ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿਆਸਤ ਬਨਾਮ ਲੋਕ ਚੇਤਨਾ

Posted On March - 16 - 2017

ਗਗਨਦੀਪ ਕੌਰ
11503CD _POLICY  1ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਲੋਕਤੰਤਰ ਵਿੱਚ ਸਰਕਾਰ ਚੁਣਨਾ ਜਨਤਾ ਦੇ ਹੱਥ ਹੁੰਦਾ ਹੈ ਪਰ ਮੌਜੂਦਾ ਸਮੇਂ ਵਿੱਚ ਲੋਕਤੰਤਰ ਹੋਣ ਦੇ ਬਾਵਜੂਦ ਲੋਕ ਸਰਕਾਰਾਂ ਤੇ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ। ਇਸ ਲਈ ਸਾਡੀ ਸ਼ਾਸਨ ਪ੍ਰਣਾਲੀ ਦੀਆਂ ਕਈ ਖ਼ਾਮੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਦੂਰ ਕਰਨਾ ਸਮੇਂ ਦੀ ਮੁੱਖ ਲੋਡ਼ ਹੈ।
ਸਭ ਤੋਂ ਪਹਿਲਾ ਦੋਸ਼ ਰਾਜਨੀਤਕ ਦਲਾਂ ਦੀ ਗੁੱਟਬੰਦੀ ਹੈ। ਕੋਈ ਵੀ ਅਜਿਹਾ ਰਾਜਨੀਤਕ ਦਲ ਵੇਖਣ ਨੂੰ ਨਹੀਂ ਮਿਲੇਗਾ, ਜਿਸ ਅੰਦਰ ਗੁਟਬੰਦੀ ਨਾ ਹੋਵੇ। ਇਸ ਕਾਰਨ ਕੁਝ ਚੰਗੇ ਨੇਤਾ ਵੀ ਆਪਣੀਆਂ ਨੀਤੀਆਂ ਦਾ ਠੀਕ ਤਰ੍ਹਾਂ ਪ੍ਰਯੋਗ ਨਹੀਂ ਕਰ ਪਾਉਂਦੇ। ਦੂਜਾ ਦੋਸ਼ ਦਲ-ਬਦਲੀ ਹੈ। ਚੋਣਾਂ ਨੇਡ਼ੇ ਦਲਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਹ ਦਲਬਦਲੀਆਂ ਜ਼ਿਆਦਾਤਰ ਸਵਾਰਥ ਖ਼ਾਤਰ ਹੁੰਦੀਆਂ ਹਨ। ਸ਼ਾਸਨ ਪ੍ਰਣਾਲੀ ਵਿੱਚ ਤੀਜਾ ਦੋਸ਼ ਅਨਪਡ਼੍ਹ ਵਿਅਕਤੀਆਂ ਦੇ ਹੱਥਾਂ ਵਿੱਚ ਰਾਜਨੀਤਕ ਸ਼ਕਤੀ ਦਾ ਹੋਣਾ ਹੈ। ਅਨਪਡ਼੍ਹ ਆਗੂ ਆਪਣੀਆਂ ਨੀਤੀਆਂ ਤੇ ਕਾਰਜਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾ ਸਕਦੇ, ਜਿਸ ਦਾ ਨਤੀਜਾ ਫਿਰ ਜਨਤਾ ਨੂੰ ਭੁਗਤਣਾ ਪੈਂਦਾ ਹੈ। ਰਾਜਨੀਤੀ ਵਿੱਚ ਨੌਜਵਾਨ ਤੇ ਪਡ਼੍ਹੇ-ਲਿਖੇ ਆਗੂਆਂ ਦੇ ਦਾਖ਼ਲੇ ਲਈ ਜਾਗਰੂਕਤਾ ਫੈਲਾਉਣ ਦੀ ਲੋਡ਼ ਹੈ।
ਸ਼ਾਸਨ ਪ੍ਰਣਾਲੀ ਦਾ ਚੌਥਾ ਦੋਸ਼ ਸਿਅਾਸੀ ਦਲਾਂ ਦੀਆਂ ਜਾਤ ਅਤੇ ਭਾਸ਼ਾ ਆਦਿ ਦੇ ਆਧਾਰ ਉਤੇ ਵੰਡ ਪਾਉਣ ਵਾਲੀਆਂ ਨੀਤੀਆਂ ਹਨ। ਕਈ ਸਿਆਸੀ ਪਾਰਟੀਅਾਂ ਦਾ ਨਿਰਮਾਣ ਹੀ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ ’ਤੇ ਹੁੰਦਾ ਹੈ ਅਤੇ ਅਜਿਹੀਆਂ ਪਾਰਟੀਆਂ ਦੀਆਂ ਨੀਤੀਆਂ ਵੀ ਪੱਖਪਾਤੀ ਹੁੰਦੀਆਂ ਹਨ। ਭਾਰਤ ਵਿੱਚ ਅਜਿਹੀਆਂ ਕਈ ਸਿਆਸੀ ਪਾਰਟੀਆਂ ਹਨ, ਜਿਨ੍ਹਾਂ ਦੇ ਨਾਮ ਤੋਂ ਹੀ ਉਨ੍ਹਾਂ ਦੇ ਧਰਮ, ਖੇਤਰ ਜਾਂ ਜਾਤੀ ਆਧਾਰ ਉਤੇ ਉਪਜੇ ਹੋਣ ਦਾ ਪਤਾ ਲੱਗ ਜਾਂਦਾ ਹੈ। ਅਜਿਹੀਆਂ ਪਾਰਟੀਆਂ ਨਿਰਪੱਖਤਾ ਨੂੰ ਢਾਹ ਲਾ ਰਹੀਆਂ ਹਨ। ਕਈ ਧਰਮ ’ਤੇ ਆਧਾਰਤ ਦਲ ਫਿਰਕਾਪ੍ਰਸਤੀ ਨੂੰ ਹੁਲਾਰਾ ਦੇ ਰਹੇ ਹਨ। ਚੋਣਾਂ ਵੇਲੇ ਕਈ ਲੋਕ ਅਜਿਹੀਆਂ ਪਾਰਟੀਆਂ ਦੇ ਪ੍ਰਭਾਵ ਹੇਠ ਆ ਕੇ ਧਰਮ ਦੇ ਆਧਾਰ ’ਤੇ ਆਪਣਾ ਉਮੀਦਵਾਰ ਜਾਂ ਪ੍ਰਤੀਨਿਧ ਨਿਸ਼ਚਿਤ ਕਰ ਲੈਂਦੇ ਹਨ। ਖੇਤਰ ਆਧਾਰਿਤ ਦਲ ਵੱਖਵਾਦ ਨੂੰ ਜਨਮ ਦਿੰਦੇ ਹਨ ਅਤੇ ਵੱਖ-ਵੱਖ ਖੇਤਰਾਂ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਖੇਤਰੀ ਸੰਗਠਨ ‘ਭੂਮੀ ਦੇ ਪੁੱਤਰਾਂ’ ਦੇ ਸਿਧਾਂਤ ਨੂੰ ਜਨਮ ਦਿੰਦੇ ਹਨ। ਇਹ ਸਭ ਦੋਸ਼ ਮਿਲ ਕੇ ਦੇਸ਼ ਦੀ ਸ਼ਾਸਨ ਪ੍ਰਣਾਲੀ ਨੂੰ ਕਮਜ਼ੋਰ ਬਣਾ ਰਹੇ ਹਨ ਅਤੇ ਭਾਰਤ ਨੂੰ ਮੁਡ਼ ਤੋਂ ਪਛਡ਼ੇਪਣ ਵੱਲ ਧੱਕ ਰਹੇ ਹਨ।
ਸ਼ਾਸਨ ਪ੍ਰਣਾਲੀ ਦਾ ਪੰਜਵਾਂ ਦੋਸ਼ ਦੇਸ਼ ਦੀ ਜਨਤਾ ਦਾ ਪੂਰਨ ਤੌਰ ’ਤੇ ਜਾਗਰੂਕ ਨਾ ਹੋਣਾ ਹੈ। ਜਾਗਰੂਕ ਨਾ ਹੋਣ ਕਾਰਨ ਵੋਟਰ ਸਹੀ ਉਮੀਦਵਾਰ ਨਹੀਂ ਚੁਣ ਪਾਉਂਦੇ। ਕੁਝ ਵੋਟਰ ਪੈਸਿਆਂ ਦੇ ਲਾਲਚ ਵਿੱਚ ਆਪਣੀ ਵੋਟ ਵੇਚ ਦਿੰਦੇ ਹਨ ਅਤੇ ਕੁਝ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ ਆਪਣਾ ਉਮੀਦਵਾਰ ਚੁਣਦੇ ਹਨ। ਕਈ ਪਡ਼੍ਹੇ-ਲਿਖੇ ਵਰਗ ਵੀ ਅਜਿਹੇ ਹਨ, ਜੋ ਜਾਤ ਜਾਂ ਧਰਮ ਦੇ ਆਧਾਰ ’ਤੇ ਆਪਣੇ ਉਮੀਦਵਾਰ ਦੀ ਚੋਣ ਕਰਦੇ ਹਨ। ਇਸ ਤਰ੍ਹਾਂ ਸ਼ਾਸਕ ਜਾਂ ਰਾਜਨੀਤਕ ਦਲ ਵੀ ਉਨ੍ਹਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਉਣ ਵਿੱਚ ਸੰਕੋਚ ਨਹੀਂ ਕਰਦੇ। ਇਸ ਲਈ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋਡ਼ ਹੈ। ਸਾਨੂੰ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ਉਤੇ ਹੀ ੲਿਹ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਕਿਹਡ਼ੀ ਪਾਰਟੀ ਹੱਥ ਦੇਸ਼ ਦੀ ਵਾਗਡੋਰ ਦਿੱਤੀ ਜਾਵੇ।
ਦੇਸ਼ ਦੀ ਸ਼ਾਸਨ ਪ੍ਰਣਾਲੀ ਨੂੰ ਦੋਸ਼ ਪੂਰਨ ਬਣਾਉਣ ਵਿੱਚ ਹੋਰ ਵੀ ਕਈ ਤੱਤ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚ ਇਕ ਭ੍ਰਿਸ਼ਟਾਚਾਰ ਵੀ ਹੈ। ਭ੍ਰਿਸ਼ਟਾਚਾਰ ਖਤਮ ਕਰਨ ਦੀ ਸ਼ੁਰੂਆਤ ਲੋਕ ਆਪਣੇ ਆਪ ਤੋਂ ਕਰਨ। ਇਸ ਤੋਂ ਇਲਾਵਾ ਪਡ਼੍ਹੇ-ਲਿਖੇ ਲੋਕਾਂ ਨੂੰ ਰਾਜਨੀਤੀ ਵਿੱਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾਵੇ। ਦਲ-ਬਦਲੀ ਦੀ ਮਨਾਹੀ ਨਾਲ ਹੀ ਧਰਮ, ਜਾਤੀ ਅਤੇ ਖੇਤਰ ’ਤੇ ਆਧਾਰਤ ਰਾਜਨੀਤਕ ਦਲਾਂ ’ਤੇ ਪਾਬੰਦੀ ਲਗਾਈ ਜਾਵੇ ਅਤੇ ਸਿਰਫ਼ ਉਨ੍ਹਾਂ ਰਾਸ਼ਟਰੀ ਜਾਂ ਸੂਬਾਈ ਦਲਾਂ ਨੂੰ ਮਾਨਤਾ ਮਿਲੇ, ਜਿਨ੍ਹਾਂ ਦੀਆਂ ਨੀਤੀਆਂ ਸੰਵਿਧਾਨਕ ਸਿਧਾਂਤਾਂ ’ਤੇ ਆਧਾਰਿਤ ਹੋਣ। ਜਨਤਾ ਵੀ ਲੋਕਤੰਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਜਾਗਰੂਕ ਹੋਵੇ ਅਤੇ ਅਾਪਣੇ ਫਰਜ਼ ਨਿਭਾਵੇ।
ਸੰਪਰਕ: 98554-33896


Comments Off on ਸਿਆਸਤ ਬਨਾਮ ਲੋਕ ਚੇਤਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.