ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ

Posted On March - 18 - 2017

11803CD _PUNJABI CALIGRAPHYਪਹਿਲੀ ਨਵੰਬਰ 1966 ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਅਨਿੱਖੜਵਾਂ ਅੰਗ ਸੀ। ਹਰਿਆਣਾ ਦਾ ਪੰਜਾਬ ਨਾਲ ਹੀ ਨਹੀਂ ਪੰਜਾਬੀ ਨਾਲ ਵੀ ਵਿਸ਼ੇਸ਼ ਸਬੰਧ ਰਿਹਾ ਹੈ। ਆਦਿ ਕਵੀ ਸ਼ੇਖ ਫ਼ਰੀਦ ਸ਼ਕਰਗੰਜ ਨੇ 12 ਵਰ੍ਹੇ ਹਰਿਆਣਾ ਵਿਚ ਹਾਂਸੀ ਵਿਖੇ ਨਿਵਾਸ ਕੀਤਾ ਹੈ। ਇਹ ਕਿਆਸ ਕੀਤਾ ਜਾਂਦਾ ਹੈ ਕਿ  ਸ਼ੇਖ ਫ਼ਰੀਦ ਨੇ ਕੁਝ  ਸਲੋਕ ਹਾਂਸੀ ਵਿਚ ਰਹਿੰਦਿਆਂ ਵੀ ਜ਼ਰੂਰ ਉਚਾਰੇ ਹੋਣਗੇ। ਸ਼ੇਖ ਫ਼ਰੀਦ ਤੋਂ ਪਹਿਲਾਂ ਪੰਜਾਬੀ ਦਾ ਮੁੱਢ ਬੰਨ੍ਹਣ ਵਾਲੇ ਨਾਥ-ਜੋਗੀ ਵੀ ਹਰਿਆਣਾ ਵਿਚ ਵਿਚਰਦੇ ਰਹੇ ਹਨ। ਪੰਜਾਬੀ ਦੇ ਆਦਿ ਕਵੀ ਤੇ ਨਾਥ-ਜੋਗੀਆਂ ਦੀ ਧਰਤੀ ਹਰਿਆਣਾ ਵਿਚ ਅਜੇ ਤਾਈਂ ਪੰਜਾਬੀ ਨੂੰ ਉਸਦਾ ਬਣਦਾ ਹੱਕ ਨਹੀਂ ਮਿਲਿਆ।
ਹਰਿਆਣਾ ਦੇ ਗਠਨ ਤੋਂ ਪਹਿਲਾਂ ਸਮੁੱਚੇ ਪੰਜਾਬ ਨੂੰ ਭਾਸ਼ਾਈ ਆਧਾਰ ’ਤੇ ਦੋ ਭਾਗਾਂ ਵਿਚ ਵੰਡਿਆ ਹੋਇਆ ਸੀ। ਹਿੰਦੀ ਭਾਸ਼ਾਈ ਖੇਤਰ ਵਿਚ ਪਹਿਲੀ ਜਮਾਤ ਤੋਂ ਹਿੰਦੀ ਤੇ ਚੌਥੀ ਜਮਾਤ ਤੋਂ ਪੰਜਾਬੀ ਪੜ੍ਹਾਈ ਜਾਂਦੀ ਸੀ। ਪੰਜਾਬੀ ਭਾਸ਼ਾਈ ਖੇਤਰ ਵਿਚ ਪਹਿਲੀ ਜਮਾਤ ਤੋਂ ਪੰਜਾਬੀ ਤੇ ਚੌਥੀ ਜਮਾਤ ਤੋਂ ਹਿੰਦੀ ਪੜ੍ਹਾਈ ਜਾਂਦੀ ਸੀ। ਇਸ ਤਰ੍ਹਾਂ ਹਿੰਦੀ ਭਾਸ਼ਾਈ ਇਲਾਕੇ ਭਾਵ ਅੱਜ ਦੇ ਹਰਿਆਣੇ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਪ੍ਰਾਪਤ ਸੀ। ਸਰ ਭੀਮ ਸੈਨ ਸੱਚਰ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਵੀ ਪੰਜਾਬ ਸੂਬੇ ਨੂੰ ਦੋ ਭਾਗਾਂ ਵਿਚ ਵੰਡਦੇ ਹੋਏ ਸੁਝਾਅ ਦਿੱਤਾ ਸੀ ਕਿ ਪੰਜਾਬੀ ਬੋਲਦੇ ਇਲਾਕਿਆਂ ਵਿਚ ਪ੍ਰਾਇਮਰੀ ਤੋਂ ਮੈਟ੍ਰਿਕ ਤਕ ਪੰਜਾਬੀ ਲਾਜ਼ਮੀ ਤੇ ਹਿੰਦੀ ਪ੍ਰਾਇਮਰੀ ਦੀ ਆਖਰੀ ਜਮਾਤ ਤੋਂ ਮੈਟ੍ਰਿਕ ਤਕ ਪੜ੍ਹਾਈ ਜਾਵੇਗੀ। ਇਹੀ ਫਾਰਮੂਲਾ ਬਦਲਵੇਂ ਰੂਪ ਵਿਚ ਹਿੰਦੀ ਬੋਲਦੇ ਇਲਾਕਿਆਂ ਵਿਚ ਲਾਗੂ ਹੋਵੇਗਾ। ਪਰ ਹਰਿਆਣਾ ਦੇ ਗਠਨ ਤੋਂ ਬਾਅਦ ਛੇਤੀ ਹੀ ਹਰਿਆਣੇ ਵਿਚ ਪੰਜਾਬੀ ਨੂੰ ਚੌਥੀ ਜਮਾਤ ਤੋਂ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਉਣ ਦੀ ਥਾਂ ਸੱਤਵੀਂ ਜਮਾਤ ਤੋਂ ਅਖਤਿਆਰੀ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾਣ ਲੱਗਾ।
ਪੰਜਾਬੀ ਦੀ ਹਰਿਆਣੇ ਦੀਆਂ ਉਪ-ਬੋਲੀਆਂ ਬਾਂਗਰੂ, ਬਾਗੜੀ, ਅਹੀਰਵਟੀ, ਮੇਵਾਤੀ ਤੇ ਸ਼ੇਖਾਵਟੀ ਨਾਲ ਨਿਵੇਕਲੀ ਸਾਂਝ ਹੈ। ਪੰਜਾਬ ਵਿਚ ਮਲਵਈ

 ਇਕਬਾਲ ਸਿੰਘ ਹਮਜਾਪੁਰ


ਇਕਬਾਲ ਸਿੰਘ ਹਮਜਾਪੁਰ

ਵਾਂਗ ਹਰਿਆਣੇ ਦੇ ਇਕ ਵੱਡੇ ਭੂ-ਭਾਗ ਵਿਚ ਬਾਂਗਰੂ ਬੋਲੀ ਜਾਂਦੀ ਹੈ ਤੇ ਅਤੀਤ ਵਿਚ ਮਾਲਵੇ ਵਾਂਗ ਉਚੇ ਟਿੱਬਿਆਂ ਵਾਲੇ  ਅਣ-ਉਪਜਾਊ ਤੇ ਵਰਖਾ ’ਤੇ ਨਿਰਭਰ ਭੂ-ਭਾਗ ਬਾਂਗਰ ਹੈ। ਭੂਗੋਲਿਕ ਸਮਾਨਤਾਵਾਂ ਕਾਰਨ ਬਾਂਗਰ ਦੀ ਬੋਲੀ ਮਲਵਈ ਨਾਲ ਵਧੇਰੇ ਮਿਲਦੀ ਹੈ। ਬਾਂਗਰੂ ਵਿਚ ਪੰਜਾਬੀ ਤੇ ਮਲਵਈ ਵਾਲੇ ਮੁਹਾਵਰੇ ਪ੍ਰਚਲਿਤ ਹਨ। ਪੰਜਾਬੀ ਨਾਉਂ-ਸ਼ਬਦ ਆਲ੍ਹਣਾ, ਖਟਾਰਾ, ਪਾਣੀ, ਗੋਝੀ, ਘੁਰਕਣੀ, ਪੱਲੀ, ਬਾਣ, ਦਾਰੂ, ਦੀਦਾ, ਨਿੱਗਰ, ਗੇਰੂ, ਫ਼ਾਲੀ, ਭੈਂਗਾ, ਭੁੱਬਲ ਆਦਿ ਬਾਂਗਰੂ ਵੀ ਆਮ ਬੋਲ-ਚਾਲ ਵਿਚ ਵਰਤਦੇ ਹਨ। ਬਾਂਗਰੂ ਵਿਚ ਪੰਜਾਬੀ ਵਾਂਗ ‘ਲ’ ਤੇ ‘ਲ਼’ ਦੋ ਧੁਨੀਆਂ ਮਿਲਦੀਆਂ ਹਨ।
ਹਰਿਆਣੇ ਦੇ ਬਾਗੜੀ ਵੀ ਮਲਵਈ ਪੰਜਾਬੀਆਂ ਵਾਂਗ ‘ਵ’ ਦੀ ਥਾਂ ‘ਬ’ ਦਾ ਉਚਾਰਣ ਕਰਦੇ ਹਨ। ਪੰਜਾਬੀ ਨਾਲੋਂ ਕੁਝ ਵਖਰੇਵੇਂ ਦੇ ਬਾਵਜੂਦ ਅਹੀਰਵਟੀ ਦੀ ਵੀ ਪੰਜਾਬੀ ਨਾਲ ਸਾਂਝ ਹੈ। ਪੰਜਾਬੀ ਵਿਚ ਪ੍ਰਚਲਤ ਰੂਪ-ਬਸੰਤ, ਰਾਜਾ ਰਸਾਲੂ ਤੇ ਭਰਥਰੀ ਹਰੀ ਜਿਹੇ ਕਿੱਸੇ ਹਰਿਆਣੇ ਦੇ ਅਹੀਰਾਂ ਵਿਚ ਵੀ ਹਰਮਨਪਿਆਰੇ ਹਨ। ਅਹੀਰਵਟੀ ਵਿਚ ਵੀ ਪੰਜਾਬੀ ਵਾਂਗ ‘ਲ’ ਤੇ ‘ਲ਼’ ਦੋ ਧੁਨੀਆਂ ਮਿਲਦੀਆਂ ਹਨ ਤੇ ਇਹ ਧੁਨੀ ਬਦਲਣ ਨਾਲ ਸ਼ਬਦ ਦਾ ਅਰਥ ਬਦਲ ਜਾਂਦਾ ਹੈ। ਅਹੀਰਵਟੀ ਵਿਚ ਵੀ ਪੰਜਾਬੀ ਵਾਂਗ ‘ਨ’ ਦੀ ਥਾਂ ‘ਣ’ ਧੁਨੀ ਦਾ ਵਧੇਰੇ ਪ੍ਰਯੋਗ ਹੁੰਦਾ ਹੈ। ਪੰਜਾਬੀ ਵਿਚਲੇ ਰਿਸ਼ਤਿਆਂ ਦੇ ਨਾਂ, ਪਸ਼ੂ-ਪੰਛੀਆਂ ਦੇ ਨਾਂ ਤੇ ਦੇਸੀ ਮਹੀਨਿਆਂ ਦੇ ਨਾਂ ਅਹੀਰਵਟੀ ਵਿਚ ਵੀ ਹੂਬਹੂ ਮਿਲਦੇ ਹਨ। ਇਸ ਤਰ੍ਹਾਂ ਹਰਿਆਣਵੀ-ਪੰਜਾਬੀ ਦੀ ਨੇੜੇ ਦੀ ਤੇ ਨਿਵੇਕਲੀ ਸਾਂਝ ਹੈ। ਹਰਿਆਣਵੀ-ਪੰਜਾਬੀ ਆਪਸ ਵਿਚ ਬਿਨਾਂ ਕਿਸੇ ਦੁਭਾਸ਼ੀਏ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੇ ਸਮਰੱਥ ਹਨ। ਹਰਿਆਣਵੀ-ਪੰਜਾਬੀ ਦੀਆਂ ਇਨ੍ਹਾਂ ਨਿਵੇਕਲੀਆਂ ਸਾਂਝਾਂ ਦੇ ਬਾਵਜੂਦ ਪੰਜਾਬੀ ਨੂੰ ਹਰਿਆਣਾ ਵਿਚ ਉਸਦਾ ਬਣਦਾ ਹੱਕ ਨਹੀਂ ਮਿਲਿਆ।
ਹਰਿਆਣਾ ਦੀ 40 ਫੀਸਦੀ ਆਬਾਦੀ ਪੰਜਾਬੀ ਹੈ। ਹਰਿਆਣੇ ਨੂੰ ਉਨਤ ਤੇ ਵਿਕਸਤ ਕਰਨ ਵਿਚ ਦਿੱਲੀ ਦੇ ਨਾਲ-ਨਾਲ ਹਰਿਆਣੇ ਦੇ ਪੰਜਾਬੀਆਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਹਰਿਆਣੇ ਦੀਆਂ ਬੀੜਾਂ ਨੂੰ ਪਾਕਿਸਤਾਨੋਂ ਉਜੜ ਕੇ ਆਏ ਪੰਜਾਬੀਆਂ ਨੇ ਹੀ ਆਬਾਦ ਕੀਤਾ ਹੈ। ਪੰਜਾਬੀਆਂ ਸਦਕਾ ਹੀ ਕਰਨਾਲ ਨੂੰ ਝੋਨੇ ਦੇ ਕਟੋਰੇ ਦੀ ਸੰਗਿਆ ਦਿੱਤੀ ਜਾਣ ਲੱਗੀ ਹੈ। ਪਰ ਹਰਿਆਣੇ ਨੂੰ ਵਿਕਸਤ ਕਰਨ ਲਈ ਪੰਜਾਬੀਆਂ ਦੇ ਵੱਡੇ ਯੋਗਦਾਨ ਦੇ ਬਾਵਜੂਦ ਇਨ੍ਹਾਂ ਲੋਕਾਂ ਦੀ ਭਾਸ਼ਾ ਇਥੇ ਹਉਕੇ ਲੈਂਦੀ ਰਹੀ ਹੈ।
ਸਮੇਂ-ਸਮੇਂ ’ਤੇ ਪੰਜਾਬ ਦੀਆਂ ਸਰਕਾਰਾਂ, ਹਰਿਆਣਾ ਵਿਚਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਮਿਲਾਉਣ ਦੀ ਗੱਲ ਤਾਂ ਕਰਦੀਆਂ ਰਹੀਆਂ ਹਨ ਪਰ ਇਨ੍ਹਾਂ ਨੇ ਕਦੇ ਵੀ ਹਰਿਆਣੇ ਵਿਚ ਹੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਦੀ ਗੱਲ ਨਹੀਂ ਤੋਰੀ। ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਮਿਲਾਉਣ ਨਾਲ ਪੰਜਾਬ ਦਾ ਘੇਰਾ ਤਾਂ ਵਧ ਸਕਦਾ ਹੈ ਪਰ ਪੰਜਾਬੀ ਦਾ ਘੇਰਾ ਸੁੰਗੜ ਜਾਵੇਗਾ।
ਹਰਿਆਣਾ ਦੇ ਪੰਜਾਬੀਆਂ ਲਈ ਉਹ ਦਿਨ ਸ਼ੁਭ ਸੀ, ਜਦੋਂ 1966 ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਸਥਾਪਨਾ ਹੋਈ ਸੀ। ਪੰਜਾਬੀ ਭਾਸ਼ਾ ਲਈ ਅਧਿਆਪਨ ਕੋਰਸ ਓ. ਟੀ. ਪੰਜਾਬੀ ਤਿੰਨ ਸਥਾਨਾਂ ਡਿੰਗ (ਸਿਰਸਾ), ਕਰਨਾਲ ਅਤੇ ਯਮੁਨਾਨਗਰ ਵਿਚ ਚਾਲੂ ਕੀਤਾ ਗਿਆ ਸੀ ਤੇ ਤੀਸਰੀ ਭਾਸ਼ਾ ਦੇ ਰੂਪ ਵਿਚ ਪੰਜਾਬੀ ਨੂੰ ਉਰਦੂ, ਸੰਸਕ੍ਰਿਤ ਦੇ ਨਾਲ ਸੱਤਵੀਂ ਜਮਾਤ ਦੀ ਥਾਵੇਂ ਛੇਵੀਂ ਜਮਾਤ ਤੋਂ ਪੜ੍ਹਾਇਆ ਜਾਣ ਲੱਗਾ ਸੀ।
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਲਗਪਗ ਇਕ ਦਹਾਕੇ ਤੋਂ ਬਹੁਤ ਵਧੀਆ ਕੰਮ ਕਰਦੀ ਆ ਰਹੀ ਹੈ। ਸਮੇਂ-ਸਮੇਂ ’ਤੇ ਅਕਾਦਮੀ ਦਾ ਬਜਟ ਵਧਦਾ ਰਿਹਾ ਹੈ। ਅਕਾਦਮੀ ਨੇ ਹਰਿਆਣੇ ਵਿਚ ਅਨੇਕਾਂ ਨਵੇਂ ਪੰਜਾਬੀ ਲੇਖਕ ਪੈਦਾ ਕੀਤੇ ਹਨ। ਅਕਾਦਮੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਹਰਿਆਣਾ ਗੌਰਵ, ਭਾਈ ਸੰਤੋਖ ਸਿੰਘ, ਬਾਬਾ ਫ਼ਰੀਦ, ਸੰਤ ਤਰਨ ਸਿੰਘ ਵਹਿਮੀ ਤੇ ਹਰਿਭਜਨ ਸਿੰਘ ਰੇਣੂ ਨਾਂ ਦੇ ਸਨਮਾਨਾਂ ਨਾਲ ਨਿਵਾਜਣ ਦੇ ਨਾਲ-ਨਾਲ ਵੱਖ-ਵੱਖ ਵਿਧਾਵਾਂ ਵਿਚ ਪੁਸਤਕ ਪੁਰਸਕਾਰ ਵੀ ਪ੍ਰਦਾਨ ਕਰ ਰਹੀ ਹੈ। ਅਕਾਦਮੀ, ਹਰਿਆਣੇ ਦੇ ਪੰਜਾਬੀ ਲੇਖਕਾਂ ਦੀਆਂ ਛਪੀਆਂ ਪੁਸਤਕਾਂ ਨੂੰ ਖਰੀਦਣ ਦੇ ਨਾਲ-ਨਾਲ ਲੇਖਕਾਂ ਨੂੰ ਪੁਸਤਕਾਂ ਛਪਵਾਉਣ ਲਈ ਸਹਾਇਤਾ ਵੀ ਦਿੰਦੀ ਹੈ। ਪੰਚਕੂਲਾ ਵਿਚ ਕਰਵਾਇਆ ਹਰਿਆਣਾ ਸਾਹਿਤ ਸੰਗਮ ਸ਼ਲਾਘਾਯੋਗ ਉਪਰਾਲਾ ਹੈ।
ਹਰਿਆਣੇ ਵਿਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਸੰਖਿਆ ਵੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ। ਸਾਰੇ ਦੇਸ਼ ਵਿਚ ਐਲੀਮੈਂਟਰੀ ਸਿੱਖਿਆ ਵਿਚ ਤ੍ਰੈ-ਭਾਸ਼ੀ ਫਾਰਮੂਲਾ ਲਾਗੂ ਹੈ। ਤ੍ਰੈ-ਭਾਸ਼ੀ ਫਾਰਮੂਲੇ ਅਧੀਨ ਦੂਸਰੀ-ਤੀਸਰੀ ਭਾਸ਼ਾ ਦੇ ਰੂਪ ਵਿਚ ਆਪਣੀ ਮਾਂ ਬੋਲੀ ਜਾਂ ਆਪਣੇ ਪਰਿਵੇਸ਼ ਦੀ ਭਾਸ਼ਾ ਦੀ ਸਿੱਖਿਆ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਪਰ ਹਿੰਦੀ ਭਾਸ਼ਾਈ ਰਾਜ ਹਰਿਆਣਾ  ਵਿਚ ਬਹੁਤੀਆਂ ਥਾਵਾਂ ’ਤੇ ਅਜੇ ਵੀ ਤੀਸਰੀ ਭਾਸ਼ਾ ਦੇ ਤੌਰ  ’ਤੇ ਵੀ ਖੇਤਰੀ ਭਾਸ਼ਾ ਪੰਜਾਬੀ ਪੜ੍ਹਾਉਣ ਦੀ ਵਿਵਸਥਾ ਨਹੀਂ ਹੈ। ਰਾਜ ਵਿਚ ਤੀਸਰੀ ਭਾਸ਼ਾ ਦੇ ਰੂਪ ਵਿਚ ਪੰਜਾਬੀ, ਸੰਸਕ੍ਰਿਤ ਤੇ ਉਰਦੂ ਨੂੰ ਇਕ ਅਖਿਤਆਰੀ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਬੱਚਿਆਂ ਨੇ ਤਿੰਨਾਂ ਭਾਸ਼ਾਵਾਂ ਵਿੱਚੋਂ ਇਕ ਭਾਸ਼ਾ ਨੂੰ ਚੁਣਨਾ ਹੁੰਦਾ ਹੈ। ਸੁਵਿਧਾ ਉਪਲਬਧ ਨਾ ਹੋਣ ਕਰਕੇ ਰਾਜ ਵਿਚ ਬਹੁਤੀ ਥਾਈਂ ਬੱਚੇ ਪੰਜਾਬੀ ਨੂੰ ਤੀਸਰੀ ਭਾਸ਼ਾ ਦੇ ਤੌਰ ’ਤੇ ਵੀ ਨਹੀਂ ਚੁਣਦੇ।
ਅੱਠਵੀਂ ਤੋਂ ਬਾਅਦ ਦੀਆਂ ਜਮਾਤਾਂ ਵਿਚ ਪੰਜਾਬੀ ਨੂੰ ਭਾਸ਼ਾਵਾਂ ਦੇ ਨਾਲ-ਨਾਲ ਹੋਰਨਾਂ ਸਮਾਜਿਕ ਵਿਸ਼ਿਆਂ ਨਾਲ ਜੋੜ ਕੇ ਇਕ ਅਖਤਿਆਰੀ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾ ਰਿਹਾ ਹੈ। ਨੌਵੀਂ ਜਮਾਤ ਵਿਚ ਜਾ ਕੇ ਬੱਚਿਆਂ ਨੇ ਸੋਲ੍ਹਾਂ-ਸਤ੍ਹਾਰਾਂ ਵਿਸ਼ਿਆਂ ਵਿੱਚੋਂ ਇਕ ਵਿਸ਼ਾ ਚੁਣਨਾ ਹੁੰਦਾ ਹੈ ਤੇ ਹੁਣ ਹਰਿਆਣਾ ਸਿੱਖਿਆ ਵਿਭਾਗ ਨੇ ਸਕੂਲੀ ਸਿੱਖਿਆ ਵਿਚ ਕਿੱਤਾਮੁਖੀ ਸਿਖਲਾਈ ਸਕੀਮ ਅਧੀਨ ਕੁਝ ਹੋਰ ਕਿੱਤਾਮੁਖੀ ਅਖਿਤਿਆਰੀ ਵਿਸ਼ੇ ਜੋੜ ਦਿੱਤੇ ਹਨ। ਸਾਲ 2015-16 ਵਿਚ ਹਰਿਆਣਾ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਦੇਣ ਵਾਲੇ ਕੁੱਲ 319507 ਬੱਚਿਆਂ ਵਿੱਚੋਂ ਸਿਰਫ਼ 26412 ਨੇ ਪੰਜਾਬੀ ਨੂੰ ਅਖਤਿਆਰੀ ਵਿਸ਼ੇ ਦੇ ਤੌਰ ’ਤੇ ਚੁਣਿਆ, ਜੋ ਕਿ ਕੁੱਲ ਬੱਚਿਆਂ ਦਾ ਸਿਰਫ਼ 8.32 ਫੀਸਦੀ ਬਣਦਾ ਹੈ। ਪੰਜਾਬੀ ਨਾਲ ਕੁਝ ਹੋਰ ਕਿੱਤਾਮੁਖੀ ਅਖਿਤਿਆਰੀ  ਵਿਸ਼ੇ ਜੁੜਨ ਕਾਰਨ ਆਉਣ ਵਾਲੇ ਸਮੇਂ ਵਿਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਸੰਖਿਆ ਹੋਰ ਘਟਣ ਦੀ ਸੰਭਾਵਨਾ ਹੈ। ਪੰਜਾਬੀ ਹਿਤੈਸ਼ੀ ਬੁੱਧੀਜੀਵੀ ਵਰਗ ਰਾਜ ਵਿਚ ਪੰਜਾਬੀ ਨੂੰ ਸਮਾਜਿਕ ਤੇ ਕਿੱਤਾਮੁਖੀ ਵਿਸ਼ਿਆਂ ਨਾਲ ਜੋੜ ਕੇ ਪੜ੍ਹਾਉਣ ਕਰਕੇ ਚਿੰਤਤ ਹੈ।
ਰਾਜ ਵਿਚ ਪੰਜਾਬੀ ਭਾਸ਼ਾ ਨੂੰ ਇਕ ਵਿਸ਼ੇ ਦੇ ਤੌਰ ’ਤੇ ਪੜ੍ਹਾਉਣ ਦੀ ਨਹੀਂ, ਸਗੋਂ ਐਲੀਮੈਂਟਰੀ ਸਿੱਖਿਆ ਦਾ ਮਾਧਿਅਮ ਬਣਾਉਣ ਦੀ ਜ਼ਰੂਰਤ ਹੈ। ਹਰਿਆਣੇ ਦਾ ਇਕ ਜ਼ਿਲ੍ਹਾ ਹੈ ਮੇਵਾਤ। ਮੁਸਲਿਮ  ਆਬਾਦੀ ਵਾਲੇ ਇਸ ਜ਼ਿਲ਼੍ਹੇ ਵਿਚ ਹਰਿਆਣਾ ਸਰਕਾਰ ਨੇ ਅਸਿੱਧੇ ਤੌਰ ’ਤੇ ਉਰਦੂ ਨੂੰ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਬਣਾਇਆ ਹੈ।
ਲਗਪਗ ਦਸ ਲੱਖ ਆਬਾਦੀ ਵਾਲੇ ਮੇਵਾਤ ਜ਼ਿਲ੍ਹੇ ਲਈ ਹਰਿਆਣਾ ਸਰਕਾਰ ਨੇ ਸਿੱਖਿਆ ਦਾ ਅਲੱਗ ਕਾਡਰ ਸਥਾਪਿਤ ਕੀਤਾ ਹੈ। ਸਿੱਖਿਆ ਪੱਖੋਂ ਅਤਿਅੰਤ ਪਛੜੇ ਇਸ ਜ਼ਿਲ੍ਹੇ ਲਈ ਹਰਿਆਣਾ ਸਰਕਾਰ ਵਿਸ਼ੇਸ਼ ਅਧਿਆਪਕ ਤਿਆਰ ਕਰਦੀ ਹੈ। ਇਸ ਜ਼ਿਲ੍ਹੇ ਵਿਚ ਪ੍ਰਾਇਮਰੀ ਸਿੱਖਿਆ ਦੇਣ ਲਈ ਉਨ੍ਹਾਂ ਬੱਚਿਆਂ ਨੂੰ ਜੇ.ਬੀ.ਟੀ. ਕਰਵਾਈ ਜਾਂਦੀ ਹੈ, ਜਿਨ੍ਹਾਂ ਨੇ ਦਸਵੀਂ ਤਕ ਉਰਦੂ ਪੜ੍ਹਿਆ ਹੁੰਦਾ ਹੈ। ਭਾਵੇਂ ਸਿੱਖਿਆ ਦਾ ਮਾਧਿਅਮ ਮੇਵਾਤ ਵਿਚ ਵੀ ਹਿੰਦੀ ਹੈ ਪਰ ਮੇਵਾਤ ਵਿਚ ਸਰਕਾਰ ਵੱਲੋਂ ਤਾਇਨਾਤ ਉਰਦੂ ਭਾਸ਼ੀ ਅਧਿਆਪਕ ਆਪਣੇ ਤੌਰ ’ਤੇ ਖੇਤਰੀ ਭਾਸ਼ਾ ਉਰਦੂ ਰਾਹੀਂ ਸਮਝਾਉਂਦੇ ਤੇ ਪੜ੍ਹਾਉਂਦੇ ਹੋਏ ਸਿੱਖਿਆ ਪੱਖੋਂ ਪਛੜੇ ਇਸ ਖੇਤਰ ਨੂੰ ਉਪਰ ਚੁੱਕਦੇ ਜਾਪਦੇ ਹਨ। ਮੁਸਲਿਮ ਆਬਾਦੀ ਵਾਲੇ ਇਸ ਪਛੜੇ ਖੇਤਰ ਵਿਚ ਪ੍ਰਾਇਮਰੀ ਸਿੱਖਿਆ ਦਾ ਸੁਧਾਰ ਅੰਕੜਿਆਂ ਰਾਹੀਂ ਬੋਲਦਾ ਹੈ।
ਹਰਿਆਣਾ ਸਰਕਾਰ ਨੂੰ ਮੇਵਾਤ ਵਾਂਗ ਹਰਿਆਣੇ ਵਿਚਲੇ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿਚ  ਵੀ ਪ੍ਰਾਇਮਰੀ ਸਿੱਖਿਆ ਦੇਣ ਲਈ ਪੰਜਾਬੀ ਭਾਸ਼ੀ ਅਧਿਆਪਕ ਤਾਇਨਾਤ ਕਰਨੇ ਚਾਹੀਦੇ ਹਨ।
ਸੰਪਰਕ: 094165-92149


Comments Off on ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.