ਦਰਸ਼ਨ ਸਿੰਘ ‘ਆਸ਼ਟ’ (ਡਾ.)
ਵਰਤਮਾਨ ਪੰਜਾਬੀ ਕਹਾਣੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਪ੍ਰਸਥਿਤੀਆਂ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੋਈ ਨਵੀਂ ਦਿਸ਼ਾ ਵੱਲ ਨਿਰੰਤਰ ਅਗਰਸਰ ਹੈ। ਇਹ ਸਿਨਫ਼ ਵਿਸ਼ਵ ਪੱਧਰ ਦੀ ਕਹਾਣੀ ਨਾਲ ਬਰ ਮੇਚ ਰਹੀ ਹੈ। ਪੰਜਾਬੀ ਦੇ ਜਾਣੇ-ਪਛਾਣੇ ਮਿੰਨੀ ਕਹਾਣੀ ਲੇਖਕ ਅਤੇ ਪੰਜਾਬੀ ਦੀ ਮਿੰਨੀ ਪੱਤ੍ਰਿਕਾ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਆਪਣੇ ਹੱਥਲੇ ਕਹਾਣੀ ਸੰਗ੍ਰਹਿ ‘ਸੋਨ ਸਵੇਰਾ’ (ਕੀਮਤ: 290 ਰੁਪਏ; ਅਣੂ ਮੰਚ, ਲੁਧਿਆਣਾ) ਵਿਚਲੀਆਂ ਕੁੱਲ ਦਸ ਕਹਾਣੀਆਂ ਵਿਚ ਆਧੁਨਿਕ ਬੋਧ ਨੂੰ ਕੇਂਦਰ ਵਿਚ ਰੱਖਿਆ ਹੈੈ।
ਇਸ ਕਹਾਣੀ ਸੰਗ੍ਰਹਿ ਦੀ ਪ੍ਰਥਮ ਕਹਾਣੀ ‘ਸੋਨ ਸਵੇਰਾ’ ਦੀ ਆਧਾਰ-ਸ਼ਿਲਾ ਨਿਮਨ ਵਰਗ ਦੀ ਕਿਰਸਾਨੀ ਹੈ ਜਿਸ ਦੀਆਂ ਸੱਧਰਾਂ ਬੈਂਕਾਂ ਅਤੇ ਆੜ੍ਹਤੀਆਂ ਦੇ ਕਰਜ਼ਿਆਂ, ਫ਼ਸਲਾਂ ਨੂੰ ਲੱਗੀ ਸੁੰਡੀ ਅਤੇ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਦੀਆਂ ਸਮੱਸਿਆਵਾਂ ਕਾਰਨ ਦਮ ਤੋੜ ਰਹੀਆਂ ਹਨ। ਆਲਮੀ ਖੁੱਲ੍ਹੀ ਮੰਡੀ ਦੀ ਪੂੰਜੀ ਦੇ ਬੱਦਲ ਨਿਮਨ ਕਿਰਸਾਨ ਸ਼੍ਰੇਣੀ ਦੇ ਪ੍ਰਤਿਨਿਧ ਅਤੇ ਕਹਾਣੀ ਦੇ ਨਾਇਕ ਹਰਨਾਮੇ ਉਪਰ ਫਟਦੇ ਹਨ। ਇਸ ਸੰਕਟਕਾਲੀਨ ਸਥਿਤੀ ਵਿਚ ਉਸ ਦਾ ਲੜਕਾ ਦੀਪਾ ਆਪਣੇ ਪਿਤਾ ਨੂੰ ਖ਼ੁਦਕੁਸ਼ੀ ਦੇ ਰਾਹ ਤੋਂ ਰੋਕਦਾ ਹੋਇਆ ਮੁੜ ਖੜ੍ਹਾ ਹੋ ਕੇ ਸੰਘਰਸ਼ਸ਼ੀਲ ਬਣਨ ਦੀ ਪ੍ਰੇਰਣਾ ਦਿੰਦਾ ਹੈ। ਵਰਤਮਾਨ ਕਿਸਾਨ ਸੰਘਰਸ਼ ਦੇ ਦਵੰਦ ਨੂੰ ਇਸ ਕਹਾਣੀ ਦੇ ਬਿਰਤਾਂਤ ਰਾਹੀਂ ਬਾਖ਼ੂਬੀ ਸਮਝਿਆ ਜਾ ਸਕਦਾ ਹੈ। ਦੂਜੀ ਕਹਾਣੀ ‘ਮੈਂ ਨਹੀਂ ਦੱਸਾਂਗੀ’ ਵਿਚ ਧੂੜਾਂ ਪੁੱਟਦੇ ਟੈਂਕਾਂ, ਦਗਦੇ ਗੋਲਿਆਂ ਕਾਰਨ ਮਾਨਵਤਾ ਅਤੇ ਪ੍ਰਕ੍ਰਿਤਕ ਧਰੋਹਰ ਦੇ ਹੁੰਦੇ ਘਾਣ ਦਾ ਖ਼ੌਫ਼ਨਾਕ ਮੰਜ਼ਰ ਪੇਸ਼ ਕੀਤਾ ਗਿਆ ਹੈ। ਜ਼ਖ਼ਮੀ ਸਿਪਾਹੀਆਂ ਦੀ ਤੀਮਾਰਦਾਰੀ ਕਰਨ ਵਾਲੀ ਨਰਸ ਮਨਮੀਤ, ਮੇਜਰ ਸ਼ੇਰ ਸਿੰਘ ਦੇ ਸੰਪਰਕ ਵਿਚ ਆਉਂਦੀ ਹੈ ਪਰ ਉਸ ਦੇ ਜ਼ਖ਼ਮੀ ਹੋਣ ਉਪਰੰਤ ਉਹ ਕਿਸੇ ਹੋਰ ਨਾਲ ਮੰਗਣੀ ਕਰਵਾ ਲੈਂਦੀ ਹੈ। ਇਹ ਕਹਾਣੀ ਮਾਨਵੀ ਮਾਨਸਿਕਤਾ ਵਿਚ ਆ ਰਹੇ ਪਰਿਵਰਤਨ ਦੀਆਂ ਗੁੰਝਲਦਾਰ ਪਰਤਾਂ ਫੋਲਦੀ ਹੈ। ‘ਸੰਗ ਭਰਾਵਾਂ ਜੀਵਨਾ’ ਕਹਾਣੀ ਦੀ ਪਿੱਠਭੂਮੀ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਹੈ। ਵਿਆਹ ਵਿਚ ਡੋਗਰ ਵਰਗੇ ਪਾਤਰ ਸਕੇ ਸੰਬੰਧੀਆਂ ਜਾਂ ਸ਼ਰੀਕੇ ਵਾਲਿਆਂ ਨਾਲ ਗੁੱਸੇ ਗਿਲੇ ਵੀ ਹੁੰਦੇ ਹਨ ਅਤੇ ਅਖੀਰ ਵਿਚ ਪਛਤਾਵੇ ਦਾ ਅਨੁਭਵ ਵੀ ਕਰਦੇ ਹੋਏ ਪ੍ਰਾਸਚਿਤ ਕਰਦੇ ਹਨ ਤੇ ਸੁਨੇਹਾ ਦਿੰਦੇ ਹਨ ਕਿ ਸਕੇ ਸੰਬੰਧੀਆਂ ਨਾਲ ਮਿਲ ਜੁਲ ਕੇ ਜਿਊਣ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਕਹਾਣੀ ‘ਬਿੱਕਰ ਸਿੰਘ ਖੂੰਡੇਵਾਲਾ’ ਵਿਚ ਕੈਨੇਡਾ ਦੇ ਸ਼ਹਿਰ ਹਮਿਲਟਨ ਦਾ ਦ੍ਰਿਸ਼ ਵਰਣਨ ਹੈ। ਬਰਟਨ ਰੋਡ ਦੇ ਪਾਰਕ ਵਿਚ ਤਾਸ਼ ਦੀ ਬਾਜ਼ੀ ਮਘਦੀ ਹੈ। ਖੇਡ ਦੌਰਾਨ ਸਿਆਸਤੀ ਗੱਲਾਂ ਦਾ ਸਮਾਵੇਸ਼ ਹੋਣ ਲੱਗਦਾ ਹੈ। ਬਹਿਸਬਾਜ਼ੀ ਵਧਦੀ ਹੈ ਪਰ ਬਿੱਕਰ ਸਿੰਘ ਵਰਗੇ ਕਿਰਦਾਰ ਅਣਖ ਦਾ ਪੱਲਾ ਨਹੀਂ ਛੱਡਦੇ। ਉਹ ਕੈਨੇਡੀਅਨ ਸਭਿਆਚਾਰ ਨਾਲ ਹੁੰਦੇ ਟਕਰਾਓ ਵਿਚੋਂ ਪੰਜਾਬੀ ਆਪਣੀ ਖ਼ੁੱਦਾਰੀ ਬਰਕਰਾਰ ਰੱਖਦੇ ਹਨ। ‘ਕੈਂਸਰ ਦਾ ਫੋੜਾ’ ਕਹਾਣੀ ਦਾ ਕਥਾਨਕ ਭੀਮੇ ਦੁਆਲੇ ਘੁੰਮਦਾ ਹੈ ਜਿਸ ਦਾ ਜੀਵਨ ਇਕੱਲਪੁਣੇ ਦੀ ਭੇਂਟ ਚੜ੍ਹ ਜਾਂਦਾ ਹੈ। ਪਰਿਵਾਰਕ ਤ੍ਰੇੜਾਂ ਮਨੁੱਖੀ ਜ਼ਹਿਨੀਅਤ ਲਈ ਕੈਂਸਰ ਦਾ ਫੋੜਾ ਬਣ ਜਾਂਦੀਆਂ ਹਨ। ਇਸ ਕਹਾਣੀ ਦਾ ਤੱਤਸਾਰ ਇਹ ਹੈ ਕਿ ਮਨੁੱਖ ਨਿਵਾਣ ਵੱਲ ਨਹੀਂ ਸਗੋਂ ਹਮੇਸ਼ਾ ਉਚਾਈ ‘ਤੇ ਪਹੁੰਚਣ ਦੇ ਸੁਪਨੇ ਲੈਂਦਾ ਹੈ, ਪਰ ਮਾੜਾ ਸਮਾਂ ਘੁੱਗ ਵੱਸਦੇ ਪਰਿਵਾਰ ਦੀਆਂ ਕੰਧਾਂ ਨੂੰ ਭੂਚਾਲ ਦੇ ਝਟਕੇ ਵਾਂਗ ਮਲੀਆਮੇਟ ਕਰ ਦਿੰਦਾ ਹੈ। ‘ਚਾਦਰ’ ਕਹਾਣੀ ਦੀ ਨਾਇਕਾ ਮਨਪ੍ਰੀਤ ਖ਼ੁੱਦਾਰ ਹੈ ਜੋ ਆਪਣੇ ਪਤੀ ਦੀ ਮੌਤ ਉਪਰੰਤ ਸ਼ਰਾਬੀ, ਅਨਪੜ੍ਹ ਅਤੇ ਆਵਾਰਾ ਕਿਸਮ ਦੇ ਦਿਉਰ ਦੀ ਚਾਦਰ ਪੁਆਉਣ ਦੀ ਥਾਂ ਸ਼ਹਿਰ ਵਿਚ ਨੌਕਰੀ ਨੂੰ ਤਰਜੀਹ ਦਿੰਦੀ ਹੈ। ‘ਸਿਵਿਆਂ ਵਾਲੀ ਡੰਡੀ’ ਕਹਾਣੀ ਵਿਚਲਾ ਕਿਰਦਾਰ ਦਿਲਬੀਰ ਕਮਜ਼ੋਰ ਮਾਨਸਿਕਤਾ ਵਾਲਾ ਡਰੂ ਪਾਤਰ ਹੈ ਜੋ ਮੌਤ ਦੇ ਭੈਅ ਹੇਠਾਂ ਹੀ ਸਾਰਾ ਜੀਵਨ ਬਸਰ ਕਰ ਦਿੰਦਾ ਹੈ। ਸਮਾਜ ਵਿਚ ਅਜਿਹਾ ਵਰਤਾਰਾ ਵੀ ਬਰਕਰਾਰ ਹੈ ਅਤੇ ਕਈ ਮਨੁੱਖ ਆਪਣੇ ਦੁਆਲੇ ਸਹਿਮ ਭਰਿਆ ਵਾਯੂਮੰਡਲ ਸਿਰਜ ਕੇ ਰੱਖਦੇ ਹਨ ਅਤੇ ਚਪਟੇ ਪਾਤਰਾਂ ਵਾਂਗ ਕਦੇ ਵਿਕਾਸ ਨਹੀਂ ਕਰਦੇ। ‘ਚਾਂਦਨੀ ਦੀ ਧੀ’ ਕਹਾਣੀ ਉਨ੍ਹਾਂ ਇਸਤਰੀਆਂ ਦਾ ਦੁਖਾਂਤ ਪੇਸ਼ ਕਰਦੀ ਹੈ ਜਿਨ੍ਹਾਂ ਦੇ ਖ਼ੂਨ ਦੇ ਰਿਸ਼ਤੇ ਤਾਂ ਸਫ਼ੈਦ ਹੋ ਜਾਂਦੇ ਹਨ ਪਰ ਗੁਰਸੇਵਕ ਅਤੇ ਗੁਰਲਵਲੀਨ ਵਰਗੇ ਗੁਆਂਢੀ ਕਿਰਦਾਰ ਆਪਣਿਆਂ ਨਾਲੋਂ ਵੀ ਵੱਧ ਨੇੜੇ ਹੋ ਕੇ ਨਿਭਦੇ ਹਨ। ਆਖ਼ਰੀ ਕਹਾਣੀ ‘ਹਾਂ, ਮੈਂ ਵੀ’ ਧਾਰਮਿਕ ਕੱਟੜਤਾ ਉਪਰ ਕਰਾਰਾ ਵਿਅੰਗ ਹੈ। ਇਹ ਕਹਾਣੀ ਘਸੀਆਂ ਪਿਟੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਮੁਖ਼ਲਾਫ਼ਤ ਕਰ ਕੇ ਮਨੁੱਖੀ ਭਾਵਨਾਵਾਂ ਦੀ ਕਦਰਦਾਨੀ ਦੀ ਗੱਲ ਕਰਦੀ ਹੈ।
ਇਸ ਪ੍ਰਕਾਰ ਸੁਰਿੰਦਰ ਕੈਲੇ ਦੀਆਂ ਇਹ ਕਹਾਣੀਆਂ ਅਜੋਕੇ ਮਾਨਵੀ ਸਮਾਜ ਦੀ ਮਾਨਸਿਕਤਾ ਦੀਆਂ ਬਹੁਪੱਖੀ ਪਰਤਾਂ ਫੋਲਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਕਿਰਦਾਰ ਯਥਾਰਥਕ ਜੀਵਨ ਦੇ ਪ੍ਰਤਿਨਿਧ ਹਨ ਜਿਨ੍ਹਾਂ ਵਿਚੋਂ ਬਹੁਤੇ ਵੇਲਾ ਵਿਹਾ ਚੁੱਕੇ ਨਿਜ਼ਾਮ ਨੂੰ ਤੋੜਦੇ ਅਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਹਨ। ਕਿਤੇ ਕਿਤੇ ਕੁਝ ਸ਼ਾਬਦਿਕ ਗ਼ਲਤੀਆਂ ਜ਼ਰੂਰ ਰੜਕਦੀਆਂ ਹਨ। ਕੁੱਲ ਮਿਲਾ ਕੇ ਕੈਲੇ ਦਾ ਇਹ ਕਹਾਣੀ ਸੰਗ੍ਰਹਿ ਮਾਣਨਯੋਗ ਹੈ ਜੋ ਕਹਾਣੀਕਾਰ ਦੀ ਭਰਪੂਰ ਗਲਪੀ ਸਮਰੱਥਾ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਪੰਜਾਬੀ ਕਹਾਣੀ ਦੀ ਰਵਾਇਤ ਨੂੰ ਅੱਗੇ ਤੋਰਦਾ ਹੈ।
ਸੰਪਰਕ: 98144-23703