ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

Posted On March - 20 - 2017

18 march 3ਕੌਫ਼ੀ ਤੇ ਗੱਪ-ਸ਼ੱਪ

ਹਰੀਸ਼ ਖਰੇ

ਮੈਂ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਮਝਾਉਣ ਵਾਲ਼ਾ ਹੋਵੇ ਕਿ ਜਨਤਕ ਅਹੁਦੇ ’ਤੇ ਸੁਸ਼ੋਭਿਤ ਵਿਅਕਤੀ ਤੋਂ ਇੱਕ ਖ਼ਾਸ ਕਿਸਮ ਦੀ ਸੰਜੀਦਗੀ ਅਤੇ ਨਿਸ਼ਠਾ ਦੀ ਤਵੱਕੋ ਕੀਤੀ ਜਾਂਦੀ ਹੈ। ਸੂਬਾ ਸਰਕਾਰ ਦਾ ਮੰਤਰੀ ਕੁਲਵਕਤੀ ਲੋਕ ਸੇਵਕ ਹੋਇਆ ਕਰਦਾ ਹੈ, ਜੁਜ਼ਵਕਤੀ ਕਾਮੇਡੀਅਨ ਨਹੀਂ ਅਤੇ ਨਾ ਹੀ ਜੁਜ਼ਵਕਤੀ ਮੰਤਰੀ। ਮਸਖ਼ਰਾਪਣ ਅਤੇ ਮੰਤਰੀ ਦਾ ਅਹੁਦਾ ਇਕੱਠੇ ਨਹੀਂ ਚੱਲ ਸਕਦੇ।
ਮੰਨਿਆ ਕਿ ਸ੍ਰੀ ਸਿੱਧੂ ਆਪਣੇ ਸਥਾਪਤ ਮਨੋਰੰਜਕੀ ਅਕਸ ਕਰ ਕੇ ਕਈ ਵਾਰ ਲੋਕ ਸਭਾ ਮੈਂਬਰ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਹਨ; ਉਨ੍ਹਾਂ ਦੀ ਸ਼ਖ਼ਸੀਅਤ ਵੀ  ਜੁੱਰਅਤਮੰਦਾਨਾ ਹੈ ਅਤੇ ਸਿਆਸੀ ਪਿੜ ਵਿੱਚ ਹੁਣ ਤਾਈਂ ਉਹ ਆਪਣੀਆਂ ਸ਼ਰਤਾਂ ਨਾਲ਼ ਨਿਭਦੇ ਆਏ ਹਨ। ਪਰ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਸਿਰ ਕਿਸੇ ਵਜ਼ਾਰਤੀ ਵਿਭਾਗ ਨੂੰ ਚਲਾਉਣ ਦੀ ਜ਼ਿੰਮੇਵਾਰੀ ਪਈ ਹੈ। ਸੋ, ਉਨ੍ਹਾਂ ਨੂੰ ਇਸ ਨਵੀਂ ਤਰ੍ਹਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ।
ਉਮੀਦ ਹੈ ਉਹ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਮੰਤਰੀ ਮੰਡਲ ਵਿੱਚ ਮਨੋਰੰਜਨਕਾਰਾਂ ਲਈ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਨੇ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਜਾਂ ‘ਨਰਮ ਜਿਹਾ ਮੰਤਰਾਲਾ’ ਦਿੱਤੇ ਜਾਣ ੳੱੁਤੇ ਕਿਸੇ ਕਿਸਮ ਦੀ ਨਿਰਾਸ਼ਾ ਹੋਣ ਤੋਂ ਜਨਤਕ ਤੌਰ ’ਤੇ ਇਨਕਾਰ ਕਰ ਕੇ ਬਹੁਤ ਵਧੀ20 june eਆ ਗੱਲ ਕੀਤੀ ਹੈ।
ਨਵੀਂ ਸਰਕਾਰ ਨੂੰ ਦਿਨ ਬਦਿਨ ਡੂੰਘੇ ਹੋ ਰਹੇ ਪ੍ਰਸ਼ਾਸਨਿਕ ਸੰਕਟ ਨਾਲ ਨਿਪਟਣ ਦੀ ਵੰਗਾਰ ਦਰਪੇਸ਼ ਹੋਵੇਗੀ। ਇਸ ਲਈ ਨਵੇਂ ਸਿਰਿਉਂ ਸੰਜੀਦਗੀ ਅਤੇ ਲਗਨ ਦੀ ਲੋੜ ਪਵੇਗੀ। ਨਵੀਂ ਸਰਕਾਰ ਚਲਾਉਣ ਲਈ ਮੁੱਖ ਮੰਤਰੀ ਅਤੇ ਉਸ ਦੇ ਸਾਥੀਆਂ ਦਰਮਿਆਨ ਸਦਭਾਵਨਾ ਦੀ ਕੋਈ ਘਾਟ ਨਹੀਂ ਪਰ ਨਾਲ ਹੀ ਇਹ ਵੀ ਖ਼ਿਆਲ ਰੱਖਣਾ ਹੋਵੇਗਾ ਕਿ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਆਮ ਆਦਮੀ ਪਾਰਟੀ (ਆਪ) ਵਾਲਿਆਂ ਦੀ ਹਮੇਸ਼ਾਂ ਬਾਜ਼ ਅੱਖ ਰਹੇਗੀ। ‘ਆਪ’ ਨੇ ਜਨਤਕ ਚੇਤਨਾ ਉਭਾਰ ਕੇ, ਅਤੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਚਾਕ-ਚੌਬੰਦ ਰੱਖਣ ਅਤੇ ਇਨਸਾਫ਼ ਵਰਤਾਉਣ ਦੇ ਪਾਬੰਦ ਬਣਾਉਣ ਦੀ ਹੱਲਾਸ਼ੇਰੀ ਦੇ ਕੇ ਪੰਜਾਬ ਉੱਤੇ ਬੜਾ ਉਪਕਾਰ ਕੀਤਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਇਮਾਨਦਾਰ ਅਤੇ ਸੱਚੇ-ਸੁੱਚੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਇਸ ਗ਼ਿਲੇ ਨੂੰ ਲੈ ਕੇ ਉਨ੍ਹਾਂ ਦੇ ਦੁਆਲ਼ੇ ਹੋ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਕੰਮ ਨਹੀਂ ਕੀਤੇ ਜਾਂਦੇ। ਵਿਧਾਇਕ ਖ਼ਫ਼ਾ ਹਨ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਅਫ਼ਸਰ ਨਜ਼ਰਅੰਦਾਜ਼ ਕਰਦੇ ਹਨ। ਅਤੇ ਨਾਲ ਹੀ ਇਹ ਨਿਹੋਰਾ ਵੀ ਦਿੰਦੇ ਹਨ ਕਿ ਮੁੱਖ ਮੰਤਰੀ ‘‘ਅਫ਼ਸਰਸ਼ਾਹੀ ਦੀ ਕੈਦ ਵਿੱਚ ਜਕੜੇ ਹੋਏ” ਹਨ।
ਪੰਜਾਬ ਦੇ ਮੁੱਖ ਮੰਤਰੀ, ਫਿਲਹਾਲ, ਨਵੇਂ ਹਨ। ਪਰ ਛੇਤੀ ਹੀ ਉਨ੍ਹਾਂ ਨੂੰ ਵੀ ਵਿਧਾਇਕਾਂ ਦੀ ਬੇਚੈਨੀ ਵਰਗੇ ਮਸਲੇ ਨਾਲ ਦੋ ਚਾਰ ਹੋਣਾ ਪਵੇਗਾ। ਕਾਂਗਰਸ, ਉਂਜ ਵੀ, ਭਾਰਤੀ ਜਨਤਾ ਪਾਰਟੀ ਵਰਗੀ ਬਾਜ਼ਬਤ ਪਾਰਟੀ ਨਹੀਂ। ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕਾਰਜ-ਸ਼ੈਲੀ ਨੂੰ    ਗ਼ਲਤ ਰੰਗ ਵਿੱਚ ਹੀ ਪੇਸ਼ ਕਰਨ ਦਾ ਤਾਂ ਰਿਵਾਜ ਹੀ ਹੈ। ਕਾਂਗਰਸ ਆਲ੍ਹਾ ਕਮਾਨ ਦੀ ਤਹਿਜ਼ੀਬ ਵੀ ਮੁੱਖ ਮੰਤਰੀ ਜਾਂ ਸੂਬਾਈ ਪਾਰਟੀ ਪ੍ਰਧਾਨ ਖ਼ਿਲਾਫ਼ ਸ਼ਿਕਾਇਤਕਾਰੀ ਅਤੇ ਖਿੱਝਣ-ਕ੍ਰਿਝਣ ਵਾਲੀ ਰਹੀ ਹੈ।
ਮੁੱਖ ਮੰਤਰੀ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਨੂੰ ਵਿਧਾਇਕਾਂ ਨੂੰ ਇਕੱਠਿਆਂ ਰੱਖਣ ਲਈ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਹਰ ਵਿਧਾਇਕ ਨੂੰ ਤਾਂ ਮੰਤਰੀ ਬਣਾਇਆ ਨਹੀਂ ਜਾ ਸਕਦਾ। ਕਾਨੂੰਨ ਅਤੇ ਸਰਕਾਰ ਮੰਤਰੀ ਮੰਡਲ ਛੋਟਾ ਰੱਖਣ ’ਤੇ ਜ਼ੋਰ ਦਿੰਦੇ ਹਨ। ਸੋ ਇਹੋ ਜਿਹੀ ਸਥਿਤੀ ਵਿੱਚ ਅਕਸਰ ਦੇਖਿਆ ਗਿਆ ਹੈ ਕਿ ਮੰਤਰੀ ਦੇ ਅਹੁਦੇ ਤੋਂ ਵਿਰਵੇ ਰਹਿ ਗਏ ਵਿਧਾਇਕਾਂ ਨੂੰ ਜਨਤਕ ਖੇਤਰੀ ਅਦਾਰਿਆਂ ਵਿੱਚ ਅਹੁਦੇ ਦੇ ਕੇ ਰਾਜ ਮੰਤਰੀ ਦਾ ਰੁਤਬਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਤਰੀਕੇ ਦਾ ਵੀ ਹੁਣ ਭਰਵਾਂ ਵਿਰੋਧ ਸ਼ੁਰੂ ਹੋ ਚੁੱਕਾ ਹੈ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਵਿਧਾਇਕ ਵੀ ਆਖ਼ਰ ਜਨਤਾ ਦੇ ਨੁਮਾਇੰਦੇ ਹੁੰਦੇ ਹਨ। ਆਪਣੇ ਚੋਣ ਹਲਕੇ ਵਿੱਚ ਵਿਕਾਸ ਪ੍ਰਾਜੈਕਟਾਂ ਅਤੇ ਸਹੂਲਤਾਂ ਦਾ ਮੁਤਾਲਬਾ ਕਰਨਾ ਜਾਂ ਇਸ ਲਈ ਸੰਘਰਸ਼ ਕਰਨਾ ਕਿਸੇ ਵਿਧਾਇਕ ਲਈ ਬਿਲਕੁਲ ਜਾਇਜ਼ ਵੀ ਹੈ। ਪ੍ਰਸ਼ਾਸਨ ਦੀ ਸੁਸਤ-ਰਫ਼ਤਾਰੀ ਅਤੇ ਬੇਰੁਖ਼ੀ ਲਈ ਸਮਰਥਕ ਲੋਕ ਆਪਣੇ ਵਿਧਾਇਕ ਦੀ ਦਖ਼ਲਅੰਦਾਜ਼ੀ ਹੀ ਤਾਂ ਭਾਲਦੇ ਹਨ। ਖ਼ਾਸ ਤੌਰ ’ਤੇ ਪੁਲੀਸ ਅਤੇ ਮਾਲ ਮਹਿਕਮੇ ਦੇ ਛੋਟੇ ਮੁਲਾਜ਼ਮਾਂ ਨੂੰ ਤਾਂ ਥੱਲੇ ਲਾ ਹੀ ਲਿਆ ਜਾਂਦਾ ਹੈ। ਖੱਜਲ ਖ਼ੁਆਰ ਹੋਏ ਲੋਕ ਮਾੜਾ ਮੋਟਾ ਇਨਸਾਫ਼ ਹਾਸਲ ਕਰਨ ਲਈ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੇ ਹੀ ਟੇਕ ਰੱਖਦੇ ਹਨ।
ਇੱਕ ਚੰਗੇ ਮੁੱਖ ਮੰਤਰੀ ਦਾ ਫ਼ਰਜ਼ ਆਪਣੀ ਅਫ਼ਸਰਸ਼ਾਹੀ ਨੂੰ ਲੋਕਾਂ ਦੀ ਬਦਖੋਈ ਤੋਂ ਬਚਾਉਣਾ ਹੈ। ਪਰ ਲੋਕਾਂ ਦੇ ਦੁੱਖ ਦਰਦ ਅਤੇ ਤਕਲੀਫ਼ਾਂ ਨੂੰ ਦੂਰ ਕਰਨਾ ਵੀ ਉਸ ਦੀ ਜ਼ਿੰਮੇਵਾਰੀ ਹੈ। ਹਰ ਮੁੱਖ ਮੰਤਰੀ ਨੂੰ ਸਿਆਸੀ ਅਤੇ ਸਰਕਾਰੀ ਕਾਰਜਕਰਦਗੀ ਵਿੱਚ ਇੱਕਸੁਰਤਾ ਲਿਆਉਣ ਲਈ ਪ੍ਰੋਟੋਕੋਲ ਤਿਆਰ ਕਰਨਾ ਪੈੱਦਾ ਹੈ।
ਮੁੱਖ ਮੰਤਰੀ ਨੂੰ ਦੇਖਣਾ ਚਾਹੀਦਾ ਹੈ ਕਿ ਕਿਸੇ ਵੀ ਮੰਤਰੀ ਨੂੰ ਇਹ ਭੁਲੇਖਾ ਨਾ ਰਹੇ ਕਿ ਮੰਤਰੀ ਬਣ ਕੇ ਉਸ ਨੂੰ ਆਪਣੀ ਸੱਤਾ ਦੀ ਦੁਰਵਰਤੋਂ ਕਰਨ ਦਾ ਲਾਇਸੈਂਸ ਮਿਲ ਗਿਆ ਹੈ। ਅਤੇ, ਨਾ ਹੀ ਕਿਸੇ ਮੰਤਰੀ ਨੂੰ ਇਹ ਮੁਗ਼ਾਲਤਾ ਰਹੇ ਕਿ ਆਲ੍ਹਾ ਕਮਾਨ ਦੇ ਕਰੀਬ ਹੋਣ ਕਰ ਕੇ ਉਹ ਕੁੱਝ ਖ਼ਾਸ ਹੋ ਗਿਆ ਹੈ। ਆਲ੍ਹਾ ਕਮਾਨ ਨੂੰ ਵੀ ਕਿਸੇ ਭ੍ਰਿਸ਼ਟ ਅਤੇ ਨਾਅਹਿਲ ਮੰਤਰੀ ਨੂੰ ਸ਼ਹਿ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਅੰਨਾ ਹਜ਼ਾਰੇ ਤੋਂ ਬਾਅਦ ਵਾਲੀ ਸਿਆਸਤ ਤੋਂ ਤਾਂ ਘੱਟੋ-ਘੱਟ ਇਹੋ ਸਬਕ ਮਿਲਦਾ ਹੈ। ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੰਤਰੀ ਲੋਕ ਆਪਣੀਆਂ ਜ਼ਿੰਮੇਵਾਰੀਆਂ ਲੋਕ ਸੇਵਾ ਦੇ ਜਜ਼ਬੇ ਨਾਲ ਨਿਭਾਉਣ। ਮੁੱਖ ਮੰਤਰੀ ਨੂੰ ਆਪਣੇ ਪ੍ਰਸ਼ਾਸਨ ਨੂੰ ਇਖ਼ਲਾਕ ਦਾ ਸਬਕ ਸਿਖਾਉਣ ਲਈ ਆਪ ਮਿਸਾਲ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ।

ਸਾਰੇ ਚਿੱਤਰ: ਸੰਦੀਪ ਜੋਸ਼ੀ

ਸਾਰੇ ਚਿੱਤਰ: ਸੰਦੀਪ ਜੋਸ਼ੀ

ਬਹੁਗਿਣਤੀ-ਘੱਟਗਿਣਤੀ ਦੇ ਮੁਹਾਵਰੇ ’ਚ ਗੱਲ ਕਰਨ ਵਾਲੇ ਧੌਂਸਬਾਜ਼ਾਂ ਨਾਲ ਟੱਕਰ ਲੈਣ ਲਈ ਅੱਜ ਕੱਲ੍ਹ ਨੌਜਵਾਨ ਤਬਕਾ ਹੌਸਲੇ ਨਾਲ ਮੈਦਾਨ ਵਿੱਚ ਨਿੱਤਰ ਰਿਹਾ ਹੈ। ਹਾਲ ਹੀ ਵਿੱਚ ਇਹ ਕੰਮ 20 ਸਾਲਾ ਮੁਟਿਆਰ ਗੁਰਮਿਹਰ ਕੌਰ ਨੇ ਕੀਤਾ। ਹੁਣ ਸਾਡੇ ਸਾਹਮਣੇ 14 ਵਰ੍ਹਿਆਂ ਦੀ ਕੁੜੀ ਨਾਹੀਦ ਆਫ਼ਰੀਨ ਹੈ ਜਿਸ ਨੇ ਸਟੇਜ ’ਤੇ ਸਭ ਦੇ ਸਾਹਮਣੇ ਗਾਉਣ ਬਦਲੇ ਮੁਲਾਣਿਆਂ ਨਾਲ ਸਿੰਗ ਫ਼ਸਾਏ ਹੋਏ ਹਨ।
ਆਫ਼ਰੀਨ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਗੁਹਾਟੀ ਤੋਂ 200 ਮੀਲ ਦੂਰ ਰਹਿੰਦੀ ਹੈ। ਉਸ ਨੂੰ ਗਾਉਣਾ ਚੰਗਾ ਲੱਗਦਾ ਹੈ ਅਤੇ ਇਸ ਹੁਨਰ ਲਈ ਉਸ ਨੂੰ ਬਹੁਤ ਪ੍ਰਸ਼ੰਸਾ ਅਤੇ ਇਨਾਮ ਵੀ ਮਿਲ ਚੁੱਕੇ ਹਨ। ਪਰ ਇਸਲਾਮ ਦੇ ਆਪੂੰ ਬਣੇ ਨਿਗ੍ਹਾਬਾਨ ਉਸ ’ਤੇ ਖ਼ਫ਼ਾ ਹਨ ਕਿਉਂਕਿ ਉਹ ਗਾਉਣ ਨੂੰ ਸ਼ਰ੍ਹਾ ਦੇ ਖ਼ਿਲਾਫ਼ ਮੰਨਦੇ ਹਨ। ਉਹ ਨਹੀਂ ਚਾਹੁੰਦੇ ਕਿ ਉਹ ਇਸ ਮਹੀਨੇ ਦੇ ਆਖ਼ਿਰ ਵਿੱਚ ਹੋਣ ਵਾਲੇ ਪਹਿਲੋਂ ਮਿੱਥੇ ਪ੍ਰੋਗਰਾਮ ਵਿੱਚ ਸ਼ਿਰਕਤ ਕਰੇ। ਧਰਮ ਦੇ ਇਨ੍ਹਾਂ ਅਖੌਤੀ ਠੇਕੇਦਾਰਾਂ ਦੇ ਮੁਤਾਬਕ ਜਾਦੂ, ਨਾਚ, ਸੰਗੀਤ ਅਤੇ ਨਾਟਕ ਇਸਲਾਮ ਵਿੱਚ ਵਰਜਿਤ ਹਨ। ਕਿੰਨੀ ਮੱਧਯੁਗੀ ਸੋਚ ਹੈ ਇਹ! ਐਨਾ ਹੀ ਨਹੀਂ, ਇਹ ਜ਼ਿੰਦਗੀ ਬਾਰੇ ਬਹੁਤ ਹੀ ਬੋਰੀਅਤ ਭਰਿਆ ਜ਼ਾਵੀਆ ਹੈ। ਜੇ ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਸੁਰੱਈਆ ਅਤੇ ਨੂਰਜਹਾਂ ਵਰਗੀਆਂ ਸੁਰੀਲੀਆਂ ਗਾਇਕਾਵਾਂ ਨੂੰ ਸੁਣਨ ’ਤੇ ਵੀ ਪਾਬੰਦੀ ਲਾ ਦੇਣ।
ਪਰ ਇਹ ਬਹਾਦਰ ਕੁੜੀ ਬਿਲਕੁਲ ਵੀ ਘਬਰਾਈ ਨਹੀਂ। ਪਰ ਜਿਹਾ ਕਿ ਅਕਸਰ ਹੁੰਦਾ ਹੈ ਇਹ ਮਾਮਲਾ ਸ਼ੋਸ਼ੇਬਾਜ਼ੀ ਕਰਨ ਲਈ ਕੁੱਝ ਸਿਆਸੀ ਲੋਕਾਂ ਦੇ ਹੱਥ ਆ ਗਿਆ ਹੈ। ਪਤਾ ਨਹੀਂ 46 ਮੁੱਲਾਵਾਂ ਦੇ ਵਿਰੋਧ ਪਿੱਛੇ ਉਨ੍ਹਾਂ ਦੇ ਕੀ ਸੌੜੇ ਹਿੱਤ ਅਤੇ ਸਾੜੇ ਹੋਣਗੇ ਪਰ ਇੱਕ ਗੱਲ ਤਾਂ ਤੈਅ ਹੈ ਕਿ ਇਹੋ ਜਿਹੀਆਂ ਮੱਧਯੁਗੀ ਕੋਸ਼ਿਸ਼ਾਂ ਮੁਸਲਿਮ ਭਾਈਚਾਰੇ ਬਾਰੇ ਭਰਮ ਭੁਲੇਖਿਆਂ ਨੂੰ ਮਜ਼ਬੂਤ ਕਰਦੀਆਂ ਹਨ। ਭਾਰਤੀ ਮੁਆਸ਼ਰੇ ਦੇ ਹੋਰਨਾਂ ਵਰਗਾਂ ਵਾਂਗ ਮੁਸਲਿਮ ਭਾਈਚਾਰੇ ਦਾ ਨੌਜਵਾਨ ਤਬਕਾ ਵੀ ਕਲਾਤਮਕ ਸਰਗਰਮੀਆਂ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ ਅਤੇ ਅਜਿਹਾ ਹੋਣਾ ਸੁਭਾਵਿਕ ਵੀ ਹੈ।
ਬੜੀ ਮਾੜੀ ਗੱਲ ਹੈ ਕਿ ਭਾਰਤੀ ਮੁਸਲਮਾਨ, ਸੰਸਾਰ ਪੱਧਰ ’ਤੇ ਫੈਲੀ ‘ਇਸਲਾਮ ਪ੍ਰਤੀ ਭੈਅ’ ਦੀ ਮਹਾਮਾਰੀ ਦੇ ਸ਼ਿਕਾਰ ਹੋ ਰਹੇ ਹਨ। ਪਰ ਇਹ ਬਿਮਾਰੀ ਉਦੋਂ ਹੋਰ ਵੀ ਪੇਚੀਦਾ ਹੋ ਜਾਂਦੀ ਹੈ ਜਦੋਂ ਸ਼ਰੀਅਤ ਦੇ ਨਾਂ ’ਤੇ ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਬਾਅਦ ਮੁਸਲਿਮ ਭਾਈਚਾਰੇ ਉੱਪਰ ਦਬਾਅ ਹੋਰ ਵੀ ਵਧ ਗਿਆ ਹੈ। ਆਧੁਨਿਕ ਅਤੇ ਤਰੱਕੀਪਸੰਦ ਤੌਰ-ਤਰੀਕਿਆਂ ਨਾਲ ਜੋੜ ਕੇ ਉਨ੍ਹਾਂ ਦੇ ਹਾਲਾਤ ਬਿਹਤਰ ਬਣਾਏ ਜਾ ਸਕਦੇ ਹਨ।

ਆਖ਼ਿਰ ਪ੍ਰਧਾਨ-ਮੰਤਰੀ ਦਫ਼ਤਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਦੀ ਨਿਯੁਕਤੀ ਕਰਨ ਦਾ ਸਮਾਂ ਮਿਲ ਹੀ ਗਿਆ ਹੈ। ਕੌਮੀ ਪੱਧਰ ਦੀ ਇਸ ਸੰਸਥਾ ਦਾ ਬਹੁਤੀ ਦੇਰ ਬਿਨਾਂ ਮੁਖੀ ਤੋਂ ਰਹਿਣਾ ਮੁਨਾਸਬ ਨਹੀਂ ਸੀ। ਪੀਜੀਆਈ ਮਹਿਜ਼ ਇੱਕ ਹਸਪਤਾਲ ਹੀ ਨਹੀਂ ਸਗੋਂ ਅਧਿਆਪਕਾਂ ਅਤੇ ਖੋਜਾਰਥੀਆਂ ਦੇ ਵਿਕਾਸ ਲਈ ਇੱਕ ਨਰਸਰੀ ਵੀ ਹੈ। ਪ੍ਰਾਈਵੇਟ ਸੈਕਟਰ ਦੀਆਂ ਮੋਟੀਆਂ ਤਨਖ਼ਾਹਾਂ ਦੇ ਲੋਭ ਨੂੰ ਤਿਆਗ ਕੇ ਆਉਣ ਵਾਲੇ ਡਾਕਟਰੀ ਕਿੱਤੇ ਦੇ ਬਿਹਤਰੀਨ ਹੁਨਰ ਨੂੰ ਆਕਰਸ਼ਿਤ ਕਰਨ ਦੀ ਸਲਾਹੀਅਤ ਇਸ ਨੂੰ ਹਾਲੇ ਵੀ ਹਾਸਲ ਹੈ। ਪੀਜੀਆਈ ਵਿੱਚ ਹਰ ਰੋਜ਼ ਅਣਗਿਣਤ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਨਿਤਕਰਮ ’ਚੋਂ ਵਕਤ ਕੱਢ ਕੇ ਖੋਜ ਕਰਨ ਦੀ ਚੁਣੌਤੀ ਹਰ ਰੋਜ਼ ਦਰਪੇਸ਼ ਹੁੰਦੀ ਹੈ।
ਡਾਕਟਰ ਜਗਤ ਰਾਮ ਮੇਰੇ ਮਨਭਾਉਂਦੇ ਡਾਕਟਰ ਹਨ। ਪਿਛਲੀਆਂ ਗਰਮੀਆਂ ਦੌਰਾਨ ਉਨ੍ਹਾਂ ਨੇ ਮੇਰੀਆਂ ਅੱਖਾਂ ’ਤੇ ਜਾਦੂ ਕਰ ਦਿੱਤਾ ਸੀ। ਚਲੋ, ਨਿੱਜੀ ਭਾਵਨਾਵਾਂ ਤੋਂ ਹਟ ਕੇ ਗੱਲ ਕਰੀਏ ਤਾਂ ਆਸ ਰੱਖੀ ਜਾ ਸਕਦੀ ਹੈ ਕਿ ਇਸ ਹੈਸੀਅਤ ਵਿੱਚ ਟੀਮ ਲੀਡਰ ਵਜੋਂ ਪੀਜੀਆਈ ਨੂੰ ਦੁਨੀਆਂ ਦੇ ਇਸ ਹਿੱਸੇ ਵਿੱਚ ਇੱਕ ਸਿਰਕੱਢ ਸੰਸਥਾ ਵਜੋਂ ਉਭਾਰਨ ਦੀ ਭੂਮਿਕਾ ਨਿਭਾਉਣਗੇ।
11107CD _11 JULY  F
ਮੈਂ ਸਮਝਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 16 ਤਾਰੀਖ਼ ਨੂੰ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਜ ਭਵਨ ਪੁੱਜਣਾ ਚਾਹੀਦਾ ਸੀ। ਭਾਰਤੀ ਲੋਕਤੰਤਰ ਦੀ ਇਹ ਪਰੰਪਰਾ ਰਹੀ ਹੈ ਕਿ ਸਾਡੇ ਸਿਆਸੀ ਨੇਤਾ ਚੋਣ-ਯੁੱਧਾਂ ਤੋਂ ਬਾਅਦ ਬਹੁਤ ਸ਼ਾਂਤੀਪੂਰਬਕ ਤਾਕਤ ਦੀ ਵਾਗਡੋਰ ਜੇਤੂ ਦੇ ਹੱਥ ਫੜਾ ਦਿੰਦੇ ਰਹੇ ਹਨ। ਮਸਲਨ, ਅਟਲ ਬਿਹਾਰੀ ਵਾਜਪਾਈ ਡਾਕਟਰ ਮਨਮੋਹਨ ਸਿੰਘ ਦੇ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਏ ਸਨ ਅਤੇ ਇੰਜ ਹੀ ਡਾਕਟਰ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਸੁਹਜ-ਭਰਪੂਰ ਢੰਗ ਨਾਲ ਹਾਜ਼ਰੀ ਭਰੀ ਸੀ।
ਬਾਦਲ ਸਾਹਿਬ ਦੀ ਗ਼ੈਰਹਾਜ਼ਰੀ ਦੇ ਬਾਵਜੂਦ ਮੈਂ ਚਾਹਾਂਗਾ ਕਿ ਨਵੇਂ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਕਾਫ਼ੀ ਦੇ ਕੱਪ ਉੱਤੇ ਗੱਪ-ਸ਼ੱਪ ਲਈ ਸੱਦਾ ਦੇਣ। ਹੋਰ ਵੀ ਵਧੀਆ ਹੋਵੇ ਜੇ ਉਹ ਬਾਦਲ ਸਾਹਿਬ ਦੇ ਘਰ ਜਾ ਕੇ ਉਨ੍ਹਾਂ ਨੂੰ ਕਾਫ਼ੀ ਦਾ ਕੱਪ ਪਿਆਉਣ ਲਈ ਕਹਿਣ। ਮੇਰਾ ਯਕੀਨ ਹੈ ਕਿ ਅਜਿਹੀ ਕੋਈ ਕੁੜੱਤਣ ਨਹੀਂ ਜੋ ਕਾਫ਼ੀ ਦੇ ਕੌੜੇ ਘੁੱਟਾਂ ਦੀ ਸਾਂਝ ਨਾਲ ਦੂਰ ਨਾ ਹੋ ਸਕਦੀ ਹੋਵੇ!

ਈਮੇਲ: kaffeeklatsch@tribuneindia.com

 


Comments Off on ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.