ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਇਲਾਕੇ ਵਿੱਚ ਮਾਮੂਲੀ ਝਗੜੇ ਮਗਰੋਂ ਇੱਕ 20 ਸਾਲਾ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਫਿਲਹਾਲ ਨੌਜਵਾਨ ਹਸਪਤਾਲ ‘ਚ ਦਾਖਲ ਹੈ। ਫਿਰਕੂ ਘਟਨਾ ਨੂੰ ਦੇਖਦੇ ਹੋਏ ਇਲਾਕੇ ‘ਚ ਨੀਮ ਫੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਖੇਤਰ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਬ੍ਰਿਜਪੁਰੀ ਨਿਵਾਸੀ ਸੋਨੂੰ (19) ਆਪਣੇ ਚਚੇਰੇ ਭਰਾ ਰਾਹੁਲ ਨਾਲ ਆਈਸਕ੍ਰੀਮ ਖਾਣ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦਾ ਉਸੇ ਗਲੀ ਦੇ ਰਹਿਣ ਵਾਲੇ ਮੁਹੰਮਦ ਜ਼ੈਦ (20) ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਜ਼ੈਦ ਨੇ ਰਾਹੁਲ ਦੇ ਪੇਟ ਦੇ ਹੇਠਲੇ ਹਿੱਸੇ ‘ਚ ਚਾਕੂ ਮਾਰ ਦਿੱਤਾ। ਇਸ ਦੌਰਾਨ ਸੋਨੂੰ ਦੇ ਹੱਥ ‘ਤੇ ਵੀ ਸੱਟ ਲੱਗੀ।
ਪੁਲੀਸ ਨੇ ਕਿਹਾ ਕਿ ਘਟਨਾ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਫਿਰਕੂ ਹਿੰਸਾ ਨੂੰ ਰੋਕਣ ਲਈ ਖੇਤਰ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵਾਂ ਵਿਚਾਲੇ ਹਉਮੈ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਜ਼ੈਦ ਆਪਣੇ ਪਿਤਾ ਨਾਲ ਤਰਖਾਣ ਦਾ ਕੰਮ ਕਰਦਾ ਹੈ, ਜਦਕਿ ਰਾਹੁਲ ਦਾ ਪਿਤਾ ਕੈਂਡੀਜ਼ ਵੇਚਦਾ ਹੈ। ਡਿਪਟੀ ਕਮਿਸ਼ਨਰ ਆਫ ਪੁਲੀਸ (ਉੱਤਰ ਪੂਰਬ) ਜੌਏ ਟਿਰਕੀ ਨੇ ਕਿਹਾ, ”ਇਹ ਮਾਮੂਲੀ ਝਗੜਾ ਸੀ ਜਿਸ ਕਾਰਨ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਜ਼ੈਦ ਉਸ ਸਮੇਂ ਸ਼ਾਇਦ ਇਕੱਲਾ ਸੀ ਅਤੇ ਉਸ ਕੋਲ ਤੇਜ਼ਧਾਰ ਚਾਕੂ ਸੀ, ਜਿਸ ਨਾਲ ਉਸ ਨੇ ਰਾਹੁਲ ‘ਤੇ ਹਮਲਾ ਕਰ ਦਿੱਤਾ। ਜਦੋਂ ਸੋਨੂ ਉਸ ਨੂੰ ਬਚਾਉਣ ਪਹੁੰਚਿਆਂ ਤਾਂ ਉਸ ਦੇ ਹੱਥ ‘ਤੇ ਵੀ ਸੱਟ ਲੱਗੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਜ਼ੈਦ ਫਰਾਰ ਹੋ ਗਿਆ। ਪੁਲੀਸ ਨੇ ਉਸ ਖ਼ਿਲਾਫ਼ ਦਿਆਲਪੁਰ ਥਾਣੇ ‘ਚ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਰਾਹੁਲ ਨੂੰ ਜੀਟੀਬੀ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਾਮਲੇ ਨੂੰ ਹਿੰਦੂ-ਮੁਸਲਿਮ ਰੰਗਤ ਨਾ ਦਿੱਤੀ ਜਾਵੇ: ਭਾਰਦਵਾਜ
ਦਿੱਲੀ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੇ ਟਵੀਟ ਕਰ ਕੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਸ ਮਾਮਲੇ ਨੂੰ ਹਿੰਦੂ-ਮੁਸਲਿਮ ਰੰਗਤ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ”ਦਿੱਲੀ ਦੇ ਬ੍ਰਿਜਪੁਰੀ ਖੇਤਰ ਵਿੱਚ ਚਾਕੂ ਮਾਰਨ ਦੀ ਘਟਨਾ ਵਾਪਰੀ। ਅਜਿਹਾ ਨਹੀਂ ਲੱਗਦਾ ਕਿ ਇਹ ਕੌਮੀ ਰਾਜਧਾਨੀ ਹੈ। ਹੁਣ ਇਸ ਵਿੱਚ ਹਿੰਦੂ-ਮੁਸਲਿਮ ਰੰਗਤ ਵੀ ਦਿੱਤੀ ਜਾ ਰਹੀ ਹੈ। ਹੁਣ ਭਾਜਪਾ ਹੰਗਾਮਾ ਕਰ ਸਕਦੀ ਹੈ ਅਤੇ ਉਪ ਰਾਜਪਾਲ ਨੂੰ ਸਵਾਲ ਕਰ ਸਕਦੀ ਹੈ?”
ਮਨੋਜ ਤਿਵਾੜੀ ਵੱਲੋਂ ਘਟਨਾ ਮੰਦਭਾਗੀ ਕਰਾਰ
ਉੱਤਰ-ਪੂਰਬੀ ਦਿੱਲੀ ਦੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਘਟਨਾ ਸਬੰਧੀ ਦਿੱਲੀ ਪੁਲੀਸ ਕਮਿਸ਼ਨਰ ਨਾਲ ਗੱਲ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।