ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੂਨ
ਅੱਜ ਇਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੈਂਬਰਾਂ ਦੀ ਇੱਕਤਰਤਾ ਹੋਈ। ਇਸ ਵਿੱਚ ਜਥੇਬੰਦੀ ਦੇ ਕੱਚੇ ਕਾਮਿਆਂ ਵੱਲੋਂ ਕਾਰਜਕਾਰੀ ਇੰਜਨੀਅਰ ਦਫ਼ਤਰ ਅੱਗੇ 28 ਜੂਨ ਨੂੰ ਪਰਿਵਾਰਾਂ ਸਮੇਤ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਕਰਮ ਚੰਦ, ਦਲਵੀਰ ਸਿੰਘ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਾਏਵਰਿੰਦਰ ਸਿੰਘ ਵੱਲੋਂ ਵਰਕਰਾਂ ਦੇ ਤਨਖਾਹ ਵਾਲੇ ਬਿੱਲਾਂ ਵਿੱਚ ਫੇਰ ਬਦਲ ਕਰ ਕੇ ਵਰਕਰਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਤਬਦੀਲੀ ਸਿਰਫ ਸਾਡੀ ਡਿਵੀਜ਼ਨ ਵਿੱਚ ਕੀਤੀ ਗਈ ਹੈ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਹੋਰਨਾਂ ਜ਼ਿਲ੍ਹਿਆਂ ਦੇ ਬਿੱਲਾਂ ਵਿੱਚ ਫੇਰਬਦਲ ਲਾਗੂ ਹੁੰਦਾ ਹੈ ਤਾਂ ਸਾਡੇ ‘ਤੇ ਇਹ ਕੰਡੀਸ਼ਨਾਂ ਲਾਈਆਂ ਜਾਣ, ਜਿਸ ਉਪਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦ ਇਸ ਤਬਦੀਲੀ ਨੂੰ ਰੱਦ ਕੀਤਾ ਜਾਵੇਗਾ, ਪ੍ਰੰਤੂ ਕਾਰਜਕਾਰੀ ਇੰਜਨੀਅਰ ਦੀ ਮਨਮਾਨੀ ਦੀਆਂ ਕੰਡੀਸ਼ਨਾਂ ਕਾਰਨ ਦੋਰਾਹਾ ਸਬ-ਡਿਵੀਜ਼ਨ ਦੇ ਕਾਮਿਆਂ ਦੀਆਂ ਤਨਖਾਹਾਂ ਪਿਛਲੇ 2 ਮਹੀਨੇ ਤੋਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਡੇ ਪੱਧਰ ‘ਤੇ ਕੱਚੇ ਕਾਮਿਆਂ ਨੂੰ ਪੱਕੇ ਰੁਜ਼ਗਾਰ ਦੇਣ ਦੇ ਬਿਆਨ ਦਿੰਦੀ ਹੈ ਪਰ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਕਾਮਿਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਜਥੇਬੰਦੀ ਨੇ ਪਰਿਵਾਰਾਂ ਸਮੇਤ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ।