ਪੱਤਰ ਪ੍ਰੇਰਕ
ਮਾਛੀਵਾੜਾ, 25 ਜੂਨ
ਨੇੜੇ ਵਗਦੀ ਸਰਹਿੰਦ ਨਹਿਰ ਵਿੱਚ ਪਰਵਾਸੀ ਮਜ਼ਦੂਰ ਰਕਮਾ (52) ਵਾਸੀ ਅਲਣਪੁਰ, ਚਣਕਾਣਾ ਸਹਾਰਨਪੁਰ ਹਾਲ ਵਾਸੀ ਸਹਿਜੋ ਮਾਜਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਛੋਟਾ ਭਰਾ ਰਕਮਾ ਕਿਸਾਨ ਕੋਲ ਨੌਕਰੀ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਉਸ ਨੇ ਦੱਸਿਆ ਕਿ ਰਕਮਾ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ 7-8 ਦਿਨ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ। ਲੰਘੀ 21 ਜੂਨ ਨੂੰ ਰਕਮਾ ਘਰੋਂ ਗਿਆ ਅਤੇ ਪਰਿਵਾਰ ਨੂੰ ਰਾਹਗੀਰਾਂ ਨੇ ਦੱਸਿਆ ਕਿ ਉਹ ਪੁਲ ਪਵਾਤ ਨੇੜੇ ਨਹਿਰ ਵਿੱਚ ਡਿੱਗ ਗਿਆ। ਬੀਤੇ ਦਿਨ ਪਰਵਾਸੀ ਮਜ਼ਦੂਰ ਰਕਮਾ ਦੀ ਲਾਸ਼ ਗੜ੍ਹੀ ਤਰਖਾਣਾ ਪੁਲ ਨੇੜੇ ਨਹਿਰ ਵਿੱਚ ਤੈਰਦੀ ਮਿਲੀ ਹੈ ਜਿਸ ਨੂੰ ਪੁਲੀਸ ਨੇ ਕਬਜ਼ੇ ‘ਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਕਮਾ ਦਾ ਨਹਿਰ ਵਿੱਚ ਡਿੱਗਣਾ ਕੁਦਰਤੀ ਹਾਦਸਾ ਹੈ, ਇਸ ਲਈ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।