ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

Posted On March - 20 - 2017

11103cd _shaheed_bhagat_singh_e1443372633940ਲਕਸ਼ਮੀ ਕਾਂਤਾ ਚਾਵਲਾ*

ਇਕ ਸ਼ਹੀਦੀ ਨਾਲ ਕਈ ਸ਼ਹੀਦ ਪੈਦਾ ਹੁੰਦੇ ਹਨ। ਇਸ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਪ੍ਰਸਿੱਧ ਵਕੀਲ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਕਮਿਸ਼ਨ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਭਾਰਤ ਵਿਚ ਇਸ ਦਾ ਵਿਰੋਧ ਹੋ ਰਿਹਾ ਸੀ। ਲਾਹੌਰ ਵਿਚ ਵੀ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ। ਸਿਰਫ ਕਾਲੇ ਝੰਡੇ ਅਤੇ ‘ਸਾਈਮਨ ਕਮਿਸ਼ਨ ਗੋ ਬੈਕ, ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਇਸ ਵਿਰੋਧ ਦਾ ਰੂਪ ਸਨ। ਅੰਦੋਲਨਕਾਰੀਆਂ ਕੋਲ ਕੋਈ ਹਥਿਆਰ ਨਹੀਂ ਸੀ, ਸਿਰਫ ਮਜ਼ਬੂਤ ਇਰਾਦੇ ਦੀ ਤਾਕਤ ਨਾਲ ਉਹ ਬਰਤਾਨੀਆ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਅੱਗੇ ਵਧ ਰਹੇ ਸਨ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਮੁਜ਼ਾਹਰਾਕਾਰੀ ਸਟੇਸ਼ਨ ਵਲ ਵਧ ਰਹੇ ਸੀ। ਪੁਲੀਸ ਦੀ ਚਿਤਾਵਨੀ ਦਾ ਵੀ ਇਨ੍ਹਾਂ ’ਤੇ ਕੋਈ ਅਸਰ ਨਹੀਂ ਸੀ। ਅੰਗਰੇਜ਼ਾਂ ਦੀ ਨਿਗ੍ਹਾ ਵਿਚ ਇਹ ਬੱਜਰ ਗੁਨਾਹ ਸੀ। ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ, ਸੈਂਕੜੇ ਲੋਕ ਜ਼ਖ਼ਮੀ ਹੋਏ, ਦੇਸ਼ ਪ੍ਰੇਮੀਆਂ ਦੇ ਲਹੂ ਨਾਲ ਭਾਰਤ ਮਾਤਾ ਦਾ ਅਭਿਸ਼ੇਕ ਹੋਇਆ। ਇੰਨਾ ਸਭ ਹੋਣ ਦੇ ਬਾਵਜੂਦ ਵੀ ਲੋਕਾਂ ’ਤੇ ਕੋਈ ਅਸਰ ਹੁੰਦਾ ਨਾ ਦੇਖ ਪੁਲੀਸ ਕਪਤਾਨ ਸਕੌਟ ਨੇ ਆਪ ਲਾਠੀ ਲਈ ਅਤੇ ਲਾਲਾ ਜੀ ਦੀ ਕੁੱਟਮਾਰ ਕੀਤੀ। ਉਸ ਦੇ ਸਹਿਯੋਗੀ ਸੌਂਡਰਜ਼ ਨੇ ਵੀ ਆਪਣੇ ਐਸਪੀ ਦਾ ਪੂਰਾ ਸਾਥ ਦਿੱਤਾ। ਕਰਾਂਤੀਕਾਰੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਜ਼ੁਲਮ ਆਪਣੀ ਅੱਖੀਂ ਵੇਖਿਆ। ਉਸੇ ਸ਼ਾਮ ਲਾਹੌਰ ਵਿਚ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲਾਲਾ ਲਾਜਪਤ ਰਾਏ ਨੇ ਐਲਾਨ ਕੀਤਾ ਕਿ ਅੰਗਰੇਜ਼ਾਂ ਵੱਲੋਂ ਵਰ੍ਹਾਈਆਂ ਡਾਂਗਾਂ, ਭਾਰਤ ਵਿਚ ਬਰਤਾਨਵੀ ਸਰਕਾਰ ਦੇ ਕਫ਼ਨ ਦੀਆਂ ਆਖਰੀ ਕਿੱਲਾਂ ਸਾਬਤ ਹੋਣਗੀਆਂ। ਇਸ ਮੌਕੇ ਹਾਜ਼ਰ ਕਰਾਂਤੀਕਾਰੀ ਯਸ਼ਪਾਲ ਅਤੇ ਸੁਖਦੇਵ ਨੇ ਦੇਖਿਆ ਕਿ ਲਾਲਾ ਜੀ ਦੇ ਭਾਸ਼ਣ ਦਾ ਇਕ ਅੰਗਰੇਜ਼ ਅਧਿਕਾਰੀ ਨੀਲ ਮਜ਼ਾਕ ਉਡਾ ਰਿਹਾ ਸੀ ਤੇ ਮੁਸਕਰਾ ਰਿਹਾ ਸੀ। ਇਨ੍ਹਾਂ ਕਰਾਂਤੀਕਾਰੀਆਂ ਲਈ ਇਹ ਸਹਿਣਯੋਗ ਨਹੀਂ ਸੀ। 17 ਨਵੰਬਰ ਨੂੰ ਜ਼ਖ਼ਮਾਂ ਦਾ ਤਾਬ ਨਾ ਸਹਾਰਦਿਆਂ ਲਾਲਾ ਜੀ ਸ਼ਹੀਦ ਹੋ ਗਏ ਅਤੇ ਪੂਰੇ ਦੇਸ਼ ਵਿਚ ਮਾਤਮ ਛਾ ਗਿਆ। ਲਾਲਾ ਜੀ ਦੀ ਮੌਤ ਨੌਜਵਾਨਾਂ ਲਈ ਚੁਣੌਤੀ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਲਈ ਇਹ ਦੇਸ਼ ਦੀ ਬੇਇਜ਼ਤੀ ਸੀ। ਉਨ੍ਹਾਂ ਨਾਅਰਾ ਲਾਇਆ ਖ਼ੂਨ ਦਾ ਬਦਲਾ ਖ਼ੂਨ। ਇਕ ਪੰਜਾਬ ਕੇਸਰੀ ਦੀ ਹੱਤਿਆ ਦਾ ਬਦਲਾ ਦਸ ਗੋਰਿਆਂ ਨੂੰ ਮਾਰ ਕੇ ਲਿਆ ਜਾਵੇਗਾ। ਕਰਾਂਤੀਕਾਰੀਆਂ ਦੇ ਸੰਗਠਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੀ ਇਕ ਹੰਗਾਮੀ ਅਤੇ ਗੁਪਤ ਮੀਟਿੰਗ 10 ਦਸੰਬਰ, 1928 ਦੀ ਰਾਤ ਲਾਹੌਰ ਵਿਚ ਹੋਈ। ਇਸ ਦੀ ਪ੍ਰਧਾਨਗੀ ਚੰਦਰਸ਼ੇਖਰ ਆਜ਼ਾਦ ਨੇ ਕੀਤੀ। ਇਸ ਵਿਚ ਭਗਤ ਸਿੰਘ, ਮਹਾਵੀਰ ਸਿੰਘ, ਸੁਖਦੇਵ, ਰਾਜਗੁਰੂ, ਦੁਰਗਾ ਭਾਬੀ, ਕਿਸ਼ੋਰੀ ਲਾਲ ਅਤੇ ਜੈ ਗੋਪਾਲ ਨੇ ਹਿੱਸਾ ਲਿਆ। ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਬਦਲਾ ਲੈਣ ਦੇ ਕੰਮ ਨੂੰ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਨਾਲ ਨਾਲ ਆਜ਼ਾਦ ਅਤੇ ਜੈ ਗੋਪਾਲ ਪੂਰਾ ਕਰਨਗੇ। ਇਨ੍ਹਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੂੰ ਸੌਂਪੀ ਗਈ। ਫੈਸਲੇ ਤਹਿਤ ਰਾਜਗੁਰੂ ਅਤੇ ਭਗਤ ਸਿੰਘ ਸਕੌਟ ’ਤੇ ਗੋਲੀ ਚਲਾਉਣਗੇ ਅਤੇ ਉਨ੍ਹਾਂ ਦੀ ਰੱਖਿਆ ਆਜ਼ਾਦ ਅਤੇ ਸੁਖਦੇਵ ਕਰਨਗੇ ਕਿਉਂਕਿ ਇਨ੍ਹਾਂ ਨੂੰ ਲੜਾਈ ਅਤੇ ਫਾਇਰ ਐਂਡ ਮੂਵਮੈਂਟ ਵਿਚ ਵਿਸ਼ੇਸ਼ ਟਰੇਨਿੰਗ ਹਾਸਲ ਸੀ। ਪੰਜਾਬ ਦੇ ਇਨ੍ਹਾਂ ਸਪੂਤਾਂ ਨੇ ਲਾਲਾ ਲਾਜਪਤ ਰਾਏ ਦੇ ਖ਼ੂਨ ਦਾ ਬਦਲਾ ਖ਼ੂਨ ਨਾਲ ਲਿਆ।
laxmikanta chawlaਅੱਜ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈ ਕਿ ਭਾਰਤ ਦੇ ਲੋਕਾਂ ਦਾ ਪ੍ਰੇਰਨਾ ਸਰੋਤ ਉਹ ਕਰਾਂਤੀਕਾਰੀ ਸਨ ਜਿਨ੍ਹਾਂ  ਵਿਚ ਭਗਤ ਸਿੰਘ ਸ਼ਾਮਲ ਸੀ। ਅਰਜੁਨ ਸਿੰਘ ਦਾ ਪੋਤਾ, ਮਾਂ ਵਿਦਿਆਵਤੀ ਅਤੇ ਪਿਤਾ ਕ੍ਰਿਸ਼ਨ ਸਿੰਘ ਦਾ ਲਾਡਲਾ ਅਤੇ ਦੇਸ਼ਭਗਤ ਅਜੀਤ ਸਿੰਘ ਤੇ ਸਵਰਨ ਸਿੰਘ ਦਾ ਉਹ ਭਤੀਜਾ ਜੋ ਪੰਜ ਵਰ੍ਹਿਆਂ ਦੀ ਉਮਰ ਵਿਚ ਹੀ ਕਹਿੰਦਾ ਸੀ ਕਿ ਉਹ ਵੱਡਾ ਹੋ ਕੇ ਬੰਦੂਕਾਂ ਦੀ ਖੇਤੀ ਕਰੇਗਾ ਤੇ ਅੰਗਰੇਜ਼ ਸਰਕਾਰ ਨੂੰ ਭਜਾ ਦੇਵੇਗਾ।
23 ਮਾਰਚ ਭਾਰਤ ਦੇ ਤਿੰਨ ਬਹਾਦਰ ਬੇਟਿਆਂ ਦਾ ਸ਼ਹੀਦੀ ਦਿਹਾੜਾ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਭਾਰਤ ਮਾਤਾ ਦੀ ਆਜ਼ਾਦੀ ਲਈ ਫਾਂਸੀ ’ਤੇ ਚੜ੍ਹ ਗਏ। ਅੰਤਿਮ ਸਾਹ ਤਕ ਉਹ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਰਹੇ। ਅੱਜ ਭੌਤਿਕ ਸੁੱਖ ਪਾਉਣ ਦੀ ਦੌੜ ਵਿਚ ਸ਼ਾਮਲ ਕਿੰਨੇ ਨੇਤਾ ਅਤੇ ਲੋਕ ਜਾਣਦੇ ਹਨ ਕਿ ਦੇਸ਼ ਦੇ ਲੱਖਾਂ ਨੌਜਵਾਨ ਤੇ ਮੁਟਿਆਰਾਂ ਇਕ ਸਮੇਂ ਆਪਣੇ ਸੁੱਖ ਅਤੇ ਸੁਪਨਿਆਂ ਦਾ ਗਲ ਘੁੱਟ ਕੇ ਦੇਸ਼ ਦੀ ਆਜ਼ਾਦੀ ਦੇ ਪਰਵਾਨੇ ਬਣੇ ਸੀ। ਘਪਲਿਆਂ ਤੇ ਘੁਟਾਲਿਆਂ ਦੀ ਦਲਦਲ ਵਿਚ ਫਸੇ ਆਜ਼ਾਦ ਭਾਰਤ ਦੇ ਵਧੇਰੇ ਆਗੂ ਇਹ ਭੁੱਲ ਗਏ ਹੋਣਗੇ ਕਿ ਜਦੋਂ ਭਗਤ ਸਿੰਘ ਦੇ ਪਿਤਾ ਨੇ ਉਸ ਦੀ ਦਾਦੀ ਦੀਆਂ ਭਾਵਨਾਵਾਂ ਦਾ ਵਾਸਤਾ ਦੇ ਕੇ ਭਗਤ ਸਿੰਘ ਨੂੰ ਸ਼ਾਦੀ ਕਰਾਉਣ ਲਈ ਚਿੱਠੀ ਲਿਖੀ, ਉਦੋਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਤੁਸੀਂ ਸਿਰਫ ਦਾਦੀ ਦੀ ਚਿੰਤਾ ਕਰ ਰਹੇ ਹੋ, ਪਰ ਕੀ ਕਦੇ ਇਹ ਸੋਚਿਆ ਹੈ ਕਿ 33 ਕਰੋੜ ਭਾਰਤੀ ਲੋਕਾਂ ਦੀਆਂ ਮਾਂ ਕਿੰਨੀ ਦੁਖੀ ਹੈ। ਪਰਿਵਾਰ ਵਿਆਹ ਲਈ ਉਸ ਨੂੰ ਤੰਗ ਨਾ ਕਰੇ ਇਸ ਲਈ ਭਗਤ ਸਿੰਘ ਨੇ ਲਾਹੌਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ। ਰੁਖ਼ਸਤ ਹੋਣ ਤੋਂ ਪਹਿਲਾਂ ਭਗਤ ਨੇ ਆਪਣੇ ਦੋਸਤਾਂ ਤੋਂ ਕਿਹਾ ਕਿ ਜੇ ਮੇਰਾ ਵਿਆਹ ਗੁਲਾਮ ਭਾਰਤ ਵਿਚ ਹੁੰਦਾ ਤਾਂ ਮੇਰੀ ਪਤਨੀ ਸਿਰਫ ਮੌਤ ਹੋਵੇਗੀ। ਬਰਾਤ ਜਲੂਸ ਦੇ ਰੂਪ ਵਿਚ ਚਲੇਗੀ ਅਤੇ ਬਰਾਤੀ ਸਿਰਫ ਦੇਸ਼ ’ਤੇ ਜਾਨ ਵਾਰਨ ਵਾਲੇ ਪਰਵਾਨੇ ਹੋਣਗੇ। ਸੌਂਡਰਜ਼ ਦੀ ਹੱਤਿਆ ਤੋਂ ਬਾਅਦ ਭਗਤ ਸਿੰਘ ਲਾਹੌਰ ਤੋਂ ਬਾਅਦ ਕਲਕੱਤਾ ਪੁੱਜ ਗਏ। ਕੁਝ ਦਿਨ ਉਥੇ ਰਹੇ ਤੇ ਮਗਰੋਂ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਵੱਖ ਵੱਖ ਕਰਾਂਤੀਕਾਰੀ ਸੰਗਠਨਾਂ ਨਾਲ ਮੁਲਾਕਾਤ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਦਿੱਲੀ ਪੁੱਜੇ। ਉਨ੍ਹੀ ਦਿਨੀਂ ਬ੍ਰਿਟਿਸ਼ ਭਾਰਤ ਦੀ ਸਰਕਾਰ ਦਿੱਲੀ ਦੀ ਕੌਮੀ ਅਸੈਂਬਲੀ ਵਿਚ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟ ਬਿਲ ਲਾਉਣ ਦੀ ਤਿਆਰੀ ਵਿਚ ਸੀ। ਇਹ ਕਾਲੇ ਕਾਨੂੰਨ ਸਨ ਜਿਨ੍ਹਾਂ ਨੂੰ ਪਾਸ ਕਰਨ ਦਾ ਫੈਸਲਾ ਸਰਕਾਰ ਕਰ ਚੁੱਕੀ ਸੀ। ਸ਼ਾਸਕਾਂ ਦਾ ਇਸ ਬਿਲ ਨੂੰ ਕਾਨੂੰਨ ਬਣਾਉਣ ਦਾ ਉਦੇਸ਼ ਜਨਤਾ ਵਿਚ ਕਰਾਂਤੀ ਦੀ ਉਠ ਰਹੀ ਆਵਾਜ਼ ਨੂੰ ਮੁੱਢਲੇ ਦੌਰ ਵਿਚ ਹੀ ਰੋਕਣਾ ਸੀ। ਕਰਾਂਤੀਕਾਰੀਆਂ ਦੀ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਵਿਚ ਭਗਤ ਸਿੰਘ ਨੇ ਕਿਹਾ ਬਰਤਾਨਵੀ ਸ਼ਾਸਨ ਵਿਚ ਨਿਆਂ ਦੀ ਕੋਈ ਜਗ੍ਹਾ ਨਹੀਂ ਹੈ। ਉਹ ਗ਼ੁਲਾਮਾਂ ਨੂੰ ਸਾਹ ਲੈਣ ਦਾ ਮੌਕਾ ਦਿੱਤੇ ਬਿਨਾਂ ਹੀ ਉਨ੍ਹਾਂ ਨੂੰ ਦਬਾਉਣਾ ਅਤੇ ਲੁੱਟਣਾ ਚਾਹੁੰਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਦਾ ਇਕੋ ਤਰੀਕਾ ਹੈ-ਸ਼ਹੀਦੀ। ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ 8 ਅਪਰੈਲ 1929 ਨੂੰ ਅਸੈਂਬਲੀ ਵਿਚ ਬੰਬ ਸੁੱਟਣ ਦਾ ਫੈਸਲਾ ਕੀਤਾ ਗਿਆ। ਉਂਜ, ਅਸੈਂਬਲੀ ਵਿਚ ਵੱਡੀ ਗਿਣਤੀ ਮੈਂਬਰ ਇਸ ਕਾਨੂੰਨ ਦੇ ਖ਼ਿਲਾਫ਼ ਸਨ ਪਰ ਵਾਇਸਰਾਏ ਆਪਣੇ ਖਾਸ ਅਧਿਕਾਰ ਨਾਲ ਪਾਸ ਕਰਾਉਣਾ ਚਾਹੁੰਦਾ ਸੀ। ਇਸ ਲਈ ਇਹ ਫ਼ੈਸਲਾ ਹੋਇਆ ਕਿ ਜਦੋਂ ਵਾਇਸਰਾਏ ਪਬਲਿਕ ਸੇਫਟੀ ਬਿਲ ਨੂੰ ਕਾਨੂੰਨ ਬਣਾਉਣ ਲਈ ਕਹੇਗਾ, ਉਸੇ ਸਮੇਂ ਧਮਾਕਾ ਕੀਤਾ ਜਾਵੇ। ਇਸੇ ਤਰ੍ਹਾਂ ਕੀਤਾ ਗਿਆ। ਜਿਵੇਂ ਹੀ ਬਿਲ ਸਬੰਧੀ ਐਲਾਨ ਹੋਇਆ, ਭਗਤ ਸਿੰਘ ਨੇ ਬੰਬ ਧਮਾਕਾ ਕੀਤਾ, ਪਰ ਇਸ ਤਰੀਕੇ ਨਾਲ ਜਿਸ ਨਾਲ ਵੱਲਭ ਭਾਈ ਪਟੇਲ ਅਤੇ ਮੋਤੀ ਲਾਲ ਨਹਿਰੂ ਨੂੰ ਸੱਟ ਨਾ ਲੱਗੇ। ਦੂਜਾ ਬੰਬ ਬਟੁਕੇਸ਼ਵਰ ਦੱਤ ਨੇ ਸੁੱਟਿਆ, ਪੂਰੇ ਹਾਲ ਵਿਚ ਧੁੂੰਆਂ ਭਰ ਗਿਆ। ਭੱਜ ਨੱਠ ਮਚ ਗਈ। ਭਗਤ ਸਿੰਘ ਅਤੇ ਦੱਤ ਉਥੇ ਹੀ ਖੜੇ ਰਹੇ। ਉਨ੍ਹਾਂ ਨੇ ਇਕ ਪਰਚਾ ਵੀ ਸੁੱਟਿਆ ਜਿਸ ਵਿਚ ਲਿਖਿਆ ਸੀ, ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ। ਫਰਾਂਸ ਦੇ ਸ਼ਹੀਦ ਵੇਲਾਂ ਨੇ ਅਜਿਹੇ ਸਮੇਂ ਵਿਚ ਸ਼ਹੀਦੀ ਦੀ ਗੱਲ ਕੀਤੀ ਸੀ।
ਅਸੈਂਬਲੀ ਵਿਚ ਜਦੋਂ ਪੁਲੀਸ ਇੰਸਪੈਕਟਰ ਜੌਨਸਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਇਆ ਤਾਂ ਇਨ੍ਹਾਂ ਵੀਰਾਂ ਨੇ ਉੱਚੀ ਆਵਾਜ਼ ਵਿਚ ਕਿਹਾ,‘ ਫਿਕਰ ਨਾ ਕਰੋ। ਅਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਇਹ ਕੰਮ ਅਸੀਂ ਕੀਤਾ ਹੈ।’
ਇਸ ਤੋਂ ਬਾਅਦ ਕਰਾਂਤੀਕਾਰੀਆਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਸ਼ੁਰੂ ਹੋਇਆ। ਸੁਖਦੇਵ, ਜੈ ਗੋਪਾਲ ਤੇ ਕਿਸ਼ੋਰੀ ਲਾਲ ਕਈ ਸਾਥੀਆਂ ਸਣੇ ਫੜੇ ਗਏ। ਇਨ੍ਹਾਂ ਦੀ ਸਜ਼ਾ ਲਈ ਅਦਾਲਤੀ ਨਿਆਂ ਦਾ ਨਾਟਕ ਆਰੰਭ ਹੋਇਆ। ਭਗਤ ਸਿੰਘ ਖ਼ਿਲਾਫ਼ ਧਾਰਾ 307 ਅਤੇ ਧਮਾਕਾਖੇਜ਼ ਪਦਾਰਥ ਦੀ ਧਾਰਾ 3 ਤਹਿਤ ਉਮਰ ਕੈਦ ਦਾ ਐਲਾਨ ਕੀਤਾ ਗਿਆ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਸੌਂਡਰਜ਼ ਦੀ ਹੱਤਿਆ, ਲਾਹੌਰ ਸਾਜ਼ਿਸ਼ ਦਾ ਕੇਸ ਵੀ ਜੇਲ੍ਹ ਵਿਚ ਰਹਿੰਦਿਆਂ ਚੱਲਦਾ ਰਿਹਾ। ਫਰਾਰ ਕਰਾਂਤੀਕਾਰੀਆਂ ਵਿਚੋਂ ਰਾਜਗੁਰੂ ਨੂੰ ਪੂਨਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਵਿਜੈ ਕੁਮਾਰ ਚਾਹੁੰਦੇ ਸੀ ਕਿ ਮੁਕੱਦਮੇ ਕਾਰਨ ਮਿਲੇ ਮੰਚ ਦਾ ਵਧ ਤੋਂ ਵਧ ਪ੍ਰਚਾਰ ਲਈ ਇਸਤੇਮਾਲ ਕੀਤਾ ਜਾਵੇ। ਅਖੀਰ ਅਦਾਲਤ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸਜ਼ਾ ਏ ਮੌਤ, ਵਿਜੈ ਕੁਮਾਰ, ਜੈਦੇਵ ਕਪੂਰ, ਗਯਾ ਪ੍ਰਸਾਦ, ਸ਼ਿਵ ਕੁਮਾਰ ਵਰਮਾ, ਕਮਲਨਾਥ ਤਿਵਾੜੀ, ਕਿਸ਼ੋਰੀ ਲਾਲ ਅਤੇ ਮਹਾਵੀਰ ਤਕਸ਼ਕ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ। ਕੁੰਦਨ ਲਾਲ ਨੂੰ ਸੱਤ ਵਰ੍ਹਿਆਂ ਅਤੇ ਪ੍ਰੇਮ ਦੱਤ ਨੂੰ ਤਿੰਨ ਵਰ੍ਹਿਆਂ ਦੀ ਸਖ਼ਤ ਸਜ਼ਾ ਦਿੱਤੀ ਗਈ।
23 ਮਾਰਚ 1931 ਦੀ ਰਾਤ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਵੀ ਮੰਨਿਆ ਜਾਂਦਾ ਹੈ ਕਿ ਮੌਤ ਲਈ 24 ਮਾਰਚ ਦੀ ਸਵੇਰ ਦਾ ਸਮਾਂ ਨਿਸ਼ਚਿਤ ਸੀ ਪਰ ਲੋਕਾਂ ਦੇ ਰੋਹ ਤੋਂ ਘਬਰਾਈ ਸਰਕਾਰ ਨੇ 23-24 ਦੀ ਰਾਤ ਨੂੰ ਇਨ੍ਹਾਂ ਨੂੰ ਫਾਂਸੀ ਦੇ ਦਿੱਤੀ ਅਤੇ ਹਨੇਰੇ ਵਿਚ ਹੀ ਸਤਲੁਜ ਕੰਢੇ ਇਨ੍ਹਾਂ ਦਾ ਸਸਕਾਰ ਕਰ ਦਿੱਤਾ। 24 ਮਾਰਚ ਨੂੰ ਇਹ ਖ਼ਬਰ ਜਦੋਂ ਦੇਸ਼ਵਾਸੀਆਂ ਨੂੰ ਮਿਲੀ ਤਾਂ ਲੋਕ ਉਥੇ ਪੁੱਜੇ ਜਿਥੇ ਸ਼ਹੀਦਾਂ ਦੀ ਪਵਿੱਤਰ ਰਾਖ਼ ਅਤੇ ਕੁਝ ਅਸਥੀਆਂ ਪਈਆਂ ਸਨ।

*ਸਾਬਕਾ ਮੰਤਰੀ, ਪੰਜਾਬ। 


Comments Off on 23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.