ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

Posted On March - 14 - 2017

11403CD _SANT SEWAਡਾ. ਗੁਰਬਖ਼ਸ਼ ਸਿੰਘ ਭੰਡਾਲ

ਸਿੱਖ ਧਰਮ, ਮਨੁੱਖ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਦੀ ਪੂਰਤੀ ਨੂੰ ਸਹੀ ਸੰਦਰਭ ਵਿੱਚ ਸਮਝਣ ਅਤੇ ਇਸ ਅਨੁਸਾਰ ਜੀਵਨ-ਸ਼ੈਲੀ ਨੂੰ ਅਪਨਾਉਣ ਲਈ ਰਾਹ-ਦਸੇਰਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਜਿੱਥੇ ਭੁੱਖਿਆਂ ਅਤੇ ਲੋੜਵੰਦਾਂ ਦੀ ਪੇਟ-ਪੂਰਤੀ ਲਈ ਜ਼ਰੂਰੀ ਹੈ, ਉੱਥੇ ਹੀ ਸ਼ਬਦ ਸਾਧਨਾ ਪੈਦਾ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ। ਪੰਜਾਬੀਆਂ ਵਿੱਚ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਦਾ ਬਿਖੜਾ ਪੈਂਡਾ ਅਪਨਾਉਣ ਦਾ ਸਾਹਸ ਪੂਰਨ ਕਦਮ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਚੁੱਕਿਆ ਹੈ।
ਮਨੁੱਖਤਾ ਦੀ ਸਦੀਵਤਾ ਤੇ ਸੁੰਦਰਤਾ ਦੀ ਬਰਕਰਾਰੀ ਲਈ ਹਵਾ ਦੇ ਲੰਗਰਾਂ ਵਾਲੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਪਾਣੀ ਦੇ ਪਲੀਤਪੁਣੇ ਨੂੰ ਪਾਕੀਜ਼ਗੀ ਬਖ਼ਸ਼ਣ ਦੇ ਮਾਰਗੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਬਾਅਦ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਇਸ ਮਾਨਵੀ ਤੇ ਬਹੁ-ਪਰਉਪਕਾਰੀ ਕਾਰਜ ਵੰਨੀਂ ਪਹਿਲਕਦਮੀ ਕੀਤੀ ਹੈ। ਕਿਤਾਬ ਤੋਂ ਬੇਮੁੱਖ ਹੋਏ ਸਿੱਖਾਂ ਦੀ ਚੇਤਨਾ ਨੂੰ ਹਲੂਣਾ ਦੇਣ ਅਤੇ ਉਨ੍ਹਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਵਾਲੇ ਇਸ ਨਵੀਨਤਮ ਪ੍ਰਾਜੈਕਟ ਬਾਰੇ ਸੰਤ ਸੇਵਾ ਸਿੰਘ ਦਾ ਕਹਿਣਾ ਹੈ, ‘‘ਅਸੀਂ ਪੇਟ ਦੀ ਖ਼ੁਰਾਕ ਲਈ ਲੰਗਰ ਤਾਂ ਬਹੁਤ ਲਾਉਂਦੇ ਹਾਂ ਪਰ ਰੂਹ ਦੀ ਖ਼ੁਰਾਕ ਲਈ ਸ਼ਬਦ-ਸਾਂਝ ਰਾਹੀਂ ਆਪਣੇ ਧਰਮ ਤੇ ਵਿਰਸੇ ਪ੍ਰਤੀ ਸੰਵੇਦਨਸ਼ੀਲ ਨਹੀਂ ਹਾਂ। ਅਸੀਂ ਧਰਮ ਅਤੇ ਵਿਰਸੇ ਬਾਰੇ ਲੋਕਾਂ ਵਿੱਚ ਸਹੀ ਜਾਣਕਾਰੀ ਪਹੁੰਚਾਉਣ ਪ੍ਰਤੀ ਅਵੇਸਲੇ ਹਾਂ। ਇਸ ਆਸ਼ੇ ਨੂੰ ਮੁੱਖ ਰੱਖ ਕੇ ਅਸੀਂ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਬਾਰੇ ਹੁਣ ਤਕ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਕਰ ਕੇ ਸੰਗਤਾਂ ਵਿੱਚ ਮੁਫ਼ਤ ਵੰਡੀਆਂ ਹਨ।”
ਸੰਤ ਸੇਵਾ ਸਿੰਘ ਨੇ ਮਾਰਗ ਦਰਸ਼ਕ ਪੁਸਤਕਾਂ ਲਿਖਣ ਅਤੇ ਸੰਗਤਾਂ ਵਿੱਚ ਵੰਡਣ ਦਾ ਕਾਰਜ 1990 ਤੋਂ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਬਾਬਾ ਹਰਨਾਮ ਸਿੰਘ ਦੇ ਦੇਹਾਂਤ ਤੋਂ ਬਾਅਦ 1983 ਵਿੱਚ ਗੁਰਦੁਆਰਾ ਰਾਮਪੁਰ ਖੇੜਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲ ਲਈ ਸੀ। ਇਸ ਅਸਥਾਨ ਨੂੰ ਕੇਂਦਰ ਬਣਾ ਕੇ ਬਾਬਾ ਹਰਨਾਮ ਸਿੰਘ ਨੇ ਗੁਰਸਿੱਖੀ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਹ ਗੁਰਦੁਆਰਾ, ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਗੜ੍ਹਦੀਵਾਲਾ ਦੇ ਨਜ਼ਦੀਕ ਹੈ ਅਤੇ ਮੁੱਖ ਸੜਕ ਤੋਂ ਇਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਗੁਰਦੁਆਰੇ ਦੀ ਵਿਸ਼ਾਲ ਇਮਾਰਤ ਵਿੱਚ ਸੰਗਤਾਂ ਦੀ ਰਿਹਾਇਸ਼ ਲਈ 750 ਦੇ ਕਰੀਬ ਕਮਰੇ ਹਨ। ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਇੱਥੇ ਅੱਖਾਂ, ਦੰਦਾਂ ਅਤੇ ਜਨਰਲ ਹਸਪਤਾਲ ਸਫ਼ਲਤਾਪੂਰਵਕ ਚੱਲ ਰਹੇ ਹਨ ਤੇ ਬੱਚਿਆਂ ਲਈ ਗੁਰਬਾਣੀ ਕੀਰਤਨ ਲਈ ਸਿਖਲਾਈ ਦਾ ਸਕੂਲ, ਮਲਟੀਮੀਡੀਆ ਮਿਊਜ਼ੀਅਮ, ਬਿਰਧ ਆਸ਼ਰਮ ਆਦਿ ਸਮੇਤ ਵੱਖ ਵੱਖ ਅਦਾਰੇ ਪੂਰਨ ਸਮਰਪਣ ਦੀ ਭਾਵਨਾ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ।
ਬਾਬਾ ਸੇਵਾ ਸਿੰਘ ਇੱਕ ਮੁਫ਼ਤ ਪਬਲੀਕੇਸ਼ਨ ਸਟੋਰ ਚਲਾ ਰਹੇ ਹਨ। ਉਨ੍ਹਾਂ ਨੇ ਹੁਣ ਤਕ 50 ਦੇ ਕਰੀਬ ਪੰਜਾਬੀ ਪੁਸਤਕਾਂ ਲਿਖੀਆਂ ਹਨ ਅਤੇ ਛਪਵਾ ਕੇ ਮੁਫ਼ਤ ਵੰਡੀਆਂ ਹਨ। ਹਰ ਪੁਸਤਕ ਦੀ ਕੀਮਤ ‘ਅਮਲ ਅਤੇ ਵਿਚਾਰ’ ਹੈ। ਇਨ੍ਹਾਂ ਵਿੱਚ ਨਿੱਤਨੇਮ ਦੀਆਂ ਸਾਰੀਆਂ ਬਾਣੀਆਂ, ਬਾਰਾਂ ਮਾਹ, ਲਾਵਾਂ ਆਦਿ ਦਾ ਸੰਪੂਰਨ ਸਟੀਕ, ਵੱਖ ਵੱਖ ਧਾਰਮਿਕ ਸਰੋਕਾਰਾਂ ਬਾਰੇ ਅਰਥ ਭਰਪੂਰ ਪੁਸਤਕਾਂ, ਸਮਾਜਿਕ ਵਿਸ਼ਿਆਂ ਜਿਵੇਂ ਸਮਾਜਿਕ ਕੁਰੀਤੀਆਂ, ‘ਜੈਸੀ ਸੰਗਤ ਤੈਸੀ ਰੰਗਤ’, ‘ਮਨੁੱਖਤਾ ਦੇ ਦੁਸ਼ਮਣ ਨਸ਼ੇ’, ‘ਸਾਨੂੰ ਨਾ ਮਾਰੋ’, ‘ਕਲਮ ਦੀ ਸ਼ਕਤੀ’ ਆਦਿ ਪੁਸਤਕਾਂ ਤੋਂ ਇਲਾਵਾ ‘ਸਾਡਾ ਵਿਰਸਾ’ ਤੇ ‘ਸਵੈ-ਪੜਛੋਲ’ ਆਦਿ ਕਿਤਾਬਾਂ ਪ੍ਰਮੁੱਖ ਹਨ। ਇਨ੍ਹਾਂ ਵਿੱਚੋਂ 25 ਕਿਤਾਬਾਂ ਦਾ ਅੰਗਰੇਜ਼ੀ ਵਿੱਚ ਉਲੱਥਾ ਕੀਤਾ ਗਿਆ ਹੈ। ਨਿੱਤਨੇਮ ਨੂੰ ਰੋਮਨ ਭਾਸ਼ਾ ਵਿੱਚ ਛਪਵਾਇਆ ਗਿਆ ਹੈ ਤਾਂ ਕਿ ਵਿਦੇਸ਼ਾਂ ਵਿੱਚ ਜਨਮੇ ਤੇ ਪ੍ਰਵਾਨ ਚੜ੍ਹ ਰਹੇ ਬੱਚੇ ਆਪਣੇ ਧਰਮ ਤੇ ਵਿਰਸੇ ਨਾਲ ਜੁੜੇ ਰਹਿਣ। ਬਾਬਾ ਜੀ ਦੀ ਪਬਲੀਕੇਸ਼ਨ ਵੱਲੋਂ 15 ਧਾਰਮਿਕ ਪੁਸਤਕਾਂ ਦਾ ਹਿੰਦੀ ਵਿੱਚ ਵੀ ਉਲੱਥਾ ਕੀਤਾ ਗਿਆ ਹੈ, ਜਿਨ੍ਹਾਂ ਦੀ ਗ਼ੈਰ-ਪੰਜਾਬੀ ਇਲਾਕਿਆਂ ਵਿੱਚ ਮੰਗ ਹੈ।
ਸੰਤ ਸੇਵਾ ਸਿੰਘ ਦਾ ਪੁਸਤਕ ਯੱਗ ਨੂੰ ਸੰਗਤਾਂ ਵਿੱਚ ਮਕਬੂਲ ਕਰਨ ਅਤੇ ਹਰ ਪੁਸਤਕ ਪ੍ਰੇਮੀ ਤਕ ਪੁਸਤਕ ਪਹੁੰਚਾਉਣ ਦਾ ਨਿਵੇਕਲਾ ਢੰਗ ਹੈ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ, ‘‘ਅਸੀਂ ਵੱਡੀ ਗਿਣਤੀ ਵਿੱਚ ਪੁਸਤਕਾਂ ਨੂੰ ਉਚੇਚੀ ਸ਼ਿਪਮੈਂਟ ਤਿਆਰ ਕਰ ਕੇ ਕੰਨਟੇਨਰ ਰਾਹੀਂ ਜਾਂ ਪਾਰਸਲ ਦੁਆਰਾ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਲਈ ਭੇਜਦੇ ਹਾਂ। ਉਨ੍ਹਾਂ ਨੂੰ ਸੇਵਕਾਂ ਵੱਲੋਂ ਨਿਸ਼ਕਾਮ ਸੇਵਾ ਰਾਹੀਂ ਘਰ ਘਰ ਪਹੁੰਚਾਇਆ ਜਾਂਦਾ ਹੈ। ਪੰਜਾਬ ਵਿੱਚ ਅਸੀਂ ਨਗਰ ਕੀਰਤਨਾਂ, ਸੰਗ ਦਾ ਮੇਲਾ, ਹੌਲੇ-ਮਹੱਲੇ ਦਾ ਮੇਲਾ ਆਦਿ ਵੱਖ-ਵੱਖ ਗੁਰਪੁਰਬਾਂ, ਸ਼ਤਾਬਦੀਆਂ ਦੇ ਮੌਕੇ ’ਤੇ ਸਜਾਏ ਜਾਂਦੇ ਨਗਰ ਕੀਰਤਨਾਂ ਦੌਰਾਨ ਪੁਸਤਕਾਂ ਦੇ ਸਟਾਲ ਲਾਉਂਦੇ ਹਾਂ। ਪੁਸਤਕਾਂ ਦੀ ਗੱਡੀ ਭਰ ਕੇ ਨਗਰ ਕੀਰਤਨ ਦੇ ਨਾਲ ਨਾਲ ਚੱਲਦੇ ਹਾਂ ਅਤੇ ਹਰ ਚਾਹਵਾਨ ਸੇਵਕ ਦੀ ਤਲੀ ’ਤੇ ਪੁਸਤਕ-ਪ੍ਰਸ਼ਾਦ ਧਰਦੇ ਹਾਂ। ਪੁਸਤਕ ਦੀ ਚੇਟਕ ਅਜਿਹੀ ਹੈ ਕਿ ਜਿਸ ਨੂੰ ਇੱਕ ਵਾਰ ਪੁਸਤਕ ਨਾਲ ਪ੍ਰੇਮ ਹੋ ਗਿਆ ਉਹ ਇੱਕ ਨਰੋਈ ਜੀਵਨ ਜਾਚ ਅਪਣਾ ਲੈਂਦਾ ਹੈ। ਪੁਸਤਕਾਂ ਗਿਆਨ ਦਾ ਵਸੀਹ ਸਾਗਰ ਹਨ। ਇਹ ਸਾਡੀਆਂ ਸਭ ਤੋਂ ਵਧੀਆ ਦੋਸਤ ਹਨ, ਜੋ ਸਾਨੂੰ ਸੁਯੋਗ ਅਗਵਾਈ ਦਿੰਦੀਆਂ ਹਨ।’’
ਇਹ ਸੰਤ ਸੇਵਾ ਸਿੰਘ ਦੀ ਦੂਰ ਦ੍ਰਿਸ਼ਟੀ ਹੈ ਕਿ ਉਹ ਪੁਸਤਕ ਪੜ੍ਹਨ ਤੋਂ ਅਸਮਰੱਥ ਵਿਅਕਤੀਆਂ ਲਈ 20 ਕੁ ਦੇ ਕਰੀਬ ਆਡੀਓ ਪੁਸਤਕਾਂ ਵੀ ਤਿਆਰ ਕਰ ਕੇ ਵੰਡ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਚਿੰਤਾ ਤੇ ਚੇਤਨਾ ਪੈਦਾ ਕਰਨ ਲਈ ਕੁਝ ਪੰਜਾਬੀ ਫਿਲਮਾਂ ਵੀ ਤਿਆਰ ਕੀਤੀਆਂ ਹਨ, ਜਿਨ੍ਹਾਂ ਵਿੱਚ ‘ਉਜੜ ਥੇਹ ਵਸਾਇਓ’, ‘ਆਪਣੀ ਖੇਤੀ ਰਖਿ ਲੈ’ ‘ਸਾਨੂੰ ਨਾ ਮਾਰੋ’ ਅਤੇ ‘ਐਸੇ ਕਾਹੇ ਭੂਲ ਪਰੇ’ ਆਦਿ ਹਨ। ਇਸ ਬਾਰੇ ਬਾਬਾ ਉਨ੍ਹਾਂ ਦਾ ਕਹਿਣਾ ਹੈ, ‘‘ਮਨੁੱਖ ’ਤੇ ਪੜ੍ਹਨ ਅਤੇ ਸੁਣਨ ਦੇ ਨਾਲ ਨਾਲ ਦੇਖਣ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਸ ਪ੍ਰਭਾਵ ਨੂੰ ਚੰਗੇਰਾ ਰੂਪ ਦੇ ਕੇ ਮਨੁੱਖ ਦੇ ਆਚਰਨ ਅਤੇ ਵਿਅਕਤੀਤਵ ਉਸਾਰੀ ਲਈ ਹੀ ਡਾਕੂਮੈਂਟਰੀ ਫਿਲਮਾਂ ਬਣਾਉਣ ਦਾ ਉੱਦਮ ਕੀਤਾ ਗਿਆ ਹੈ। ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੂਲ ਨਾਲ ਜੋੜਨਾ ਹੈ ਤਾਂ ਉਨ੍ਹਾਂ ਵਿੱਚ ਧਾਰਮਿਕ ਬਿਰਤੀ ਤੇ ਵਿਰਸੇ ਪ੍ਰਤੀ ਮੋਹ ਪੈਦਾ ਕਰਨਾ ਪਵੇਗਾ।’’

ਸੰਪਰਕ: 90568-90121


Comments Off on ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.