ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸੇਧਗਾਰ ਤੇ ਗਿਆਨਵਰਧਕ ਰਚਨਾਵਾਂ ਦੇ ਸੰਗ੍ਰਹਿ

Posted On March - 19 - 2017

 ਡਾ. ਸ਼ਰਨਜੀਤ ਕੌਰ
ਦੋ ਪੁਸਤਕਾਂ – ਦੋ ਅਨੁਭਵ

ਲੇਖਿਕਾ: ਗੁਰਦੀਸ਼ ਕੌਰ ਗਰੇਵਾਲ ਕੀਮਤ: 300 ਰੁਪਏ ਗੋਸਲ ਪ੍ਰਕਾਸ਼ਨ, ਲੁਧਿਆਣਾ।

ਲੇਖਿਕਾ: ਗੁਰਦੀਸ਼ ਕੌਰ ਗਰੇਵਾਲ
ਕੀਮਤ: 300 ਰੁਪਏ
ਗੋਸਲ ਪ੍ਰਕਾਸ਼ਨ, ਲੁਧਿਆਣਾ।

‘ਮੋਹ ਦੀਆਂ ਤੰਦਾਂ’ ਗੁਰਦੀਸ਼ ਕੌਰ ਗਰੇਵਾਲ ਦਾ ਦੂਜਾ ਨਿਬੰਧ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਤਿੰਨ ਕਾਵਿ-ਸੰਗ੍ਰਹਿ ਅਤੇ ਇੱਕ ਨਿਬੰਧ ਸੰਗ੍ਰਹਿ ਛਪ ਚੁੱਕੇ ਹਨ। ਗੁਰਦੀਸ਼ ਕੌਰ ਗਰੇਵਾਲ ਪਰਵਾਸੀ ਲੇਖਿਕਾ ਹੈ। ਉਹ ਕਈ ਸਾਲਾਂ ਤੋਂ ਕੈਲਗਰੀ (ਕੈਨੇਡਾ) ਰਹਿ ਰਹੀ ਹੈ। ‘ਮੋਹ ਦੀਆਂ ਤੰਦਾਂ’ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪੂਰਾ ਮੋਹ ਰੱਖਦੀ ਲੇਖਿਕਾ ‘ਮੋਹ’ ਸੰਗ ਪੰਜਾਬੀ ਮਾਂ  ਬੋਲੀ ਲਈ ਸਾਰਥਿਕ ਨਿਬੰਧ ਲਿਖ ਕੇ ਪੰਜਾਬੀਆਂ ਨੂੰ ਜਾਗਰੂਕ ਕਰਨਾ ਲੋਚਦੀ ਹੈ। ਉਹ ਪੰਜਾਬੀ ਪਰਿਵਾਰਾਂ ਦੇ ਰਹਿਣ-ਸਹਿਣ, ਕਦਰਾਂ-ਕੀਮਤਾਂ, ਪੰਜਾਬੀ ਸਭਿਆਚਾਰ ਨੂੰ ਭਲੀ-ਭਾਂਤ ਜਾਣਦੀ-ਸਮਝਦੀ ਹੈ।
ਹਥਲੀ ਪੁਸਤਕ ‘ਮੋਹ ਦੀਆਂ ਤੰਦਾਂ’ ਨੂੰ ਲੇਖਿਕਾ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਭਾਗ ਸਮਾਜਿਕ ਲੇਖਾਂ ਨਾਲ ਸਬੰਧਿਤ ਹੈ। ਦੂਜਾ ਭਾਗ ਧਾਰਮਿਕ ਨਿਬੰਧਾਂ ਪ੍ਰਤੀ ਜਾਣਕਾਰੀ ਦਿੰਦਾ ਹੈ। ਇਸ ਵਿੱਚ ਕੁੱਲ ਪੰਜ ਲੇਖ ਦਰਜ  ਹਨ। ਤੀਜਾ ਭਾਗ ਅੱਖੀਂ ਡਿੱਠਾ ਕੈਨੇਡਾ ਤੇ ਚੌਥਾ ਭਾਗ ਹੈ ਸਿਹਤ ਸੰਭਾਲ ਜਿਸ ਵਿੱਚ  ਚਾਰ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਲੇਖ ਨਰੋਈ ਸੇਧ ਦਿੰਦੇ ਹਨ। ਇਹ ਸਮਾਜਿਕ ਬੁਰਿਆਈ ਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ  ਸਰਲ ਤੇ ਸਪੱਸ਼ਟ ਸ਼ਬਦਾਂ ਵਿੱਚ ਦਿੰਦੇ ਹਨ। ਉਸ ਦੇ ਲੇਖ ਪੰਜਾਬੀਆਂ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣ ਦਾ ਵੱਲ ਦੱਸਦੇ ਹਨ। ਮਨੁੱਖ ਨੂੰ ਮਨੁੱਖਤਾ ਪ੍ਰਤੀ ਸੁਚੇਤ ਹੋਣ ਵੱਲ ਸਮਝਾਉਂਦੇ ਹਨ। ਭਾਵੇਂ ਉਹ ਪਰਵਾਸੀ ਹੈ, ਪਰ ਪੰਜਾਬ ਵਿਚਲੇ ਪਰਵਾਸੀ ਪੱਖ ਨੂੰ ਉਭਾਰਦੀ ਉਹ ਦੋਵਾਂ ਪੰਜਾਬਾਂ ਨੂੰ ਜੀਵਨ ਜਿਊਣ ਦਾ ਰਾਹ ਦੱਸਦੀ ਹੈ।
ਅਜੋਕੇ ਯੁੱਗ ’ਚ ਦਮ ਤੋੜ ਰਹੇ ਰਿਸ਼ਤੇ-ਨਾਤਿਆਂ ਬਾਰੇ ਉਹ ਕਹਾਣੀਨੁਮਾ ਲੇਖ ਰਾਹੀਂ ਦੱਸਦੀ ਹੈ ਕਿ ਕਿਵੇਂ ਅੱਜ ਬੱਚਿਆਂ ਨੂੰ ਦਾਦਕਿਆਂ-ਨਾਨਕਿਆਂ ਦਾ ਭਰਪੂਰ ਪਿਆਰ ਭੁੱਲ ਚੁੱਕਿਆ ਹੈ। ਅੱਜ ਹਰ ਬੱਚੇ ਦਾ ਆਪਣਾ ਵੱਖਰਾ ਕਮਰਾ ਹੈ ਜਿਸ ਵਿੱਚ ਉਹ ਕਿਸੇ ਹੋਰ ਦੀ ਦਖਲਅੰਦਾਜ਼ੀ ਸਹਾਰ ਨਹੀਂ ਸਕਦਾ। ਉਂਜ, ਇਹ ਬਹੁਤ ਹੀ ਦੁਖਦਾਈ ਗੱਲ ਹੈ। ਰਿਸ਼ਤਿਆਂ  ਦੀ ਸਾਂਝ ਉੱਕਾ ਹੀ ਮੁੱਕ ਚੁੱਕੀ ਹੈ, ਪਰ ਇਸ ਦਾ ਕਾਰਨ ਨਵੀਂ ਪੀੜ੍ਹੀ ਦੀ ਸੋਚਣੀ, ਇਲੈਕਟ੍ਰੌਨਿਕਸ ਯੁੱਗ ਦੀ ਆਮਦ ਹੀ ਨਹੀਂ ਸਗੋਂ ਇਸ ਵਿੱਚ ਮਾਂ-ਪਿਓ ਦਾ ਵੀ ਹੱਥ ਹੈ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਬੱਚਿਆਂ ਨਾਲ ਰਹਿ ਕੇ ਸਭ ਸਮਝਾ ਸਕਣ। ਉਨ੍ਹਾਂ ਨੂੰ ਸਹੀ ਸੇਧ ਦੇ ਸਕਣ। ‘ਖ਼ੁਸ਼ੀ ਦੀ ਭਾਲ’ ਵਿੱਚ ਮਨੁੱਖ ਪੂਰੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਲੇਖਿਕਾ ਨੇ ਇਸ ਵਿੱਚ ਵੀ ਲੇਖ ਦੇ ਨਾਲ-ਨਾਲ ਇੱਕ ਰਾਜੇ ਦੀ ਕਹਾਣੀ ਵੀ ਸੁਣਾਈ ਹੈ ਜੋ ਬਿਮਾਰ ਹੋ ਜਾਂਦਾ ਹੈ। ਵੱਡੇ ਵੈਦ ਨੇ ਕਿਹਾ ਕਿ ਠੀਕ ਹੋ ਸਕਦਾ ਹੈ, ਜੇ ਕਿਸੇ ‘ਖ਼ੁਸ਼ ਮਨੁੱਖ’ ਦੀ ਕਮੀਜ਼ ਇਸ ਨੂੰ ਪੁਆਈ ਜਾਵੇ।
ਭਾਵੇਂ ਇਹ ਕਹਾਣੀਆਂ, ਪ੍ਰੰਪਰਾਗਤ, ਪਰੀ, ਲੋਕ ਕਹਾਣੀਆਂ ਹਨ, ਪਰ ਫਿਰ ਵੀ ਦਿਲਚਸਪ ਹਨ। ‘ਔਰਤ ਦਾ ਅਸਲ ਪਰਿਵਾਰ ਕਿਹੜਾ’ ਵਿੱਚ ਉਸ ਨੇ ਔਰਤ ਦੀ ਅਜੋਕੀ ਸਥਿਤੀ ਬਾਖ਼ੂਬੀ ਵਿਸਥਾਰੀ ਹੈ। ਕਈ ਥਾਈਂ ਲੇਖਿਕਾ ਦੇ ਇਹ ਲੇਖ ਭਾਸ਼ਣਨੁਮਾ ਤੇ ਪੇਤਲੇ ਜਿਹੇ ਲੱਗਦੇ ਹਨ। ਲੇਖਿਕਾ ਨੂੰ ਬਹੁਤੀ ਭਾਸ਼ਣਬਾਜ਼ੀ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਉਸ ਦਾ ‘ਹਰੀਆਂ ਐਨਕਾਂ’ ਵਾਲਾ ਨਿਬੰਧ ਵਧੀਆ ਹੈ, ਪਰ ਅੱਜਕੱਲ੍ਹ ਲੋਕ ‘ਹਰੀਆਂ ਐਨਕਾਂ’ ਦੀ ਕਾਰਵਾਈ ਪੂਰੀ ਸਮਝਦੇ ਹਨ ਤੇ ਆਪਣੇ ਆਪ ਨੂੰ ਬਚਾਉਂਦੇ ਹਨ। ਫਿਰ ਵੀ ਲੇਖਿਕਾ ਨੇ ਬੇਸਮਝ ਲੋਕਾਂ ਨੂੰ ਸਮਝ ਦਿੱਤੀ ਹੈ। ਉਸ ਦੇ ਸਾਰੇ ਲੇਖ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਖਹਿੰਦੇ ਅੱਗੇ ਵਧਦੇ ਹਨ।
* * *

ਲੇਖਕ: ਜਰਨੈਲ ਹੁਸ਼ਿਆਰਪੁਰੀ  ਕੀਮਤ: 350 ਰੁਪਏ  ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।

ਲੇਖਕ: ਜਰਨੈਲ ਹੁਸ਼ਿਆਰਪੁਰੀ
ਕੀਮਤ: 350 ਰੁਪਏ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।

ਜਰਨੈਲ ਹੁਸ਼ਿਆਰਪੁਰੀ ਇਸ ਤੋਂ ਪਹਿਲਾਂ ਇੱਕ ਸਕਿੱਟ ਸੰਗ੍ਰਹਿ, ਵਾਰਤਾ ਸੰਗ੍ਰਹਿ ਅਤੇ ਪੰਜਾਬੀ-ਅੰਗਰੇਜ਼ੀ ਮੁਹਾਵਰੇ ਅਖੌਤਾਂ ਅਤੇ ਵਾਕਾਂਸ਼ (ਸੰਕਲਨ) ਪੰਜਾਬੀ ਸਾਹਿਤ ਜਗਤ ਨੂੰ ਭੇਟ ਕਰ ਚੁੱਕਾ ਹੈ। ਹਥਲੀ ਕਿਰਤ ਉਸ ਵੱਲੋਂ ਕੀਤੀਆਂ ਯਾਤਰਾਵਾਂ ਦੀ ਵੇਰਵਾਨੁਮਾ ਪੁਸਤਕ ਹੈ ਜਿਸ ਵਿੱਚ ਉਸ ਨੇ ਆਪਣੇ 15 ਨਿੱਕੇ ਲੇਖਾਂ ਨੂੰ ਸ਼ਾਮਿਲ ਕੀਤਾ ਹੈ।
ਪਹਿਲਾ ਲੇਖ ‘ਢਾਲਵਾਂ ਰਸਤਾ’ ਤੇ ਆਖ਼ਰੀ ਲੇਖ ‘ਮਿੱਠੀ ਜੇਲ੍ਹ’ ਹੈ। ਇਹ ਸਾਰੇ ਲੇਖ ਉਸ ਦੀ ਸੂਝ ਅਤੇ ਇੱਕ ਰੰਗਕਰਮੀ ਦੇ ਤਜਰਬੇ ਦੇ ਲਖਾਇਕ ਹਨ। ਲੇਖ ‘ਢਾਲਵਾਂ ਰਸਤਾ’ ਦੇ ਸ਼ੁਰੂ ਵਿੱਚ ਹੀ ਉਹ ਆਪਣੇ ਰੰਗਕਰਮੀ ਹੋਣ ਦਾ ਸਬੂਤ ਪੇਸ਼ ਕਰ ਜਾਂਦਾ ਹੈ: ‘‘ਮਿਹਰਬਾਨੋ! ਕਦਰਦਾਨੋ! ਮੇਰੇ ਕੁਝ ਚਿਰ ਦੇ ਮਾਲਕੋ! ਤੁਹਾਡੇ ਨਾਲ ਕੁਝ ਗੱਲਾਂ ਕਰਨ ਨੂੰ ਦਿਲ ਕਰ ਰਿਹਾ ਹੈ। ਇਸ ਵੇਲੇ ਸੁੰਨ-ਮਸਾਨ ਹੈ। ਪਰਿੰਦਾ ਵੀ ਨਹੀਂ ਫੜਕਦਾ, ਰਾਤ ਜੁ ਹੋਈ।’’ ਅਜਿਹੇ ਸ਼ਬਦ ਕੋਈ ਨਾਟਕਕਾਰ ਜਾਂ ਰੰਗਕਰਮੀ ਹੀ ਲਿਖ ਸਕਦਾ ਹੈ। ਲੇਖ ‘ਤ੍ਰੈ-ਦੇਸ਼ੀ ਸਫ਼ਰ ਦੇ ਗੁਬਾਰੇ’ ਪੜ੍ਹਨਯੋਗ ਹੈ ਕਿਉਂਕਿ ਇਹ ਇੱਕੋ ਵੇਲੇ ਸਿੰਗਾਪੁਰ, ਮਲੇਸ਼ੀਆ ਅਤੇ ਥਾਈਲੈਡ ਦੀ ਸੈਰ ਕਰਵਾ ਦਿੰਦਾ ਹੈ। ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਧਰਤੀਆਂ ’ਤੇ ਵਿਚਰਦਿਆਂ ਬੱਸਾਂ, ਰੇਲਾਂ ਵਿੱਚ ਸਫ਼ਰ ਕਰਦਿਆਂ ਹੀ ਉਹ ਆਪਣੇ ਦਿਮਾਗ਼ ਵਿੱਚ ਨਕਸ਼ਾ ਵਾਹ ਲੈਂਦਾ ਹੈ ਤੇ ਫਿਰ ਜਿਵੇਂ ਜਿਵੇਂ ਉਸ ਨੂੰ ਸ਼ਬਦ ਅਹੁੜਦੇ ਹਨ, ਉਹ ਲਿਖਦਾ ਰਹਿੰਦਾ ਹੈ।
ਉਹ ਪਾਠਕ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਵਾ ਦਿੰਦਾ ਹੈ ਤੇ ਉਸ ਦੀ ਉਂਗਲ ਫੜ ਕੇ ਵੈਨਕੂਵਰ ਵੀ ਲੈ ਜਾਂਦਾ ਹੈ। ਉਹ ਇਨ੍ਹਾਂ ਥਾਵਾਂ ’ਤੇ ਆਪਣੀ ਪਤਨੀ ਨਾਲ ਗਿਆ ਅਤੇ ਆਪਣੇ ਉਧਰ ਰਹਿੰਦੇ ਦੋਸਤਾਂ, ਮਿੱਤਰਾਂ ਨੂੰ ਮਿਲਿਆ।
ਉਸ ਨੇ ਕਿਵੇਂ ਜਹਾਜ਼ ਫੜਿਆ ਜਾਂ ਉਹ ਕਿਸ ਤਰ੍ਹਾਂ ਆਪਣੇ ਕਿਸੇ ਬੇਲੀ ਜਾਂ ਸਾਕ ਸਬੰਧੀ ਕੋਲ ਪਹੁੰਚਿਆ, ਉਹ ਇਸ ਸਭ ਦਾ ਵਰਣਨ ਆਪਣੇ ਅੰਦਾਜ਼ ਵਿੱਚ ਕਰਦਾ ਹੈ। ਇਸ ਤਰ੍ਹਾਂ  ਇੱਕ ਆਮ ਲੇਖਕ ਦੀ ਨਜ਼ਰ ਦਾ ਨਜ਼ਾਰਾ ਪੇਸ਼ ਹੁੰਦਾ ਹੈ ਜਿਸ ਵਿੱਚੋਂ ਬੇਸ਼ੱਕ  ਇੱਕ ਪ੍ਰੋੜ ਸਾਹਿਤਕਾਰ ਮਨਫ਼ੀ ਰਹਿੰਦਾ ਹੈ ਅਤੇ ਰੰਗਕਰਮੀ ਵੀ ਕਿਧਰੇ ਘੱਟ ਹੀ ਦਿਖਾਈ ਦਿੰਦਾ ਹੈ। ਆਪਣੀ ਯੋਗਤਾ  ਮੁਤਾਬਿਕ ਸਫ਼ਰਨਾਮਾ ਲੇਖਕ ਆਪਣੇ ਅਤੇ ਹੋਰਾਂ ਦੇ ਸੰਵਾਦ ਵੀ ਸ਼ਾਮਿਲ ਕਰ ਲੈਂਦਾ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ। ਉਂਜ, ਕਿਤਾਬ ਦਾ ਟਾਈਟਲ ਮੰਨਣਯੋਗ ਹੈ ਕਿਉਂਕਿ ਮਨੁੱਖ ਚਾਹੇ ਪੂਰੀ ਦੁਨੀਆਂ ਗਾਹ ਆਵੇ, ਪਰ ਜੋ ਸੁੱਖ ਆਪਣੇ ਘਰ ਵਿੱਚ ਹੁੰਦਾ ਹੈ, ਉਹ ਹੋਰ ਕਿੱਥੇ? ਇਨ੍ਹਾਂ ਯਾਤਰਾਵਾਂ ਵਿੱਚ ਲੇਖਕ ਦਾ ਨਿਭਾਅ ਅਤੇ ਆਰੰਭਲੇ  ਤੇ ਅੰਤਲੇ ਪੜਾਅ ਤਕ ਉਸ ਦਾ ਸਫ਼ਰ ਕਾਬਿਲੇ-ਗ਼ੌਰ ਹੈ।
ਸੰਪਰਕ: 98145-07693


Comments Off on ਸੇਧਗਾਰ ਤੇ ਗਿਆਨਵਰਧਕ ਰਚਨਾਵਾਂ ਦੇ ਸੰਗ੍ਰਹਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.