ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਗ਼ੈਰ-ਰਵਾਇਤੀ ਊਰਜਾ ਸਰੋਤ ਬਣੇ ਸਮੇਂ ਦੀ ਮੁੱਖ ਲੋੜ

Posted On March - 3 - 2017

ਅਜੈਬ ਸਿੰਘ, ਮਨਿੰਦਰ ਸਿੰਘ ਬੌਂਸ ਅਤੇ ਮਨਦੀਪ ਕੌਰ*

10303cd _solar 1ਅਜੋਕੇ ਸਮੇਂ ਵਿੱਚ ਸਮਾਜ ਦਿਨੋ-ਦਿਨ ਤਰੱਕੀ ਕਰ ਰਿਹਾ ਹੈ ਅਤੇ ਮਨੁੱਖੀ ਕਿੱਤਾ ਖੇਤੀਬਾੜੀ ਤੋਂ ਬਦਲ ਕੇ ਉਦਯੋਗਾਂ ਵੱਲ ਆ ਰਿਹਾ ਹੈ। ਉਦਯੋਗਾਂ ਦੇ ਵਧਣ ਕਾਰਨ ਊਰਜਾ ਦੀ ਲੋੜ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਰ ਸਾਡੇ ਊਰਜਾ ਦੇ ਸਰੋਤ ਉਨੀ ਤੇਜ਼ੀ ਨਾਲ ਊਰਜਾ ਪੈਦਾ ਨਹੀਂ ਕਰ ਸਕਦੇ ਜਿੰਨੀ ਤੇਜ਼ੀ ਨਾਲ ਊਰਜਾ ਦੀ ਮੰਗ ਵਧ ਰਹੀ ਹੈ। ਅੱਜ ਦੀ ਮਨੁੱਖੀ ਸੱਭਿਅਤਾ ਦੀ ਤਰੱਕੀ ਊਰਜਾ ’ਤੇ ਹੀ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਅੱਜ-ਕੱਲ੍ਹ ਊਰਜਾ ਦੇ ਜੋ ਸਰੋਤ ਵਰਤੇ ਜਾ ਰਹੇ ਹਨ ਜਿਵੇਂ ਕਿ ਪੈਟਰੋਲ ਜਾਂ ਕੋਲਾ ਆਦਿ, ਦੀ ਮਾਤਰਾ ਵੀ ਸੀਮਤ ਹੈ। ਇਹ ਸਰੋਤ ਸੀਮਤ ਮਾਤਰਾ ਦੇ ਨਾਲ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਕਰਦੇ ਹਨ। ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਚੰਗਾ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਇੱਥੇ ਸਵਾਲ ਉੱਠਦਾ ਹੈ ਕਿ ਅਸੀਂ ਊਰਜਾ ਪੈਦਾ ਕਰਨ ਅਤੇ ਬਚਾਉਣ ਵਿੱਚ ਕੀ ਯੋਗਦਾਨ ਪਾ ਸਕਦੇ ਹਾਂ? ਇਸ ਦਾ ਸਹੀ ਹੱਲ ਹੈ ਗ਼ੈਰ-ਰਵਾਇਤੀ ਊੁਰਜਾ (ਸੂਰਜੀ ਊਰਜਾ ਤੇ ਬਾਇਓਗੈਸ ਆਦਿ) ਦੀ ਵਰਤੋਂ ਕੀਤੀ ਜਾਵੇ।
ਵਾਤਾਵਰਣ ਵਿੱਚ ਸੂਰਜੀ ਊਰਜਾ ਬਹੁਤਾਤ ਵਿੱਚ ਉਪਲੱਬਧ ਹੈ। ਇਹ ਕਦੇ ਨਾ ਖ਼ਤਮ ਹੋਣ ਵਾਲਾ ਕੁਦਰਤੀ ਸੋਮਾ ਹੈ। ਸੂਰਜੀ ਊਰਜਾ ਤੋਂ ਫ਼ਾਇਦਾ ਉਠਾਉਣ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਹੇਠ ਲਿਖੇ ਉਪਕਰਣ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ:
ਸੋਲਰ ਕੁੱਕਰ: ਸੋਲਰ ਕੁੱਕਰ ਇੱਕ ਬੰਦ ਕਾਲਾ ਡੱਬਾ ਹੁੰਦਾ ਹੈ। ਇਸ ਵਿੱਚ ਸ਼ੀਸ਼ੇ ਦੁਆਰਾ ਸੂਰਜੀ ਕਿਰਨਾਂ ਦੀ ਵਰਤੋਂ ਹੁੰਦੀ ਹੈ। ਇਹ ਕਿਰਨਾਂ ਡੱਬੇ ਵਿੱਚ ਇੰਨਾ ਤਾਪਮਾਨ ਪੈਦਾ ਕਰਦੀਆਂ ਹਨ ਕਿ ਇਸ ਵਿੱਚ ਭੋਜਨ ਤੱਲਣ ਅਤੇ ਰੋਟੀ ਪਕਾਉਣ ਤੋਂ ਬਿਨਾਂ ਸਾਰੇ ਭੋਜਨ ਪਕਾਏ ਜਾ ਸਕਦੇ ਹਨ। ਸੋਲਰ ਕੁੱਕਰ ਦੀ ਵਰਤੋਂ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਅਤੇ ਖਾਣਾ ਸੁਆਦ ਅਤੇ ਪੌਸ਼ਟਿਕ ਬਣਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦੋ ਤਰ੍ਹਾਂ ਦੇ ਸੋਲਰ ਕੁੱਕਰ ਬਣਾਏ ਗਏ ਹਨ- ਇੱਕ ਸ਼ੀਸ਼ੇ ਵਾਲਾ ਸੋਲਰ ਕੁੱਕਰ  ਅਤੇ ਦੂਜਾ ਦੋ ਸ਼ੀਸ਼ਿਆਂ ਵਾਲਾ ਸੋਲਰ ਕੁੱਕਰ। ਇੱਕ ਸ਼ੀਸ਼ੇ ਵਾਲੇ ਸੋਲਰ ਕੁੱਕਰ ਦੀ ਕੀਮਤ 3000 ਰੁਪਏ ਹੈ ਅਤੇ ਦੋ ਸ਼ੀਸ਼ਿਆਂ ਵਾਲੇ ਸੋਲਰ ਕੁੱਕਰ ਦੀ ਕੀਮਤ 3700 ਰੁਪਏ ਹੈ।
ਸੂਰਜੀ ਜਿਣਸ ਸੁਕਾਵਾ: ਇਸ ਦੀ ਮਦਦ ਨਾਲ ਪਿਆਜ਼, ਮੇਥੀ, ਅਦਰਕ, ਲਸਣ ਤੇ ਹਲਦੀ ਆਦਿ ਵਸਤਾਂ ਧੁੱਪ ਵਿੱਚ ਸੁਕਾਈਆਂ ਜਾ ਸਕਦੀਆਂ ਹਨ। ਇਸ ਵਿਧੀ ਨਾਲ ਸੁਕਾਈਆਂ ਗਈਆਂ ਵਸਤਾਂ ਮਿੱਟੀ ਅਤੇ ਗੰਦਗੀ ਰਹਿਤ ਹੁੰਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਕੀਤੇ ਘਰੇਲੂ ਸੂਰਜੀ ਜਿਨਸ ਸੁਕਾਵੇ ਦੀ ਕੀਮਤ 2200 ਰੁਪਏ ਹੈ।
ਸੋਲਰ ਵਾਟਰ ਹੀਟਰ: ਸੋਲਰ ਵਾਟਰ ਹੀਟਰ ਦੀ ਵਰਤੋਂ ਨਾਲ ਪਾਣੀ ਗਰਮ ਕਰਨ ਲਈ ਵਰਤੇ ਜਾਣ ਵਾਲੀ ਊਰਜਾ ਬਚਾਈ ਜਾ ਸਕਦੀ ਹੈ। ਸੋਲਰ ਵਾਟਰ ਹੀਟਿੰਗ ਸਿਸਟਮ ਤਿੰਨ ਤਰ੍ਹਾਂ ਦੇ ਹੁੰਦੇ ਹਨ- ਫਲੈਟ ਪਲੇਟ ਕੁਲੈਕਟਰ ਸਿਸਟਮ, ਟਿਊਬਾਂ ਵਾਲਾ ਕੁਲੈਕਟਰ ਸਿਸਟਮ ਅਤੇ ਪੈਰਾਬੌਲਿਕ (ਡਿਸ਼) ਟਾਇਪ ਸਿਸਟਮ। ਫਲੈਟ ਪਲੇਟ ਕੁਲੈਕਟਰ ਸਿਸਟਮ ਅਤੇ ਟਿਊਬਾਂ ਵਾਲਾ ਕੁਲੈਕਟਰ ਸਿਸਟਮ 80 ਡਿਗਰੀ ਸੈਂਟੀਗ੍ਰੇਡ ਤਕ ਪਾਣੀ ਗਰਮ ਕਰ ਸਕਦੇ ਹਨ ਜਦੋਂਕਿ ਪੈਰਾਬੌਲਿਕ ਟਾਇਪ ਸਿਸਟਮ 80 ਡਿਗਰੀ ਸੈਂਟੀਗ੍ਰੇਡ ਤੋਂ ਉਪਰ ਤਕ ਪਾਣੀ ਗਰਮ ਜਾਂ ਭਾਫ਼ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।
ਬਾਇਓਗੈਸ: ਸਾਡੇ ਘਰਾਂ ਦੇ ਕੂੜੇ ਕਰਕਟ ਅਤੇ ਪਸ਼ੂਆਂ ਦੇ ਗੋਹੇ ਆਦਿ ਤੋਂ ਬਾਇਓਗੈਸ ਬਣਾਈ ਜਾਂਦੀ ਹੈ। ਇਸ ਦੀ  ਵਰਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੀ ਅਤੇ ਇਸ ਤੋਂ ਬਣੀ ਖਾਦ ਦੀ ਵਰਤੋਂ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਬਾਇਓਗੈਸ ਨੂੰ ਭੋਜਨ ਬਣਾਉਣ, ਰੌਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜਣ ਚਲਾਉਣ ਲਈ ਵਰਤਿਆ ਜਾਂਦਾ ਹੈ। ਇੱਕ ਘਣ ਮੀਟਰ ਬਾਇਓਗੈਸ ਦੇ ਬਾਲਣ ਨਾਲ 3.50 ਕਿਲੋਗ੍ਰਾਮ ਲੱਕੜੀ, 12.30 ਕਿਲੋਗ੍ਰਾਮ ਗੋਹੇ ਦੀਆਂ ਪਾਥੀਆਂ, 1.6 ਕਿਲੋਗ੍ਰਾਮ ਕੋਲਾ, 0.62 ਲਿਟਰ   ਮਿੱਟੀ ਦਾ ਤੇਲ, 0.43 ਕਿਲੋਗ੍ਰਾਮ ਪੈਟਰੋਲੀਅਮ ਗੈਸ, 0.52 ਲਿਟਰ ਡੀਜ਼ਲ ਆਦਿ ਸੋਮਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ।
ਉੱਪਰ ਦੱਸੇ ਗਏ ਉਪਰਕਰਨਾਂ ਦੀ ਖ਼ਰੀਦ ਜਾਂ ਬਣਾਉਣ ’ਤੇ ਪੰਜਾਬ ਵਿਕਾਸ ਏਜੰਸੀ (ਪੀਡਾ) ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਊਰਜਾ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਸਾਨੂੰ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ:
* ਭੋਜਨ ਪਕਾਉਣ ਲਈ ਬਰਤਨਾਂ ਦੇ ਸਹੀ ਆਕਾਰ ਚੁਣਨੇ ਚਾਹੀਦੇ ਹਨ।
* ਫਰਿਜ਼ ਵਿੱਚ ਭੋਜਨ ਪਦਰਥਾਂ ਨੂੰ ਚੁੱਲ੍ਹੇ ਉੱਤੇ ਗਰਮ ਕਰਨ ਤੋਂ ਕੁਝ ਦੇਰ ਪਹਿਲਾਂ ਬਾਹਰ ਕੱਢ ਲੈਣਾ ਚਾਹੀਦਾ ਹੈ।
* ਗੈਸ ਚੁੱਲ੍ਹੇ ਦੇ ਬਰਨਰਾਂ ਦੀਆਂ ਮੋਰੀਆਂ ਸਾਫ਼ ਰੱਖਣੀਆਂ ਚਾਹਦੀਆਂ ਹਨ।
* ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਵਾਰ ਪ੍ਰੈਸ਼ਰ ਬਣਨ   ਤੋਂ ਬਾਅਦ ਅੱਗ ਮੱਠੀ ਕਰ ਦੇਣੀ ਚਾਹੀਦੀ ਹੈ।
* ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਭਿਉਣਾ ਚਾਹੀਦਾ ਹੈ ਤਾਂ ਜੋ ਪਕਾਉਣ ਦਾ ਸਮਾਂ ਘੱਟ ਲੱਗੇ।
* ਪਰਿਵਾਰ ਦੇ ਮੈਬਰਾਂ ਵਿੱਚ ਬਿਜਲੀ ਦੀ ਸਹੀ ਵਰਤੋਂ ਸਬੰਧੀ ਆਦਤਾਂ ਪਾਉਣੀਆਂ ਚਾਹੀਦੀਆਂ ਹਨ।

*ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
ਸੰਪਰਕ: 94647-64320


Comments Off on ਗ਼ੈਰ-ਰਵਾਇਤੀ ਊਰਜਾ ਸਰੋਤ ਬਣੇ ਸਮੇਂ ਦੀ ਮੁੱਖ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.