ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸੰਜੀਦਗੀ ਨਾਲ ਮਨਾਇਆ ਬ੍ਰਿਟੇਨ ਵਿੱਚ ਪੰਜਾਬੀ ਭਾਸ਼ਾ ਦਿਵਸ

Posted On March - 18 - 2017

ਸ਼ਿੰਦਰ ਮਾਹਲ

ਸਮਾਗਮ ਦੀਆਂ ਝਲਕਾਂ

ਸਮਾਗਮ ਦੀਆਂ ਝਲਕਾਂ

ਦੁਨੀਆਂ ਭਰ ਵਿੱਚ ਆਪੋ ਆਪਣੀ ਬੋਲੀ ਅਤੇ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਇਨ੍ਹਾਂ ਦੀ ਸਦੀਵੀ ਸਲਾਮਤੀ ਲਈ ਕੋਸ਼ਿਸ਼ਾਂ ਜਾਰੀ ਹਨ। ਇਹ ਵਰਤਾਰਾ ਕਿਸੇ ਵੀ ਭਾਸ਼ਾ ਦੇ ਉਤਪਤੀ ਸਥਾਨ ’ਤੇ ਸ਼ਾਇਦ ਘੱਟ ਹੋਵੇ, ਪਰ ਵਿਦੇਸ਼ਾਂ ਵਿੱਚ ਜ਼ਿਆਦਾ ਹੈ। ਬ੍ਰਿਟੇਨ ਵਿੱਚ ਪੰਜਾਬੀ, ਬੋਲਣ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਤੀਜੇ ਨੰਬਰ ’ਤੇ ਹੈ, ਪਰ ਗੁਰਮੁਖੀ ਲਿਪੀ ਵਰਤਣ ਵਾਲੇ ਘਰਾਂ ਦੀ ਗਿਣਤੀ ਅੱਠ ਲੱਖ ਦੇ ਕਰੀਬ ਹੈ। ਇੱਥੇ 350 ਤੋਂ ਵੱਧ ਗੁਰਦੁਆਰੇ, ਅਨੇਕਾਂ ਪੰਜਾਬੀ ਸਾਹਿਤਕ ਸਭਾਵਾਂ, ਮੰਦਿਰ ਅਤੇ ਇਸਾਈ ਧਰਮ ਦੇ ਅਨੁਯਾਈ ਆਪਸੀ ਬੋਲ-ਚਾਲ ਤੇ ਲਿਖਣ ਲਈ ਪੰਜਾਬੀ ਵਰਤਦੇ ਹਨ। ਪੰਜਾਬੀ ਭਾਸ਼ਾ ਦੀ ਸੰਭਾਲ ਦੇ ਉਪਰਾਲੇ ਵੀ ਇਨ੍ਹਾਂ ਵੱਲੋਂ ਹੀ ਸਭ ਤੋਂ ਵੱਧ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਬ੍ਰਿਟੇਨ ਦੇ ਸ਼ਹਿਰ ਲੈੱਸਟਰ ਵਿੱਚ ਪੰਜਾਬੀ ਵਿਕਾਸ ਮੰਚ ਵੱਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਵਿੱਚ ਦੇਸ਼ ਭਰ ਦੇ ਪੰਜਾਬੀ ਭਾਸ਼ਾ ਨਾਲ ਜੁੜੇ ਬੁੱਧੀਜੀਵੀਆਂ, ਭਾਸ਼ਾ ਵਿਗਿਆਨੀਆਂ, ਲਿਖਾਰੀਆਂ, ਸਕੂਲਾਂ ਵਿੱਚ ਪੰਜਾਬੀ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਲੇਖਕ, ਸਕੂਲਾਂ ਦੇ ਪ੍ਰਬੰਧਕਾਂ, ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਉੱਚ ਪੱਧਰ ’ਤੇ ਬ੍ਰਿਟੇਨ ਵਿੱਚ ਪਹਿਲੀ ਵਾਰ ਪੰਜਾਬੀ ਭਾਸ਼ਾ ਅਤੇ ਪੰਜਾਬੀ ਦੀ ਪੜ੍ਹਾਈ ਨਾਲ ਸਬੰਧਿਤ ਸਰੋਕਾਰਾਂ ਅਤੇ ਇਸ ਦੇ ਪ੍ਰਚਾਰ, ਪਸਾਰ ਤੇ ਸੰਭਾਲ ਵਿੱਚ ਆ ਰਹੀਆਂ ਔਕੜਾਂ ਬਾਰੇ ਇੰਨੀ ਸ਼ਿੱਦਤ ਨਾਲ ਵਿਚਾਰਾਂ ਕੀਤੀਆਂ ਗਈਆਂ। ਇਸ ਵਿੱਚ ਤਿੰਨ ਖੋਜ ਪੱਤਰ ਆਧੁਨਿਕ ਤਕਨਾਲੋਜੀ ਦੀ ਮੱਦਦ ਨਾਲ ਤਿਆਰ ਅਤੇ ਪੇਸ਼ ਕੀਤੇ ਗਏ। ਮੁੱਖ ਖੋਜ ਪੱਤਰਾਂ ਦੇ ਤਿੰਨੋਂ ਪੇਸ਼ਕਾਰ ਬ੍ਰਿਟੇਨ ਦੇ ਵਿਸ਼ਵਵਿਦਿਆਲਿਆਂ ਤੋਂ ਡਾਕਟਰੇਟ ਦੀ ਉਪਾਧੀ ਪ੍ਰਾਪਤ ਵਿਦਵਾਨ ਸਨ।
ਸਮਾਗਮ ਦੀ ਸ਼ੁਰੂਆਤ ਪੰਜਾਬੀ ਵਿਕਾਸ ਮੰਚ ਦੇ ਮੁੱਖ ਸਕੱਤਰ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਉਸ ਨੇ ਕਿਹਾ ਕਿ ਬੀ.ਬੀ.ਸੀ ਦੀ ਵੈੱਬਸਾਈਟ ’ਤੇ ਪੰਜਾਬੀ ਭਾਸ਼ਾ ਲਈ ਆਰੰਭੀ ਮੁਹਿੰਮ ਨੇ ਪੰਜਾਬੀਆਂ ਵਿੱਚ ਆਪਣੀ ਭਾਸ਼ਾ ਪ੍ਰਤੀ ਨਵੀਂ ਚੇਤੰਨਤਾ ਭਰੀ ਹੈ। ਬੀ.ਬੀ.ਸੀ ’ਤੇ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਪ੍ਰਾਪਤ ਹੋਣਾ ਸਾਧਾਰਨ ਗੱਲ ਨਹੀਂ ਹੈ। ਇਸ ਅਹਿਮ ਪ੍ਰਾਪਤੀ ਨਾਲ ਦੇਸ਼ ਵਿਦੇਸ਼ ਵਿੱਚ ਪੰਜਾਬੀ ਨੂੰ ਬਣਦਾ ਦਰਜਾ ਤੇ ਸਨਮਾਨ ਮਿਲੇਗਾ। ਪਰ ਇਹੀ ਸਾਡੀ ਮੰਜ਼ਿਲ ਨਹੀਂ। ਜਿਸ ਦਿਨ ਅਸੀਂ ਆਪਣੀ ਭਾਸ਼ਾ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰਨ ਲੱਗ ਪਏ ਤਾਂ ਹੀ ਸਮਝਾਂਗੇ ਕਿ ਅਸੀਂ ਆਪਣੀ ਭਾਸ਼ਾ ਪ੍ਰਤੀ ਹੋਰ ਵੀ ਜ਼ਿੰਮੇਵਾਰ ਹੋ ਗਏ ਹਾਂ। 21ਵੀਂ ਸਦੀ ਦੇ ਕੰਪਿਊਟਰ ਯੁੱਗ ਵਿੱਚ ਸਾਡੀ ਭਾਸ਼ਾ ਕੰਪਿਊਟਰ ਦੇ ਹਾਣ ਦੀ ਉਦੋਂ ਬਣੇਗੀ, ਜਦੋਂ ਅਸੀਂ ਇਸ ਦੀ ਸਹੀ ਅਤੇ ਮਿਆਰੀ ਵਰਤੋਂ ਆਪਣੇ ਕੰਪਿਊਟਰ ’ਤੇ ਕਰਨ ਅਤੇ ਆਪਸੀ ਲਿਖਤੀ ਗੱਲਬਾਤ ਪੰਜਾਬੀ ਵਿੱਚ ਕਰਨ ’ਚ ਕਾਮਯਾਬ ਹੋ ਜਾਵਾਂਗੇ। ਸਾਨੂੰ ਯੂਨੀਕੋਡ ਵੀ ਅਪਨਾਉਣਾ ਪੈਣਾ ਹੈ।
ਆਪਣਾ ਖੋਜ ਪੱਤਰ ‘ਵਿਸ਼ਵੀਕਰਨ ਦੌਰ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਰੁਤਬਾ, ਮਹੱਤਵ ਅਤੇ ਚੁਣੌਤੀਆਂ’ ਪੇਸ਼ ਕਰਦਿਆਂ  ਡਾ. ਸੁਜਿੰਦਰ ਸਿੰਘ ਸੰਘਾ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਪਿਛੋਕੜ ਤੋਂ ਲੈ ਕੇ ਮੌਜੂਦਾ ਸਮੇਂ ਵਿੱਚ ਬਦਲ ਰਹੀ ਦੁਨੀਆਂ ਅਤੇ ਉੱਭਰ ਰਹੀਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਤੇ ਵਿਸ਼ਵੀਕਰਨ ਦੇ ਅਸਰ ਦੇ ਮਹੱਤਵ ਨੂੰ ਪਰਦੇ ਉੱਤੇ ਫ਼ਿਲਮ ਪੱਤਰੀਆਂ (ਸਲਾਈਡਜ਼) ਰਾਹੀਂ ਵਿਸਥਾਰ ਸਹਿਤ ਸਮਝਾਇਆ।
ਭਾਸ਼ਾ ਵਿਗਿਆਨੀ ਡਾ. ਮੰਗਤ ਰਾਏ ਭਾਰਦਵਾਜ ਦੇ ਖੋਜ ਪੱਤਰ ਦਾ ਸਿਰਲੇਖ ਸੀ ‘ਵਿਦੇਸ਼ਾਂ ਵਿੱਚ ਪੰਜਾਬੀ ਦੀ ਸੰਭਾਲ ਤੇ ਪ੍ਰਸਾਰ।’ ਇਸ ਵਿੱਚ ਉਨ੍ਹਾਂ ਨੇ ਪੂਰੇ ਬ੍ਰਿਟੇਨ ਵਿੱਚ ਪੰਜਾਬੀ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਦਾ ਰੋਲ, ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਦੇ ਤੌਰ ਤਰੀਕਿਆਂ, ਦੇਸ਼ ਦੇ ਬਹੁਗਿਣਤੀ ਗੁਰਦੁਆਰਿਆਂ ਦੇ ਸ਼ਲਾਘਾ ਭਰਪੂਰ ਯਤਨਾਂ ਅਤੇ ਕਈਆਂ ਦੇ ਪ੍ਰਬੰਧ ਵੱਲੋਂ ਪੰਜਾਬੀ ਦੀ ਪੜ੍ਹਾਈ ਪ੍ਰਤੀ ਕੀਤੀ ਜਾਣ ਵਾਲੀ ਅਣਗਹਿਲੀ, ਪੂਰੀ ਤਰ੍ਹਾਂ ਸਿੱਖਿਅਤ ਪੰਜਾਬੀ ਅਧਿਆਪਕਾਂ ਦੀ ਘਾਟ, ਆਧੁਨਿਕ ਤਕਨਾਲੋਜੀ ਰਾਹੀਂ ਪੰਜਾਬੀ ਸਿੱਖਣ ਅਤੇ ਪੜ੍ਹਾਉਣ ਵਾਲੇ ਸਰੋਤਾਂ ਦੀ ਘਾਟ ਅਤੇ ਵਿਆਕਰਣ ਸਬੰਧੀ ਹੋਏ ਕੰਮਾਂ ਦੇ ਇਤਿਹਾਸ ਬਾਰੇ ਭਰਪੂਰ ਚਾਨਣਾ ਪਾਇਆ। ਉਨ੍ਹਾਂ ਨੇ ਪੰਜਾਬੀ ਪੜ੍ਹਾਉਣ ਲਈ ਤਿਆਰ ਕੀਤੇ ਸਰੋਤਾਂ ਅਤੇ ਅਧਿਆਪਕਾਂ ਦੀ ਸਿਖਲਾਈ ’ਤੇ ਹੋਰ ਧਿਆਨ ਦੇਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਇੰਜਨੀਅਰਿੰਗ ਵਿਗਿਆਨ ਨਾਲ ਸਬੰਧਿਤ ਡਾ. ਬਲਦੇਵ ਸਿੰਘ ਕੰਦੋਲਾ ਨੇ ਆਪਣੇ ਖੋਜ ਪੱਤਰ ‘ਪੰਜਾਬੀ ਭਾਸ਼ਾ ਸਿੱਖਣ ਤੇ ਸਿਖਾਉਣ ਵਿੱਚ ਆ ਰਹੀਆਂ ਵਿਹਾਰਕ ਔਕੜਾਂ ਅਤੇ ਸੰਭਵ ਸਮਾਧਾਨ’ ਵਿੱਚ ਭਾਸ਼ਾ ਦੀਆਂ ਸ਼੍ਰੇਣੀਆਂ, ਪੰਜਾਬੀ ਭਾਸ਼ਾ ਦਾ ਰੁਤਬਾ ਵਰਤਮਾਨ ਪ੍ਰਸਥਿਤੀ, ਪੰਜਾਬੀ ਭਾਸ਼ਾ ਦੀ ਆਧੁਨਿਕਤਾ, ਬ੍ਰਿਟੇਨ ਵਿੱਚ ਪੰਜਾਬੀ ਅਤੇ ਇਸ ਦੀ ਪੜ੍ਹਾਈ ਦੀ ਸਥਿਤੀ, ਪੰਜਾਬੀ ਸਿੱਖਣ ਅਤੇ ਸਿਖਾਉਣ ਨੂੰ ਹੋਰ ਦਿਲਚਸਪ ਬਣਾਉਣ  ਲਈ ਆਧੁਨਿਕ ਸਰੋਤਾਂ ਦੀ ਉਪਲੱਬਧਤਾ ਅਤੇ ਅਧਿਆਪਕਾਂ ਨੂੰ ਖ਼ੁਦ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੀਆਂ ਸਿਰਮੌਰ ਸੰਸਥਾਵਾਂ ਨੂੰ ਆਪਣੇ ਫ਼ਰਜ਼ ਹੋਰ ਵੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਗੱਲ ਵੱਲ ਵੀ ਧਿਆਨ ਦਿਵਾਇਆ।
ਹਾਜ਼ਰ ਦਰਸ਼ਕਾਂ ਵਿੱਚ ਜਾਣਨ ਦੀ ਜਗਿਆਸਾ ਤੇ ਹਰ ਪੇਸ਼ਕਾਰ ਨੂੰ ਅੰਤਰ ਧਿਆਨ ਹੋ ਕੇ ਸੁਣਨਾ  ਇਸ ਸਮਾਗਮ ਦਾ ਹਾਸਲ ਸੀ।  ਕੁਝ ਅਹਿਮ ਸਵਾਲਾਂ ਦੇ ਨਾਲ ਨਾਲ ਕੁਝ ਅਹਿਮ ਸੁਝਾਅ ਵੀ ਆਏ। ਪੰਜਾਬੀ ਅਧਿਆਪਨ ਨਾਲ ਜੁੜੇ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਦੀ ਪੜ੍ਹਾਈ ਨੂੰ ਹੋਰ ਪ੍ਰਚੰਡ ਕਰਨ ਲਈ ਮੀਡੀਆ ਦਾ ਸਹਾਰਾ ਲੈ ਕੇ ਸਾਨੂੰ ਰਲ ਕੇ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਲੈੱਸਟਰ ਦੇ ਸਿਟੀ ਮੇਅਰ ਸਰ ਪੀਟਰ ਸੋਲਸਬੀ ਨੇ ਕੌਮਾਂਤਰੀ ਮਾਤ-ਭਾਸ਼ਾ ਅਤੇ ਇਸ ਦਿਵਸ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ।


Comments Off on ਸੰਜੀਦਗੀ ਨਾਲ ਮਨਾਇਆ ਬ੍ਰਿਟੇਨ ਵਿੱਚ ਪੰਜਾਬੀ ਭਾਸ਼ਾ ਦਿਵਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.