ਚੱਲ ਪਏ। ਪਿੰਡ ਵਿੱਚ ਹਾਲੇ ਚੁੱਪ ਪਸਰੀ ਹੋਈ ਸੀ। ਕੋਈ ਟਾਵਾਂ ਬੰਦਾ ਹੀ ਘਰ ਤੋਂ ਬਾਹਰ ਦਿਖਾਈ ਦੇ ਰਿਹਾ ਸੀ। ਪਿੰਡ ਦੇ ਥੋੜ੍ਹਾ ਅੰਦਰ ਜਾ ਕੇ ਤੰਗ ਜਿਹੀ ਗਲੀ ਵਿੱਚ ਪ੍ਰਾਇਮਰੀ ਸਕੂਲ ਦੀ ਛੋਟੀ ਜਿਹੀ ਇਮਾਰਤ ਹੈ ਜਿਸ ਦੀਆਂ ਛੱਤਾਂ ਤੇ ਵਿਹੜਾ ਬਰਫ਼ ਨਾਲ ਭਰਿਆ ਹੋਇਆ ਸੀ। ਸਕੂਲ ਤੋਂ ਅੱਗੇ ਜਾ ਕੇ ਪਿੰਡ ਦਾ ਮੁੱਖ ਮੰਦਿਰ ਹੈ ਜੋ 500 ਸਾਲ ਪੁਰਾਣਾ ਹੈ। ਇਸ ਮੰਦਿਰ ਦਾ ਨਿਰਮਾਣ ਪੰਜ ਸਦੀਆਂ ਪਹਿਲਾਂ ਕਿਸੇ ਗੜ੍ਹਵਾਲ ਨਿਵਾਸੀ ਨੇ ਕਰਵਾਇਆ ਸੀ। ਮੰਦਿਰ ਦੀ ਇਮਾਰਤ ਲੱਕੜ ਨਾਲ ਬਣੀ ਹੋਈ ਹੈ। ਇਹ ਮੰਦਿਰ ਇੰਡੋ-ਤਿੱਬਤੀਅਨ ਭਵਨ ਕਲਾ ਦਾ ਸੁਮੇਲ ਹੈ। ਸਥਾਨਕ ਲੋਕ ਇਸ ਨੂੰ ਮਾਤਾ ਦੇਵੀ (ਦੇਵੀ ਮਾਥੀ) ਦਾ ਮੰਦਿਰ ਕਹਿੰਦੇ ਹਨ। ਮੰਦਿਰ ਦੇ ਮੁੱਖ ਦਰਵਾਜ਼ੇ ਉੱਪਰ ਲੱਕੜ ’ਤੇ ਕੀਤੀ ਮਹੀਨ ਕਲਾਕਾਰੀ ਦੇਖਣ ਵਾਲੀ ਹੈ। ਇਸ ਦੇ ਪਿਛਲੇ ਪਾਸੇ ਉੱਚੀ ਥਾਂ ’ਤੇ ਇੱਕ ਪੁਰਾਣੀ ਉੱਚੀ ਇਮਾਰਤ ਕਿਸੇ ਪੁਰਾਣੇ ਬੋਧੀ ਮੱਠ ਵਾਂਗ ਜਾਪਦੀ ਹੈ। ਲੋਕਾਂ ਨੇ ਦੱਸਿਆ ਕਿ ਇਹ ਪੁਰਾਤਨ ਕਿਲਾ ਹੈ ਜਿਸ ਦੇ ਇਤਿਹਾਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਇਸ ਤੋਂ ਅੱਗੇ ਜਾ ਕੇ ਦੇਵੀ ਮਾਥੀ ਦਾ ਇੱਕ ਛੋਟਾ ਜਿਹਾ ਮੰਦਿਰ ਹੋਰ ਹੈ। ਅੱਗੇ ਪਿੰਡ ਦੇ ਬਾਹਰਵਾਰ ਇੱਕ ਛੋਟਾ ਜਿਹਾ ਬੋਧੀ ਮੰਦਿਰ ਵੀ ਹੈ। ਤਿੰਨੋਂ ਮੰਦਿਰ ਸਰਦੀਆਂ ਵਿੱਚ ਬੰਦ ਹੋ ਜਾਂਦੇ ਹਨ ਅਤੇ ਅਪਰੈਲ ਵਿੱਚ ਦੁਬਾਰਾ ਖੋਲ੍ਹੇ ਜਾਂਦੇ ਹਨ।
ਇਸ ਪਿੰਡ ਦੇ ਸਾਰੇ ਘਰ ਲੱਕੜੀ ਦੇ ਬਣੇ ਹੋਏ ਹਨ ਅਤੇ ਘਰਾਂ ਦੀਆਂ ਸ਼ੰਕੂ ਆਕਾਰੀ ਛੱਤਾਂ ਪੱਥਰ ਦੀਆਂ ਸਲੈਬਾਂ ਜਾਂ ਟੀਨ ਤੋਂ ਬਣੀਆਂ ਹੋਈਆਂ ਹਨ। ਘਰਾਂ ਨੂੰ ਲੱਗੇ ਵਰ੍ਹਿਆਂ ਪੁਰਾਣੇ ਵੱਡੇ ਵੱਡੇ ਤਾਲੇ ਦੇਖ ਕੇ ਕੋਈ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ। ਹਰ ਪਰਿਵਾਰ ਆਪਣੇ ਕੋਲ ਲੱਕੜਾਂ ਦਾ ਵੱਡਾ ਭੰਡਾਰ ਜਮ੍ਹਾਂ ਕਰ ਕੇ ਰੱਖਦਾ ਹੈ। ਸਰਦੀਆਂ ਵਿੱਚ ਛੇ ਮਹੀਨੇ ਲੱਕੜ ਬਾਲ਼ ਕੇ ਹੀ ਠੰਢ ਨਾਲ ਜੰਮ ਚੁੱਕੇ ਸਰੀਰਾਂ ਅੰਦਰ ਜਾਨ ਪਾਈ ਜਾਂਦੀ ਹੈ। ਛਿਤਕੁਲ ਦੀ ਫਿਜ਼ਾ ਵਿੱਚੋਂ ਅਸਲੀ ਕਿਨੌਰੀ ਪਿੰਡ ਦੇ ਦਰਸ਼ਨ ਹੁੰਦੇ ਹਨ। ਇੱਥੇ ਆ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਆਧੁਨਿਕਤਾ ਦੀ ਚਕਾਚੌਂਧ ਤੋਂ ਕੋਹਾਂ ਦੂਰ ਪੁਰਾਤਨ ਯੁੱਗ ਵਿੱਚ ਦਾਖ਼ਲ ਹੋ ਗਏ ਹੋਈਏ। ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਤੇ ਪਸ਼ੂ ਪਾਲਣਾ ਹੈ। ਮਟਰ, ਫਾਫਰਾ (ਸਥਾਨਕ ਫ਼ਸਲ ਜਿਸ ਤੋਂ ਆਟਾ ਬਣਦਾ ਹੈ) ਤੇ ਆਲੂ ਇੱਥੋਂ ਦੀਆਂ ਪ੍ਰਮੁੱਖ ਫ਼ਸਲਾਂ ਹਨ। ਥੋੜ੍ਹੀ ਬਹੁਤੀ ਸਰ੍ਹੋਂ ਤੇ ਜੌਂ ਵੀ ਹੁੰਦੇ ਹਨ। ਬਹੁਤ ਜ਼ਿਆਦਾ ਠੰਢ ਪੈਣ ਕਾਰਨ ਇੱਥੇ ਸੇਬ ਨਹੀਂ ਹੁੰਦੇ। ਇੱਥੋਂ ਦੇ ਜੈਵਿਕ ਢੰਗ ਨਾਲ ਉਗਾਏ ਆਲੂ ਦੂਰ ਦੂਰ ਤਕ ਪ੍ਰਸਿੱਧ ਹਨ ਜੋ ਬਾਹਰ ਕਾਫ਼ੀ ਮਹਿੰਗੇ ਵਿਕਦੇ ਹਨ। ਇੱਥੇ ਮੁੱਖ ਤੌਰ ’ਤੇ ਭੇਡਾਂ, ਬੱਕਰੀਆਂ ਤੇ ਗਾਵਾਂ ਹੀ ਪਾਲੀਆਂ ਜਾਂਦੀਆਂ ਹਨ। ਮੀਟ ਅਤੇ ਆਂਡਿਆਂ ਲਈ ਹਰ ਘਰ ਮੁਰਗੇ ਮੁਰਗੀਆਂ ਰੱਖੇ ਹੋਏ ਹਨ। ਇਹ ਲੋਕ ਅਕਤੂਬਰ-ਨਵੰਬਰ ਵਿੱਚ ਪਹਾੜਾਂ ਤੋਂ ਘਾਹ ਫੂਸ ਖੋਤ ਕੇ ਘਰਾਂ ਵਿੱਚ ਸੰਭਾਲ ਲੈਂਦੇ ਹਨ ਜਾਂ ਇਕੱਠਾ ਕਰ ਕੇ ਰੁੱਖਾਂ ਦੀਆਂ ਟਾਹਣੀਆਂ ਉੱਪਰ ਟੰਗ ਦਿੰਦੇ ਹਨ। ਸਰਦੀ ਵਿੱਚ ਹਰ ਸ਼ੈਅ ਬਰਫ਼ ਹੇਠਾਂ ਦੱਬ ਜਾਂਦੀ ਹੈ ਤਾਂ ਪੰਜ ਛੇ ਮਹੀਨੇ ਇਹ ਸੁੱਕਾ ਘਾਹ ਫੂਸ ਹੀ ਪਸ਼ੂਆਂ ਦੀ ਖੁਰਾਕ ਬਣਦਾ ਹੈ। ਪਸ਼ੂਆਂ ਦੁਆਰਾ ਖਾਣ ਮਗਰੋਂ ਵਾਧੂ ਦੇ ਬੇਕਾਰ ਘਾਹ ਨੂੰ ਗੋਹੇ ਵਿੱਚ ਰਲਾ ਕੇ ਉਸ ਦੀ ਜੈਵਿਕ ਖਾਦ ਤਿਆਰ ਕਰ ਲਈ ਜਾਂਦੀ ਹੈ। ਫ਼ਸਲ ਬੀਜਣ ਤੋਂ ਪਹਿਲਾਂ ਉਸ ਖਾਦ ਨੂੰ ਜ਼ਮੀਨ ਵਿੱਚ ਪਾਇਆ ਜਾਂਦਾ ਹੈ। ਇਸ ਪਿੰਡ ਦੇ ਲੋਕ ਅੱਜ ਵੀ ਬਲਦਾਂ ਨਾਲ ਹੀ ਖੇਤੀ ਕਰਦੇ ਹਨ। ਫ਼ਸਲਾਂ ਸਿੰਜਣ ਲਈ ਕੁਦਰਤੀ ਨਾਲਿਆਂ ਅਤੇ ਝਰਨਿਆਂ ਦੇ ਪਾਣੀ ਨੂੰ ਵਰਤਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਬਰਫ਼ ਦੇ ਦਿਨਾਂ ਵਿੱਚ ਅਨਾਜ ਨੂੰ ਸਿੱਲ੍ਹ ਤੋਂ ਬਚਾਉਣ ਲਈ ਹਰ ਘਰ ਵਿੱਚ ਲੱਕੜ ਦਾ ਇੱਕ ਖ਼ਾਸ ਕਮਰਾ ਹੁੰਦਾ ਹੈ ਜਿਸ ਨੂੰ ਸਥਾਨਕ ਭਾਸ਼ਾ ਵਿੱਚ ‘ਉਰਛਾ’ ਕਹਿੰਦੇ ਹਨ। ਸਰਦੀ ਵਿੱਚ ਔਰਤਾਂ ਘਰ ਅੰਦਰ ਬੈਠ ਕੇ ਸ਼ਾਲ, ਪੱਟੂ, ਸਵੈਟਰ, ਟੋਪੀਆਂ, ਡੋਹਰੀਆ, ਗੁਦਮਾ ਆਦਿ ਬੁਣਨ ਦਾ ਕੰਮ ਕਰਦੀਆਂ ਹਨ। ਸ਼ਾਲ ਬੁਣਨ ਵਿੱਚ ਤਾਂ ਉਨ੍ਹਾਂ ਦਾ ਕੋਈ ਸਾਨੀ ਹੀ ਨਹੀਂ। ਉੱਚ ਵਿੱਦਿਆ ਹਾਸਲ ਕਰਨ ਲਈ ਪਿੰਡ ਦੇ ਮੁੰਡੇ ਕੁੜੀਆਂ ਸ਼ਿਮਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਨ। ਪਿੰਡ ਦੇ ਹਰ ਪਰਿਵਾਰ ਦਾ ਘੱਟੋ ਘੱਟ ਇੱਕ ਜੀਅ ਨੌਕਰੀ ਕਰਦਾ ਹੈ। ਜ਼ਿਆਦਾ ਲੋਕ ਫ਼ੌਜ ਅਤੇ ਆਈਟੀਬੀਪੀ ’ਚ ਨੌਕਰੀ ਕਰਦੇ ਹਨ।
11403cd _harjinder anoopgarhਇਨ੍ਹਾਂ ਲੋਕਾਂ ਦੇ ਪੁਰਖੇ ਸਦੀਆਂ ਪਹਿਲਾਂ ਚੀਨ ਦੇ ਮਾਣਾ, ਨੀਲੀਂਗ ਆਦਿ ਪਿੰਡਾਂ ਵਿੱਚੋਂ ਆ ਕੇ ਹੀ ਇੱਥੇ ਰਹਿਣ ਲੱਗੇ ਸਨ। ਆਪਣੇ ਜੱਦੀ ਪਿੰਡਾਂ ਨੂੰ ਦੇਖਣ ਲਈ ਉਨ੍ਹਾਂ ਦਾ ਦਿਲ ਵੀ ਬਹੁਤ ਤੜਪਦਾ ਹੈ। ਬਰਗਰ ਪੀਜ਼ਿਆਂ ਦੀ ਬਜਾਏ ਘਰਾਟਾਂ ਦੇ ਪੀਸੇ ਆਟੇ ਦੀ ਰੋਟੀ ਤੇ ਜੈਵਿਕ ਸਬਜ਼ੀਆਂ ਖਾਣ ਵਾਲੇ ਇਹ ਲੋਕ ਵਾਕਈ ਕੁਦਰਤ ਦੇ ਸੱਚੇ ਮਿੱਤਰ ਜਾਪਦੇ ਹਨ। ਲੋਕਾਂ ਦਾ ਖੁੱਲ੍ਹਾ ਸੁਭਾਅ ਬਾਹਰੋਂ ਗਏ ਵਿਅਕਤੀ ਨੂੰ ਇੱਕ ਪਲ ਲਈ ਵੀ ਇਕੱਲੇਪਣ ਦਾ ਅਹਿਸਾਸ ਨਹੀਂ ਹੋਣ ਦਿੰਦਾ। ਪੂਰੇ ਪਿੰਡ ਦੀ ਸੈਰ ਕਰਨ ਮਗਰੋਂ ਮੈਂ ਪਿੰਡ ਦੇ ਬਾਹਰਲੇ ਪਾਸੇ ਭਾਰਤ ਦੇ ਆਖ਼ਰੀ ਢਾਬੇ ਦੇ ਬੋਰਡ ਕੋਲ ਪਹੁੰਚ ਗਿਆ। ਵਕਤ ਕਾਫ਼ੀ ਹੋ ਚੱਲਿਆ ਸੀ। ਮੈਂ ਕਮਰੇ ਵਿੱਚ ਵਾਪਸ ਜਾ ਕੇ ਅਗਲੇ ਸਫ਼ਰ ਲਈ ਤਿਆਰ ਹੋ ਗਿਆ।
ਸੰਪਰਕ: 95018-62600


Comments Off on ਸਾਂਗਲਾ ਘਾਟੀ ਦਾ ਮਨਮੋਹਕ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.