ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਸਿੰਘਣੀਆਂ

Posted On March - 7 - 2017

ਪ੍ਰੋ. ਰੀਨਾ ਕੌਰ ਢਿੱਲੋਂ

ਮਾਈ ਭਾਗੋ

ਮਾਈ ਭਾਗੋ

ਅੱਜ ਪੂਰਾ ਵਿਸ਼ਵ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਸਾਹਸ ਸਦਕਾ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ। ਉਨ੍ਹਾਂ ਮਹਾਨ ਔਰਤਾਂ ਦਾ ਸੰਖੇਪ ਵਰਣਨ ਇਸ ਲੇਖ ਵਿੱਚ ਕੀਤਾ ਗਿਆ ਹੈ।
ਬੇਬੇ ਨਾਨਕੀ: ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨਾਲ ਇਕਸੁਰ ਹੋਣ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਨ ਪਿੱਛੇ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਸੀ। ਬੇਬੇ ਨਾਨਕੀ ਨੇ ਹੀ ਸਭ ਤੋਂ ਪਹਿਲਾਂ ਗੁਰੂ ਜੀ ਦੇ ਰੱਬ ਪ੍ਰਤੀ ਅਸੀਮ ਮੋਹ ਨੂੰ ਪਛਾਣਿਆ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ।
ਮਾਤਾ ਖੀਵੀ ਜੀ: ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱੱਚ ਦਰਜ ਹੈ। ਲੰਗਰ ਪ੍ਰਥਾ ਵਿੱੱਚ ਮਾਤਾ ਖੀਵੀ ਜੀ ਦਾ ਯੋਗਦਾਨ ਅਣਮੁੱੱਲਾ ਹੈ। ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ 30 ਸਾਲਾਂ ਬਾਅਦ ਤਕ ਵੀ ਉਹ ਰਸੋਈ ਵਿੱਚ ਲੰਗਰ ਬਣਾਉਂਦੇ ਸਨ। ਮਨੁੱੱਖਤਾ ਦੀ ਸੱਚੀ ਸੇਵਾ ਕਰਨ ਵਾਲੇ ਮਾਤਾ ਖੀਵੀ ਜੀ ਦਾ ਨਾਂ ਸਿੱਖ ਧਰਮ ਵੱਲੋਂ ਦੁਨੀਆਂ ਨੂੰ ਲੰਗਰ ਦੇ ਰੂਪ ਵਿੱਚ ਦਿੱਤੇ ਗਏ ‘ਵੰਡ ਕੇ ਛਕੋ’ ਦੇ ਸਿਧਾਂਤ ਵਿੱਚ ਪਾਏ ਗਏ ਅਹਿਮ ਯੋਗਦਾਨ ਕਰਕੇ ਹਮੇਸ਼ਾ ਅਮਰ ਰਹੇਗਾ।
ਬੀਬੀ ਭਾਨੀ ਜੀ: ਗੁਰੂ ਅਮਰਦਾਸ ਜੀ ਦੀ ਪੁੱਤਰੀ, ਗੁਰੂ ਰਾਮ ਦਾਸ ਜੀ ਦੀ ਪਤਨੀ ਤੇ ਗੁਰੂ ਅਰਜਨ ਦੇਵ ਜੀ ਦੇ ਮਾਤਾ ਬੀਬੀ ਭਾਨੀ ਜੀ ਅਤਿ ਸੁਸ਼ੀਲ, ਸੰਜਮੀ ਅਤੇ ਨਿਮਰਤਾ ਦੇ ਗੁਣਾਂ ਨਾਲ ਭਰਪੂਰ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਫ਼ਰਕ ਨਹੀਂ ਹੈ।
ਮਾਤਾ ਗੁਜਰੀ ਜੀ: ਆਪਣੇ ਸਾਰੇ ਪਰਿਵਾਰ ਨੂੰ ਕੌਮ ਦੀ ਰਾਖੀ ਲਈ ਕੁਰਬਾਨ ਕਰਨ ਲਈ ਮਾਤਾ ਗੁਜਰੀ ਜੀ ਦਾ ਨਾਂ ਰਹਿੰਦੀ ਦੁਨੀਆਂ ਤਕ ਯਾਦ ਰਹੇਗਾ। ਮਾਤਾ ਗੁਜਰੀ ਦਾ ਸਮੁੱਚਾ ਜੀਵਨ ਤਿਆਗ ਤੇ ਕੁਰਬਾਨੀ ਦੀ ਮਿਸਾਲ ਹੈ।
ਮਾਈ ਭਾਗੋ ਜੀ: ਮਾਤਾ ਭਾਗ ਕੌਰ, ਜੋ ਇਤਿਹਾਸ ਵਿੱਚ ਮਾਈ ਭਾਗੋ ਦੇ ਨਾਂ ਨਾਲ ਜਾਣੇ ਜਾਂਦੇ ਹਨ, ਅਜਿਹੀ ਬਹਾਦਰ ਸਿੰਘਣੀ ਸੀ, ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਆਏ 40 ਸਿੰਘਾਂ ਨੂੰ ਪ੍ਰੇਰਨਾ ਦੇ ਕੇ ਮੁੜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦੇ ਵਿਰੁੱਧ ਵਿੱਢੇ ਗਏ ਸੰਘਰਸ਼ ਵਿੱਚ ਸ਼ਾਮਲ ਕੀਤਾ। ਉਨ੍ਹਾਂ ਆਪ ਇਨ੍ਹਾਂ 40 ਸਿੰਘਾਂ ਦੀ ਅਗਵਾਈ ਕਰਦਿਆਂ ਗੁਰੂ ਜੀ ਦੀ ਭਾਲ ਵਿੱਚ ਖਿਦਰਾਣੇ ਦੀ ਧਰਤੀ (ਹੁਣ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿੱਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ। ਮਾਈ ਭਾਗੋ ਜੀ ਹਜ਼ੂਰ ਸਾਹਿਬ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿੱਚ ਵਿਚਰਦਿਆਂ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿੱਚ ਨਾਨਕ ਝੀਰਾ ਨੇੜੇ ਅਕਾਲ ਚਲਾਣਾ ਕਰ ਗਏ।
ਮਾਤਾ ਸਾਹਿਬ ਕੌਰ ਜੀ: ਮਾਤਾ ਸਾਹਿਬ ਕੌਰ ਨੂੰ ਸਿੱਖ ਧਰਮ ਵਿੱਚ ‘ਖ਼ਾਲਸਾ ਪੰਥ ਦੀ ਮਾਤਾ’ ਹੋਣ ਦਾ ਮਾਣ ਪ੍ਰਾਪਤ ਹੈ। ਮਾਤਾ ਸਾਹਿਬ ਕੌਰ ਨੇ ਗੁਰੂ ਜੀ ਦੁਆਰਾ ਬਣਾਏ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਪਤਾਸੇ ਘੋਲ ਕੇ ਸਿੰਘਾਂ ਨੂੰ ਬਹਾਦਰੀ ਦੇ ਨਾਲ-ਨਾਲ ਨਿਮਰਤਾ ਧਾਰਨ ਕਰਨ ਦਾ ਸੰਦੇਸ਼ ਦਿੱਤਾ ਸੀ। ਆਪਣੀ ਸਾਰੀ ਜ਼ਿੰਦਗੀ ਮਾਤਾ ਸਾਹਿਬ ਕੌਰ ਨੇ ਖ਼ਾਲਸਾ ਪੰਥ ਦੀ ਸੇਵਾ ਕੀਤੀ।
ਬੀਬੀ ਬਸੰਤ ਕੌਰ: 11 ਅਪਰੈਲ 1748 ਨੂੰ ਮੀਰ ਮੰਨੂ ਨੇ ਪੰਜਾਬ ਦਾ ਸੂਬੇਦਾਰ ਬਣਨ ਪਿੱਛੋਂ ਸਿੱਖਾਂ ਉੱਤੇ ਬੇਇੰਤਹਾ ਜ਼ੁਲਮ ਕੀਤੇ। ਉਸ ਨੇ ਸਿੱਖ ਔਰਤਾਂ ਨੂੰ ਵੀ ਕੈਦ ਕਰ ਲਿਆ ਸੀ। ਇਨ੍ਹਾਂ ਗ੍ਰਿਫ਼ਤਾਰ ਬੀਬੀਆਂ ਵਿੱਚ ਭਾਈ ਮਨੀ ਸਿੰਘ ਦੀ ਪਤਨੀ ਬੀਬੀ ਬਸੰਤ ਕੌਰ ਵੀ ਸ਼ਾਮਲ ਸੀ। ਬੀਬੀ ਬਸੰਤ ਕੌਰ ਨੂੰ ਸਾਰੀਆਂ ਬੀਬੀਆਂ ਨੇ ਆਪਣੀ ਜਥੇਦਾਰ ਮੰਨ ਲਿਆ ਤੇ ਉਸ ਦੀ ਹਰ ਗੱਲ ਉੱਤੇ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ। ਜਿਸ ਸਥਾਨ ਉੱਤੇ ਮੀਰ ਮੰਨੂ ਨੇ ਇਨ੍ਹਾਂ ਬੀਬੀਆਂ ਨੂੰ ਕੈਂਪ ਵਿੱਚ ਕੈਦ ਕਰ ਕੇ ਰੱਖਿਆ ਸੀ, ਉਸ ਸਥਾਨ ਉੱਤੇ ਮੁੱਲਾਂਪੁਰ ਵਿੱਚ ਬੀਬੀਆਂ ਦੀ ਯਾਦ ਵਿੱਚ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਸੁਸ਼ੋਭਿਤ ਹੈ। ਇਨ੍ਹਾਂ ਬੀਬੀਆਂ ਨੂੰ ਲਾਹੌਰ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਨਖਾਸ ਚੌਕ ਵਾਲੀ ਜੇਲ੍ਹ ਵਿੱਚ ਬੰਦ ਕਰ ਕੇ ਹਰ ਰੋਜ਼ ਅਕਹਿ ਤਸੀਹੇ ਦਿੱਤੇ ਜਾਂਦੇ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਧਾਰਨ ਕਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ। ਇਨ੍ਹਾਂ ਤਸੀਹਿਆਂ ਦੇ ਬਾਵਜੂਦ ਸਿਦਕ ਨਾ ਹਾਰਨ ’ਤੇ ਬੀਬੀਆਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਾਏ ਗਏ ਪਰ ਫਿਰ ਵੀ ਇਹ ਬੀਬੀਆਂ ਅਡੋਲ ਰਹੀਆਂ ਤੇ ਆਪਣੇ ਧਰਮ ਨੂੰ ਨਹੀਂ ਛੱਡਿਆ।
ਸਰਦਾਰਨੀ ਸਦਾ ਕੌਰ: ਪਤੀ ਗੁਰਬਖਸ਼ ਸਿੰਘ ਤੇ ਸਹੁਰੇ ਜੈ ਸਿੰਘ ਦੀ ਮੌਤ ਤੋਂ ਬਾਅਦ ਕਨੱਈਆ ਮਿਸਲ ਦੀ ਅਗਵਾਈ ਕਰਨ ਵਾਲੀ ਸਰਦਾਰਨੀ ਸਦਾ ਕੌਰ ਨੇ ਸਿੱਖ ਰਾਜ ਦੀ ਸਥਾਪਨਾ ਵਿੱਚ ਵੱਡਾ ਰੋਲ ਅਦਾ ਕੀਤਾ। 1785 ਵਿੱਚ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਸ਼ੁਕਰਚੱਕੀਆ ਮਿਸਲ ਦੇ ਮਿਸਲਦਾਰ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਨਾਲ ਕੀਤੀ। ਇਸ ਪਿੱਛੋਂ ਸਰਦਾਰਨੀ ਸਦਾ ਕੌਰ, ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ। 1796 ਵਿੱਚ ਅਫ਼ਗ਼ਾਨਿਸਤਾਨ ਦੇ ਸ਼ਾਹ ਜ਼ਮਾਨ ਨੇ 30000 ਫ਼ੌਜ ਨਾਲ਼ ਪੰਜਾਬ ਉੱਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿੱਚ ਖੜ੍ਹਾ ਨਹੀਂ ਹੋਇਆ ਪਰ ਸਰਦਾਰਨੀ ਸਦਾ ਕੌਰ ਨੇ ਸਰਬੱਤ ਖ਼ਾਲਸਾ ਸੱਦ ਕੇ ਅਫ਼ਗਾਨ ਡਾਕੂਆਂ ਤੋਂ ਪੰਜਾਬ ਨੂੰ ਬਚਾਉਣ ਦਾ ਐਲਾਨ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੀ ਖ਼ਾਲਸਾਈ ਫ਼ੌਜ ਨੇ ਅਫ਼ਗਾਨੀਆਂ ਨੂੰ ਕਰਾਰੀ ਹਾਰ ਦਿੱਤੀ। ਸਰਦਾਰਨੀ ਸਦਾ ਕੌਰ ਨੇ 1801 ਵਿੱਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। ਸਿੱਖ ਇਤਿਹਾਸ ਵਿੱਚ ਇਨ੍ਹਾਂ ਮਹਾਨ ਔਰਤਾਂ ਤੋਂ ਇਲਾਵਾ ਹੋਰ ਅਣਗਿਣਤ ਔਰਤਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ। ਂ


Comments Off on ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਸਿੰਘਣੀਆਂ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.