ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜ਼ਿੰਮੇਵਾਰੀਆਂ ਦਾ ਤਾਜ

Posted On March - 17 - 2017

ਦਸ ਸਾਲਾਂ ਬਾਅਦ ਸੱਤਾ ’ਤੇ ਮੁੜ ਕਾਬਜ਼ ਹੋਣ ਵਿੱਚ ਸਫ਼ਲ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਜਿੱਥੇ ਖ਼ੁਸ਼ੀ ਅਤੇ ਹੁਲਾਸ ਦੇ ਹੁਸੀਨ ਜਜ਼ਬਾਤ ਨਾਲ ਸ਼ਰਸ਼ਾਰ ਨਜ਼ਰ ਆ ਰਹੀ ਹੈ, ਉੱਥੇ ਵੱਡੀਆਂ ਚੁਣੌਤੀਆਂ ਅਤੇ ਭਾਰੀ ਜ਼ਿੰਮੇਵਾਰੀਆਂ ਵਿੱਚ ਘਿਰੀ ਵੀ ਦਿਸ ਰਹੀ ਹੈ। ਉਸ ਲਈ  ਪੰਜਾਬ ਦੀ ਲੀਹੋਂ ਲੱਥੀ ਆਰਥਿਕਤਾ, ਢਹਿ-ਢੇਰੀ ਹੋ ਚੁੱਕੀ ਅਮਨ-ਕਾਨੂੰਨ ਦੀ ਵਿਵਸਥਾ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਗ਼ਰਕ ਚੁੱਕੇ ਰਾਜ ਪ੍ਰਬੰਧ ਨੂੰ ਦਰੁਸਤ ਕਰਨ ਦੇ ਨਾਲ ਨਾਲ ਸੂਬੇ ਵਿੱਚ ਪਾਰਟੀ ਨੂੰ ਪੱਕੇ ਪੈਰੀਂ ਕਰਨ ਦੀ ਸਿਆਸੀ ਚੁਣੌਤੀ ਵੀ ਦਰਪੇਸ਼ ਹੈ। ਦੋ ਸਾਲਾਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਕੈਪਟਨ ਸਰਕਾਰ ਲਈ ਪਹਿਲੀ ਅਗਨੀ ਪ੍ਰੀਖਿਆ ਹੋਣਗੀਆਂ ਜਦੋਂਕਿ ਉਸ ਤੋਂ ਅਗਲੇ ਢਾਈ ਸਾਲਾਂ ਬਾਅਦ ਮੁੜ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਉਸ ਦੀ ਕਾਰਗੁਜ਼ਾਰੀ ਨੂੰ ਪਰਖ ਕੇ ਫ਼ਤਵਾ ਸੁਣਾਉਣ ਵਾਲੀਆਂ ਹੋਣਗੀਆਂ। ਇਸ ਤੋਂ ਇਲਾਵਾ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨਾ ਵੀ ਉਸ ਲਈ ਪਰਖ ਦੀ ਘੜੀ ਹੋਵੇਗੀ। ਇਸ ਪ੍ਰਸੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਪੰਜ ਦੇ ਪੰਜ ਸਾਲ ਲਗਾਤਾਰ ਚੁਣੌਤੀ ਦਰ ਚੁਣੌਤੀ ਦੇਣ ਵਾਲੇ ਹੋਣਗੇ।
ਸਾਥੀ ਮੰਤਰੀਆਂ ਦੀ ਦਰੁਸਤ ਚੋਣ ਕਰਕੇ ਅਤੇ ਪ੍ਰਬੰਧਕੀ ਰੱਦੋਬਦਲ ਤਹਿਤ ਯੋਗ ਅਧਿਕਾਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਣ ਨਾਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਅਤੇ ਪ੍ਰਸ਼ਾਸਨ ਉੱਤੇ ਪਕੜ ਹੋਣ ਦਾ ਪ੍ਰਭਾਵ ਦਿੱਤਾ ਹੈ, ਪਰ ਆਪਣੇ ਫ਼ੈਸਲਿਆਂ ਨੂੰ ਨਤੀਜਾਜਨਕ ਅੰਜਾਮ ਤਕ ਪਹੁੰਚਾਉਣਾ ਹੀ ਉਨ੍ਹਾਂ ਦੀ ਸਫ਼ਲਤਾ ਦਾ ਅਸਲੀ ਮਾਪਦੰਡ ਹੋਵੇਗਾ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਅਤੇ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ੍ਹ ਪਾਉਣ ਦੇ ਨਾਲ ਨਾਲ ਅਮਨ-ਕਾਨੂੰਨ ਦੀ ਬਹਾਲੀ ਲਈ ਕੈਪਟਨ ਸਰਕਾਰ ਨੂੰ ਫੌਰੀ ਕਦਮ ਚੁੱਕਣੇ ਹੋਣਗੇ। ਵੱਖ ਵੱਖ ਮਾਫ਼ੀਆ ਗਰੋਹਾਂ, ਗੈਂਗਸਟਰਾਂ ਅਤੇ ਹੋਰ ਅਪਰਾਧੀ ਤੱਤਾਂ ਨੂੰ ਕਾਬੂ ਕਰਨ ਲਈ ਸੂਬੇ ਦੇ ਪੁਲੀਸ ਢਾਂਚੇ ਅਤੇ ਜੇਲ੍ਹਾਂ ਅੰਦਰਲੇ ਕੁਪ੍ਰਬੰਧ ਨੂੰ ਦਰੁਸਤ ਕਰਕੇ ਪਿਛਲੇ 10 ਸਾਲਾਂ ਦੌਰਾਨ ਹਲਕਾ ਇੰਚਾਰਜਾਂ ਦੀ ਸ਼ਹਿ ’ਤੇ ਹੋਈਆਂ ਵਧੀਕੀਆਂ ਦੇ ਪੀੜਤਾਂ ਨੂੰ ਇਨਸਾਫ਼ ਦੇਣਾ ਹੋਵੇਗਾ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਚੁਣੌਤੀ ਵੀ ਕੈਪਟਨ ਸਰਕਾਰ ਨੂੰ ਦਰਪੇਸ਼ ਹੈ। ਕਿਸਾਨੀ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੇ ਵਰਤਾਰੇ ਦਾ ਠੋਸ ਹੱਲ ਲੱਭ ਕੇ ਖੇਤੀ ਅਰਥਚਾਰੇ ਨੂੰ ਲਾਹੇਵੰਦ ਧੰਦਾ ਬਣਾਉਣ ਵੱਲ ਕਦਮ ਸੇਧਿਤ ਕਰਨ ਨੂੰ ਤਰਜੀਹ ਦੇਣੀ ਹੋਵੇਗੀ। ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਸਨਅਤੀ ਵਿਕਾਸ ਲਈ ਠੋਸ ਨੀਤੀਆਂ ਤੈਅ ਕਰਨੀਆਂ ਹੋਣਗੀਆਂ।
ਸਿਆਸੀ ਅਤੇ ਫੌਰੀ ਪ੍ਰਸ਼ਾਸਨਿਕ ਚੁਣੌਤੀਆਂ ਦੇ ਨਾਲ ਨਾਲ ਕੈਪਟਨ ਸਰਕਾਰ ਨੂੰ ਸੂਬੇ ਦੇ ਢਹਿ-ਢੇਰੀ ਹੋ ਚੁੱਕੇ ਅਰਥਚਾਰੇ ਨੂੰ ਮੁੜ ਖੜ੍ਹਾ ਕਰਨਾ ਹੋਵੇਗਾ। ਸਰਕਾਰ ਨੂੰ ਨਾ ਕੇਵਲ ਸੂਬੇ ਸਿਰ ਪੌਣੇ ਦੋ ਲੱਖ ਦੇ ਕਰੀਬ ਚੜ੍ਹੇ ਕਰਜ਼ੇ ਨੂੰ ਹੀ ਲਾਹੁਣ ਦੀ ਚੁਣੌਤੀ ਦਰਕਾਰ ਹੈ ਬਲਕਿ ਸਰਕਾਰ ਚਲਾਉਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵੀ ਵਿੱਤੀ ਵਸੀਲੇ ਪੈਦਾ ਕਰਨ ਦੀ ਫੌਰੀ ਲੋੜ ਮੂੰਹ ਅੱਡੀਂ ਖੜ੍ਹੀ ਹੈ। ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਵੀਆਂ ਯੋਜਨਾਵਾਂ ਉਲੀਕਣ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਮਿਲਣ ਵਾਲੇ ਲਾਭ ਲੋੜਵੰਦਾਂ ਤਕ ਪਹੁੰਚਣੇ ਯਕੀਨੀ ਕਰਵਾਉਣੇ ਹੋਣਗੇ। ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਵੀ ਤਰਜੀਹ ਦੇਣੀ ਹੋਵੇਗੀ। ਹਾਸ਼ੀਏ ’ਤੇ ਜਾ ਚੁੱਕੀਆਂ  ਸਿਹਤ ਅਤੇ ਸਿੱਖਿਆ ਸਹੂਲਤਾਂ ਵਿਧੀਵੱਤ ਢੰਗ ਨਾਲ ਆਮ ਲੋਕਾਂ ਨੂੰ ਮੁਹੱਈਆ ਕਰਵਾਉਣਾ ਵੀ ਸਰਕਾਰ ਦੀ ਅਣਸਰਦੀ ਜ਼ਰੂਰਤ ਹੈ। ਸੰਘਰਸ਼ ਦੇ ਰਾਹ ਤੁਰੇ ਹੋਏ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਵੀ ਜ਼ਰੂਰੀ ਹੈ। ਭਾਵੇਂ ਕਾਂਗਰਸ ਪਾਰਟੀ ਨੇ ਚੋਣਾਂ ਮੌਕੇ ਆਪਣੇ ਮੈਨੀਫੈਸਟੋ ਵਿੱਚ ਕਾਫ਼ੀ ਵੱਡੇ ਵਾਅਦੇ ਕੀਤੇ ਸਨ ਪਰ ਫ਼ਿਲਹਾਲ ਇਨ੍ਹਾਂ  ਮਹੱਤਵਪੂਰਨ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ ਤੋਂ ਬਿਨਾਂ ਸਰਕਾਰ ਦਾ ਕੰਮ ਨਹੀਂ ਸਰਨਾ। ਅਜਿਹਾ ਕਰਨਾ ਜਿੱਥੇ ਉਸ ਦੀ ਜ਼ਿੰਮੇਵਾਰੀ ਤੇ ਫ਼ਰਜ਼ ਵੀ ਹੈ, ਉੱਥੇ ਲੋਕਾਂ ਵਿੱਚ ਆਪਣੀ ਭਰੋਸੇਯੋਗਤਾ ਬਣਾਏ ਰੱਖਣ ਲਈ ਵੀ ਜ਼ਰੂਰੀ ਹੈ।


Comments Off on ਜ਼ਿੰਮੇਵਾਰੀਆਂ ਦਾ ਤਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.