ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜ਼ਿੰਦਗੀ ਦੀਆਂ ਰਹਿਮਤਾਂ ਦਾ ਜਸ਼ਨ

Posted On March - 4 - 2017

ਮਨਪ੍ਰੀਤ ਕੌਰ ਮਿਨਹਾਸ

12202cd _stylish_punjabi_girls_wallpaper_hd_imagesਜ਼ਿੰਦਗੀ ਇੱਕ ਅਜਿਹਾ ਸ਼ਬਦ ਹੈ ਜੋ ਜਨਮ ਅਤੇ ਮੌਤ ਦੀ ਵਿਚਕਾਰਲੀ ਕੜੀ ਨੂੰ ਜੋੜਦਾ ਹੈ। ਕਈਆਂ ਦੀ ਸਾਰੀ ਜ਼ਿੰਦਗੀ ਰੱਬ ਨਾਲ ਗ਼ਿਲੇ-ਸ਼ਿਕਵੇ ਕਰਦਿਆਂ ਹੀ ਲੰਘ ਜਾਂਦੀ ਹੈ। ਉਹ ਜੋ ਉਸ ਨੇ ਬਖ਼ਸ਼ਿਆ ਹੈ ਉਸ ਵਿੱਚ ਖੁਸ਼ ਰਹਿਣ ਦੀ ਬਜਾਏ ਜੋ ਨਹੀਂ ਹੈ, ਉਸ ਬਾਰੇ ਸੋਚ ਸੋਚ ਕੇ ਹੀ ਝੂਰਦੇ ਰਹਿੰਦੇ ਹਨ ਅਤੇ ਕਈ ਫ਼ਕੀਰੀ ਹਾਲ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਨੰਦਮਈ ਜ਼ਿੰਦਗੀ ਜਿਊਂਦੇ ਹਨ। ਕਈ ਅਜਿਹੇ ਵੀ ਹੁੰਦੇ ਹਨ ਜੋ ਸਾਰੀ ਜ਼ਿੰਦਗੀ ਦੂਜਿਆਂ ਨੂੰ ਨੀਵਾਂ ਦਿਖਾਉਣ, ਬੁਰਾ ਭਲਾ ਕਹਿਣ, ਨੁਕਸ ਕੱਢਣ ਅਤੇ ਦੁਖੀ ਕਰਨ ਵਿੱਚ ਅਜਾਈਂ ਹੀ ਗਵਾ ਦਿੰਦੇ ਹਨ। ਅਜਿਹੇ ਇਨਸਾਨ ਸ਼ਖ਼ਸੀਅਤ ਪੱਖੋਂ ਕੋਰੇ ਹੀ ਹੁੰਦੇ ਹਨ।
ਜ਼ਿੰਦਗੀ ਰੰਗਮੰਚ ਹੀ ਤਾਂ ਹੈ ਜਿੱਥੇ ਸਭ ਨੇ ਆਪਣਾ ਰੋਲ ਨਿਭਾਉਣਾ ਹੈ ਅਤੇ ਰੁਖ਼ਸਤ ਹੋ ਜਾਣਾ ਹੈ। ਫਿਰ ਕੀ ਫਾਇਦਾ ਇਸ ਨੂੰ ਲੜਾਈ ਝਗੜਿਆਂ, ਆਪਸੀ ਰੰਜ਼ਿਸ਼ਾਂ, ਬੇਲੋੜੀਆਂ ਨਫ਼ਰਤਾਂ ਅਤੇ ਫਾਲਤੂ ਚਿੰਤਾਵਾਂ ਵਿੱਚ ਉਲਝਾਉਣ ਦਾ। ਬਸ ਮਸਤ ਰਹੋ ਜ਼ਿੰਦਗੀ ਜੀਊਣ ਵਿੱਚ, ਕੀ ਪਤਾ ਕਦੋਂ ਬੁਲਾਵਾ ਆ ਜਾਵੇ ਅਤੇ ਸਾਡਾ ਰੋਲ ਖ਼ਤਮ ਹੋ ਜਾਵੇ। ਅੱਜ ਕਿਉਂ ਸਭ ਕੁਝ ਹੁੰਦੇ ਹੋਏ ਵੀ ਅਸੀਂ ਮੁਰਝਾਏ ਰਹਿੰਦੇ ਹਾਂ। ਇਸ ਪਦਾਰਥਵਾਦੀ ਯੁੱਗ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਦਾਰਥ ਇਕੱਠੇ ਕਰਨ ਦੀ ਹੋੜ ਵਿੱਚ ਅਸੀਂ ਆਪਣਾ ਆਪ ਗੁਆ ਬੈਠੇ ਹਾਂ।
ਖੁਸ਼ ਰਹਿਣਾ ਕੋਈ ਜ਼ਿਆਦਾ ਔਖਾ ਕੰਮ ਨਹੀਂ। ਬਸ ਪਤਾ ਹੋਵੇ ਕਿ ਖੁਸ਼ੀ ਮਿਲੂ ਕਿੱਥੋਂ? ਜੋ ਕੰਮ ਕਰਨ ’ਤੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਸ ਵਾਸਤੇ ਸਮਾਂ ਜ਼ਰੂਰ ਕੱਢੋ। ਆਪਣੇ ਮਨ ਨੂੰ ਵਿਹਲਾ ਨਾ ਰਹਿਣ ਦਿਓ, ਜ਼ਿੰਦਗੀ ਦੇ ਹਰੇਕ ਪਲ ਨੂੰ ਮਾਨਣਾ ਸਿੱਖੋ। ਹਰੇਕ ਇਨਸਾਨ ਦੇ ਜੀਵਨ ਵਿੱਚ ਦੁਖੀ ਜਾਂ ਉਦਾਸ ਰਹਿਣ ਦੇ ਕਾਰਨ ਮੌਜੂਦ ਹੁੰਦੇ ਹਨ। ਜਦੋਂ ਤਕ ਅਸੀਂ ਆਪਣੇ ਆਪ ਖੁਸ਼ ਹੋਣਾ ਨਹੀਂ ਸਿੱਖਾਂਗੇ, ਅਸੀਂ ਦੁਖੀ ਹੀ ਰਹਾਂਗੇ। ਆਪਸੀ ਲੜਾਈ ਝਗੜਿਆਂ ਨੂੰ ਖੁੱਲ੍ਹੇ ਦਿਲ ਨਾਲ ਆਪਸੀ ਗੱਲਬਾਤ  ਅਤੇ ਸੂਝਬੂਝ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਹਊਮੈ ਇਨਸਾਨ ਨੂੰ ਬਰਬਾਦੀ ਦੀ ਰਾਹ ’ਤੇ ਤੋਰ ਦਿੰਦਾ ਹੈ। ਆਪਣੀ ਜ਼ਿੰਦਗੀ ਨੂੰ ਤਮਾਸ਼ਾ ਨਾ ਬਣਾਓ।
ਦੁਨੀਆਂ ਵਿੱਚ ਵਿਚਰਦੇ ਹੋਏ ਸਾਡਾ ਅਨੇਕ ਇਨਸਾਨਾਂ ਨਾਲ ਵਾਹ ਪੈਂਦਾ ਹੈ। ਕਈਆਂ ਨੂੰ ਮਿਲ ਕੇ ਦਿਲ ਖੁਸ਼ ਹੁੰਦਾ ਹੈ ਅਤੇ ਕਈ ਸਾਡੀ ਉਦਾਸੀ ਦਾ ਕਾਰਨ ਬਣਦੇ ਹਨ। ਹਰੇਕ ਇਨਸਾਨ ਦੀ ਆਪਣੀ ਸੋਚ ਅਤੇ ਆਪਣਾ ਨਜ਼ਰੀਆ ਹੁੰਦਾ ਹੈ ਕਿਉਂਕਿ ਕੋਈ ਵੀ ਚੀਜ਼ ਚੰਗੀ ਜਾਂ ਬੁਰੀ ਨਹੀਂ ਹੁੰਦੀ। ਸਾਡੀ ਸੋਚ ਅਤੇ ਨਜ਼ਰੀਆ ਹੀ ਉਸ ਨੂੰ ਚੰਗਾ ਅਤੇ ਬੁਰਾ ਬਣਾਉਂਦਾ ਹੈ। ਹਰੇਕ ਨੂੰ ਆਪਣੀ ਅਕਲ ਹੀ ਵੱਡੀ ਲੱਗਦੀ ਹੈ। ਇਸ ਦੁਨੀਆਂ ’ਤੇ ਅੱਜ ਤਕ ਕੋਈ ਅਜਿਹਾ ਸੂਰਮਾ ਨਹੀਂ ਜੰਮਿਆ ਜਿਸ ਨੇ ਸਾਰੀ ਦੁਨੀਆਂ ਨੂੰ ਖੁਸ਼ ਕਰ ਦਿੱਤਾ ਹੋਵੇ। ਲੋਕ ਤਾਂ ਰੱਬ ਨੂੰ ਵੀ ਨਹੀਂ ਬਖ਼ਸ਼ਦੇ। ਫਿਰ ਆਪਾਂ ਕੀ ਚੀਜ਼ ਹਾਂ ?  ਬਸ ਕਿਸੇ ਦਾ ਬੁਰਾ ਨਾ ਕਰੋ, ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਓ ਜਿਸ ਨਾਲ ਤੁਹਾਨੂੰ ਆਤਮਿਕ ਸੰਤੁਸ਼ਟੀ ਹੋਵੇ। ਬਾਕੀ ਕੋਈ ਵੀ ਇਨਸਾਨ ਸੰਪੂਰਨ ਨਹੀਂ ਹੁੰਦਾ, ਕਮੀਆਂ ਸਭ ਵਿੱਚ ਹੀ ਹੁੰਦੀਆਂ ਹਨ।
ਆਪਣਾ ਕੀਮਤੀ ਵਕਤ ਕਦੇ ਵੀ ਪੁਰਾਣੀਆਂ ਗ਼ਲਤੀਆਂ ਦਾ ਪੋਸਟਮਾਰਟਮ ਕਰਦੇ ਹੋਏ ਨਾ ਗਵਾਓ। ਕਈ ਸੋਚਦੇ ਰਹਿੰਦੇ ਹਨ, ਕਿੰਨਾ ਚੰਗਾ ਹੁੰਦਾ ਮੈਂ ਇਸ ਤਰ੍ਹਾਂ ਨਾ ਕਰਦਾ, ਉਸ ਦੀ ਜਗ੍ਹਾ ਮੈਂ ਇਹ ਕਰ ਲੈਂਦਾਂ। ਜੋ ਹੋ ਚੁੱਕਿਆ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਸ ਬਾਰੇ ਸੋਚਕੇ ਦਿਮਾਗ਼ ’ਤੇ ਬੋਝ ਪਾਉਣ ਦਾ ਵੀ ਕੋਈ ਲਾਭ ਨਹੀਂ। ਉਲਟਾ ਇਹ ਕਿਤੇ ਨਾ ਕਿਤੇ ਸਾਡੀ ਸਿਹਤ ’ਤੇ ਅਸਰ ਕਰੇਗਾ। ਪਰ ਉਸ ਗ਼ਲਤੀ ਤੋਂ ਸਬਕ ਜ਼ਰੂਰ ਸਿੱਖੋ।
ਜੇਕਰ ਤੁਸੀਂ ਖੁੱਲ੍ਹੇ ਦਿਲ ਨਾਲ ਜੀਊਣਾ ਚਾਹੁੰਦੇ ਹੋ ਤਾਂ ਹਰ ਕਿਸੇ ਨੂੰ ਖਿੜੇ ਮਨ ਨਾਲ ਮਿਲੋ, ਜਦੋਂ ਵੀ ਮੌਕਾ ਮਿਲੇ ਤਾਂ ਆਪਣੇ ਹਾਸੇ ਦੀ ਛਣਕਾਰ ਵੰਡੋ। ਕੁਝ ਪਲ ਬੱਚਿਆਂ ਨਾਲ ਜ਼ਰੂਰ ਬਿਤਾਓ, ਉਨ੍ਹਾਂ ਦਾ ਨਿਰਛਲ ਅਤੇ ਖਿੜਖੜਾਉਂਦਾ ਹਾਸਾ ਤੁਹਾਡੇ ਦਿਨ ਭਰ ਦੀ ਥਕਾਵਟ ਨੂੰ ਇੱਕ ਪਲ ਵਿੱਚ ਛੂ ਮੰਤਰ ਕਰ ਦੇਵੇਗਾ। ਜੋ ਪਲ ਬੀਤ ਗਿਆ ਹੈ, ਉਹ ਵਾਪਸ ਨਹੀਂ ਆਵੇਗਾ। ਮਨ ਵਿੱਚ ਜਿੰਨੀਆਂ ਵੀ ਕੌੜੀਆਂ-ਕੁਸੈਲੀਆਂ ਯਾਦਾਂ ਜਾਂ ਗੱਲਾਂ ਹਨ, ਉਨ੍ਹਾਂ ਸਭ ਨੂੰ ਬਾਹਰ ਕੱਢ ਸੁੱਟੋ। ਬਦਲੇ ਜਾਂ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬਦਲਾ ਲੈਣ ਦੀ ਖੁਸ਼ੀ ਇੱਕ ਦਿਨ ਦੀ ਹੁੰਦੀ ਹੈ, ਪਰ ਮੁਆਫ਼ ਕਰਨ ਦਾ ਮਾਣ ਹਮੇਸ਼ਾਂ ਬਣਿਆ ਰਹਿੰਦਾ ਹੈ।
ਜਦੋਂ ਦਿਲ ਉਦਾਸ ਹੋਵੇ ਤਾਂ ਜੋ ਦਾਤਾਂ ਤੁਹਾਨੂੰ ਪਰਮਾਤਮਾ ਨੇ ਬਖ਼ਸ਼ੀਆਂ ਹਨ ਉਨ੍ਹਾਂ ਨੂੰ ਗਿਣਨਾ ਸ਼ੁਰੂ ਕਰ ਦੇਵੋ। ਆਪਣੇ ਆਲੇ ਦੁਆਲੇ ਇੱਕ ਨਜ਼ਰ ਘੁਮਾਓ। ਤੁਹਾਨੂੰ ਲੱਗੇਗਾ ਕਿ ਤੁਸੀਂ ਤਾਂ ਬਹੁਤ ਸਾਰਿਆਂ ਨਾਲੋਂ ਖੁਸ਼ਨਸੀਬ ਹੋ। ਜੇਕਰ ਤੁਹਾਡੇ ਕੋਲ ਰਹਿਣ ਲਈ ਘਰ ਹੈ, ਪਹਿਨਣ ਲਈ ਚੰਗੇ ਕੱਪੜੇ ਹਨ, ਖਾਣ-ਪੀਣ ਦੀ ਕੋਈ ਚਿੰਤਾ ਨਹੀਂ। ਸਿਹਤ ਪੱਖੋਂ ਤੁਸੀਂ ਤੰਦਰੁਸਤ ਹੋ। ਫਿਰ ਜ਼ਿੰਦਗੀ ਜਿਊਣ ਲਈ ਹੋਰ ਕੀ ਚਾਹੀਦਾ ਹੈ? ਜ਼ਿੰਦਗੀ ਬਾਰੇ ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਅਤੇ ਖੁੱਲ੍ਹੇ ਆਸਮਾਨ ਥੱਲੇ ਸੌਣਾ ਪੈਂਦਾ ਹੈ। ਅੰਤ ਵਿੱਚ ਇਹੀ ਕਿ ਆਓ ਇੱਕ ਨਵੀਂ ਤੇ ਆਸ਼ਾਵਾਦੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਅਤੇ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਇਸ ਦਾ ਆਨੰਦ ਮਾਣੀਏ। ਕਿਸੇ ਗ਼ਰੀਬ ਦੀ ਮਦਦ ਕਰ ਦਿਓ। ਕਿਸੇ ਦੁਖੀ ਦਾ ਸਹਾਰਾ ਬਣ ਜਾਓ ਅਤੇ ਜ਼ਿੰਦਗੀ ਨੂੰ ਇੱਕ ਨਵੀਂ ਪਹਿਚਾਣ ਦਿਓ।
ਜ਼ਿੰਦਗੀ ਦੇ ਵਿਹੜੇ ਰਹਿਮਤਾਂ ਦਾ ਵਾਸਾ,
ਬਖ਼ਸ਼ੀ ਰੱਬਾ ਸਭ ਨੂੰ ਬੇਪਰਵਾਹ ਹਾਸਾ।

ਸੰਪਰਕ :94643-89293


Comments Off on ਜ਼ਿੰਦਗੀ ਦੀਆਂ ਰਹਿਮਤਾਂ ਦਾ ਜਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.