ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਜ਼ਿਲ੍ਹਾ ਸੰਗਰੂਰ ਦਾ ਅਹਿਮ ਪਿੰਡ ਹਮੀਰਗੜ੍ਹ

Posted On March - 10 - 2017

ਜੱਗੀ ਹਮੀਰਗੜ੍ਹ

ਪਿੰਡ ਦਾ ਸਕੂਲ।

ਪਿੰਡ ਦਾ ਸਕੂਲ।

ਪਿੰਡ ਹਮੀਰਗੜ੍ਹ ਬਲਾਕ ਅੰਨਦਾਨਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ। ਪਾਤੜਾਂ-ਮੂਨਕ ਰੋੜ ਉੱਤੇ ਸਥਿਤ ਇਹ ਪਿੰਡ ਪਾਤੜਾਂ ਤੋਂ 17 ਕਿਲੋਮੀਟਰ ਅਤੇ ਮੂਨਕ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਢੈਪੀ ਤੋਂ ਆਏ ਲਾਲ ਸਿੰਘ ਨੇ ਗੱਡੀ ਸੀ। ਉਸ ਨੇ ਆਪਣੇ ਪਿਤਾ ਹਮੀਰ ਸਿੰਘ ਦੇ ਨਾਮ ’ਤੇ ਪਿੰਡ ਦਾ ਨਾਮ ਹਮੀਰਗੜ੍ਹ ਰੱਖਿਆ। ਲਾਲ ਸਿੰਘ ਦੇ ਚਾਰ ਪੁੱਤਰ ਗੁਰਬਖ਼ਸ਼ ਸਿੰਘ, ਕਾਨ੍ਹ ਸਿੰਘ, ਮਾਨ ਸਿੰਘ ਅਤੇ ਖਜ਼ਾਨ ਸਿੰਘ ਸਨ। ਉਨ੍ਹਾਂ ਦੇ ਨਾਵਾਂ ’ਤੇ ਹੀ ਪਿੰਡ ਨੂੰ ਚਾਰ ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਪਿੰਡ ਵਾਸੀਆਂ ਵਿੱਚ ਧਾਰਮਿਕ ਸ਼ਰਧਾ ਕਾਫ਼ੀ ਜ਼ਿਆਦਾ ਹੈ। ਇਸ ਦੀ ਹਾਮੀ ਭਰਦੀਆਂ ਪੀਰਾਂ ਦੀ ਸਮਾਧਾਂ, ਇੱਕ ਪੁਰਾਤਨ ਸ਼ਿਵ ਮੰਦਰ, ਰਵਿਦਾਸ ਮੰਦਰ, ਵਾਲਮੀਕ ਮੰਦਰ ਅਤੇ ਡੇਰਾ ਅਮਰਦਾਸ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਦੋ ਗੁੱਗਾ ਮਾੜੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਦੇ ਵਾਸੀਆਂ ਦੀ ਇਨ੍ਹਾਂ ਵਿੱਚ ਕਾਫ਼ੀ ਸ਼ਰਧਾ ਹੈ। ਬਰਾਤ ਚੜ੍ਹਨ ਤੋਂ ਪਹਿਲਾਂ ਹਰ ਲਾੜਾ ਇੱਥੇ ਹਾਜ਼ਰੀ ਜ਼ਰੂਰ ਭਰਦਾ ਹੈ ਅਤੇ ਵਿਆਹ ਤੋਂ ਬਾਅਦ ਲਾੜੀ ਨੂੰ ਵੀ ਮੱਥਾ ਟਿਕਵਾਉਣ ਲਈ ਲਿਆਂਦਾ ਜਾਂਦਾ ਹੈ।
ਮੇਨ ਜੀ.ਟੀ. ਰੋੜ ’ਤੇ ਪਿੰਡ ਦਾ ਬੱਸ ਸਟੈਂਡ ਬਣਿਆ ਹੋਇਆ ਹੈ। ਬੱਸ ਸਟੈਂਡ ’ਤੇ ਹੀ ਪਿੰਡ ਦਾ ਗੁਰਦੁਆਰਾ ਤੀਰਥਸਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦੀਆਂ ਪੈਸੇ ਨਾਲ ਜੁੜੀਆਂ ਲੋੜਾਂ ਦੀ ਪੂਰਤੀ ਲਈ ਪਿੰਡ ਵਿੱਚ ਮਾਲਵਾ ਗ੍ਰਾਮੀਣ ਬੈਂਕ ਦੀ ਬਰਾਂਚ ਬਣੀ ਹੋਈ ਹੈ। ਪਿੰਡ ਵਿੱਚ ਡਾਕ ਘਰ ਦਾ ਦਫ਼ਤਰ ਬਣਿਆ ਹੋਇਆ ਹੈ। ਪਿੰਡ ਨੂੰ ਅੱਖਰ ਗਿਆਨ ਵੰਡਣ ਲਈ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਹਨ। ਭਾਵੇਂ ਪਿੰਡ ਵਿੱਚ ਮਿਡਲ ਸਕੂਲ 1975-76 ਵਿੱਚ ਬਣਿਆ ਤੇ 1979-80 ਵਿੱਚ ਹਾਈ ਸਕੂਲ ਬਣਾ ਦਿੱਤਾ ਗਿਆ ਸੀ ਪਰ 1985 ਤੋਂ ਬਾਅਦ ਇੱਥੇ ਹੈੱਡ ਮਾਸਟਰ ਦੀ ਪੋਸਟ ਖਾਲੀ ਪਈ ਹੈ।
ਪਿੰਡ ਦੀ ਕੁੱਲ ਆਬਾਦੀ 3300 ਦੇ ਲਗਪਗ ਹੈ ਜਿਸ ਨੂੰ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਪਿੰਡ ਵਿੱਚ ਬਾਬਾ ਦੀਪ ਸਿੰਘ ਯੂਥ ਸਪੋਰਟਸ ਕਲੱਬ ਬਣਿਆ ਹੋਇਆ ਹੈ। ਇਹ ਕਲੱਬ ਪਿਛਲੇ 22 ਸਾਲਾਂ ਤੋਂ ਕਬੱਡੀ ਟੂਰਨਾਮੈਂਟ ਕਰਵਾ ਰਿਹਾ ਹੈ। ਪਿੰਡ ਵਿੱਚ ਸਹਿਕਾਰੀ ਸੁਸਾਇਟੀ ਬਣੀ ਹੋਈ ਹੈ ਜਿੱਥੇ ਕਿਸਾਨਾਂ ਨੂੰ ਖਾਦ, ਅਤੇ ਬੀਜ ਆਦਿ ਮੁਹੱਈਆ ਕਰਵਾਏ ਜਾਂਦੇ ਹਨ। ਪਿੰਡ ਵਿੱਚ ਤਿੰਨ ਛੱਪੜ ਹਨ ਪਰ ਇਨ੍ਹਾਂ ਦੀ ਸਾਫ਼-ਸਫ਼ਾਈ ਠੀਕ ਤਰ੍ਹਾਂ ਨਾ ਹੋਣ ਕਰਕੇ ਇਹ ਗੰਦਗੀ ਫੈਲਾਉਣ ਦਾ ਕਾਰਨ ਬਣ ਰਹੇ ਹਨ। ਹਮੀਰਗੜ੍ਹ ਨੂੰ ਜਲ ਘਰ ਦੀ ਸੁਵਿਧਾ 1985 ਵਿੱਚ ਪ੍ਰਾਪਤ ਹੋ ਗਈ ਸੀ। ਖੇਤੀਬਾੜੀ ਦੇ ਨਾਲ ਨਾਲ ਪਿੰਡ ਵਾਸੀ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਹਨ। ਵੱਡੀ ਗਿਣਤੀ ਵਿੱਚ ਪਸ਼ੂ ਹੋਣ ਕਰਕੇ ਉਨ੍ਹਾਂ ਦੀ ਸਿਹਤ ਦੀ ਸੰਭਾਲ ਲਈ ਪਿੰਡ ਵਿੱਚ ਪਸ਼ੂ ਹਸਪਤਾਲ ਬਣਿਆ ਹੋਇਆ ਹੈ। ਪਸ਼ੂਆਂ ਦੇ ਇਲਾਜ ਲਈ ਲੋਕ ਵੱਡੀ ਗਿਣਤੀ ਵਿੱਚ ਆਪਣੇ ਪਸ਼ੂ ਇੱਥੇ ਲਿਆਉਂਦੇ ਹਨ। ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਇਸ ਹਸਪਤਾਲ ਦੀ ਇਮਾਰਤ ਦੀ ਹਾਲਤ ਖਸਤਾ ਬਣੀ ਹੋਈ ਹੈ। ਪਿੰਡ ਵਿੱਚ ਇੱਕ ਗਊਸ਼ਾਲਾ ਵੀ ਬਣੀ ਹੋਈ ਹੈ। ਇੱਥੇ 200 ਦੇ ਲਗਪਗ ਗਊਆਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਪਿੰਡ ਵਿੱਚ ਨਿੱਜੀ ਅਤੇ ਸਾਂਝੇ ਪ੍ਰੋਗਰਾਮਾਂ ਲਈ ਚਾਰ ਧਰਮਸ਼ਾਲਾਵਾਂ ਬਣੀਆਂ ਹੋਈਆਂ ਹਨ। ਇਸ ਪਿੰਡ ਦੀ ਇੱਕ ਨਿਵੇਕਲੀ ਗੱਲ ਇਹ ਹੈ ਕਿ ਦਰਮਿਆਨੀ ਆਬਾਦੀ ਵਾਲੇ ਇਸ ਪਿੰਡ ਵਿੱਚ ਸਿਵਿਆਂ ਦੀ ਗਿਣਤੀ ਛੇ ਹੈ। ਪਿੰਡ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਭਾਵੇਂ ਪਿੰਡ ਵਾਸੀਆਂ ਵਿੱਚ ਆਪਸੀ ਭਾਈਚਾਰਾ ਚੰਗਾ ਹੈ ਪਰ ਪਿੰਡ ਵਿੱਚ ਹਰ ਜਾਤੀ ਦਾ ਇੱਕ ਵੱਖਰਾ ਸਿਵਾ ਅਤੇ ਧਰਮਸ਼ਾਲਾ ਦਾ ਹੋਣਾ ਲੋਕਾਂ ਦੀ ਭਾਈਚਾਰਕ ਸਾਂਝ ’ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਵਰਤਾਰੇ ਤੋਂ ਇਹ ਪਿੰਡ ਜਾਤੀਵਾਦ ਦੀਆਂ ਬੇੜੀਆਂ ਵਿੱਚ ਜਕੜਿਆਂ ਨਜ਼ਰ ਆਉਂਦਾ ਹੈ।
ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਕ ਮੁੱਢਲਾ ਸਿਹਤ ਕੇਂਦਰ ਹੈ। ਇਹ ਪਿਛਲੇ ਕਈ ਸਾਲ ਬੰਦ ਹੀ ਰਿਹਾ ਜਿਸ ਕਰਕੇ ਲੋਕਾਂ ਨੂੰ ਇਲਾਜ ਸਹੂਲਤਾਂ ਲਈ ਖੱਜਲ-ਖੁਆਰ ਹੋਣਾ ਪੈਂਦਾ ਸੀ। ਪਰ ਲੋਕਾਂ ਦੀ ਮੰਗ ’ਤੇ ਹੁਣ ਇਹ ਸਿਹਤ ਕੇਂਦਰ ਮੁੜ ਚਲਾਇਆ ਗਿਆ ਹੈ। ਪਿੰਡ ਵਿੱਚ ਤਿੰਨ ਆਂਗਣਵਾੜੀ ਸੈਂਟਰ ਬਣੇ ਹੋਏ ਹਨ। ਪਿੰਡ ਵਾਸੀਆਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵਧਿਆ ਹੈ। ਪਿੰਡ ਵਾਸੀ ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਮੰਨਦੇ  ਹਨ। ਪਿੰਡ ਦੇ ਨੌਜਵਾਨ ਉੱਚੇਰੀ ਪੜ੍ਹਾਈ ਕਰਨ ਦੇ ਬਾਵਜੂਦ ਕੰਮ ਨਾ ਮਿਲਣ ਕਰਕੇ ਵਿਹਲੇ ਫਿਰਨ ਲਈ ਮਜਬੂਰ ਹਨ।

ਸੰਪਰਕ: 90234-96270


Comments Off on ਜ਼ਿਲ੍ਹਾ ਸੰਗਰੂਰ ਦਾ ਅਹਿਮ ਪਿੰਡ ਹਮੀਰਗੜ੍ਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.