ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿਆਸੀ ਸ਼ਿਸ਼ਟਤਾ ਦੀ ਵਾਪਸੀ ?

Posted On March - 20 - 2017

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦਾ ਆਗਾਜ਼ ਨਾ ਸਿਰਫ਼ ਕੁਝ ਸੁਚੱਜੇ ਫ਼ੈਸਲਿਆਂ ਨਾਲ ਕੀਤਾ ਹੈ ਸਗੋਂ ਖੂੰਡਾਬਰਦਾਰੀ ਤਿਆਗ ਕੇ ਆਪਣੇ ਰਾਜਸੀ ਵਿਰੋਧੀਆਂ ਨਾਲ ਜ਼ਹੀਨ ਢੰਗ ਨਾਲ ਪੇਸ਼ ਆਉਣ ਪੱਖੋਂ ਵੀ ਪਹਿਲ ਕੀਤੀ ਹੈ। ਉਨ੍ਹਾਂ ਵੱਲੋਂ ਪਿਛਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਪਸੰਦ ਦੀ ਮੁਫ਼ਤ ਸਰਕਾਰੀ ਰਿਹਾਇਸ਼ ਦੇਣ ਦੀ ਪੇਸ਼ਕਸ਼ ਅਤੇ ‘ਆਪ’ ਦੇ ਨੇਤਾ ਐੱਚ.ਐੱਸ. ਫੂਲਕਾ ਨਾਲ ਸੁਖਾਵੀਂ ਮੁਲਾਕਾਤ ਸੂਬਾਈ ਸਿਆਸਤ ਵਿੱਚੋਂ ਬੇਲੋੜੀ ਕੜਵਾਹਟ ਘਟਾਉਣ ਦੀ ਦਿਸ਼ਾ ਵੱਲ ਸ਼ੁਭ ਸ਼ੁਰੂਆਤ ਹਨ। ਇਨ੍ਹਾਂ ਕਦਮਾਂ ਤੋਂ ਪ੍ਰਭਾਵ ਬਣਦਾ ਹੈ ਕਿ ਕੈਪਟਨ ਨੂੰ ਆਪਣੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਅਤੇ ਉਨ੍ਹਾਂ ਕਰਕੇ ਹੋਏ ਰਾਜਸੀ ਨੁਕਸਾਨ ਦਾ ਅਹਿਸਾਸ ਹੈ। ਇਹੀ ਕਾਰਨ ਹੈ ਕਿ ਉਹ ਨਾ ਤਾਂ ਕਿਸੇ ਨੂੰ ਜੇਲ੍ਹ ਡੱਕਣ ਦੀ ਗੱਲ ਕਰ ਰਹੇ ਹਨ ਅਤੇ ਨਾ ਹੀ ਸਾਥੀ ਮੰਤਰੀਆਂ ਨੂੰ ਬਦਲਾਖੋਰੀ ਦੀ ਗੰਧ ਵਾਲੀ ਬਿਆਨਬਾਜ਼ੀ ਦੇ ਰਾਹ ਪਾ ਰਹੇ ਹਨ। ਉਨ੍ਹਾਂ ਨੇ ਬੇਲੋੜੀ ਪ੍ਰਸ਼ਾਸਕੀ ਚੱਕ-ਥੱਲ ਤੋਂ ਵੀ ਗੁਰੇਜ਼ ਕੀਤਾ ਹੈ ਅਤੇ, ਫਿਲਹਾਲ, ਬਦਲੀਆਂ ਸਿਰਫ਼ ਉਹੀ ਕੀਤੀਆਂ ਹਨ ਜੋ ਕਿ ਪ੍ਰਸ਼ਾਸਨ ਵਿੱਚ ਚੁਸਤੀ ਤੇ ਤਾਜ਼ਗੀ ਲਿਆਉਣ ਪੱਖੋਂ ਸਾਜ਼ਗਾਰ ਹੋਣ।
ਕੈਪਟਨ ਨੇ ਆਪਣੀ ਅਜਿਹੀ ਪਹੁੰਚ ਦੇ ਸੰਕੇਤ ਚੋਣ ਨਤੀਜਿਆਂ ਦੇ ਐਲਾਨ ਸਬੰਧੀ ਆਪਣੇ ਪ੍ਰਤੀਕਰਮ ਦੌਰਾਨ ਹੀ ਦੇ ਦਿੱਤੇ ਸਨ। ਇਸਦੇ ਬਾਵਜੂਦ ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਵਿੱਚ ‘ਆਪ’ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਤੇ ਉਸ ਪਾਰਟੀ ਦੇ ਹੋਰਨਾਂ ਵਿਧਾਇਕਾਂ ਨੂੰ ਬੈਠਣ ਲਈ ਥਾਂ ਨਾ ਮਿਲਣੀ, ਸਿਆਸੀ ਫ਼ਿਜ਼ਾ ਵਿੱਚ ਕੁਸੈਲਾਪਣ ਪੈਦਾ ਕਰਨ ਦੀ ਵਜ੍ਹਾ ਬਣ ਗਈ ਸੀ। ‘ਆਪ’ ਵਿਧਾਇਕਾਂ ਨਾਲ ਹੋਈ ਇਸ ‘ਬਦਸਲੂਕੀ’ ਦੀ ਕੁਝ ਰਾਜਸੀ ਹਲਕਿਆਂ ਵੱਲੋਂ ਨਿੰਦਾ ਵੀ ਕੀਤੀ ਗਈ ਸੀ ਅਤੇ ਕੁਝ ਹੋਰਨਾਂ ਨੇ ਇਸ ਨੂੰ ‘ਆਪ’ ਦੀ ‘ਰਵਾਇਤੀ ਸ਼ੋਸ਼ੇਬਾਜ਼ੀ’ ਨਾਲ ਜੋੜਿਆ ਸੀ। ਅਜਿਹੇ ਆਲਮ ਵਿੱਚ ਕੈਪਟਨ ਵੱਲੋਂ ਐਡਵੋਕੇਟ ਫੂਲਕਾ ਨੂੰ ਆਪਣੇ ਨਿਵਾਸ ’ਤੇ ਸੱਦਣਾ ਅਤੇ ਸਦਭਾਵੀ ਮਾਹੌਲ ਪੈਦਾ ਕਰਨ ਲਈ ਸੁਝਾਅ ਮੰਗਣੇ ਇੱਕ ਸਿਹਤਮੰਦ ਅਮਲ ਸੀ। ਇੰਜ ਹੀ ਵੱਡੇ ਬਾਦਲ ਦੀਆਂ ਸਿਆਸੀ ਸੀਨੀਆਰਤਾ ਨੂੰ ਸਲਾਮ ਕਰਦਿਆਂ ਰਿਹਾਇਸ਼ ਦੀ ਪੇਸ਼ਕਸ਼ ਸ਼ਿਸ਼ਟਾਚਾਰੀ ਸਿਆਸਤ ਵੱਲ ਵਾਪਸੀ ਦਾ ਸੰਕੇਤ ਸੀ।
ਵੱਡੇ ਬਾਦਲ ਨੇ ਮੁੱਖ ਮੰਤਰੀ ਦੀ ਪੇਸ਼ਕਸ਼ ਨੂੰ ਭਾਵੇਂ ‘ਨਿਮਰਤਾ ਸਹਿਤ’ ਠੁਕਰਾ ਦਿੱਤਾ ਹੈ, ਪਰ ਇਸ ਪੇਸ਼ਕਸ਼ ਨਾਲ ਜੁੜੇ ਸਦਭਾਵ ਦੀ ਸ਼ਲਾਘਾ ਕੀਤੀ ਹੈ। ਸੀਨੀਅਰ ਬਾਦਲ ਸਿਆਸੀ ਵਿਰੋਧਾਂ ਦੇ ਬਾਵਜੂਦ ਸੱਭਿਅਕ ਕਾਰ-ਵਿਹਾਰ ਨੂੰ ਹਰ ਹਾਲ ਕਾਇਮ ਰੱਖੇ ਜਾਣ ਦੇ ਮੁਦਈ ਰਹੇ ਹਨ। ਉਹ ਆਪਣੇ ਸਿਆਸੀ ਵਿਰੋਧੀਆਂ ਲਈ ਤਲਖ਼ ਅਲਫਾਜ਼ ਵਰਤਣ ਤੋਂ ਅਕਸਰ ਪਰਹੇਜ਼ ਕਰਦੇ ਆਏ ਹਨ। ਉਨ੍ਹਾਂ ਨੂੰ ਇਹ ਤਸੱਲੀ ਹੋਣੀ ਸੁਭਾਵਿਕ ਹੈ ਕਿ ਉਨ੍ਹਾਂ ਵਾਲੀ ਪਹੁੰਚ ਦੀ ਕਦਰ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀ ਇਹ ਖੁਸ਼ਕਿਸਮਤੀ ਰਹੀ ਹੈ ਕਿ ਇਸ ਨੂੰ ਗਿਆਨੀ ਜ਼ੈਲ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਪੁਰਹਲੀਮ ਆਗੂ ਮਿਲੇ। ਹੋਰਨਾਂ ਜੋੜਾਂ-ਤੋੜਾਂ ਤੇ ਗੁਣਾਂ-ਦੋਸ਼ਾਂ ਤੋਂ ਇਲਾਵਾ ਹਲੀਮੀ ਵਰਗੀ ਖ਼ੂਬੀ ਵੀ ਇਨ੍ਹਾਂ ਆਗੂਆਂ ਦੀ ਸਿਆਸੀ ਪੇਸ਼ਕਦਮੀ ਦਾ ਆਧਾਰ ਬਣਦੀ ਰਹੀ। ਅਮਰਿੰਦਰ ਸਿੰਘ ਸਿਆਸੀ ਦਬੰਗਤਾ ਦੇ ਬ੍ਰਾਂਡ ਸਫ਼ੀਰ ਰਹੇ ਹਨ, ਪਰ ਉਨ੍ਹਾਂ ਦਾ ਨਵਾਂ ਸ਼ਿਸ਼ਟਾਚਾਰੀ ਅਵਤਾਰ ਵੀ ਆਪਣੇ ਆਪ ਵਿੱਚ       ਬੁਰਾ ਨਹੀਂ। ਜੇਕਰ ਦਬੰਗਤਾ ਦਾ ਤਿਆਗ, ਸਿਆਸੀ ਨਫ਼ਾਸਤ ਦੀ ਵਾਪਸੀ    ਸੰਭਵ ਬਣਾ ਦੇਵੇ ਤਾਂ ਇਸਦਾ ਹਾਂ-ਪੱਖੀ ਅਸਰ ਆਮ ਲੋਕਾਂ ਦੇ ਸਮਾਜਿਕ ਵਰਤਾਰੇ ’ਤੇ ਪੈ ਸਕਦਾ ਹੈ।


Comments Off on ਸਿਆਸੀ ਸ਼ਿਸ਼ਟਤਾ ਦੀ ਵਾਪਸੀ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.